- ਚੰਨੀ, ਰੰਧਾਵਾ ਤੇ ਚਟੋਪਾਧਿਆਏ ਨੇ ਲਿਆ ਜਾਇਜ਼ਾ
ਲੁਧਿਆਣਾ,(ਸਮਾਜ ਵੀਕਲੀ): ਲੁਧਿਆਣਾ ਦੇ ਅਦਾਲਤੀ ਕੰਪਲੈਕਸ ਦੀ ਦੂਜੀ ਮੰਜ਼ਿਲ ਦੇ ਇੱਕ ਬਾਥਰੂਮ ਵਿੱਚ ਅੱਜ ਦੁਪਹਿਰ ਹੋਏ ਧਮਾਕੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 3 ਔਰਤਾਂ ਸਣੇ 6 ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਬਾਥਰੂਮ ਅੰਦਰੋਂ ਇੱਕ ਲਾਸ਼ ਮਿਲੀ ਹੈ ਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਇੱਥੇ ਬੰਬ ਲਾਉਣ ਆਇਆ ਤੇ ਧਮਾਕੇ ਦੀ ਲਪੇਟ ’ਚ ਆ ਗਿਆ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਿਸੰਘ ਚੰਨੀ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ ਤੇ ਨਾਲ ਹੀ ਜ਼ਖ਼ਮੀਆਂ ਦਾ ਇਲਾਜ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ। ਘਟਨਾ ਤੋਂ ਤੁਰੰਤ ਬਾਅਦ ਪੁਲੀਸ ਕਮਿਸ਼ਨਰ ਸਣੇ ਸਾਰੇ ਅਧਿਕਾਰੀ ਮੌਕੇ ’ਤੇ ਪੁੱਜ ਗਏ ਤੇ ਸਾਰਾ ਅਦਾਲਤੀ ਕੰਪਲੈਕਸ ਖਾਲੀ ਕਰਾਇਆ ਗਿਆ।
ਪੁਲੀਸ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰ ਨੂੰ ਵੀ ਖਾਲੀ ਕਰਵਾਇਆ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਘਟਨਾ ਤੋਂ ਕੁਝ ਸਮੇਂ ਬਾਅਦ ਹੀ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਤੇ ਡੀਜੀਪੀ ਸਿਧਾਰਥ ਚਟੋਪਾਧਿਆ ਮੌਕੇ ’ਤੇ ਪੁੱਜੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਲੁਧਿਆਣਾ ਪੁੱਜ ਕੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਤੇ ਡੀਸੀ ਦਫ਼ਤਰ ਦੇ ਠੀਕ ਪਿੱਛੇ ਅਦਾਲਤੀ ਕੰਪਲੈਕਸ ਹੈ। ਅੱਜ ਦੁਪਹਿਰ ਲਗਭਗ ਸਵਾ ਕੁ 12 ਵਜੇ ਕੰਪਲੈਕਸ ਦੀ ਦੂਸਰੀ ਮੰਜ਼ਿਲ ’ਤੇ ਸਥਿਤ ਬਾਥਰੂਮ ’ਚ ਇੱਕ ਜ਼ੋਰਦਾਰ ਧਮਾਕਾ ਹੋਇਆ।
ਧਮਾਕਾ ਇਨ੍ਹਾਂ ਕੁ ਤੇਜ਼ ਸੀ ਕਿ ਬਾਥਰੂਮ ਦੇ ਅੰਦਰ ਦੀਆਂ ਸਾਰੀਆਂ ਕੰਧਾਂ ਡਿੱਗ ਗਈਆਂ। ਉੱਧਰ ਬਾਥਰੂਮ ਦੇ ਬਾਹਰ ਫੋਟੋ ਸਟੇਟ ਮਸ਼ੀਨ ਲਾ ਕੇ ਬੈਠੀ ਔਰਤ ਵੀ ਧਮਾਕੇ ਦੀ ਲਪੇਟ ’ਚ ਆ ਕੇ ਜ਼ਖਮੀ ਹੋ ਗਈ। ਧਮਾਕੇ ਮਗਰੋਂ ਪੂਰੇ ਕੰਪਲੈਕਸ ’ਚ ਹਫ਼ਤਾ ਦਫ਼ੜੀ ਮਚ ਗਈ। ਇਸ ਘਟਨਾ ’ਚ ਜ਼ਖ਼ਮੀ ਹੋਏ ਪੰਜ ਵਿਅਕਤੀਆਂ ਨੂੰ ਵੱਖ ਵੱਖ ਹਸਤਪਾਲਾਂ ’ਚ ਭਰਤੀ ਕਰਵਾਇਆ। ਜ਼ਖ਼ਮੀਆਂ ਦੀ ਪਛਾਣ ਸੰਦੀਪ ਕੌਰ ਰਾਏਕੋਟ, ਸ਼ਰਨਜੀਤ ਕੌਰ ਜਮਾਲਪੁਰ, ਮਨੀਸ਼ ਕੁਮਾਰ ਵਰਿੰਦਾਵਨ ਰੋਡ ਲੁਧਿਆਣਾ ਅਤੇ ਕ੍ਰਿਸ਼ਨਾ ਖੰਨਾ ਵਾਸੀ ਫੇਜ਼-1 ਦੁੱਗਰੀ ਵਜੋਂ ਹੋਈ ਹੈ। ਜਾਂਚ ਦੌਰਾਨ ਪੁਲੀਸ ਨੂੰ ਬਾਥਰੂਮ ਅੰਦਰੋਂ ਇੱਕ ਲਾਸ਼ ਮਿਲੀ ਹੈ, ਜੋ ਕਿ ਪੂਰੀ ਤਰ੍ਹਾਂ ਖਿੰਡ ਚੁੱਕੀ ਹੈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਤੇ ਪੁਲੀਸ ਨੂੰ ਸ਼ੱਕ ਹੈ ਕਿ ਇਹੀ ਵਿਅਕਤੀ ਬੰਬ ਨੂੰ ਲਿਆਇਆ ਹੋਵੇਗਾ ਅਤੇ ਬੰਬ ਲਾਉਂਦੇ ਸਮੇਂ ਧਮਾਕਾ ਹੋ ਗਿਆ ਹੋਵੇਗਾ। ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਘਟਨਾ ਸਥਾਨ ’ਤੇ ਪੁੱਜੇ। ਉਨ੍ਹਾਂ ਸਿਵਲ ਹਸਪਤਾਲ ਤੇ ਡੀਐੱਮਸੀ ਹਸਪਤਾਲ ਦਾ ਦੌਰਾ ਵੀ ਕੀਤਾ। ਲੁਧਿਆਣਾ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਧਮਾਕਾ ਰਿਕਾਰਡ ਰੂਮ ਦੇ ਨਾਲ ਬਣੇ ਬਾਥਰੂਮ ’ਚ ਹੋਇਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly