ਫਲੇਲ ਸਿੰਘ ਸਿੱਧੂ
(ਸਮਾਜ ਵੀਕਲੀ) ਬਚਪਨ ‘ਚ ਇੱਕ ਬਾਤ ਸੁਣਦੇ ਸਾਂ । ਕਾਲਾ ਸੀ।ਕਾਲੇ ਪਿਉ ਦਾ ਪੁੱਤਰ ਸੀ।ਕਾਲੇ ਕੱਪੜੇ ਪਾਉਂਦਾ ਸੀ।ਲੋਕਾਂ ਨੂੰ ਡਰਾਉਂਦਾ ਸੀ।ਜਦੋਂ ਤੱਕ ਸਾਂਝੇ ਪਰਿਵਾਰ ਸਨ ,ਦਾਦਾ-ਦਾਦੀ,ਨਾਨਾ-ਨਾਨੀ ਇਸ ਬਾਤ ਪਾਉਂਦੇ ਰਹੇ।ਬੱਚੇ ਛੇਤੀ ਇਹ ਬਾਤ ਬੁੱਝ ਨਾ ਸਕਦੇ।ਉਹ ਇਹ ਬਾਤ ਤਾਂ ਹੀ ਬੁੱਝਣ ,ਜੇ ਉਹਨਾਂ ਨੇ ਇਹੋ ਜਿਹੀ ਸ਼ੈਅ ਦੇਖੀ ਹੋਵੇ।ਕਿਸੇ ਵਿਰਲੇ-ਟਾਵੇਂ ਬੱਚੇ ਨੇ ਹੀ ਬਚਪਨ ‘ਚ ਰੇਲ ਗੱਡੀ ਦੀ ਸਵਾਰੀ ਕੀਤੀ ਹੁੰਦੀ ਸੀ। ਬਚਪਨ ‘ਚ ਇੱਕ ਹੋਰ ਕਹਾਵਤ ਵੀ ਬਹੁਤ ਹੈਰਾਨ ਕਰਦੀ।ਕਾਲਾ ਅੱਖਰ ਭੈਂਸ ਬਰੋਬਰ।ਸੋਚਾਂ ‘ਚ ਪਏ ਰਹਿੰਦੇ ਵੀ ਭੈਂਸ ਤੇ ਅੱਖਰ ਦਾ ਇਹ ਕਿਹੜਾ ਰਿਸ਼ਤਾ ਹੋਇਆ?? ਫੇਰ ਅੰਦਾਜਾ ਲਾਉਂਦੇ ਵੀ ਬੱਚੇ ਫੱਟੀ ਕਾਲੀ ਸਿਆਹੀ ਨਾਲ ਲਿਖਦੇ ਹਨ ,ਸ਼ਾਇਦ ਤਾਂ ਹੀ ਇਹ ਗੱਲ ਚੱਲੀ ਹੋਵੇ।ਪਰ ਸੋਚ ਦੇ ਘੋੜਾ ਕਦੇ-ਕਦੇ ਇਹ ਵੀ ਦਸਦੇ ਕਿ ਕਾਲਾ ਬੋਰਡ,ਕਾਲੀ ਸਲੇਟ ਪਰ ਚਾਕ ਤੇ ਬੱਤੀ ਚਿੱਟੀ, ਭੈਂਸ ਤਾਂ ਕਾਲੀ ਹੋਈ,ਅੱਖਰ ਕਾਲੇ ਕਿਉਂ? ਪਰ ਮਨੋਵਿਗਿਆਨ ਇਹ ਕਹਿੰਦਾ ਹੈ ਕਿ ਬੱਚੇ ਦਾ ਸਭ ਤੋਂ ਘੱਟ ਪਸੰਦੀ ਦਾ ਰੰਗ ਕਾਲਾ ਹੁੰਦਾ ਹੈ,ਜਿਸ ਨੂੰ ਦੇਖ ਕੇ ਉਹ ਡਰਦਾ ਵੀ ਹੋ ਤੇ ਭੈ ਭੀਤ ਹੁੰਦਾ ਹੈ।ਪਰ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ। ਪਰ ਸਕੂਲਾਂ ਦੇ ਬੋਰਡ ਹੁਣ ਤੱਕ ਵੀ ਕਾਲੇ ਹੀ ਹਨ ਤੇ ਇਹ ਕਾਲੇ ਬੋਰਡ ਹੀ ਬੱਚੇ ਦੀ ਜਿੰਦਗੀ ਬਣਾਉਂਦੇ ਹਨ। ਇਹਨਾਂ ਕਾਲੇ ਬੋਰਡਾਂ ਤੇ ਪੜ੍ਹ ਕੇ ਰਾਜਨੀਤੀ ਚ ਆਏ ਕੁੱਝ ਲੋਕ ਜਦੋਂ ਵੱਡੇ ਨੇਤਾ ਬਣੇ ਤਾਂ ਉਹ ਕਾਲੇ ਰੰਗ ਤੋਂ ਡਰਨ ਲੱਗੇ।ਸ਼ਾਇਦ ਉਹਨਾਂ ਨੂੰ ਰਾਜਨੀਤੀ ‘ਚ ਆ ਕੇ ਹੀ ਮਨੋਵਿਗਿਆਨ ਦੀ ਸੋਝੀ ਆਈ ਹੋਵੇ । ਫੇਰ ਹੌਲੀ-ਹੌਲੀ ਉਹਨਾਂ ਦੇ ਰਾਜਨੀਤਿਕ ,ਸਮਾਜਿਕ, ਧਾਰਮਿਕ ਇੱਕਠੇ ਚੋਂ ਕਾਲਾ ਰੰਗ ਗਾਇਬ ਹੋਣ ਲੱਗਿਆ । ਹੁਣ ਨੌਬਤ ਇੱਥੋਂ ਤੱਕ ਆ ਗਈ ਹੈ ਕਿ ਹਰ ਮੰਤਰੀ-ਸੰਤਰੀ ਦੇ ਇੱਕਠ ਚ ਕਾਲੀ ਛੱਤਰੀ, ਕਾਲੇ ਬੂਟ,ਕਾਲੀ ਜੈਕਟ, ਕਾਲੀ ਪੱਗ,ਕਾਲਾ ਝੰਡਾ,ਕਾਲਾ ਲਿਫ਼ਾਫ਼ਾ , ਕਾਲੀ ਐਨਕ ਸਮੇਤ ਕੁੱਝ ਵੀ ਕਾਲਾ ਨਾਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ । ਰੱਬ ਨਾ ਕਰੇ ਜੇ ਕੋਈ ਚੁਸਤੀ -ਚਲਾਕੀ ਨਾਲ ਕਾਲੇ ਰੰਗ ਦਾ ਕੱਚਾ,ਬਨੈਣ ਵੀ ਪਾ ਕੇ ਆ ਗਿਆ ਤਾਂ ਉਸ ਨੂੰ ਦਬੋਚਣ ਲਈ ਧਾੜਵੀਂ ਤਿਆਰ-ਬਰਤਿਆਰ ਰਹਿੰਦੇ ਹਨ।ਖਿੱਚ-ਧੂਹ ਤੋਂ ਲੈ ਕੇ ਠਾਣੇ ਕਚਹਿਰੀ ਤੱਕ ਦੇ ਚੱਕਰ ਵੀ ਕੱਟਣੇ ਪੈ ਸਕਦੇ ਹਨ। ਸੋ ਸਿੱਟਾ ਇਹ ਨਿਕਲਿਆ ਕਿ ਲੋਕਤੰਤਰ ‘ਚ ਨੇਤਾ ਲੋਕ ਕਾਲੇ ਰੰਗ ਤੋਂ ਬਹੁਤ ਡਰਦੇ ਹਨ ਜਿਵੇਂ ਬਚਪਨ ‘ਚ ਸੁਣੀ ਬਾਤ ਅਨੁਸਾਰ ਬੱਚੇ ਰੇਲ ਦੇ ਕਾਲੇ ਇੰਜਣ ਤੋਂ ਡਰਦੇ ਸਨ। ਲਉ ਹੁਣ ਰਾਜਤੰਤਰ ਵੇਲੇ ਦੀ ਇੱਕ ਸਾਖੀ ਸੁਣੋ।ਇੱਕ ਬੀਬੀ ਰਾਜੇ ਦੇ ਦਰਬਾਰ ਆਈ ਤੇ ਉਸ ਦੇ ਪੈਰਾਂ ਤੇ ਤਵੇ ਦਾ ਪੁੱਠਾ ਪਾਸਾ ਘਸਾਉਣ ਲੱਗੀ। ਦਰਬਾਰੀ ਤੇ ਅੰਗ ਰੱਖਿਆਕ ਔਖੇ-ਭਾਰੇ ਹੋਏ।ਰਾਜਾ ਸਿਆਣਾ ਸੀ।ਉਸ ਨੇ ਆਪਣੇ ਅੰਗ ਰੱਖਿਆਕਾ ਨੂੰ ਰੋਕਿਆ ਤੇ ਬੀਬੀ ਤੋਂ ਇੰਝ ਕਰਨ ਦਾ ਕਾਰਣ ਪੁੱਛਿਆ।ਬੀਬੀ ਨੇ ਇੰਝ ਬਿਆਨ ਕੀਤਾ,” ਮੈਂ ਸੁਣਿਆ ,ਤੂੰ ਪਾਰਸ ਐ।ਹਰ ਲੋਹੇ ਦੀ ਚੀਜ਼ ਨੂੰ ਸੋਨੇ ਦੀ ਕਰ ਦਿੰਨੈ?? “ਰਾਜੇ ਨੇ ਹੱਸਦੇ ਹੋਏ ਆਪਣੇ ਵਜ਼ੀਰ ਨੂੰ ਹੁਕਮ ਦਿੱਤਾ ਕਿ ਇਸ ਬੀਬੀ ਨੂੰ ਤਵੇ ਦੇ ਭਾਰ ਬਰਾਬਰ ਸੋਨਾ ਦੇ ਦਿੱਤਾ ਜਾਵੇ ।ਹੁਕਮਾਂ ਦੀ ਤਾਮੀਲ ਹੋਈ। ਸੋ ਅੱਜ ਦੇ ਲੋਕਤੰਤਰੀ ਚ , ਰਾਜ ਕਰੇਂਦੇ ਮੰਤਰੀਆਂ -ਸੰਤਰੀਆਂ ਨੂੰ ਕਾਲੇ ਰੰਗ ਜਾਂ ਕਾਲੇ ਝੰਡਿਆਂ ਤੋਂ ਡਰਨ ਦੀ ਬਜਾਏ ਆਪਣੀ ਪਾਰਖੂ ਸੂਝ-ਬੂਝ ਨਾਲ ਜਨਤਾ ਦੇ ਦੁੱਖ, ਤਕਲੀਫ, ਬੇਚੈਨੀ ਅਤੇ ਮਸਲਿਆਂ ਨੂੰ ਸਮਝ ਕੇ ਉਹਨਾਂ ਨੂੰ ਹੱਲ ਕਰਨ ਵੱਲ ਕਦਮ ਪੁੱਟਣੇ ਚਾਹੀਦੇ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



