ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਨੇ ਬੱਚਿਆਂ ਦੀ ਭਾਗੀਦਾਰੀ ‘ਤੇ ਪ੍ਰਗਟਾਈ ਖੁਸ਼ੀ।
ਬਠਿੰਡਾ, (ਸਮਾਜ ਵੀਕਲੀ) ਸਿੱਖਿਆ ਵਿਭਾਗ, ਬਠਿੰਡਾ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਮਨਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਈਆਂ ਗਈਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ, ਕੋਟ ਸ਼ਮੀਰ ਵਿਖੇ ਸ਼ਾਨਦਾਰ ਤਰੀਕੇ ਨਾਲ ਸੰਪੰਨ ਹੋ ਗਈਆਂ। ਇਨ੍ਹਾਂ ਖੇਡਾਂ ਵਿੱਚ ਪੰਜ ਸੈਂਟਰਾਂ ਦੇ ਲਗਭਗ 2550 ਦੇ ਕਰੀਬ ਸਕੂਲੀ ਬੱਚਿਆਂ ਨੇ ਪੂਰੇ ਜੋਸ਼ ਨਾਲ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ। ਖੇਡਾਂ ਦੀ ਸਫਲ ਸਮਾਪਤੀ ‘ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਲਖਵਿੰਦਰ ਸਿੰਘ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, “ਇਹ ਸਾਡੇ ਬਲਾਕ ਲਈ ਇੱਕ ਵੱਡੀ ਪ੍ਰਾਪਤੀ ਹੈ। ਅਸੀਂ ਸਿਰਫ਼ ਮੁਕਾਬਲੇ ਨਹੀਂ ਕਰਵਾਏ, ਸਗੋਂ ਬੱਚਿਆਂ ਵਿੱਚ ਸਿਹਤਮੰਦ ਜੀਵਨ ਸ਼ੈਲੀ ਅਤੇ ਅਨੁਸ਼ਾਸਨ ਦਾ ਬੀਜ ਬੀਜਿਆ ਹੈ। ਅੱਜ ਦੇ ਦੌਰ ਵਿੱਚ ਜਦੋਂ ਬੱਚੇ ਮੋਬਾਈਲ ਸਕ੍ਰੀਨਾਂ ਨਾਲ ਚਿਪਕੇ ਰਹਿੰਦੇ ਹਨ, ਖੇਡ ਮੈਦਾਨ ਵਿੱਚ ਉਨ੍ਹਾਂ ਦੀ ਇਹ ਭਾਗੀਦਾਰੀ ਸਾਬਤ ਕਰਦੀ ਹੈ ਕਿ ਸਾਡਾ ਪ੍ਰਾਇਮਰੀ ਸਿੱਖਿਆ ਢਾਂਚਾ ਅਕਾਦਮਿਕ ਦੇ ਨਾਲ-ਨਾਲ ਸਰੀਰਕ ਸਿੱਖਿਆ ਵੱਲ ਵੀ ਪੂਰਾ ਧਿਆਨ ਦੇ ਰਿਹਾ ਹੈ। ਅਸੀਂ ਹਰ ਸਕੂਲ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਾਂ।” ਇਸ ਮੌਕੇ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਹਰਮੰਦਰ ਸਿੰਘ ਬਰਾੜ, ਕੋਆਰਡੀਨੇਟਰ ਸਿੱਖਿਆ ਵਿਭਾਗ ਮਾਲਵਾ ਵੈਸਟ ਜ਼ੋਨ, ਪੰਜਾਬ ਨੇ ਖੇਡਾਂ ਦੇ ਸਫਲ ਆਯੋਜਨ ‘ਤੇ ਸਮੁੱਚੇ ਵਿਭਾਗ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ, “ਇਹ ਬਲਾਕ ਪੱਧਰੀ ਖੇਡਾਂ ਸੂਬੇ ਵਿੱਚ ਪ੍ਰਾਇਮਰੀ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਪ੍ਰਾਇਮਰੀ ਪੱਧਰ ‘ਤੇ ਖੇਡਾਂ ਵਿੱਚ ਬੱਚਿਆਂ ਦੀ ਵੱਧ ਰਹੀ ਸ਼ਮੂਲੀਅਤ ਇੱਕ ਬਿਹਤਰ ਭਵਿੱਖ ਦੀ ਨੀਂਹ ਹੈ। ਉਹਨਾਂ ਵੱਲੋਂ ਬਲਾਕ ਖੇਡਾਂ ਲਈ ਦਸ ਹਜ਼ਾਰ ਰੁਪਏ ਦਾ ਵਿਸ਼ੇਸ਼ ਯੋਗਦਾਨ ਦਿੱਤਾ ਗਿਆ। ਬਲਾਕ ਖੇਡ ਇੰਚਾਰਜ ਭੁਪਿੰਦਰਜੀਤ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਵਾਏ ਗਏ ਮੁਕਾਬਲਿਆਂ ਹਾਕੀ ਮੁੰਡੇ ਅਤੇ ਕੁੜੀਆਂ ਵਿੱਚ ਪਹਿਲਾ ਸਥਾਨ,ਦੇਸ ਰਾਜ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ,ਰੱਸਾ ਕਸੀ ਮੁਕਾਬਲੇ ਵਿੱਚ ਬੱਲੂਆਣਾ ਪਹਿਲੇ ਸਥਾਨ ਤੇ ਦੇਸ ਰਾਜ ਦੂਸਰੇ ਸਥਾਨ ਤੇ ਰਿਹਾ। ਖੋ-ਖੋ ਮੁਕਾਬਲੇ ਵਿੱਚ ਦੇਸਰਾਜ ਨੇ ਪਹਿਲਾ ਸਥਾਨ ਅਤੇ ਬੱਲੂਆਣਾ ਨੇ ਦੂਸਰਾ ਸਥਾਨ ਹਾਸਿਲ ਕੀਤਾ। ਭੁਪਿੰਦਰਜੀਤ ਸਿੰਘ ਬਰਾੜ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ, “ਅੱਜ ਦੇ ਮੁਕਾਬਲਿਆਂ ਵਿੱਚ ਜਿੱਤ ਪ੍ਰਾਪਤ ਕਰਕੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਸਾਡੇ ਨੰਨ੍ਹੇ ਚੈਂਪੀਅਨਾਂ ਨੇ ਜੋ ਜਜ਼ਬਾ ਅਤੇ ਮਿਹਨਤ ਦਿਖਾਈ ਹੈ, ਉਹ ਬੇਮਿਸਾਲ ਹੈ। ਸਾਨੂੰ ਪੂਰਾ ਯਕੀਨ ਹੈ ਕਿ ਇਹ ਜੇਤੂ ਟੀਮਾਂ ਜ਼ਿਲ੍ਹਾ ਪੱਧਰ ‘ਤੇ ਬਲਾਕ ਬਠਿੰਡਾ ਦਾ ਨਾਂ ਰੌਸ਼ਨ ਕਰਨਗੀਆਂ ਅਤੇ ਸੂਬਾ ਪੱਧਰ ਤੱਕ ਪਹੁੰਚਣ ਲਈ ਇੱਕ ਮਜ਼ਬੂਤ ਨੀਂਹ ਰੱਖਣਗੀਆਂ।” ਸਮਾਗਮ ਦੇ ਅੰਤ ਵਿੱਚ ਮੇਜ਼ਬਾਨ ਸੈਂਟਰ ਦੇ ਮੁਖੀ ਰਣਵੀਰ ਸਿੰਘ ਕੋਟਸ਼ਮੀਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕੋਟ ਸ਼ਮੀਰ ਦੇ ਹੈੱਡ ਟੀਚਰ ਮੈਡਮ ਅਮਨਦੀਪ ਕੌਰ ਨੇ ਸਮੂਹ ਮਹਿਮਾਨਾਂ, ਪ੍ਰਬੰਧਕਾਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਾਹਿਬਵੀਰ ਸਿੰਘ ,ਗਰਦੀਪ ਕੋਟਸ਼ਮੀਰ ਅਤੇ ਭੁਪਿੰਦਰ ਸਿੰਘ ਵੱਲੋਂ ਮੰਚ ਸੰਚਾਲਨ ਕੀਤਾ ਗਿਆ ।ਖਿਡਾਰੀਆਂ ਦੇ ਮਾਪਿਆਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।” ਇਹਨਾਂ ਖੇਡਾਂ ਮੌਕੇ ਸੈਂਟਰ ਹੈੱਡ ਟੀਚਰ ਦਲਜੀਤ ਸਿੰਘ,ਬੇਅੰਤ ਕੌਰ,ਅਵਤਾਰ ਸਿੰਘ,ਮੈਡਮ ਰੰਜੂ, ਸੁਖਰਾਜ ਕੋਟਸ਼ਮੀਰ ,ਬਲਰਾਜ ਸਿੰਘ ਮੁਲਤਾਨੀਆਂ, ਵਿਜੈ ਕੁਮਾਰ, ਹਰਤੇਜ ਸਿੰਘ ਹੈੱਡ ਟੀਚਰ,ਸੁਖਦੀਪ ਸਿੰਘ ਹੈੱਡ ਟੀਚਰ , ਰਾਮ ਸਿੰਘ ਬਰਾੜ, ਰਾਜਵੀਰ ਸਿੰਘ ਮਾਨ,ਨਰਿੰਦਰ ਬੱਲੂਆਣਾ, ਗੁਰਜੀਤ ਸਿੰਘ ਜੱਸੀ,ਰਾਜ ਵਰਮਾ ,ਸੁਰਿੰਦਰ ਕੌਰ ਵਾਂਦਰ ਪੱਤੀ , ਸੁਮਨਪ੍ਰੀਤ ਕੌਰ ਸਿੱਧੂ,ਕਿਰਨਜੀਤ ਕੌਰ ਜੱਸੀ ਪੌ ਵਾਲੀ, ਜਗਮੇਲ ਸਿੰਘ ਆਦਿ ਅਧਿਆਪਕ ਹਾਜ਼ਰ ਰਹੇ।



