ਜਨਮ ਦਿਨ ‘ਤੇ ਵਿਸ਼ੇਸ਼

(ਸਮਾਜ ਵੀਕਲੀ) ਬੋਧ ਗਯਾ ਮਹਾਂਵਿਹਾਰ ਮੁਕਤੀ ਅੰਦੋਲਨ ਦਾ ਪਹਿਲਾ ਬੋਧੀ ਭਿਖਸ਼ੂ –ਕ੍ਰਾਂਤੀਕਾਰੀ ਯੋਧਾ ਅੰਨਾਗਾਰਿਕ ਅੱਜ ਨਾਗਪੁਰ ਵਿਖੇ ਸੰਵਿਧਾਨ ਚੌਂਕ ਵਿੱਚ ਅੰਨਾਗਾਰਿਕ ਧੰਮ ਪਾਲ ਦੇ 161ਵੇਂ ਜਨਮ ਦਿਨ ‘ਤੇ ਬੋਧ ਗਯਾ ਮਹਾਂਵਿਹਾਰ ਮੁਕਤੀ ਅੰਦੋਲਨ ਦੇ ਤਹਿਤ ਧਰਨਾ ਰੱਖਿਆ ਗਿਆ। ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਬੋਧੀ ਭਾਈਚਾਰੇ ਦੇ ਭਿਖਸ਼ੂ ਸੰਘ ਦੇ ਸਤਿਕਾਰਯੋਗ ਭੰਤੇ, ਉਪਾਸਕ, ਉਪਾਸਕਾਵਾਂ ਅਤੇ ਬੁੱਧੀਜੀਵੀ, ਮਿਸ਼ਨਰੀ, ਬੋਧੀ ਅਤੇ ਅੰਬੇਡਕਰੀ ਸਭ ਪਹੁੰਚ ਰਹੇ ਹਨ। ਪੰਜਾਬ ਤੋਂ ਵੀ ਇੱਕ ਬੋਧੀ ਭਾਈਚਾਰੇ ਦਾ ਜਥਾ ਫਗਵਾੜੇ ਤੋਂ ਰਵਾਨਾ ਹੋ ਚੁੱਕਾ ਹੈ । ਜੋ ਰਮੇਸ਼ ਕੌਲ ਦੀ ਅਗਵਾਈ ਵਿੱਚ ਭੰਤੇ ਰੇਵਤ ਜੀ, ਬੋਧੀ ਉਪਾਸਕਾ ਸ਼੍ਰੀਮਤੀ ਸੀਤਾ ਕੌਲ, ਬਿਸ਼ੰਬਰ ਦਾਸ ਭਬਿਆਣਾ , ਗੁਰਨਾਮ ਬੰਗੜ ਆਦਿ ਸ਼ਾਮਿਲ ਹਨ।ਅੰਨਾਗਾਰਿਕ ਧੰਮ ਪਾਲ ਦਾ ਜਨਮ 17 ਸਤੰਬਰ 1864 ਨੂੰ ਹੋਇਆ ਸੀ। ਅੰਨਾਗਾਰਿਕ ਸ੍ਰੀ ਲੰਕਾ ਦਾ ਬੋਧੀ ਭਿਖਸ਼ੂ ਸੀ। ਉਹ ਬੁੱਧ ਧੰਮ ਦੀ ਖੋਜ ਕਰਦਾ -ਕਰਦਾ 1891 ਵਿੱਚ ਬੋਧ ਗਯਾ ਪਹੁੰਚਿਆ। ਬੋਧ ਗਯਾ ਬੋਧੀਆਂ ਦਾ ਇੱਕ ਅੰਤਰਰਾਸ਼ਟਰੀ ਇਤਿਹਾਸਿਕ ਪ੍ਰਸਿੱਧ ਧਾਰਮਿਕ ਪਵਿੱਤਰ ਅਸਥਾਨ ਹੈ,ਜੋ ਬੋਧੀ ਭਾਈਚਾਰੇ ਲਈ ਮਾਣ ਅਤੇ ਸਨਮਾਨ ਦਾ ਪ੍ਰਤੀਕ ਹੈ। ਜਿੱਥੋਂ ਆਜ਼ਾਦੀ, ਬਰਾਬਰੀ, ਭਾਈਚਾਰਾ, ਸ਼ਾਂਤੀ, ਪ੍ਰੇਮ ਪਿਆਰ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਇਸ ਪਵਿੱਤਰ ਅਸਥਾਨ ਨੂੰ ਯੂਨੈਸਕੋ ਦੁਆਰਾ ਅਡਾਪਿਟ ਕੀਤਾ ਗਿਆ ਹੈ।ਇਸ ਅਸਥਾਨ ਤੋਂ ਤਥਾਗਤ ਬੁੱਧ ਨੂੰ ‘ਗਿਆਨ ਦੀ ਪ੍ਰਾਪਤੀ’ ਹੋਈ ਸੀ। ਜਿਸ ਕਰਕੇ ਉਹ ਸਿਧਾਰਥ ਗੌਤਮ ਤੋਂ ‘ਬੁੱਧ’ ਬਣੇ। ਅਸ਼ੋਕ ਸਮਰਾਟ ਦੇ ਜ਼ਮਾਨੇ ਵਿੱਚ ਇਥੇ ਬੁੱਧ ਵਿਹਾਰ ਬਣਾਇਆ ਗਿਆ ਸੀ।ਤਦ ਤੋਂ ਹੀ ਬੋਧੀ ਉਪਾਸਕ ਇਸ ‘ਚ ਵਿਸ਼ਵਾਸ, ਨਿਸ਼ਚਾ, ਭਰੋਸਾ ਰੱਖਦੇ ਹਨ। ਸ੍ਰੀ ਲੰਕਾ ਤੋਂ ਬੋਧੀ ਭਿਖਸ਼ੂ ਅੰਨਾਗਾਰਿਕ ਨੋ ਜਦ ਮਹਾਂਬੁੱਧ ਵਿਹਾਰ,ਬੋਧ ਗਯਾ (ਬਿਹਾਰ) ‘ਚ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਭੰਤੇ ਜੀ ਨੂੰ ਤਰ੍ਹਾਂ -ਤਰ੍ਹਾਂ ਦੇ ਕਸ਼ਟ ,ਤਸੀਹੇ , ਜ਼ੁਲਮ , ਤਸ਼ੱਦਦ ਨੂੰ ਸਹਿਣਾ ਪਿਆ।ਅੰਤ ਉਹ ਅੰਦਰ ਜਾਣ ‘ਚ ਕਾਮਯਾਬ ਹੋ ਗਿਆ।ਇਥੇ ਦੀ ਬੁਰੀ ਹਾਲਤ ਦੇਖ ਕੇ ਉਸ ਨੂੰ ਬਹੁਤ ਦੁੱਖ ਹੋਇਆ। ਇਥੇ ਗੈਰ ਬੋਧੀਆਂ ਦਾ ਕਬਜ਼ਾ ਸੀ, ਜਿਸ ਕਰਕੇ ਅੰਧ ਵਿਸ਼ਵਾਸ, ਵਹਿਮ- ਭਰਮ,ਕਰਮ ਕਾਂਡ ਕਰਵਾਏ ਜਾ ਰਹੇ ਸਨ, ਜਿਸ ਨੂੰ ਦੇਖ ਕੇ ਉਸ ਦਾ ਮਨ ਬਹੁਤ ਦੁੱਖੀ ਹੋਇਆ।ਉਸ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਸੋਚਣ ਵਾਲੀ ਗੱਲ ਹੈ ਕਿ ਬੋਧੀ ਅਸਥਾਨ ਉੱਤੇ ਬੋਧੀ ਉਪਾਸਕਾਂ ਨੂੰ ਜਾਣ ਦੀ ਇਜਾਜ਼ਤ ਨਾ ਹੋਵੇ ,ਅਜਿਹਾ ਕਿਉਂ? ਜਿਸ ਕਰਕੇ ਉਸ ਨੇ ਗੈਰ ਬੋਧੀਆਂ (ਹਿੰਦੂਆਂ) ਤੋਂ ਆਜ਼ਾਦ ਕਰਵਾਉਣ ਲਈ ਤਹੱਈਆ ਕੀਤਾ। ਅੰਨਾਗਾਰਿਕ ਧੰਮ ਪਾਲ ਇੱਕ ਪਹਿਲਾ ਬੋਧੀ ਭਿਖਸ਼ੂ ਹੈ, ਜਿਸ ਨੇ ਬੋਧ ਗਯਾ ( ਬਿਹਾਰ) ਮਹਾਂਵਿਹਾਰ ਨੂੰ ਗੈਰ ਬੋਧੀਆਂ ਤੋਂ ਮੁਕਤ ਕਰਾਉਣ ਲਈ ਸੰਘਰਸ਼ ਆਰੰਭਿਆ। ਉਸ ਵਕਤ ਅੰਗਰੇਜ਼ਾਂ ਦਾ ਇੱਥੇ ਕਬਜ਼ਾ ਸੀ ,ਉਹਨਾਂ ਨੇ ਵੀ ਇਸ ਦੇ ਸੁਧਾਰ ਲਈ ਕੋਈ ਕਦਮ ਨਹੀਂ ਚੁੱਕਿਆ। ਇੰਝ ਜਾਪਦਾ ਹੈ ਕਿ ਅੰਗਰੇਜ਼ਾਂ ਨੂੰ ਭਰਮ ਭੁਲੇਖੇ ਵਿੱਚ ਹਿੰਦੂਆਂ ਨੇ ਪਾ ਕੇ ਰੱਖਿਆ ਹੋਵੇ ।ਉਹਨਾਂ ਇਹ ਵੀ ਦੱਸਿਆ ਹੋਵੇਗਾ ਕਿ ਇਹ ਹਿੰਦੂਆਂ ਦਾ ਹੀ ਧਾਰਮਿਕ ਅਸਥਾਨ ਹੈ ।ਇਸ ਲਈ ਉਹਨਾਂ ਇਸ ਵਿੱਚ ਕੋਈ ਦਿਲਚਸਪੀ ਨਾ ਲਈ ਹੋਵੇ। ਭਾਰਤ ਦਾ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ 1949 ਵਿੱਚ ਸਰਕਾਰ ਨੇ ਇੱਕ ਐਕਟ ਬਣਾਇਆ। ਜਿਸ ਵਿੱਚ ਬੋਧੀ ਭਾਈਚਾਰੇ ਨੂੰ ਅੱਖੋਂ ਉਹਲੇ ਕਰਕੇ ਐਕਟ ਨੂੰ ਉਹਨਾਂ ‘ਤੇ ਥੋਪ ਦਿੱਤਾ ਗਿਆ। ਐਕਟ ਵਿੱਚ ‘ਚ 4 ਬੋਧੀ ਭਿਖਸ਼ੂ ਅਤੇ 4 ਗੈਰ ਬੋਧੀ (ਸਵਰਨ ਹਿੰਦੂ ) ਮੈਂਬਰ ਬਣਾਏ ਗਏ । ਨੌਵਾਂ ਮੈਂਬਰ ਜ਼ਿਲੇ ਦਾ ਡਿਪਟੀ ਕਮਿਸ਼ਨਰ ਜਾਂ ਡੀ.ਐਮ. ਚੇਅਰਮੈਨ ਨੂੰ ਨਿਯੁੱਕਤ ਕੀਤਾ ਗਿਆ ,ਜੋ ਸਿਰਫ ਹਿੰਦੂ ਹੀ ਹੋਵੇਗਾ ਭਾਵ ਬੋਧ ਗਯਾ ਮਹਾਂਵਿਹਾਰ ‘ਤੇ ਪੂਰਾ ਕਬਜ਼ਾ ਅਤੇ ਕੰਟਰੋਲ ਗੈਰ ਬੋਧੀਆਂ ਦਾ, ਜੋ ਅੱਜ ਤੱਕ ਵੀ ਜਾਰੀ ਹੈ।
ਸਾਡਾ ਭਾਰਤ 1947 ਵਿੱਚ ਅੰਗਰੇਜ਼ਾਂ ਤੋਂ ਆਜ਼ਾਦ ਹੋ ਗਿਆ। ਆਜ਼ਾਦ ਭਾਰਤ ਦਾ ਸੰਵਿਧਾਨ ਬਣਾਉਣ ਦੀ ਜ਼ਿੰਮੇਵਾਰੀ ਸੰਵਿਧਾਨ ਸਭਾ ਦੇ ਚੇਅਰਮੈਨ ਡਾਕਟਰ ਅੰਬੇਡਕਰ ਜੀ ਨੇ ਉਠਾਈ । ਭਾਵੇਂ ਸੰਵਿਧਾਨ ਸਭਾ ਦੇ ਸੱਤ ਮੈਂਬਰਾਂ ਦੀ ਡਿਊਟੀ ਲਗਾਈ ਗਈ ਸੀ ਪ੍ਰੰਤੂ ਸਭ ਤੋਂ ਵੱਧ ਕੰਮ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਕਰਨਾ ਪਿਆ 26 ਨਵੰਬਰ 1949 ਨੂੰ ਭਾਰਤ ਦਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ, ਅਤੇ ਭਾਰਤੀ ਸੰਵਿਧਾਨ ਨੂੰ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਭਾਰਤੀ ਸੰਵਿਧਾਨ ਦੇ ਆਰਟੀਕਲ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਅੱਜ ਤੋਂ ਬਾਅਦ ਪੁਰਾਣੇ ਕਾਨੂੰਨ ਖਤਮ ਹਨ ਅਤੇ ਅੱਜ ਤੋਂ ਪੂਰਾ ਦੇਸ਼ ਨਵੇਂ ਸੰਵਿਧਾਨ ਦੇ ਕਾਨੂੰਨ ਮੁਤਾਬਕ ਹੀ ਚੱਲੇਗਾ। ਪਰ ਦੁੱਖ ਦੀ ਗੱਲ ਇਹ ਹੈ ਕਿ ਭਾਰਤ ਨੂੰ ਆਜ਼ਾਦ ਹੋਇਆ ਲੱਗਭਗ 78 ਸਾਲ ਹੋ ਚੁੱਕੇ ਹਨ। ਪਰ ਬੋਧ ਗਯਾ ਮੰਦਰ ਐਕਟ 1949 ਅਜੇ ਵੀ ਜਾਰੀ ਹੈ, ਜੋ ਬੋਧੀਆਂ ‘ਤੇ ਥੋਪਿਆ ਗਿਆ ਹੈ। ਇਹ ਕੇਂਦਰ ਸਰਕਾਰ ਅਤੇ ਬਿਹਾਰ ਸਟੇਟ ਦੀ ਸਰਕਾਰ ਦਾ ਬੋਧੀਆਂ ਨਾਲ ਸ਼ਰੇਆਮ ਧੱਕਾ ਹੈ। ਜਿਸ ਨੂੰ ਬੋਧੀ ਭਾਈਚਾਰਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ, ਸਗੋਂ ਸੰਘਰਸ਼ ਹੋਰ ਤੇਜ਼ ਕਰਕੇ ਸ਼ਾਂਤਮਈ ਤਰੀਕੇ ਨਾਲ ਆਪਣੇ ਖੁਸੇ ਹੋਏ ਅਧਿਕਾਰ ਨੂੰ ਪ੍ਰਾਪਤ ਕਰਕੇ ਹੀ ਰਹੇਗਾ। ਲੋੜ ਹੈ ਇੱਕਮੁੱਠ ਹੋਣ ਦੀ। ਏਕਤਾ ਨਾਲ ਹੀ ਬੋਧੀ ਭਾਈਚਾਰਾ ਜਿੱਤ ਪ੍ਰਾਪਤ ਕਰ ਸਕਦਾ ਹੈ । ਇਸੇ ਸੰਦਰਭ ਵਿੱਚ ਆਲ ਇੰਡੀਆ ਬੁੱਧਿਸਟ ਫੋਰਮ ਦੇ ਜਨਰਲ ਸਕੱਤਰ ਸ੍ਰੀ ਆਕਾਸ਼ ਲਾਮਾ ਜੀ ਨੇ ਸ਼ਾਂਤਮਈ ਢੰਗ ਨਾਲ 12 ਫਰਵਰੀ 2025 ਤੋਂ ਬੋਧ ਗਯਾ ਮਹਾਂਬੁੱਧ ਮਹਾਂਵਿਹਾਰ ਮੁਕਤੀ ਅੰਦੋਲਨ ਅਰੰਭਿਆ ਹੋਇਆ ਹੈ। ਅੱਜ ਇਸ ਸੰਘਰਸ਼ ਨੂੰ 200 ਦਿਨਾਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਸ੍ਰੀ ਆਕਾਸ਼ ਲਾਮਾ ਜੀ ਅਤੇ ਬੋਧੀ ਭਿਖਸ਼ੂਆਂ ਦੀ ਕੇਂਦਰ ਸਰਕਾਰ ਤੋਂ ਮੰਗ ਹੈ ਕਿ ਬੋਧ ਗਯਾ ਮੰਦਰ ਐਕਟ 1949 ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਬੋਧ ਗਯਾ ਮਹਾਂਵਿਹਾਰ ਦਾ ਨਿਰੋਲ ਕੰਟਰੋਲ ਬੋਧੀਆਂ ਦੇ ਹਵਾਲੇ ਕੀਤਾ ਜਾਵੇ। ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਸਰਕਾਰਾਂ ਨੇ ਇਹਨਾਂ ਮੰਗਾਂ ਨੂੰ ਅੱਖੋਂ ਉਹਲੇ ਕੀਤਾ ਹੈ, ਜੋ ਬੋਧੀ ਭਾਈਚਾਰੇ ਦੀ ਆਸਥਾ ਨੂੰ ਭਾਰੀ ਸੱਟ ਵੱਜੀ ਹੈ। ਅੰਨਾਗਾਰਿਕ ਜੀ ਦੇ ਜਨਮ ਦਿਨ ‘ਤੇ ਪਿਛਲੇ ਸਾਲ 17 ਸਤੰਬਰ 2024 ਨੂੰ ਪਟਨਾ ਦੀ ਧਰਤੀ ਤੇ ਗਾਂਧੀ ਮੈਦਾਨ ਵਿੱਚ ਸ੍ਰੀ ਆਕਾਸ਼ ਲਾਮਾ ਅਤੇ ਭਿਖਸ਼ੂ ਸੰਘ ਦੀ ਅਗਵਾਈ ਵਿੱਚ ਬਹੁਤ ਵੱਡਾ ਇਕੱਠ ਹੋਇਆ ਸੀ। ਜਿਸ ਵਿੱਚ ਪੰਜਾਬ ਤੋਂ ਐਡਵੋਕੇਟ ਹਰਭਜਨ ਸਾਂਪਲਾ ਜੀ ਦੀ ਅਗਵਾਈ ਵਿੱਚ ਪੰਜਾਬ ਤੋਂ 22 ਬੋਧੀ ਭਾਈਚਾਰੇ ਦੇ ਉਪਾਸਕ ਸ਼ਾਮਿਲ ਹੋਏ। ਜਿਨਾਂ ਵਿੱਚ ਲੇਖਕ ਵੀ ਸ਼ਾਮਿਲ ਸੀ
ਸ਼੍ਰੀ ਆਕਾਸ਼ ਲਾਮਾ ਜੀ ਦੀ ਅਗਵਾਈ ਵਿੱਚ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਜੀ ਨੂੰ ਮੈਮੋਰੰਡਮ ਦਿੱਤਾ ਗਿਆ ਸੀ। ਜਿਸ ਵਿੱਚ ਬੋਧ ਗਯਾ ਮੰਦਰ ਐਕਟ 1949 ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਹੁਣ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਪੂਰੇ ਭਾਰਤ ਵਿੱਚ ਸ਼ਾਂਤਮਈ ਢੰਗ ਨਾਲ ਮਸ਼ਾਲ ਯਾਤਰਾ ਕੱਢੀ ਜਾ ਰਹੀ ਹੈ। ਬੋਧ ਗਯਾ ਮਹਾਂਬੁੱਧ ਮਹਾਂਵਿਹਾਰ ਮੁਕਤੀ ਅੰਦੋਲਨ ਮਸ਼ਾਲ ਯਾਤਰਾ ਪੰਜਾਬ ਵਿੱਚ ਵੀ ਵੱਡੇ ਪੱਧਰ ‘ਤੇ ਕੱਢੀ ਗਈ ਹੈ ।ਇਸੇ ਤਹਿਤ ਨਾਗਪੁਰ ਵਿਖੇ ਸੰਵਿਧਾਨ ਚੌਂਕ ਵਿੱਚ ਕ੍ਰਾਂਤੀਕਾਰੀ ਅੰਨਾਗਾਰਿਕ ਦੇ 161ਵੇਂ ਜਨਮ ਦਿਨ ‘ਤੇ ਸ਼ਾਂਤਮਈ ਧਰਨਾ ਪ੍ਰਦਰਸ਼ਨ ਰੱਖਿਆ ਗਿਆ ਹੈ। ਇਸ ਧਰਨੇ ਵਿੱਚ ਸਭ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਅੰਨਾਗਾਰਿਕ ਧੰਮ ਪਾਲ 29 ਅਪ੍ਰੈਲ 1933 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਨਾਂ ਵੱਲੋਂ ਵਿੱਢੇ ਗਏ ਸੰਘਰਸ਼ ਹਮੇਸ਼ਾ ਹੀ ਬੋਧੀਆਂ ਦੇ ਦਿਲਾਂ ‘ਤੇ ਛਾਏ ਰਹਿਣਗੇ। –
ਪ੍ਰਿੰਸੀਪਲ ਪਰਮਜੀਤ ਜੱਸਲ
ਡਾ. ਬੀ. ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ , ਜਲੰਧਰ। ਮੋਬਾਇਲ-98721 80653



