ਅਮਿਤ ਸ਼ਾਹ ਵੱਲੋਂ ਪੱਛਮੀ ਯੂਪੀ ਦੇ ਜਾਟਾਂ ਨਾਲ ਮੀਟਿੰਗ

ਨਵੀਂ ਦਿੱਲੀ, (ਸਮਾਜ ਵੀਕਲੀ):  ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸਾਲ ਤੋਂ ਜ਼ਿਆਦਾ ਦੇਰ ਤੱਕ ਚੱਲੇ ਕਿਸਾਨ ਅੰਦੋਲਨ ਦੇ ਗੜ੍ਹ ਵਾਲੇ ਉੱਤਰ ਪ੍ਰਦੇਸ਼ ਦੇ ਖੇਤਰਾਂ ਦੇ ਆਗੂਆਂ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਤੇ ਦਿਨ ਦਿੱਲੀ ਦੇ ਜਾਟ ਸੰਸਦ ਮੈਂਬਰ ਪ੍ਰਵੇਸ਼ ਸਾਹਿਬ ਸਿੰਘ ਵਰਮਾ ਦੇ ਸਰਕਾਰੀ ਗ੍ਰਹਿ ਵਿਖੇ ਬੈਠਕ ਕੀਤੀ। ਉਨ੍ਹਾਂ ਉੱਤਰ ਪ੍ਰਦੇਸ਼ ਦੇ ਜਾਟ ਆਗੂਆਂ ਨੂੰ ਪਲੋਸਣ ਦੀ ਕੋਸ਼ਿਸ਼ ਕੀਤੀ। ਪੱਛਮੀ ਉੱਤਰ ਪ੍ਰਦੇਸ਼ ਵਿੱਚ ਯੂਪੀ ਚੋਣਾਂ ਦੇ ਪਹਿਲੇ ਤੇ ਦੂਜੇ ਪੜਾਅ ਦੌਰਾਨ ਵੋਟਾਂ ਪੈਣੀਆਂ ਹਨ। ਸ੍ਰੀ ਸ਼ਾਹ ਨੇ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ ਹੈ। ਜਾਟ ਆਗੂਆਂ ਨੇ ਸ੍ਰੀ ਸ਼ਾਹ ਅੱਗੇ ਕੁਝ ਮੰਗਾਂ ਵੀ ਰੱਖੀਆਂ, ਜਿਨ੍ਹਾਂ ਵਿੱਚ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਭਾਰਤ ਰਤਨ, ਜਾਟ ਭਾਈਚਾਰੇ ਨੂੰ ਕੇਂਦਰੀ ਤੇ ਸੂਬਾ ਸਰਕਾਰ ਵਿੱਚ ਨੌਕਰੀਆਂ ਲਈ ਰਾਖਵਾਂਕਰਨ ਦੇਣਾ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਸ਼ਾਹ ਨੇ ਮੰਗਾਂ ਨੂੰ ਹੁੰਗਾਰਾ ਭਰਿਆ ਹੈ। ਜ਼ਿਕਰਯੋਗ ਹੈ ਕਿ ਰਾਕੇਸ਼ ਟਿਕੈਤ ਸਮੇਤ ਆਗੂਆਂ/ਕਿਸਾਨਾਂ ਦੀ ਅੰਦੋਲਨ ਵਿੱਚ ਭਰਵੀਂ ਹਾਜ਼ਰੀ ਕਰਕੇ ਪੱਛਮੀ ਉੱਤਰ ਪ੍ਰਦੇਸ਼ ਦੇ ਮੇਰਠ, ਮੁਜ਼ੱਫ਼ਰਨਗਰ ਤੇ ਸਹਾਰਨਪੁਰ ਡਿਵੀਜ਼ਨਾਂ ਦੇ 14 ਜ਼ਿਲ੍ਹਿਆਂ ਦੇ 71 ਲੋਕ ਸਭਾ ਖੇਤਰਾਂ ਵਿੱਚ ਭਾਜਪਾ ਆਗੂਆਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਸੀ।

ਸੱਦਾ ਮੈਨੂੰ ਨਹੀਂ, ਕਿਸਾਨ ਅੰਦੋਲਨ ਦੌਰਾਨ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਦਿਓ: ਜੈਅੰਤ

ਰਾਸ਼ਟਰੀ ਲੋਕ ਦਲ ਦੇ ਮੁਖੀ ਜੈਅੰਤ ਚੌਧਰੀ ਨੇ ਅੱਜ ਇਕ ਟਵੀਟ ਵਿੱਚ ਕਿਹਾ, ‘‘ਸੱਦਾ ਮੈਨੂੰ ਨਹੀਂ, ਉਨ੍ਹਾਂ 700 ਤੋਂ ਵੱਧ ਪਰਿਵਾਰਾਂ ਨੂੰ ਦਿਓ ਜਿਨ੍ਹਾਂ ਦੇ ਘਰ ਤੁਸੀਂ ਉਜਾੜ ਦਿੱਤੇ!’’ ਦੱਸਣਾ ਬਣਦਾ ਹੈ ਕਿ ਭਾਜਪਾ ਦੇ ਦਿੱਲੀ ਤੋਂ ਸੰਸਦ ਮੈਂਬਰ ਪ੍ਰਵੇਸ਼ ਸਾਹਿਬ ਸਿੰਘ ਵਰਮਾ ਨੇ ਕਿਹਾ ਸੀ ਕਿ ਰਾਸ਼ਟਰੀ ਲੋਕ ਦਲ ਦੇ ਮੁਖੀ ਜੈਅੰਤ ਚੌਧਰੀ ਨੇ ਮੀਟਿੰਗ ਮਗਰੋਂ ਕਿਹਾ ਸੀ ਕਿ ਚੋਣਾਂ ਮਗਰੋਂ ਕਈ ਸੰਭਾਵਨਾਵਾਂ ਹਨ, ਪਰ ਹੁਣ ਜੈਯੰਤ ਚੌਧਰੀ ਨੇ ਹੋਰ ਪਾਰਟੀ ਚੁਣੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਦਰਵਾਜ਼ੇ ਜੈਯੰਤ ਲਈ ਹਮੇਸ਼ਾ ਖੁੱਲ੍ਹੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਵੱਲੋਂ 30 ਉਮੀਦਵਾਰਾਂ ਦੀ ਆਖ਼ਰੀ ਸੂਚੀ ਜਾਰੀ
Next articleFM Sitharaman to present Union Budget in paperless form