ਲਖਨਊ (ਸਮਾਜ ਵੀਕਲੀ): ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਭਾਜਪਾ ਸੂਬੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤੇਗੀ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਉਨ੍ਹਾਂ ਦਾ ਇਹ ਬਿਆਨ ਏਆਈਐੱਮਆਈਐੱਮ ਮੁਖੀ ਅਸਦੂਦੀਨ ਓਵਾਇਸੀ ਦੇ ਬਿਆਨ, ਕਿ ਸੂਬੇ ’ਚ ਭਗਵੀਂ ਪਾਰਟੀ ਨੂੰ ਮੁੜ ਸਰਕਾਰ ਨਹੀਂ ਬਣਾਉਣ ਦਿੱਤੀ ਜਾਵੇਗੀ, ਦੇ ਜਵਾਬ ਆਇਆ ਹੈ।
ਓਮ ਪ੍ਰਕਾਸ਼ ਰਾਜਭਰ ਦੀ ਅਗਵਾਈ ਵਾਲੀ ਭਾਰਤੀ ਸਮਾਜ ਪਾਰਟੀ ਅਤੇ ਆਲ ਇੰਡੀਆ ਮਜਲਿਸ-ਏ-ਇਤਿਹਾਦੁਲ ਮੁਸਲਮੀਨ (ਏਆਈਐੱਮਆਈਐੱਮ) ਨੇ ਵਿਧਾਨ ਸਭਾ ਚੋਣਾਂ ਇਕੱਠੇ ਲੜਨ ਦਾ ਐਲਾਨ ਕੀਤਾ ਹੋਇਆ ਹੈ। ਓਵਾਇਸੀ ਨੇ ਕਿਹਾ ਸੀ, ‘ਅਸੀਂ ਯੋਗੀ ਨੂੰ ਦੁਬਾਰਾ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਨਹੀਂ ਬਣਨ ਦੇਵਾਂਗੇ। ਜੇਕਰ ਸਾਡਾ ਮਨੋਬਲ ਉੱਚਾ ਹੋਵੇ ਅਤੇ ਅਸੀਂ ਸਖ਼ਤ ਮਿਹਨਤ ਕਰੀਏ ਤਾਂ ਕੁਝ ਵੀ ਹੋ ਸਕਦਾ ਹੈ। ਸਾਡਾ ਮਕਸਦ ਹੈ ਕਿ ਉੱਤਰ ਪ੍ਰਦੇਸ਼ ’ਚ ਭਾਜਪਾ ਦੀ ਸਰਕਾਰ ਦੁਬਾਰਾ ਨਾ ਬਣੇ।’ ਮੁੱਖ ਮੰਤਰੀ ਯੋਗੀ ਨੇ ਸ਼ਨਿਚਰਵਾਰ ਨੂੰ ਓਵਾਇਸੀ ਦੇ ਇਸ ਬਿਆਨ ਦੇ ਜਵਾਬ ’ਚ ਕਿਹਾ, ‘ਓਵਾਇਸੀ ਵੱਡੇ ਕੌਮੀ ਨੇਤਾ ਹਨ। ਉਹ ਚੋਣ ਪ੍ਰਚਾਰ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਜਾਂਦੇ ਰਹਿੰਦੇ ਹਨ ਅਤੇ ਉਨ੍ਹਾਂ ਦਾ ਆਪਣਾ ‘ਜਨਆਧਾਰ’ (ਵੋਟ ਬੈਂਕ) ਹੈ ਪਰ ਉਨ੍ਹਾਂ ਨੇ ਭਾਜਪਾ ਨੂੰ ਚੁਣੌਤੀ ਦਿੱਤੀ ਹੈ ਤਾਂ ਪਾਰਟੀ ਵਰਕਰ ਇਸ ਨੂੰ ਕਬੂਲ ਕਰਦੇ ਹਨ।
ਸੂਬੇ ਵਿੱਚ ਭਾਜਪਾ ਅਗਲੀ ਵਾਰ ਵੀ ਸਰਕਾਰ ਬਣਾਏਗੀ। ਇਸ ਵਿੱਚ ਕੋਈ ਸ਼ੱਕ ਨਹੀਂ ਹੈ।’ਯੋਗੀ ਨੇ ਕਿਹਾ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 300 ਸੀਟਾਂ ਜਿੱਤਣ ਦਾ ਟੀਚਾ ਮਿਥਿਆ ਹੈ ਅਤੇ ਪਾਰਟੀ 300 ਸੀਟਾਂ ਜ਼ਰੂਰ ਜਿੱਤੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly