*ਭਾਜਪਾ-ਆਰ.ਐਸ.ਐਸ. ਦੇ ਹੱਥ ਵੀ ਸਿੱਖਾਂ ਦੇ ਖੂਨ ਨਾਲ਼ ਰੰਗੇ ਹਨ!

(ਸਮਾਜ ਵੀਕਲੀ)

ਭਾਵੇਂ ਆਰ.ਐਸ.ਐਸ.-ਭਾਜਪਾ ਹਮੇਸ਼ਾਂ ਇਸ ਤੋਂ ਮੁੱਕਰਦੇ ਰਹੇ ਹਨ ਪਰ ਇਸ ਕੱਟੜ ਹਿੰਦੂਤਵਵਾਦੀ ਗੁੰਡਾ ਗਿਰੋਹ ਦੀ ਸਿੱਖ ਨਸਲਕੁਸ਼ੀ-84 ਵਿੱਚ ਭੂਮਿਕਾ ਜੱਗਜ਼ਾਹਰ ਹੈ। ਹੁਣ ਭਾਜਪਾ-ਆਰ.ਐਸ.ਐਸ. ਵਾਲ਼ੇ ਸਿੱਖ ਨਸਲਕੁਸ਼ੀ ਦੇ ਮੁੱਦੇ ਉੱਤੇ ਸਿਆਸੀ ਗਿਣਤੀਆਂ ਮਿਣਤੀਆਂ ਤਹਿਤ ਕਾਂਗਰਸ ਖਿਲਾਫ ਬੋਲਦੇ ਹਨ ਅਤੇ ਸਿੱਖਾਂ ਲਈ ਮਗਰਮੱਛੀ ਹੰਝੂ ਵਹਾਂਉਂਦੇ ਹਨ। ਪਰ ਇਹ ਸਿੱਖ ਨਸਲਕੁਸ਼ੀ-84 ਲਈ ਕਾਂਗਰਸ ਦੀ ਜੋਟੀਦਾਰ ਰਹੇ ਹਨ।

ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲ਼ੇ ਭੂਤਰੇ ਗੁੰਡਾ ਗਿਰੋਹਾਂ ਦੀ ਅਗਵਾਈ ਕਰਨ ਵਾਲ਼ੇ ਸਿਰਫ਼ ਸੱਜਣ ਕੁਮਾਰ, ਕਮਲਨਾਥ, ਜਗਦੀਸ਼ ਟਾਈਟਲਰ, ਭਜਨ ਲਾਲ ਬਿਸ਼ਨੋਈ, ਹਰਿਕਿ੍ਰਸ਼ਨ ਲਾਲ ਭਗਤ ਜਿਹੇ ਕਾਂਗਰਸੀ ਆਗੂ ਤੇ ਹੋਰ ਕਾਰਕੁੰਨ ਹੀ ਨਹੀਂ ਸਨ ਸਗੋਂ ਇਹਨਾਂ ਵਿੱਚ ਇਸ ਸਮੇਂ ਕੇਂਦਰ ਸਰਕਾਰ ’ਤੇ ਕਾਬਜ ਭਾਜਪਾ (ਜਿਸਨੂੰ ਸਿੱਖਾਂ ਦੀ ਪਾਰਟੀ ਕਹਿਲਾਉਣ ਵਾਲ਼ੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਹਮਾਇਤ ਹੈ) ਦੀ ਮਾਂ ਜਥੇਬੰਦੀ ਆਰ.ਐਸ.ਐਸ. ਦੇ ਵੱਡੀ ਗਿਣਤੀ ਆਗੂ ਅਤੇ ਕਾਰਕੁੰਨ ਵੀ ਇਹਨਾਂ ਵਿੱਚ ਸ਼ਾਮਲ ਹਨ। ਆਰ.ਐਸ.ਐਸ. ਦੀ ਇਸ ਨਸਲਕੁਸ਼ੀ ਵਿੱਚ ਸੋਚੀ-ਸਮਝੀ, ਯੋਜਨਾਬੱਧ ਸ਼ਮੂਲੀਅਤ ਸੀ। ਪਰ ਇਸਦੀ ਚਰਚਾ ਬਹੁਤ ਘੱਟ ਹੁੰਦੀ ਹੈ।

ਸਿੱਖ ਨਸਲਕੁਸ਼ੀ ਦੌਰਾਨ ਦੰਗਾ, ਕਤਲ, ਲੁੱਟ-ਮਾਰ, ਸਾੜਫੂਕ ਆਦਿ ਮਾਮਲਿਆਂ ਵਿੱਚ ਆਰ.ਐਸ.ਐਸ.-ਭਾਜਪਾ ਦੇ 49 ਵਿਅਕਤੀਆਂ ਉੱਪਰ 14 ਐਫ.ਆਈ.ਆਰ. ਦਰਜ਼ ਹੋਈਆਂ ਸਨ। ਇਹਨਾਂ ਵਿੱਚ ਦਿੱਲੀ ਆਰ.ਐਸ.ਐਸ.-ਭਾਜਪਾ ਦੇ ਜਿਹਨਾਂ ਲੋਕਾਂ ਉੱਪਰ ਐਫ.ਆਈ.ਆਰ. ਦਰਜ਼ ਹੋਈ ਉਹਨਾਂ ਵਿੱਚ ਪ੍ਰੀਤਮ ਸਿੰਘ, ਰਾਮ ਕੁਮਾਰ ਜੈਨ, ਰਾਮ ਚੰਦਰ ਗੁਪਤਾ, ਰਤਨ ਲਾਲ, ਗਿਆਨ ਲਾਲ ਜੈਨ, ਚੰਦਰ ਸੇਨ, ਪਰਦੀਪ ਕੁਮਾਰ ਜੈਨ, ਹੰਸ ਰਾਜ ਗੁਪਤਾ, ਬਾਬੂ ਲਾਲ, ਵੇਦ ਮਹੀਪਾਲ ਸ਼ਰਮਾ, ਪਦਮ ਕੁਮਾਰ ਜੈਨ, ਸੁਰੇਸ਼ ਚੰਦਰ ਜੈਨ ਆਦਿ ਸ਼ਾਮਲ ਹਨ। ਇਹਨਾਂ ਨਾਵਾਂ ਵਿੱਚ ਸ਼ਾਮਲ ਰਾਮ ਕੁਮਾਰ ਜੈਨ ਅਟਲ ਬਿਹਾਰੀ ਵਾਜਪਾਈ ਦਾ ਸੰਨ 80 ਵਿੱਚ ਚੋਣ ਏਜੰਟ ਸੀ। ਇਹਨਾਂ ਵਿੱਚੋਂ ਜ਼ਿਆਦਾਤਰ ਐਫ.ਆਈ.ਆਰ. ਦਿੱਲੀ ਦੇ ਸ਼੍ਰੀਨਿਵਾਸਪੁਰੀ ਪੁਲਿਸ ਸਟੇਸ਼ਨ ਵਿੱਚ ਦਰਜ਼ ਹੋਈਆਂ ਸਨ। ਆਰ.ਐਸ.ਐਸ.-ਭਾਜਪਾ ਦੇ ਇਹਨਾਂ 49 ਵਿਅਕਤੀਆਂ ਵਿੱਚੋਂ ਕਰੀਬ ਅੱਧਿਆਂ ਦੀ ਗਿਰਫਤਾਰੀ ਵੀ ਹੋਈ ਪਰ ਬਾਅਦ ਵਿੱਚ ਜਮਾਨਤ ’ਤੇ ਛੱਡ ਦਿੱਤੇ ਗਏ। ਸਜਾਵਾਂ ਦਾ ਮਾਮਲਾ ਲਟਕਾਇਆ ਗਿਆ ਹੈ।

ਨਾ ਸਿਰਫ਼ ਆਰ.ਐਸ.ਐਸ.-ਭਾਜਪਾ ਸਗੋਂ ਕਾਂਗਰਸ ਵੀ ਇਹਨਾਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ ਕਿਉਂਕਿ ਉਸ ਸਮੇਂ ਦੋਵਾਂ ਦਾ ਸਿੱਖਾਂ ਨੂੰ ਮਾਰੇ ਜਾਣ, ਉਹਨਾਂ ’ਤੇ ਜ਼ਬਰ-ਜੁਲਮ, ਸਿੱਖਾਂ ਦੇ ਮਨਾਂ ਵਿੱਚ ਹਿੰਦੂਵਾਦੀ ਦਹਿਸ਼ਤ ਫੈਲਾਉਣ, ‘‘ਇੱਕ ਮਹਾਨ ਹਿੰਦੂ ਆਗੂ’’ ਨੂੰ ਮਾਰਨ ਲਈ ਸਬਕ ਸਿਖਾਉਣ ਦਾ ਸਾਂਝਾ ਏਜੰਡਾ ਸੀ, ਅਣਐਲਾਨਿਆ ਸਾਂਝਾ ਮੋਰਚਾ ਸੀ। ਜਿੰਨੇ ਯੋਜਨਾਬੱਧ, ਫੁਰਤੀ ਨਾਲ਼ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਇਹ ਇਕੱਲੇ ਕਾਂਗਰਸ ਦੇ ਵੱਸ ਦੀ ਗੱਲ ਨਹੀਂ ਸੀ। ਆਰ.ਐਸ.ਐਸ. ਵੱਲੋਂ ਆਪਣੇ ਕਾਰਕੁੰਨਾਂ ਨੂੰ ਦਿੱਤੀ ਜਾਂਦੀ ਟ੍ਰੇਨਿੰਗ, ਇਸਦੀ ਯੋਜਨਾਬੱਧ ਕਤਲੇਆਮ ਕਰਨ ਦੀ ਮੁਹਾਰਤ ਦਾ ਸਾਫ਼ ਝਲਕਾਰਾ ਸੰਨ 84 ਦੀ ਨਸਲਕੁਸ਼ੀ ਵਿੱਚੋਂ ਮਿਲ਼ਦਾ ਹੈ।

ਆਰ.ਐਸ.ਐਸ. ਦੇ ਇੱਕ ਨਾਮਵਰ ਅਤੇ ਤਜਰਬਾਕਾਰ ਲੀਡਰ ਨਾਨਾ ਦੇਸ਼ਮੁਖ ਨੇ 8 ਨਵੰਬਰ 1984 ਨੂੰ ਇੱਕ ਲੇਖ ਲਿਖਿਆ ਸੀ ਜੋ ਉਸਨੇ ਪ੍ਰਮੁੱਖ ਸਿਆਸਤਦਾਨਾਂ ਵਿੱਚ ਵੰਡਿਆ ਸੀ। ਇਹ ਦਸਤਾਵੇਜ ਕਾਂਗਰਸ ਅਤੇ ਐਾਰ.ਐਸ.ਐਸ. ਵਿਚਕਾਰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਬਣੀ ਸਾਂਝ ਨੂੰ ਸਪੱਸ਼ਟ ਕਰਦਾ ਹੈ। ਇਸ ਦਸਤਾਵੇਜ਼ ਵਿੱਚ ਨਾਨਾ ਦੇਸ਼ਮੁਖ 1984 ਦੇ ਸਿੱਖ ਕਤਲੇਆਮ ਨੂੰ ਜਾਇਜ਼ ਠਹਿਰਾਉਂਦਾ ਹੈ। ਨਾਨਾ ਦੇਸ਼ਮੁੱਖ ਦੀ ਸੋਚ ਹੀ ਆਰ.ਐਸ.ਐਸ.-ਭਾਜਪਾ ਦੀ ਸੋਚ ਹੈ। ਇਹ ਉਸਦੀ ਆਰ.ਐਸ.ਐਸ.-ਭਾਜਪਾ ਵਿੱਚ ਅਹਿਮੀਅਤ ਤੋਂ ਸਮਝਿਆ ਜਾ ਸਕਦਾ ਹੈ। ਉਹ 1930 ਦੇ ਦਹਾਕੇ ਤੋਂ ਆਰ.ਐਸ.ਐਸ. ਵਿੱਚ ਸਰਗਰਮ ਸੀ। ਉਹ ਸੰਘ ਦਾ ਵੱਡਾ ਪ੍ਰਚਾਰਕ ਰਿਹਾ ਹੈ। ਉਸਨੂੰ ਉੱਤਰ ਪ੍ਰਦੇਸ਼ ਦਾ ਸੂਬਾ ਪ੍ਰਚਾਰਕ (ਮੁਖੀ) ਵੀ ਬਣਾਇਆ ਗਿਆ ਸੀ। ਉਸਨੂੰ ਸੰਨ 1977 ਦੀ ਜਨਤਾ ਪਾਰਟੀ ਦੇ ਮੰਤਰੀ ਮੰਡਲ ਵਿੱਚ ਲਿਆ ਗਿਆ। ਆਰ.ਐਸ.ਐਸ. ਦੀਆਂ ਪੰਚਜਨਯ, ਰਾਸ਼ਟਰ ਧਰਮ, ਸਵਦੇਸ਼ ਜਿਹੇ ਰਸਾਲਿਆਂ ਦੀ ਸਥਾਪਨਾ ਅਤੇ ਪ੍ਰਕਾਸ਼ਨ ਵਿੱਚ ਉਸਦੀ ਮੋਢੀ ਭੂਮਿਕਾ ਰਹੀ ਹੈ। ਸੰਨ 1999 ਵਿੱਚ ਉਸਨੂੰ ਐਨ.ਡੀ.ਏ. ਸਰਕਾਰ ਨੇ ਰਾਜ ਸਭਾ ਮੈਂਬਰ ਵੀ ਬਣਾਇਆ।

ਸੰਘੀ ਨਾਨਾ ਦੇਸ਼ਮੁੱਖ ਦੀ ਇਸ ਲਿਖਤ ਤੋਂ ਪਤਾ ਲੱਗਦਾ ਹੈ ਕਿ ਆਰ.ਐਸ.ਐਸ. ਸਾਰੀਆਂ ਘੱਟ-ਗਿਣਤੀਆਂ ਖਿਲਾਫ਼ ਕਿੰਨੀ ਫਾਸੀਵਾਦੀ ਨਫਰਤ ਨਾਲ਼ ਭਰੀ ਹੋਈ ਹੈ। ਦਿਖਾਵੇ ਲਈ ਭਾਂਵੇਂ ਇਹ ਸਿੱਖਾਂ ਨੂੰ ਹਿੰਦੂਆਂ ਦਾ ਹੀ ਹਿੱਸਾ ਤੇ ਸਥਾਨਕ ਧਰਮ ਦੇ ਉਪਾਸਕ ਕਹਿੰਦੇ ਹੋਏ ਹਿੰਦੂ-ਸਿੱਖ ਏਕਤਾ ਦੀਆਂ ਗੱਲਾਂ ਕਰਦੀ ਹੈ ਪਰ ਹਕੀਕਤ ਵਿੱਚ ਸਿੱਖਾਂ ਪ੍ਰਤੀ ਇਹ ਕਿੰਨੀ ਨਫ਼ਰਤ ਰੱਖਦੀ ਹੈ ਤੇ ਫੈਲਾਉਂਦੀ ਹੈ ਨਾਨਾ ਦੇਸ਼ਮੁੱਖ ਦਾ ਇਹ ਲੇਖ ਇਸਦੀ ਇੱਕ ਉੱਘੜਵੀਂ ਉਦਾਹਰਣ ਹੈ।

ਸਿੱਖ ਨਸਲਕੁਸ਼ੀ ਨੂੰ ਜਾਇਜ ਠਾਹਿਰਾਉਂਦੇ ਹੋਏ ਉਹ ਲਿਖਦਾ ਹੈ ਕਿ ਸਿੱਖਾਂ ਦਾ ਕਤਲੇਆਮ ਕਿਸੇ ਸਮੂਹ ਜਾਂ ਸਮਾਜ-ਵਿਰੋਧੀ ਤੱਤਾਂ ਦਾ ਕੰਮ ਨਹੀਂ ਸੀ ਸਗੋਂ ਭਾਰਤ ਦੇ ਹਿੰਦੂਆਂ ਵਿੱਚ ਸਿੱਖਾਂ ਵਿਰੁੱਧ ਅਸਲ ਗੁੱਸੇ ਦਾ ਨਤੀਜ਼ਾ ਸੀ। ਦੇਸ਼ਮੁਖ ਇੰਦਰਾ ਗਾਂਧੀ ਦੇ ਦੋ ਅੰਗ-ਰੱਖਿਅਕਾਂ, ਜੋ ਸਿੱਖ ਸਨ, ਅਤੇ ਸਾਰੀ ਸਿੱਖ ਬਿਰਾਦਰੀ ਦੇ ਵਿਹਾਰ ਵਿੱਚ ਕੋਈ ਅੰਤਰ ਨਹੀਂ ਕਰਦਾ। ਉਸ ਮੁਤਾਬਿਕ ਇੰਦਰਾ ਗਾਂਧੀ ਦੇ ਕਾਤਲ ਸਿੱਖ ਕੌਮ ਤੋਂ ਪ੍ਰਾਪਤ ਕਿਸੇ ਤਰ੍ਹਾਂ ਦੇ ਫੁਰਮਾਨ ਦੇ ਅਧੀਨ ਕੰਮ ਕਰ ਰਹੇ ਸਨ। ਇਸ ਲਈ ਸਿੱਖਾਂ ’ਤੇ ਹਮਲੇ ਜਾਇਜ਼ ਸਨ।

ਉਸ ਮੁਤਾਬਿਕ ਸਿੱਖਾਂ ਨੇ ਖ਼ੁਦ ਹੀ ਇਨ੍ਹਾਂ ਹਮਲਿਆਂ ਨੂੰ ਸੱਦਾ ਦਿੱਤਾ ਇਸ ਤਰ੍ਹਾਂ ਕਾਂਗਰਸ ਵਾਂਗ ਨਸਲਕੁਸ਼ੀ ਨੂੰ ਜਾਇਜ ਠਹਿਰਾਇਆ। ਦੇਸ਼ਮੁਖ ‘ਸਾਕਾ ਨੀਲਾ ਤਾਰਾ’ ਦੀ ਭਰਪੂਰ ਵਡਿਆਈ ਕਰਦਾ ਹੈ ਅਤੇ ਕਹਿੰਦਾ ਹੈ ਕਿ ਇਸ ਸਾਕੇ ਦੀ ਕਿਸੇ ਤਰ੍ਹਾਂ ਦੀ ਵਿਰੋਧਤਾ ਦੇਸ਼-ਵਿਰੋਧੀ ਹੈ। ਉਹ ਝੂਠ ’ਤੇ ਝੂਠ ਬੋਲਦਾ ਹੋਇਆ ਕਹਿੰਦਾ ਹੈ ਕਿ ਸਿੱਖਾਂ ਨੇ ਸਿੱਖ ਕੱਟੜਪੰਥੀ ਦਹਿਸ਼ਤਗਰਦਾ ਵੱਲੋਂ ਹਿੰਦੂਆਂ ਦੇ ਕਤਲਾਂ ਵੇਲੇ ਵਿਰੋਧ ਨਹੀਂ ਕੀਤਾ ਸਗੋਂ ਉਹਨਾਂ ਦਾ ਸਾਥ ਦਿੱਤਾ। ਉਹ ਸਾਰੇ ਸਿੱਖਾਂ ਨੂੰ ਪੰਜਾਬ ਵਿੱਚ ਹਿੰਦੂਆਂ ਖਿਲਾਫ਼ ਹਿੰਸਾਂ ਨੂੰ ਸਮੁੱਚੇ ਤੌਰ ਉੱਤੇ ਜਿ੍ਹੰਮੇਵਾਰ ਦੱਸਦਾ ਹੈ। ਇਸ ਲਈ ਹਿੰਦੂਆਂ ਵਿੱਚ ਸਿੱਖਾਂ ਖਿਲਾਫ਼ ਨਫਰਤ ਪੈਦਾ ਹੋਈ।

ਬੇਸ਼ਰਮੀ ਦੀ ਹੱਦ ਪਾਰ ਕਰਦੇ ਹੋਏ ਉਹ ਕਹਿੰਦਾ ਹੈ ਕਿ ਸਿੱਖਾਂ ਨੂੰ ਆਪਣੇ ਬਚਾਅ ਲਈ ਕੁੱਝ ਨਹੀਂ ਕਰਨਾ ਚਾਹੀਦਾ ਸੀ ਸਗੋਂ ਕਾਤਲ ਭੀੜਾਂ ਪ੍ਰਤੀ ਧੀਰਜ ਅਤੇ ਸਬਰ ਦਾ ਪ੍ਰਗਟਾਵਾ ਕਰਨਾ ਚਾਹੀਦਾ ਸੀ, ਚੁੱਪਚਾਪ ਸਭ ਸਹਿਣਾ ਚਾਹੀਦਾ ਹੈ। ਉਸਦਾ ਕਹਿਣਾ ਹੈ ਕਿ ਕਤਲੇਆਮ ਲਈ ਸਿੱਖ ਬੁੱਧੀਜੀਵੀ ਜ਼ਿੰਮੇਵਾਰ ਸਨ ਜਿਹਨਾਂ ਨੇ ਸਿੱਖਾਂ ਨੂੰ ਹਿੰਦੂ ਜੜ੍ਹਾਂ ਤੋਂ ਤੋੜ ਦਿੱਤਾ, ਦਹਿਸ਼ਤਗਰਦ ਪੈਦਾ ਕੀਤੇ ਅਤੇ ‘‘ਦੇਸ਼ਭਗਤ ਭਾਰਤੀਆਂ’’ ਤੋਂ ਹਮਲੇ ਨੂੰ ਸੱਦਾ ਦਿੱਤਾ। ਦਿਲਚਸਪ ਗੱਲ ਹੈ ਕਿ ਦੇਸ਼ਮੁਖ ਨੂੰ ਹਿੰਦੂਤਵਵਾਦੀ ਗੁੰਡਾ ਗਿਰੋਹਾਂ-ਦਹਿਸ਼ਤਗਰਦਾਂ ਤੋਂ ਕੋਈ ਇਤਰਾਜ਼ ਨਹੀਂ। ਉਹ ਸਾਰੇ ਸਿੱਖਾਂ ਨੂੰ ਕਿਸੇ ਗਿਰੋਹ ਦੇ ਮੈਂਬਰਾਂ ਵਾਂਗ ਦੇਖਦਾ ਹੈ ਅਤੇ ਉਨ੍ਹਾਂ ’ਤੇ ਹੋਏ ਹਮਲਿਆਂ ਨੂੰ ਦੇਸ਼ਭਗਤ ਹਿੰਦੂਆਂ ਦੀ ਪ੍ਰਤੀਕਿ੍ਰਆ ਦੱਸਦੇ ਹੋਏ ਸਫਾਈ ਦਿੰਦਾ ਹੈ।

ਉਹ ਕਹਿੰਦਾ ਹੈ ਕਿ ਇੰਦਰਾ ਗਾਂਧੀ ਇੱਕੋ-ਇੱਕ ਅਜਿਹੀ ‘‘ਮਹਾਨ’’ ਆਗੂ ਸੀ ਜੋ ਦੇਸ਼ ਦੀ ਏਕਤਾ ਬਣਾਈ ਰੱਖ ਸਕਦੀ ਸੀ ਅਤੇ ਅਜਿਹੀ ‘‘ਮਹਾਨ ਆਗੂ’’ ਦੇ ਮਾਰੇ ਜਾਣ ’ਤੇ ਅਜਿਹੇ ਕਤਲੇਆਮ ਤੋਂ ਬਚਾਅ ਨਹੀਂ ਹੋ ਸਕਦਾ ਸੀ। ਲਿਖਤ ਦੇ ਅੰਤ ਵਿੱਚ ਨਾਨਾ ਦੇਸ਼ਮੁਖ ਨੇ ਰਾਜੀਵ ਗਾਂਧੀ, ਜੋ ਇੰਦਰਾ ਗਾਂਧੀ ਤੋਂ ਬਾਅਦ ਪ੍ਰਧਾਨ ਮੰਤਰੀ ਬਣਿਆ ਅਤੇ ਜਿਸਨੇ ਦੇਸ਼-ਭਰ ਵਿੱਚ ਸਿੱਖਾਂ ਦੇ ਕਤਲਾਂ ਨੂੰ ਇਹ ਕਹਿ ਕੇ ਜਾਇਜ਼ ਠਹਿਰਾਇਆ, ‘‘ਜਦ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਮੇਸ਼ਾ ਹਿੱਲਦੀ ਹੈ’’ ਦੀ ਪ੍ਰਸ਼ੰਸਾ ਕੀਤੀ ਅਤੇ ਉਸਨੂੰ ਅਸੀਸਾਂ ਦਿੱਤੀਆਂ।

ਦੇਸ਼ਮੁਖ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਗੁੰਡਾ ਗਿਰੋਹਾਂ ਖਿਲਾਫ਼ ਇੱਕ ਵੀ ਸ਼ਬਦ ਨਹੀਂ ਲਿਖਦਾ। ਉਸ ਸਮੇਂ ਦੀ ਕਾਂਗਰਸ ਸਰਕਾਰ ਤੋਂ ਸਿੱਖਾਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਕੋਈ ਮੰਗ ਜਾਂ ਅਪੀਲ ਨਹੀਂ ਕਰਦਾ। ਇਸ ਲਿਖਤ ਨੂੰ 8 ਨਵੰਬਰ 1984 ਨੂੰ ਵੰਡਿਆ ਗਿਆ ਸੀ।

5 ਨਵੰਬਰ ਤੋਂ ਲੈ ਕੇ 10 ਨਵੰਬਰ ਤੱਕ ਦਾ ਹੀ ਸਮਾਂ ਸੀ ਜਦ ਸਭ ਤੋਂ ਵੱਧ ਸਿੱਖਾਂ ਦੇ ਕਤਲ ਹੋਏ। ਇਹ ਲੇਖ ਅਸਲ ਵਿੱਚ ਆਰ.ਐਸ.ਐਸ. ਦੇ ਮੈਂਬਰਾਂ-ਕਾਰਕੁੰਨਾਂ ਨੂੰ ਜੋਰ-ਸ਼ੋਰ ਨਾਲ਼ ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਸੁਨੇਹਾ ਸੀ।

ਇਹਨਾਂ ਸਭ ਤੱਥਾਂ ਨਾਲ਼ ਹੀ ਇਹ ਵੀ ਇੱਕ ਤੱਥ ਜੁੜਿਆ ਹੈ ਕਿ ਆਰ.ਐਸ.ਐਸ. ਦੇ ਕਾਰਕੁੰਨਾਂ ਨੇ ਸਿੱਖ ਨਸਲਕੁਸ਼ੀ ਦੌਰਾਨ ਅਤੇ ਬਾਅਦ ਵਿੱਚ ਪੀੜਤਾਂ ਦੀ ਕੋਈ ਮਦਦ ਨਹੀਂ ਕੀਤੀ। ਆਰ.ਐਸ.ਐਸ. ਦੇ ਖਾਕੀ ਨਿੱਕਰਾਂ ਵਾਲ਼ੇ ਕਿਤੇ ਪੀੜਤਾਂ ਦੀ ਸੇਵਾ ਕਰਦੇ ਨਜ਼ਰ ਨਹੀਂ ਆਏ। ਹੜ੍ਹਾਂ ਜਾਂ ਹੋਰ ਮੌਕਿਆਂ ’ਤੇ ਆਪਣੇ ਹਿੰਦੂਤਵਵਾਦੀ ਏਜੰਡੇ ਦੇ ਫਾਇਦੇ ਲਈ ਇਹ ਘੱਟੋ-ਘੱਟ ‘‘ਸਮਾਜ ਸੇਵਾ’’ ਦਾ ਵਿਖਾਵਾ ਤਾਂ ਕਰਦੇ ਹੀ ਹਨ, ਜਿਸਦਾ ਖੂਬ ਪ੍ਰਚਾਰ ਕੀਤਾ ਜਾਂਦਾ ਹੈ। ਸਿੱਖ ਨਸਲਕੁਸ਼ੀ ਵੇਲੇ ਸਿੱਖਾਂ ਨੂੰ ਬਚਾਉਣ ਜਾਂ ਬਾਅਦ ਵਿੱਚ ਆਰ.ਐਸ.ਐਸ. ਵੱਲੋਂ ਉਹਨਾਂ ਦੀ ਮਦਦ ਦੀ ਕੋਈ ਖ਼ਬਰ ਜਾਂ ਤਸਵੀਰ ਇਹਨਾਂ ਪੱਲੇ ਨਹੀਂ ਹੈ।

ਘੱਟਗਿਣਤੀਆਂ ’ਤੇ ਭਿਆਨਕ-ਜ਼ਬਰ ਜੁਲਮ, ਕਤਲੇਆਮਾਂ ਤੋਂ ਬਿਨ੍ਹਾਂ ਇਸ ਪ੍ਰਬੰਧ ਦਾ ਸਰਦਾ ਹੀ ਨਹੀਂ। ਸਿੱਖ ਕਤਲੇਆਮ-84, ਬਾਬਰੀ ਮਸਜਿਦ ਦਾ ਡੇਗਣਾ, ਗੁਜਰਾਤ-2002 ਤੇ ਮੁਜੱਫਰਨਗਰ-2013 (ਮੁਸਲਮਾਨਾਂ ਦਾ ਕਤਲੇਆਮ), ਕੰਧਮਾਲ-2008 (ਇਸਾਈਆਂ ਦਾ ਕਤਲੇਆਮ) ਤਾਂ ਕੁੱਝ ਵੱਡੀਆਂ ਉਦਾਹਰਣਾਂ ਹਨ। ਅਣਗਿਣਤ ਵਾਰ ਘੱਟਗਿਣਤੀਆਂ ਨੂੰ ਸਰਮਾਏਦਾਰਾ ਪ੍ਰਬੰਧ ਦੇ ਹਿੰਦੂਤਵਵਾਦੀ ਕੱਟੜਪੰਥੀ ਸਿਆਸੀ ਗਿਰੋਹਾਂ ਵੱਲੋਂ ਜੁਲਮ ਝੱਲਣਾ ਪਿਆ ਹੈ। ਮੌਜੂਦਾ ਪ੍ਰਬੰਧ ਦੇ ਹੱਥਠੋਕੇ ਘੱਟਗਿਣਤੀ ਧਾਰਮਿਕ ਕੱਟੜਪੰਥੀ ਵੀ ਆਮ ਹਿੰਦੂ ਬੇਗੁਨਾਹ ਲੋਕਾਂ ਨੂੰ ਜ਼ਬਰ-ਜੁਲਮ ਦਾ ਸ਼ਿਕਾਰ ਬਣਾਉਂਦੇ ਰਹੇ ਹਨ। ਲੋਕ ਦਿਲਾਂ ਵਿੱਚ ਫਿਰਕਾਪ੍ਰਸਤੀ ਦਾ ਜਹਿਰ ਫੈਲਾ ਕੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਤੋੜਨਾ, ਆਪਸੀ ਫੁੱਟ ਪਾਉਣ, ਲੜਾਉਣਾ-ਮਰਾਉਣਾ ਇਹ ਇਸਦੇ ਵਜੂਦ ਦੀ ਜ਼ਰੂਰਤ ਹੈ। ਇਸ ਕੰਮ ਵਾਸਤੇ ਭਾਰਤੀ ਸਰਮਾਏਦਾਰਾ ਹਾਕਮਾਂ ਲਈ ਹਿੰਦੂਤਵਵਾਦੀ ਕੱਟੜਪੰਥੀ ਜਥੇਬੰਦੀ ਆਰ.ਐਸ.ਐਸ. (ਜਿਸਦਾ ਭਾਜਪਾ ਸਿਆਸੀ ਵਿੰਗ ਹੈ) ਸਭ ਤੋਂ ਮਜ਼ਬੂਤ ਤੇ ਕਾਰਗਰ ਹਥਿਆਰ ਹੈ।

ਰਣਬੀਰ ਲਲਕਾਰ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਗਰੀਨ ਦਿਵਾਲੀ’
Next articleਪੰਜਾਬ ਸ਼ਿਆਂ ਘਬਰਾਇਆ ਨਾ ਕਰ