(ਸਮਾਜ ਵੀਕਲੀ) ਭਾਰਤ ਇੱਕ ਲੋਕਤੰਤਰੀ ਦੇਸ਼ ਹੈ। ਲੋਕਤੰਤਰ ਦਾ ਅਰਥ ਹੈ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਚੁਣੀ ਹੋਈ ਸਰਕਾਰ। ਰਾਜੇ-ਮਹਾਰਾਜਿਆਂ, ਬਾਦਸ਼ਾਹਾਂ ਦੇ ਸਮੇਂ ਉਹ ਕਿਸੇ ਇਲਾਕੇ/ਦੇਸ਼ ਦੇ ਮਾਲਕ ਹੁੰਦੇ ਸਨ। ਉਸ ਤੋਂ ਬਾਅਦ ਉਸ ਦਾ ਗੱਦੀ ਨਸ਼ੀਨ ਮਾਲਕ ਬਣ ਜਾਂਦਾ ਸੀ। ਇਸ ਨੂੰ ਰਾਜ ਤੰਤਰ ਕਹਿ ਦਿੱਤਾ ਜਾਂਦਾ ਹੈ। ਕਈ ਵਾਰ ਇੱਕ ਮੁਲਕ ਜਾਂ ਇਲਾਕੇ ਉੱਪਰ ਦੂਸਰੇ ਮੁਲਕ ਦੇ ਹਮਲਾਵਰ ਹਮਲਾ ਕਰ ਕੇ ਉਸ ਇਲਾਕੇ ਦੇ ਬਾਦਸ਼ਾਹ, ਰਾਜੇ ਆਦਿ ਬਣ ਜਾਂਦੇ ਸਨ। ਇਸ ਤਰ੍ਹਾਂ ਦੇ ਪ੍ਰਬੰਧ ਦੀਆਂ ਆਪਣੀਆਂ ਖਾਮੀਆਂ ਹੁੰਦੀਆਂ ਹਨ। ਵਪਾਰ, ਸੁਰੱਖਿਆ, ਸਿਹਤ, ਪਾਣੀਆਂ ਦੀ ਵੰਡ, ਸਮੁੰਦਰੀ ਇਲਾਕਿਆਂ ਦੇ ਨਿਯਮ ਆਦਿ ਦੀ ਨਜ਼ਰਸਾਨੀ ਕਰਨ ਵਾਲੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਦੀ ਹੋਂਦ ਨਹੀਂ ਸੀ।
ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਦੇਸ਼ਾਂ ਵਿੱਚ ਵੋਟਾਂ ਰਾਹੀਂ ਸੀਮਤ ਸਮੇਂ ਲਈ ਸਰਕਾਰਾਂ ਚੁਣੀਆਂ ਜਾ ਰਹੀਆਂ ਹਨ। ਮਿਤੀ 19/06/2025 ਨੂੰ ਲੁਧਿਆਣਾ ਜ਼ਿਲ੍ਹੇ ਦੇ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਉੱਪਰ ਲਿਖੇ ਅਨੁਸਾਰ ਇਸ ਖੇਤਰ ਦੀ ਵੋਟਰ ਆਪਣੇ ਮਤ-ਅਧਿਕਾਰ ਦੀ ਵਰਤੋਂ ਈ.ਵੀ.ਐਮ. ਭਾਵ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਰਾਹੀਂ ਕਰਨਗੇ। ਭਾਰਤ ਵਿੱਚ ਈ.ਵੀ.ਐਮ. ਦੀ ਵਰਤੋਂ 1982 ਵਿੱਚ ਸਭ ਤੋ ਪਹਿਲਾਂ ਕੇਰਲਾ ਦੇ ਪਾਰੂਰ ਵਿਧਾਨ ਸਭਾ ਹਲਕੇ ਵਿੱਚ ਕੀਤੀ ਗਈ ਸੀ। ਇਸ ਤੋਂ ਪਹਿਲਾਂ ਵੋਟ-ਪਰਚੀਆਂ ‘ਤੇ ਵੋਟਰਾਂ ਵੱਲੋਂ ਮੋਹਰ ਲਗਾ ਕੇ ਉਮੀਦਵਾਰ ਦੀ ਚੋਣ ਕੀਤੀ ਜਾਂਦੀ ਸੀ। ਇਹਨਾਂ ਪਰਚੀਆਂ ਨੂੰ ਇੱਕ ਖਾਸ ਕਿਸਮ ਦੇ ਮਜ਼ਬੂਤ ਬਕਸੇ ਵਿੱਚ ਪਾਇਆ ਜਾਂਦਾ ਸੀ। ਹੁਣ ਵੀ ਪੰਚਾਇਤ ਪੱਧਰ ਦੀਆਂ ਚੋਣਾਂ ਵਿੱਚ ਵੋਟ-ਪਰਚੀਆਂ ਰਾਹੀਂ ਹੀ ਵੋਟ ਪਾਈ ਜਾਂਦੀ ਹੈ। ਨਿਸ਼ਚਿਤ ਸਮੇਂ ਤੇ ਸਥਾਨ ‘ਤੇ ਉਮੀਦਵਾਰਾਂ ਜਾਂ ਉਹਨਾਂ ਦੇ ਅਧਿਕ੍ਰਿਤ ਏਜੰਟਾਂ ਦੀ ਹਾਜ਼ਰੀ ਅਤੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਖਾਸ ਵਿਉਂਤ ਨਾਲ ਇਹ ਬਕਸੇ ਖੋਲ੍ਹੇ ਜਾਂਦੇ ਹਨ ਅਤੇ ਵੋਟਾਂ ਦੀ ਗਿਣਤੀ ਕੀਤੀ ਜਾਂਦੀ ਹੈ। ਇਸ ਪ੍ਰਣਾਲੀ ਵਿੱਚ ਵੋਟਾਂ ਰੱਦ ਹੋਣ, ਇਤਰਾਜ਼, ਕਾਗਜ਼ ਦੀ ਬਹੁਤ ਜ਼ਿਆਦਾ ਵਰਤੋਂ ਅਤੇ ਸਮਾਂ ਵੱਧ ਲੱਗਣ ਵਾਲੀਆਂ ਊਣਤਾਈਆਂ ਵੀ ਹਨ।
ਈ.ਵੀ.ਐਮ ਰਾਹੀਂ ਜੋ ਵੋਟਾਂ ਪਾਈਆਂ ਜਾਂਦੀਆਂ ਹਨ ਉਸ ਦਾ ਢੰਗ-ਤਰੀਕਾ ਪੁਰਾਤਨ ਪ੍ਰਣਾਲੀ ਨਾਲੋਂ ਕਾਫੀ ਭਿੰਨ ਅਤੇ ਸੌਖਾ ਹੋ ਗਿਆ ਹੈ। ਈ.ਵੀ.ਐਮ. ਦੇ ਦੋ ਮੁੱਖ ਭਾਗ ਹਨ
1. ਕੰਟਰੋਲ ਯੁਨਿਟ (Control Unit)
2. ਬੈਲੇਟ ਯੂਨਿਟ (Ballot Unit)
2014 ਵਿੱਚ VVPAT (Voter Verificable Paper Audit Trail) ਨੂੰ ਵੀ ਈ.ਵੀ.ਐਮ. ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਈ.ਵੀ.ਐਮ. ਉੱਚ ਤਕਨੀਕੀ ਕੁਸ਼ਲਤਾ ਅਤੇ ਗੋਪਨੀਅਤਾ ਵਾਲੀ ਮਸ਼ੀਨ ਹੈ। ਚੋਣ ਦਫ਼ਤਰ ਤੋਂ ਵੋਟ-ਬੂਥ ਤੱਕ ਪਹੁੰਚਣ ਲਈ ਈ.ਵੀ.ਐਮ. ਨੂੰ ਕਈ ਪੜਾਵਾਂ ਵਿੱਚੋਂ ਕੱਢਿਆ ਜਾਂਦਾ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਨਿਯੁਕਤ ਅਧਿਕਾਰੀ ਅਤੇ ਕਰਮਚਾਰੀ ਮੁਹਾਰਤ ਅਤੇ ਤਨਦੇਹੀ ਨਾਲ ਇਹਨਾਂ ਨੂੰ ਤਿਆਰ ਕਰਦੇ ਹਨ। ਇਹਨਾਂ ਨੂੰ ਬਾਕਾਇਦਾ ਸੀਲ ਕਰ ਕੇ ਬੂਥ ਦੇ ਚੋਣ ਅਮਲੇ ਜਿਸ ਦਾ ਮੁਖੀ ਪ੍ਰੀਜ਼ਾਇਡਿੰਗ ਅਫ਼ਸਰ ਹੁੰਦੇ ਹਨ, ਦੇ ਸਪੁਰਦ ਕੀਤੀਆਂ ਜਾਂਦੀਆਂ ਹਨ। ਸਰਕਾਰੀ ਵਾਹਨਾਂ ਵਿੱਚ ਹੀ ਸੁਰੱਖਿਆ ਕਰਮਚਾਰੀਆਂ ਨਾਲ ਚੋਣ ਅਮਲੇ ਤੇ ਇਹ ਮਸ਼ੀਨਾਂ ਨੂੰ ਸਬੰਧਤ ਬੂਥਾਂ ‘ਤੇ ਭੇਜਿਆ ਜਾਂਦਾ ਹੈ।
ਪੋਲਿੰਗ ਬੂਥ ‘ਤੇ ਜਿਸ ਕਮਰੇ ਵਿੱਚ ਵੋਟਾਂ ਪੈਣੀਆਂ ਹੁੰਦੀਆਂ ਹਨ, ਉਸ ਵਿੱਚ ਈ.ਵੀ.ਐਮ. ਦੇ ਉੱਪਰ ਦਰਸਾਏ ਭਾਗ ਆਪਸ ਵਿੱਚ ਜੋੜ ਕੇ ਇੱਕ ਖਾਸ ਤਰਤੀਬ ਨਾਲ ਰੱਖੇ ਜਾਂਦੇ ਹਨ। B.U. ਅਤੇ V.V.P.A.T. ਕਿਸੇ ਕੱਪੜੇ ਜਾਂ ਪਲਾਸਟਿਕ ਦੇ ਕੈਬਿਨ ਵਿੱਚ ਚਾਲੂ ਹਾਲਤ ਵਿੱਚ ਇਸ ਪ੍ਰਕਾਰ ਰੱਖੇ ਜਾਂਦੇ ਹਨ ਕਿ ਵੋਟਾਂ ਦੀ ਗੋਪਨੀਅਤਾ ਭੰਗ ਨਾ ਹੋਵੇ। ਵੋਟਰ B.U. ਤੋਂ ਆਪਣੇ ਉਮੀਦਵਾਰ ਦਾ ਨਾਮ, ਚੋਣ ਨਿਸ਼ਾਨ ਅਤੇ ਫੋਟੋ ਵੇਖ ਕੇ ਉਸ ਦੇ ਸਾਹਮਣੇ ਵਾਲੇ ਨੀਲੇ ਰੰਗ ਦੇ ਬਟਨ ਨੂੰ ਦਬਾ ਕੇ ਵੋਟ ਪਾ ਦਿੰਦਾ ਹੈ। ਜੇਕਰ ਆਪਣੇ ਖੇਤਰ ਦੇ ਕਿਸੇ ਵੀ ਉਮੀਦਵਾਰ ਨੂੰ ਵੋਟਰ ਵੋਟ ਨਹੀਂ ਪਾਉਣਾ ਚਾਹੁੰਦਾ ਹੈ ਪਰ ਵੋਟ ਪਾਉਣ ਦਾ ਅਧਿਕਾਰ ਵੀ ਵਰਤਣਾ ਚਾਹੁੰਦਾ ਹੈ ਤਾਂ ਉਹ NOTA (Not Of The Above) ਦਾ ਬਟਨ ਦਬਾ ਸਕਦਾ ਹੈ। ਇਸ ਦਾ ਅਰਥ ਹੁੰਦਾ ਹੈ ਕਿ ਉਪਰੋਕਤ ਉਮੀਦਵਾਰਾਂ ਵਿੱਚੋਂ ਕੋਈ ਵੀ ਨਹੀਂ। ਜੇ ਉਮੀਦਵਾਰਾਂ ਦੀ ਗਿਣਤੀ 16 ਤੋਂ ਵੱਧ ਹੈ ਤਾਂ ਦੋ B.U. ਲੱਗਦੇ ਹਨ। ਇਸ ਪ੍ਰਕਾਰ ਜੇਕਰ ਕੁੱਲ ਉਮੀਦਵਾਰ 64 ਜਾਂ ਵੱਧ ਹੋ ਜਾਂਦੇ ਹਨ ਤਾਂ ਉਸ ਪੋਲਿੰਗ ਖੇਤਰ ਵਿੱਚ ਪੁਰਾਤਨ ਵੋਟ-ਪਰਚੀਆਂ ਵਾਲੀਆਂ ਵੋਟਾ ਹੀ ਪਾਈਆਂ ਜਾਂਦੀਆਂ ਹਨ। ਈ.ਵੀ.ਐਮ. ਵੋਟ ਪ੍ਰਕਿਰਿਆ ਦੌਰਾਨ ਇੱਕ ਬੀਪ ਦੀ ਆ ਆਵਾਜ਼ ਦੇ ਨਾਲ ਹੀ V.V.P.A.T. ‘ਤੇ ਉਸ ਉਮੀਦਵਾਰ ਦਾ ਚੋਣ ਨਿਸ਼ਾਨ ਅਤੇ ਨਾਮ ਪਰਚੀ ਉੱਪਰ ਵੇਖ ਕੇ ਤਸੱਲੀ ਕਰ ਸਕਦਾ ਹੈ ਕਿ ਉਸ ਦੀ ਵੋਟ ਉਸੇ ਉਮੀਦਵਾਰ ਨੂੰ ਪਈ ਹੈ ਜਿਸ ਨੂੰ ਉਸ ਨੇ ਵੋਟ ਪਾਈ ਸੀ। ਇਸ ਤਰ੍ਹਾਂ ਸਿਰਫ਼ ਵੋਟਰ ਨੂੰ ਹੀ ਪਤਾ ਹੁੰਦਾ ਹੈ ਕਿ ਉਸ ਨੇ ਕਿਸ ਉਮੀਦਵਾਰ ਨੂੰ ਵੋਟ ਪਾਈ ਹੈ। ਭਾਰਤੀ ਚੋਣ ਕਮਿਸ਼ਨ ਦਾ ਇਹ ਕਾਰਜ ਅਤਿ-ਸਰਾਹੁਣਯੋਗ ਹੈ। ਈ.ਵੀ.ਐਮ. ਦਾ ਇੱਕ ਭਾਗ ਕੰਟਰੋਲਰ ਯੂਨਿਟ (C.U.) ਚੋਣ ਅਮਲੇ ਦੇ ਇੱਕ ਅਧਿਕਾਰੀ ਕੋਲ ਵੋਟਿੰਗ ਕੰਪਾਰਟਮੈਂਟ ਦੇ ਬਾਹਰ ਹੀ ਹੁੰਦਾ ਹੈ। ਈ.ਵੀ.ਐਮ. ਦੇ ਉਪਰੋਕਤ ਤਿੰਨੇ ਭਾਗ ਵਿਸ਼ੇਸ਼ ਤਾਰ ਅਤੇ ਕਨੈਕਟਰਾਂ ਨਾਲ ਜੋੜੇ ਗਏ ਹੁੰਦੇ ਹਨ। ਮਸ਼ੀਨ ਵਿੱਚ 06 ਵੋਲਟ ਦੀ ਬੈਟਰੀ ਹੁੰਦੀ ਹੈ ਅਤੇ ਵੋਟਿੰਗ ਦੌਰਾਨ ਬਿਜਲੀ ਦੇ ਪਲੱਗਾਂ ਦੀ ਬਿਲਕੁਲ ਜ਼ਰੂਰਤ ਨਹੀਂ ਹੁੰਦੀ ਹੈ ਅਤੇ ਨਾ ਕੀ ਕਿਸੇ ਸ਼ੋਰਟ ਸਰਕਟ ਨਾਲ ਅੱਗ ਲੱਗਣ ਦੀ ਕੋਈ ਸੰਭਾਵਨਾ ਰਹਿੰਦੀ ਹੈ।
ਈ.ਵੀ.ਐਮ. ਰਾਹੀਂ ਵੋਟ ਪਾਉਣੀ ਬਹੁਤ ਹੀ ਆਸਾਨ ਹੁੰਦੀ ਹੈ। ਇੱਕ ਅਨਪੜ੍ਹ ਵੋਟਰ ਵੀ ਈ.ਵੀ.ਐਮ. ਰਾਹੀਂ ਆਸਾਨੀ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦਾ ਹੈ। ਈ.ਵੀ.ਐਮ. ਦੀ ਇੱਕ ਖਾਸੀਅਤ ਇਹ ਵੀ ਹੈ ਕਿ ਕੋਈ ਵੀ ਵੋਟਰ ਇੱਕ ਤੋਂ ਵੱਧ ਕਿਸੇ ਹੋਰ ਉਮੀਦਵਾਰ ਦੇ ਬਟਨਾਂ ਨੂੰ ਨਹੀਂ ਦਬਾ ਸਕਦਾ ਹੈ। ਪੁਰਾਤਨ ਪ੍ਰਣਾਲੀ ਵਿੱਚ ਆਮ ਤੌਰ ‘ਤੇ ਵੋਟਰ ਵੋਟ-ਪਰਚੀ ਦੇ ਵੱਖ-ਵੱਖ ਉਮੀਦਵਾਰਾਂ ਦੇ ਨਾਵਾਂ ਜਾਂ ਚੋਣ ਨਿਸ਼ਾਨਾਂ ਉੱਪਰ ਨਿਸ਼ਾਨ ਲਗਾ ਦਿੰਦਾ ਸੀ ਜਿਸ ਨਾਲ ਬਹੁਤ ਜ਼ਿਆਦਾ ਮਾਤਰਾ ਵਿੱਚ ਵੋਟ-ਪਰਚੀਆਂ ਨਾ-ਗਿਣਨ ਯੋਗ ਬਣ ਜਾਂਦੀਆਂ ਸਨ ਅਤੇ ਰੱਦ ਹੋ ਜਾਂਦੀਆਂ ਸਨ। ਨਵੀਂ ਈ.ਵੀ.ਐਮ. ਪ੍ਰਕਿਰਿਆ ਵਿੱਚ ਵੋਟ ਰੱਦ ਹੋਣ ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਇਸ ਦੇ ਇਲਾਵਾ ਵੋਟਾਂ ਦੇ ਖ਼ਤਮ ਹੋਣ ਉਪਰੰਤ ਗਿਣਤੀ ਵਿੱਚ ਵੀ ਬਹੁਤ ਆਸਾਨੀ ਹੁੰਦੀ ਹੈ। ਚੋਣ ਅਧਿਕਾਰੀਆਂ ਦੀ ਨਿਗਰਾਨੀ ਅਤੇ ਉਮੀਦਵਾਰ ਜਾਂ ਉਹਨਾਂ ਦੇ ਏਜੰਟਾਂ ਦੀ ਹਾਜ਼ਰੀ ਵਿੱਚ ਈ.ਵੀ.ਐਮ. ਮਸ਼ੀਨਾਂ ਵਿੱਚੋਂ ਨਤੀਜੇ ਦਰਸਾਏ ਜਾਂਦੇ ਹਨ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਊਣਤਾਈ ਜਾਂ ਵੋਟਾਂ ਦੀ ਗਿਣਤੀ ਵਿੱਚ ਫਰਕ ਰਹਿਣ ਦੀ ਸੰਭਾਵਨਾ ਨਹੀਂ ਹੁੰਦੀ।
ਭਾਰਤੀ ਚੋਣ ਕਮਿਸ਼ਨ ਵੱਲੋਂ ਈ.ਵੀ.ਐਮ. ਮਸ਼ੀਨਾਂ ਦੀ ਕਾਰਜ ਕੁਸ਼ਲਤਾ ਅਤੇ ਇਹਨਾਂ ਦੀ ਵਰਤੋਂ ਬਾਰੇ ਬਾਕਾਇਦਾ ਸਕੂਲਾਂ, ਕਾਲਜਾਂ ਅਤੇ ਸਰਵਜਨਿਕ ਸਥਾਨਾਂ ‘ਤੇ ਸਵੀਪ ਪ੍ਰੋਗਰਾਮ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਵੋਟਰਾਂ ਨੂੰ ਆਪਣੇ ਵੋਟ ਦਾ ਅਧਿਕਾਰ ਵਰਤਣ ਦੀ ਅਪੀਲ ਕੀਤੀ ਜਾਂਦੀ ਹੈ ਅਤੇ ਇਹ ਅਪੀਲ ਵੋਟਰਾਂ ਨੂੰ ਮੇਰੇ ਵੱਲੋਂ ਵੀ ਹੈ।
ਮਨਜੀਤ ਸਿੰਘ
ਮਾਸਟਰ ਟ੍ਰੇਨਰ (ਈ.ਵੀ.ਐਮ.)
ਲੁਧਿਆਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



