(ਸਮਾਜ ਵੀਕਲੀ)

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ ॥
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ ॥
ਜਿਨ੍ਹੀ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ ॥
ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ ॥
ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ ॥
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥
ਗੁਰੁ ਡਿਠਾ ਤਾਂ ਮਨੁ ਸਾਧਾਰਿਆ ॥੭॥
ਸਿੱਖ ਇਤਿਹਾਸ ਵਿੱਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਨਾਮ ਆਤਮਿਕਤਾ, ਨਿਮਰਤਾ ,ਸੇਵਾ ਤੇ ਭਗਤੀ ਦੇ ਪ੍ਰਤੀਕ ਵਜੋਂ ਅਮਰ ਹੈ।ਆਪ ਜੀ ਸਿੱਖ ਧਰਮ ਦੇ ਚੌਥੇ ਗੁਰੂ ਸਾਹਿਬਾਨ ਸਨ ਜਿਨ੍ਹਾਂ ਨੇ ਸਿੱਖੀ ਨੂੰ ਵਿਵਸਥਿਤ ਰੂਪ ਦੇਣ ਦੇ ਨਾਲ-ਨਾਲ ਸੰਗਤ ਤੇ ਪੰਗਤ ਦੀ ਪਰੰਪਰਾ ਨੂੰ ਮਜ਼ਬੂਤ ਕੀਤਾ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਜੀਵਨ ਕਥਾ ਸਿਰਫ਼ ਧਾਰਮਿਕ ਪ੍ਰੇਰਣਾ ਹੀ ਨਹੀਂ, ਸਗੋਂ ਸਮਾਜਿਕ ਸੁਧਾਰਾਂ ਅਤੇ ਨਵੇਕਲੀ ਸਭਿਆਚਾਰਕ ਰਚਨਾ ਦੀ ਹਾਮੀ ਭਰਦਾ ਹੈ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਲਾਹੌਰ ਨੇੜੇ ਚੂਨਾ ਮੰਡੀ ਵਿਖੇ 24 ਸਤੰਬਰ 1534 ਨੂੰ ਹੋਇਆ। ਆਪ ਜੀ ਦਾ ਮੂਲ ਨਾਮ ਭਾਈ ਜੇਠਾ ਸੀ। ਬਾਲ ਅਵਸਥਾ ਵਿੱਚ ਹੀ ਆਪ ਜੀ ਦੇ ਮਾਤਾ-ਪਿਤਾ ਸਰੀਰ ਰੂਪੀ ਚੋਲਾ ਤਿਆਗ ਗਏ ਸਨ ਜਿਸ ਕਰਕੇ ਆਪ ਜੀ ਆਪਣੇ ਨਾਨਕੇ ਪਿੰਡ ਬਾਸਰਕੇ ਗਿੱਲਾਂ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਹੇ। ਛੋਟੀ ਉਮਰ ਤੋਂ ਹੀ ਆਪ ਜੀ ਅੰਦਰ ਸੇਵਾ, ਨਿਮਰਤਾ ਅਤੇ ਗਰੀਬਾਂ ਨਾਲ ਹਮਦਰਦੀ ਦੇ ਗੁਣ ਮੌਜੂਦ ਸਨ।ਘਰ ਵਿੱਚ ਅੰਤਾਂ ਦੀ ਗ਼ਰੀਬੀ ਹੋਣ ਕਾਰਨ ਆਪ ਨੂੰ ਜੀਵਨ ਨਿਰਵਾਹ ਲਈ ਘੁੰਗਣੀਆਂ ਵੇਚਣੀਆਂ ਪਈਆਂ। ਇਸ ਪ੍ਰਕਾਰ ਆਪ ਬਚਪਨ ਤੋਂ ਹੀ ਹੱਥੀਂ ਕਿਰਤ ਕਰਨ ਲੱਗ ਪਏ ਸਨ।ਆਪ ਜੀ ਦੇ ਮਨ ਵਿੱਚ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਨੂੰ ਮਿਲਣ ਦੀ ਤਾਂਘ ਆਪ ਜੀ ਨੂੰ ਸ੍ਰੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਲੈ ਆਈ। ਇੱਥੇ ਆਪ ਦਿਨ ਰਾਤ ਅਕਾਲ ਪੁਰਖ ਦੀ ਅਲਾਹੀ ਬਾਣੀ ਸੁਣਦੇ ਅਤੇ ਗੁਰੂ ਘਰ ਦੀ ਸੇਵਾ ਕਰਦੇ ਸਨ।ਆਪ ਜੀ ਦੀ ਨਿਮਰਤਾ, ਸੇਵਾ-ਸਿਮਰਨ, ਕਿਰਤ ਅਤੇ ਨੇਕ-ਸੁਭਾਅ ਨੂੰ ਵੇਖ ਕੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਆਪ ਜੀ ਨਾਲ ਕਰ ਦਿੱਤਾ। ਗੁਰੂ-ਘਰ ਦਾ ਦਾਮਾਦ ਬਣ ਕੇ ਵੀ ਗੁਰੂ ਜੀ ਨੇ ਲੋਕ-ਲਾਜ ਦੀ ਪਰਵਾਹ ਨਾ ਕੀਤੀ ਅਤੇ ਦਿਨ-ਰਾਤ ਗੁਰੂ-ਘਰ ਦੀ ਸੇਵਾ ਵਿਚ ਤੱਤਪਰ ਰਹੇ। ਇਕ ਵਾਰ ਲਾਹੌਰ ਤੋਂ ਆਏ ਸ਼ਰੀਕੇ ਵਾਲਿਆਂ ਨੇ ਆਪ ਜੀ ਨੂੰ ਮਿਹਣਾ ਵੀ ਮਾਰਿਆ।ਆਪਣੇ ਸ਼ਰੀਕਾਂ ਦੇ ਕਹਿਣ ’ਤੇ ਵੀ ਆਪ ਜੀ ਨੇ ਕੋਈ ਪ੍ਰਵਾਹ ਨਾ ਕੀਤੀ ਅਤੇ ਸਿਰ ’ਤੇ ਗਾਰੇ ਦੀ ਟੋਕਰੀ ਚੁੱਕਣ ਵਾਲੀ ਸੇਵਾ ਕਰਦੇ ਰਹੇ ਅਤੇ ਆਪ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਵੀ ਆਖ ਦਿੱਤਾ ਕਿ ਇਹ ਗਾਰੇ ਦੀ ਟੋਕਰੀ ਨਹੀਂ ਸਗੋਂ ਰਾਜ-ਜੋਗ ਦਾ ਛਤਰ ਹੈ।
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਸੇਵਾ ਭਾਵਨਾ ਨਾਲ ਸਬਧਿਤ ਸਾਖੀ ਅਨੁਸਾਰ ਇੱਕ ਵਾਰ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਿਆਈ ਬਖਸ਼ਿਸ਼ ਕਰਨ ਲਈ ਪ੍ਰੀਖਿਆ ਲੈਣ ਲਈ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਨੂੰ ਇੱਕ ਇੱਕ ਥੜ੍ਹਾ ਬਣਾਉਣ ਲਈ ਹੁਕਮ ਕੀਤਾ। ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਨੇ ਹੁਕਮ ਅਨੁਸਾਰ ਤੈਅ ਜਗ੍ਹਾ ਤੇ ਨਿਰਧਾਰਤ ਮਾਨਦੰਡ ਅਨੁਸਾਰ ਥੜ੍ਹੇ ਉਸਾਰ ਦਿੱਤੇ। ਥੜ੍ਹੇ ਵੇਖਣ ਉਪਰੰਤ ਸ੍ਰੀ ਗੁਰੂ ਅਮਰਦਾਸ ਜੀ ਜੀ ਨੇ ਕਿਹਾ ਕਿ ਇਹ ਮੇਰੇ ਹੁਕਮ ਮੁਤਾਬਿਕ ਨਹੀਂ ਬਣੇ ਹਨ ਇਸਲਈ ਇਹਨਾਂ ਨੂੰ ਢਾਹ ਦੇਵੋ ਅਤੇ ਇਹਨਾਂ ਦੀ ਥਾਂ ਦੁਬਾਰਾ ਨਵੇਂ ਥੜ੍ਹੇ ਬਣਾਵੋ। ਦੋਹਾਂ ਹੀ ਗੁਰਸਿੱਖਾਂ ਨੇ ਦੁਬਾਰਾ ਥੜ੍ਹੇ ਬਣਾਏ। ਪਰੰਤੂ ਥੜ੍ਹੇ ਦਾ ਮੁਆਇਨਾ ਕਰਨ ‘ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਫਿਰ ਥੜ੍ਹੇ ਢਾਹ ਕੇ ਉਸਾਰਨ ਲਈ ਕਹਿ ਦਿੱਤਾ। ਚੌਥੀ ਵਾਰ ਥੜ੍ਹਾ ਬਣਾਉਣ ’ਤੇ ਭਾਈ ਰਾਮਾ ਜੀ ਖਿਝ ਗਏ ਪਰ ਭਾਈ ਜੇਠਾ ਜੀ ਹਰ ਵਾਰ ਸ੍ਰੀ ਗੁਰੂ ਅਮਰਦਾਸ ਜੀ ਦਾ ਹੁਕਮ ਮਨ ਕੇ ਥੜ੍ਹਾ ਬਣਾ ਦਿੰਦੇ ਤੇ ਗੁਰੂ ਸਾਹਿਬ ਦੇ ਕਹਿਣ ‘ਤੇ ਢਾਹ ਵੀ ਦਿੰਦੇ। ਸੱਤਵੀਂ ਵਾਰ ਥੜ੍ਹਾ ਬਣਾਉਣ ’ਤੇ ਜਦੋਂ ਗੁਰੂ ਅਮਰਦਾਸ ਜੀ ਨੇ ਫਿਰ ਕਿਹਾ ਕਿ ਇਹ ਮੇਰੇ ਹੁਕਮ ਅਨੁਸਾਰ ਨਹੀਂ ਬਣਇਆ ਤਾਂ ਭਾਈ ਜੇਠਾ ਜੀ ਨੇ ਗੁਰੂ ਜੀ ਦੇ ਚਰਨ ਪਕੜ ਲਏ ਤੇ ਬੇਨਤੀ ਕੀਤੀ, ਮੈਂ ਭੁੱਲਣਹਾਰ ਹਾਂ ਅਤੇ ਤੁਸੀਂ ਦਿਆਲੂ ਤੇ ਕਿਰਪਾਲੂ ਹੋ। ਤੁਸੀਂ ਵਾਰ-ਵਾਰ ਮੇਰੀਆਂ ਭੁੱਲਾਂ ਬਖ਼ਸ਼ ਦਿੰਦੇ ਹੋ। ਹੁਣ ਤੁਸੀਂ ਆਪ ਹੀ ਕਿਰਪਾ ਕਰੋ ਅਤੇ ਮੈਨੂੰ ਆਪਣੇ ਹੁਕਮ ਦੀ ਪਾਲਣਾ ਕਰਨ ਦੀ ਬਖਸ਼ਿਸ਼ ਕਰੋ। ਸ੍ਰੀ ਗੁਰੂ ਅਮਰਦਾਸ ਜੀ ਮੁਸਕਰਾਏ ਤੇ ਭਾਈ ਜੇਠਾ ਜੀ ਨੂੰ ਗੱਲਵਕੜੀ ਘੁੱਟ ਲਿਆ ਅਤੇ ਸੰਨ 1574 ਈ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਪ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ।
ਸ੍ਰੀ ਗੁਰੂ ਅਮਰਦਾਸ ਜੀ ਨੇ ‘ਗਰੂ ਕੇ ਚੱਕ’ ਦਾ ਨਵੇਕਲਾ ਨਗਰ ਵਸਾਉਣਾ ਸ਼ੁਰੂ ਕਰ ਦਿੱਤਾ ਸੀ ਸੋ ਮੁੜ ਅੱਗੇ ਚੱਲ ਕੇ ਗੁਰੂ ਕਾ ਚੱਕ ਅਤੇ ਬਾਅਦ ਵਿੱਚ ਚੱਕ ਗੁਰੂ ਕਾ ਜਾਂ ਰਾਮਦਾਸਪੁਰ ਅਤੇ ਫੇਰ ਅੰਮ੍ਰਿਤਸਰ ਬਣਿਆ। ਆਪ ਜੀ ਨੇ ਚੱਕ ਗੁਰੂ ਕਾ ਅਤੇ ਸ੍ਰੀ ਸੰਤੋਖਸਰ ਸਾਹਿਬ ਦੇ ਸਰੋਵਰਾਂ ਦੀ ਖੁਦਵਾਈ ਕਰਵਾਈ। ਵੱਖ ਵੱਖ ਬਜ਼ਾਰ ਅਤੇ ਸ਼ਹਿਰ ਦੀ ਉਸਾਰੀ ਆਪਣੀ ਨਿਗਰਾਨੀ ਵਿੱਚ ਕਰਵਾਈ। ਗ਼ਰੀਬ ਅਤੇ ਕਿਰਤੀ 52 ਅਲੱਗ-ਅਲੱਗ ਕਿੱਤਿਆਂ ਦੇ ਲੋਕਾਂ ਨੂੰ ਇੱਥੇ ਵਸਾਇਆ। ਆਪ ਜੀ ਦੇ ਉੱਦਮ ਸਦਕਾ ਕੌਮ ਨੂੰ ਭਵਿਖ ਵਾਸਤੇ ਇੱਕ ਕੇਂਦਰੀ ਸਥਾਨ ਮਿਲ ਗਿਆ। ਸਾਂਝੇ ਕੌਮੀ ਖਜ਼ਾਨੇ ਦੀ ਲੋੜ ਨੂੰ ਦੇਖਦਿਆਂ ਹੋਇਆਂ ‘ਮਸੰਦ ਪ੍ਰਥਾ’ ਨੂੰ ਹੋਰ ਮਜ਼ਬੂਤ ਕੀਤਾ ਅਤੇ ਸਿੱਖੀ ਪ੍ਰਚਾਰ ਨੂੰ ਦਿਨ-ਬ-ਦਿਨ ਵਧਾਇਆ।
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦੇ ਵਿਸਤਾਰ ਲਈ ਕਈ ਮਹੱਤਵਪੂਰਨ ਕਦਮ ਚੁੱਕੇ। ਉਨ੍ਹਾਂ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਦਾ ਹੈ। ਆਪ ਜੀ ਨੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਹੁਕਮ ਅਨੁਸਾਰ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਵਸਾਇਆ ਗਿਆ। ਇਹ ਥਾਂ ਅੱਗੇ ਚੱਲ ਕੇ ਸਿੱਖ ਧਰਮ ਦਾ ਕੇਂਦਰ ਬਣੀ।
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਸ਼ੁਰੂ ਕੀਤੀ ਸੰਗਤ ਅਤੇ ਪੰਗਤ ਦੀ ਪ੍ਰਥਾ ਨੂੰ ਹੋਰ ਵਿਵਸਥਿਤ ਕੀਤਾ। ਉਨ੍ਹਾਂ ਨੇ ਸਮਾਜਿਕ ਸਮਾਨਤਾ ਦੇ ਸਿਧਾਂਤ ਨੂੰ ਮਜ਼ਬੂਤ ਕੀਤਾ, ਜਿੱਥੇ ਹਰ ਜਾਤ, ਧਰਮ ਤੇ ਵਰਗ ਦਾ ਵਿਅਕਤੀ ਇਕੱਠੇ ਬੈਠ ਕੇ ਲੰਗਰ ਕਰਦਾ ਸੀ। ਇਹ ਵਿਵਸਥਾ ਉਸ ਸਮੇਂ ਦੇ ਸਮਾਜਿਕ ਭੇਦਭਾਵ ਲਈ ਚੁਣੌਤੀ ਸੀ। ਧੰਨ ਧੰਨ
ਸ੍ਰੀ ਗੁਰੂ ਰਾਮਦਾਸ ਜੀ ਨੇ ਅਲਾਹੀ ਬਾਣੀ ਉਚਾਰੀ ਅਤੇ ਆਪ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਗਭਗ 688 ਸ਼ਬਦਾਂ ਦੇ ਰੂਪ ਵਿੱਚ ਦਰਜ ਹੈ। ਉਨ੍ਹਾਂ ਦੀ ਬਾਣੀ ਵਿੱਚ ਆਤਮਿਕ ਪ੍ਰੇਮ, ਨਾਮ ਸਿਮਰਨ, ਨਿਮਰਤਾ ਅਤੇ ਗੁਰੂ ਪ੍ਰਤੀ ਸ਼ਰਧਾ ਦੇ ਡੂੰਘੇ ਸੁਨੇਹੇ ਹਨ। ਉਨ੍ਹਾਂ ਦੀ ਰਚਨਾ ਲਾਵਾਂ (ਵਿਆਹ ਦੇ ਚਾਰ ਪਦ) ਖਾਸ ਤੌਰ ‘ਤੇ ਪ੍ਰਸਿੱਧ ਹੈ, ਜੋ ਸਿੱਖ ਵਿਆਹ ਸੰਸਕਾਰ ਦਾ ਆਧਾਰ ਬਣੀ। ਇਹ ਆਤਮਾ ਤੇ ਪਰਮਾਤਮਾ ਦੇ ਮਿਲਾਪ ਦੀ ਆਤਮਕ ਯਾਤਰਾ ਦਾ ਪ੍ਰਤੀਕ ਹੈ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ ਮੰਜੀ ਪ੍ਰਥਾ ਦੀ ਵਿਵਸਥਾ ਕੀਤੀ ਜਿਸ ਰਾਹੀਂ ਸਿੱਖ ਧਰਮ ਦੇ ਉਪਦੇਸ਼ ਵੱਖ-ਵੱਖ ਖੇਤਰਾਂ ਤੱਕ ਪਹੁੰਚੇ। ਉਨ੍ਹਾਂ ਨੇ ਸਿੱਖ ਧਰਮ ਨੂੰ ਕੇਂਦਰੀ ਪ੍ਰਬੰਧਨ ਦੇ ਰੂਪ ਵਿੱਚ ਵਿਕਸਤ ਕੀਤਾ ਜਿਸ ਨਾਲ ਧਾਰਮਿਕ ਇਕਤਾ ਬਣੀ ਰਹੀ।
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ 1 ਸਤੰਬਰ 1581 ਨੂੰ ਜੋਤੀ ਜੋਤ ਸਮਾ ਗਏ।ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਜੀਵਨ ਸ਼ੈਲੀ ਸਿੱਖ ਧਰਮ ਵਿੱਚ ਸੇਵਾ, ਸੱਚਾਈ, ਨਿਮਰਤਾ ਅਤੇ ਪ੍ਰਮਾਤਮਾ ਪ੍ਰੇਮ ਦੀ ਭਾਵਨਾ ਪੈਦਾ ਕਰਦੀ ਹੈ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਜੀਵਨ ਕਥਾ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਨੇ ਦਰਸਾਇਆ ਕਿ ਨਿਮਰਤਾ ਅਤੇ ਸੇਵਾ ਹੀ ਆਤਮਕ ਉੱਚਾਈ ਦਾ ਮਾਰਗ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਹੋਵੇ ਜਾਂ ਬਾਣੀ ਦੇ ਰੂਪ ਵਿੱਚ ਆਤਮਿਕ ਸੁਨੇਹੇ — ਉਨ੍ਹਾਂ ਦੀ ਵਿਰਾਸਤ ਅੱਜ ਵੀ ਮਨੁੱਖਤਾ ਨੂੰ ਏਕਤਾ, ਪ੍ਰੇਮ ਅਤੇ ਸ਼ਾਂਤੀ ਵੱਲ ਪ੍ਰੇਰਿਤ ਕਰਦੀ ਹੈ।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



