- ਕਾਂਗਰਸ ਦੇ ਦੋ ਵਿਧਾਇਕਾਂ ਤੇ ਦਲ ਬਦਲਣ ਵਾਲਿਆਂ ਨੂੰ ਵੀ ਟਿਕਟਾਂ ਨਾਲ ਨਿਵਾਜਿਆ
ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਵਿਧਾਨ ਸਭਾ ਲਈ 30 ਉਮੀਦਵਾਰਾਂ ਦੀ ਦੂਜੀ ਤੇ ਆਖ਼ਰੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਹੁਣ ਆਪਣੇ ਸਾਰੇ 65 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੁਖੀ ਵਿਜੈ ਸਾਂਪਲਾ ਨੂੰ ਫਗਵਾੜਾ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਤੇ ਸਾਬਕਾ ਪੁਲੀਸ ਅਫ਼ਸਰ ਇਕਬਾਲ ਸਿੰਘ ਲਾਲਪੁਰਾ ਨੂੰ ਰੋਪੜ ਤੋਂ ਉਮੀਦਵਾਰ ਬਣਾਇਆ ਗਿਆ ਹੈ। ਭਗਵਾਂ ਪਾਰਟੀ ਦੀ ਦੂਜੀ ਸੂਚੀ ਵਿੱਚ ਵੀ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜਨ ਵਾਲਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
ਕਾਂਗਰਸ ਦੇ ਮੌਜੂਦਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੂੰ ਬਟਾਲਾ ਹਲਕੇ ਤੋਂ, ਹਰਜੋਤ ਕਮਲ ਨੂੰ ਮੋਗਾ, ਸਰਬਜੀਤ ਸਿੰਘ ਮੱਕੜ ਨੂੰ ਕਾਂਗਰਸੀ ਉਮੀਦਵਾਰ ਪਰਗਟ ਸਿੰਘ ਦੇ ਮੁਕਾਬਲੇ ਜਲੰਧਰ ਛਾਉਣੀ ਤੇ ਚਮਕੌਰ ਸਾਹਿਬ (ਰਾਖਵੇਂ) ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁਕਾਬਲੇ ਦਰਸ਼ਨ ਸਿੰਘ ਸ਼ਿਵਜੋਤ ਨੂੰ ਟਿਕਟ ਦਿੱਤੀ ਗਈ ਹੈ। ਭਾਜਪਾ ਨੇ 34 ਉਮੀਦਵਾਰਾਂ ਦੀ ਸੂਚੀ ਕੁੱਝ ਦਿਨ ਪਹਿਲਾਂ ਹੀ ਜਾਰੀ ਕੀਤੀ ਸੀ। ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਰਮਿਆਨ ਹੋਏ ਚੋਣ ਗੱਠਜੋੜ ਤਹਿਤ ਭਾਜਪਾ ਸੂਬੇ ਦੇ 65 ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰ ਖੜ੍ਹੇ ਕਰੇਗੀ। ਪਾਰਟੀ ਵੱਲੋਂ ਹੁਣ ਸਿਰਫ਼ 4 ਉਮੀਦਵਾਰ ਤੈਅ ਕਰਨੇ ਹੀ ਬਾਕੀ ਰਹਿ ਗਏ ਹਨ। ਭਾਜਪਾ ਵੱਲੋਂ ਅੱਜ ਜਾਰੀ ਕੀਤੀ ਸੂਚੀ ਮੁਤਾਬਕ ਭੋਆ ਤੋਂ ਸਾਬਕਾ ਵਿਧਾਇਕ ਸੀਮਾ ਕੁਮਾਰੀ, ਗੁਰਦਾਸਪੁਰ ਤੋਂ ਪਰਮਿੰਦਰ ਸਿੰਘ ਗਿੱਲ, ਬਟਾਲਾ ਤੋਂ ਫਤਿਹਜੰਗ ਸਿੰਘ ਬਾਜਵਾ, ਡੇਰਾ ਬਾਬਾ ਨਾਨਕ ਤੋਂ ਕੁਲਦੀਪ ਸਿੰਘ ਕਾਹਲੋਂ, ਮਜੀਠਾ ਤੋਂ ਪਰਦੀਪ ਸਿੰਘ ਭੁੱਲਰ, ਅੰਮ੍ਰਿਤਸਰ ਪੱਛਮੀਂ (ਰਾਖਵੇਂ) ਤੋਂ ਕੁਮਾਰ ਅਮਿਤ ਵਾਲਮੀਕੀ, ਅਟਾਰੀ (ਰਾਖਵੇਂ) ਤੋਂ ਸ੍ਰੀਮਤੀ ਬਲਵਿੰਦਰ ਕੌਰ, ਫਗਵਾੜਾ ਤੋਂ ਵਿਜੈ ਕੁਮਾਰ ਸਾਂਪਲਾ, ਸ਼ਾਹਕੋਟ ਨਰਿੰਦਰ ਪਾਲ ਸਿੰਘ ਚੰਦੀ, ਕਰਤਾਰਪੁਰ (ਰਾਖਵੇਂ) ਤੋਂ ਸੁਰਿੰਦਰ ਮਹੇ, ਜਲੰਧਰ ਛਾਉਣੀ ਤੋਂ ਸਰਬਜੀਤ ਸਿੰਘ ਮੱਕੜ, ਆਨੰਦਪੁਰ ਸਾਹਿਬ ਤੋਂ ਡਾ. ਪਰਮਿੰਦਰ ਸ਼ਰਮਾ, ਰੂਪਨਗਰ (ਰੋਪੜ) ਤੋਂ ਇਕਬਾਲ ਸਿੰਘ ਲਾਲਪੁਰਾ, ਚਮਕੌਰ ਸਾਹਿਬ (ਰਾਖਵੇਂ) ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁਕਾਬਲੇ ਦਰਸ਼ਨ ਸਿੰਘ ਸ਼ਿਵਜੋਤ, ਮੁਹਾਲੀ ਤੋਂ ਸੰਜੀਵ ਵਸ਼ਿਸ਼ਟ, ਸਮਰਾਲਾ ਤੋਂ ਰਣਜੀਤ ਸਿੰਘ ਗਹਿਲੇਵਾਲ, ਲੁਧਿਆਣਾ (ਉੱਤਰੀ) ਤੋਂ ਪਰਵੀਨ ਬਾਂਸਲ, ਮੋਗਾ ਤੋਂ ਡਾ. ਹਰਜੋਤ ਕਮਲ, ਗੁਰੂ ਹਰਸਹਾਇ ਤੋਂ ਗੁਰਪ੍ਰਵੇਜ਼ ਸਿੰਘ ਸੰਧੂ, ਬੱਲੂਆਣਾ (ਰਾਖਵੇਂ) ਸ੍ਰੀਮਤੀ ਵੰਦਨਾ ਸਾਂਗਵਾਨ, ਲੰਬੀ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਰਾਕੇਸ਼ ਢੀਂਗਰਾ, ਮੌੜ ਤੋਂ ਦਿਆਲ ਸਿੰਘ ਸੋਢੀ, ਬਰਨਾਲਾ ਤੋਂ ਧੀਰਜ ਕੁਮਾਰ, ਨਾਭਾ (ਰਾਖਵੇਂ) ਤੋਂ ਗੁਰਪ੍ਰੀਤ ਸਿੰਘ ਸ਼ਾਹਪੁਰ, ਰਾਜਪੁਰਾ ਤੋਂ ਜਗਦੀਸ਼ ਕੁਮਾਰ ਜੱਗਾ ਅਤੇ ਘਨੌਰ ਤੋਂ ਵਿਕਾਸ ਸ਼ਰਮਾ, ਅੰਮ੍ਰਿਤਸਰ ਕੇਂਦਰੀ ਤੋਂ ਡਾ. ਰਾਮ ਚਾਵਲਾ, ਅੰਮ੍ਰਿਤਸਰ ਈਸਟ ਤੋਂ ਡਾ. ਜਗਮੋਹਣ ਸਿੰਘ ਰਾਜੂ (ਸਾਬਕਾ ਆਈਏਐੱਸ) ਅਤੇ ਬਾਬਾ ਬਕਾਲਾ (ਰਾਖਵਾਂ) ਤੋਂ ਮਨਜੀਤ ਸਿੰਘ ਮੰਨਾ ਨੂੰ ਉਮੀਦਵਾਰ ਬਣਾਇਆ ਹੈ। ਜ਼ਿਕਰਯੋਗ ਹੈ ਕਿ ਭਾਜਪਾ ਪਹਿਲੀ ਵਾਰੀ ਵਿਧਾਨ ਸਭਾ ਦੀਆਂ 5 ਦਰਜਨ ਤੋਂ ਵੱਧ ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly