ਮੋਗਾ (ਸਮਾਜ ਵੀਕਲੀ): ਸੂਬੇ ’ਚ ਵਿਧਾਨ ਸਭਾ ਚੋਣਾਂ ਨੇੜੇ ਆਉਣ ਨਾਲ ਸਿਆਸੀ ਪਾਰਾ ਵੀ ਚੜ੍ਹ ਗਿਆ ਹੈ। ਭਾਜਪਾ ਬੌਲੀਵੁੱਡ ਅਦਾਕਾਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਲਈ ਮੋਗਾ ਸ਼ਹਿਰੀ ਹਲਕੇ ਤੋਂ ਵਿਧਾਨ ਸਭਾ ਚੋਣ ਲਈ ਮੈਦਾਨ ਤਿਆਰ ਕਰ ਰਹੀ ਹੈ।
ਦੂਜੇ ਪਾਸੇ ਬੌੌਲੀਵੁੱਡ ਅਦਾਕਾਰ ਸੋਨੂੰ ਸੂਦ ਤੇ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਸੱਚਰ ਇਸ ਮਾਮਲੇ ’ਚ ਕੁਝ ਵੀ ਕਹਿਣ ਤੋਂ ਬਚ ਰਹੇ ਹਨ ਕਿ ਮਾਲਵਿਕਾ ਕਿਹੜੀ ਪਾਰਟੀ ਵੱਲੋਂ ਚੋਣ ਲੜੇਗੀ। ਹਾਲਾਂਕਿ ਉਹ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ। ਖੁਦ ਸੋਨੂੰ ਸਿਆਸਤ ’ਚ ਆਉਣ ਦੀ ਚਰਚਾ ’ਤੇ ਪਹਿਲਾਂ ਹੀ ਵਿਰਾਮ ਲਗਾ ਚੁੱਕੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਹਾਲ ਹੀ ਵਿੱਚ ਮੋਗਾ ਸ਼ਹਿਰ ’ਚ ਹੋਏ ਸਮਾਗਮਾਂ ’ਚ ਅਦਾਕਾਰ ਦੀ ਭੈਣ ਮਾਲਵਿਕਾ ਸੂਦ ਸੱਚਰ ਵੱਲੋਂ ਸ਼ਾਮਲ ਨਾ ਹੋਣ ਤੋਂ ਉਸ ਦੇ ਕਾਂਗਰਸ ਜਾਂ ‘ਆਪ’ ਵੱਲੋਂ ਚੋਣ ਨਾ ਲੜਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ।
ਸੂਤਰਾਂ ਮੁਤਾਬਕ ਭਾਜਪਾ ਵੱਲੋਂ ਇਸ ਸ਼ਰਤ ਉੱਤੇ ਕਿ ਜੇਕਰ ਬੌਲੀਵੁੱਡ ਅਦਾਕਾਰ ਸੋਨੂੰ ਸੂਦ ਭਾਜਪਾ ਲਈ ਪ੍ਰਚਾਰ ਕਰਨ ਲਈ ਰਾਜ਼ੀ ਹੋ ਜਾਂਦੇ ਹਨ ਤਾਂ ਮਾਲਵਿਕਾ ਨੂੰ ਮੋਗਾ ਵਿਧਾਨ ਸਭਾ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਦੀ ਟਿਕਟ ਦਿੱਤੀ ਜਾ ਸਕਦੀ ਹੈ। ਪਰ ਅਦਾਕਾਰ ਸੋਨੂੰ ਸੂਦ ਵੱਲੋਂ ਚੋਣ ਪ੍ਰਚਾਰ ਲਈ ਅਜੇ ਤੱਕ ਸਹਿਮਤੀ ਨਹੀਂ ਬਣੀ ਹੈ, ਜਦਕਿ ਮਾਲਵਿਕਾ ਨੂੰ ਕੈਪਟਨ ਦੀ ਪਾਰਟੀ ਤੋਂ ਟਿਕਟ ਮਿਲਣ ਦੀ ਸੰਭਾਵਨਾ ਇਸ ਸ਼ਰਤ ’ਤੇ ਟਿਕੀ ਹੋਈ ਹੈ। ਇਥੇ ਭਾਜਪਾ ਦੇ ਕੌਮੀ ਸਕੱਤਰ ਡਾ. ਨਰਿੰਦਰ ਰਾਣਾ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਦੀ ਮੋਗਾ ਵਿਖੇ ਮੀਟਿੰਗ ਹੋਈ ਹੈ। ਭਾਜਪਾ ਸੂਤਰਾਂ ਮੁਤਾਬਕ ਮੀਟਿੰਗ ਤਾਂ ਬਹਾਨਾ ਸੀ ਪਰ ਆਗੂ ਇਹ ਪਤਾ ਕਰਨ ਆਏ ਸਨ ਕਿ ਮਾਲਵਿਕਾ ਨੂੰ ਗਠਜੋੜ ਦਾ ਉਮੀਦਵਾਰ ਬਣਾਉਣ ਨਾਲ ਸੂਬੇ ਦੀ ਸਿਆਸਤ ਅਤੇ ਗੁਆਚੀ ਜ਼ਮੀਨ ‘ਤਲਾਸ਼ ਰਹੀ ਭਾਜਪਾ’ ’ਤੇ ਕੀ ਪ੍ਰਭਾਵ ਪੈ ਸਕਦਾ ਹੈ।
ਬਜ਼ੁਰਗਾਂ ਦੀ ਹੱਡਬੀਤੀ ਸੁਣ ਕੇ ਭਾਵੁਕ ਹੋਏ ਬੌਲੀਵੁੱਡ ਅਦਾਕਾਰ
ਪੰਜਾਬ ਪੁਲੀਸ ’ਚ ਤਾਹਿਨਾਤ ਹੌਲਦਾਰ ਜਸਵੀਰ ਸਿੰਘ ਬਾਵਾ ਵੱਲੋਂ ਚਲਾਏ ਜਾ ਰਹੇ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਵਿਖੇ ਪਹੁੰਚੇ ਬੌਲੀਵੁੱਡ ਅਦਾਕਾਰ ਸੋਨੂ ਸੂਦ ਇਥੇ ਰਹਿੰਦੇ ਬਜ਼ੁਰਗਾਂ ਦੀ ਹੱਡਬੀਤੀ ਸੁਣਕੇ ਭਾਵੁਕ ਹੋ ਗਏ। ਇਸ ਮੌਕੇ ਸਿਆਸੀ ਜੀਵਨ ਸਫ਼ਰ ਸ਼ੁਰੂ ਕਰਨ ਜਾ ਰਹੀ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਸੱਚਰ ਵੀ ਨਾਲ ਸੀ। ਇਸ ਮੌਕੇ ਬੌਲੀਵੁੱਡ ਅਦਾਕਾਰ ਸੋਨੂ ਸੂਦ ਨੇ ਕਿਹਾ ਕਿ ਉਨ੍ਹਾਂ ਆਪਣੀ ਮਰਹੂਮ ਮਾਂ ਪ੍ਰੋ.ਸਰੋਜ ਸੂਦ ਦੀ ਪ੍ਰੇਰਨਾ ਸਦਕਾ ਸਮਾਜ ਸੇਵਾ ਦੇ ਕੰਮ ਦੀ ਸ਼ੁਰੂਆਤ ਕੀਤੀ ਹੈ। ਇਥੇ ਬਿਰਧ ਆਸ਼ਰਾਮ ਸੰਚਾਲਕ ਹੌਲਦਾਰ ਜਸਵੀਰ ਸਿੰਘ ਬਾਵਾ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਬੌਲੀਵੁੱਡ ਅਦਾਕਾਰ ਨੇ ਆਸ਼ਰਾਮ ਲਈ ਜਿਥੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਉਥੇ ਬੇਸਹਾਰਾ ਬਿਮਾਰ ਬਜ਼ੁਰਗਾਂ ਦੇ ਇਲਾਜ ਦਾ ਜ਼ਿੰਮਾ ਸੋਨੂੰ ਸੂਦ ਨੇ ਲਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly