ਸਿਆਸੀ ਲਾਹੇ ਲਈ ਹੋ ਰਹੀਆਂ ਨੇ ਬੇਅਦਬੀਆਂ ਤੇ ਧਮਾਕੇ: ਬਾਦਲ

ਲੰਬੀ (ਸਮਾਜ ਵੀਕਲੀ):  ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਲੰਬੀ ਹਲਕੇ ’ਚ ਜਨ-ਰਾਬਤਾ ਮੁਹਿੰਮ ਤਹਿਤ ਲੋਕਾਂ ਨੂੰ ਸੰਬੋਧਨ ਕੀਤਾ। ਸਿੱਖਵਾਲਾ, ਫਤੂਹੀਖੇੜਾ, ਤਰਮਾਲਾ, ਭਾਈਕੇਰਾ, ਬਲੋਚਕੇਰਾ ਅਤੇ ਮਾਹਣੀਖੇੜਾ ਵਿੱਚ ਜਲਸਿਆਂ ਨੂੰ ਸੰਬੋਧਨ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਸਿਆਸੀ ਦਲਬਦਲੀਆਂ ਨੂੰ ਮਹਾ ਪਾਪ ਦੱਸਿਆ ਹੈ। ਸ੍ਰੀ ਬਾਦਲ ਨੇ ਦੋਸ਼ ਲਾਇਆ ਕਿ ਚੋਣਾਂ ਸਮੇਂ ਸਿਆਸੀ ਫਾਇਦੇ ਲਈ ਬੇਅਦਬੀਆਂ ਅਤੇ ਬੰਬ ਧਮਾਕੇ ਭਾਈਚਾਰਕ ਸਾਂਝ ਨੂੰ ਕਮਜ਼ੋਰ ਕਰਨ ਅਤੇ ਡਰ ਦਾ ਮਾਹੌਲ ਬਣਾਉਣ ਲਈ ਕੀਤੇ ਜਾ ਰਹੇ ਹਨ।

ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਨਕਾਰੇ ਆਗੂ ਅਤੇ ਪੰਜਾਬ ਦੇ ਦੁਸ਼ਮਣ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ’ਚ ਸ਼ਾਮਲ ਹੋਣ ਵਾਲੇ ਉਹ ਆਗੂ ਹਨ, ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਜਾਂ ਉਹ ਲੋਕ ਕਚਿਹਰੀ ’ਚ ਹਾਰੇ ਹੋਏ ਹਨ। ਹੁਣ ਕੇਂਦਰੀ ਖੇਤੀਬਾੜੀ ਮੰਤਰੀ ਵੱਲੋਂ ਮੁੜ ਖੇਤੀ ਕਾਨੂੰਨ ਲਿਆਉਣ ਦੇ ਦਾਅਵੇ ਕਰਨ ਦੇ ਹਾਲਾਤਾਂ ਵਿਚਕਾਰ ਵੱਖ-ਵੱਖ ਆਗੂਆਂ ਦਾ ਭਾਜਪਾ ’ਚ ਸ਼ਾਮਲ ਹੋਣਾ ਸਿੱਧੇ ਤੌਰ ’ਤੇ ਕਿਸਾਨ ਵਿਰੋਧੀ ਫੈਸਲਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਤਾਕਤਾਂ ਪੰਜਾਬ ’ਤੇ ਪੂਰਨ ਕਬਜ਼ੇ ਖਾਤਰ ਵਿਧਾਨ ਸਭਾ ਚੋਣਾਂ ’ਚ ਕਮਜ਼ੋਰ ਸਰਕਾਰ ਜਾਂ ਚੋਣਾਂ ਲੇਟ ਕਰਵਾ ਕੇ ਰਾਸ਼ਟਰਪਤੀ ਰਾਜ ਲਾਗੂ ਕਰਨ ਦਾ ਮਾਹੌਲ ਸਿਰਜਣ ਲਈ ਸਾਜ਼ਿਸ਼ਾਂ ਘੜ ਰਹੀਆਂ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਝੂਠ ਦੇ ਸਹਾਰੇ ਸਿਆਸਤ ਕਰਨ ਦੇ ਦੋਸ਼ ਲਾਏ। ਉਨ੍ਹਾਂ ਅਰਵਿੰਦ ਕੇਜਰੀਵਲ ’ਤੇ ਵੀ ਤਿੱਖੇ ਹਮਲੇ ਕਰਦੇ ਹੋਏ ਉਸ ਨੂੰ ਮੌਕਾਪ੍ਰਸਤ ਕਰਾਰ ਦਿੱਤਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਮੀਨ ਦੇ ਕਬਜ਼ੇ ਮੌਕੇ ਪੁਲੀਸ ਤੇ ਲੋਕਾਂ ਵਿਚਾਲੇ ਝੜਪ
Next articleਭਾਜਪਾ, ਕੈਪਟਨ ਤੇ ਢੀਂਡਸਾ ਦਾ ਗੱਠਜੋੜ ਜੱਗ ਜ਼ਾਹਿਰ: ਮਾਨ