ਬਾਇਡਨ ਜੋੜੇ ਵੱਲੋਂ ਦੂਜੀ ਆਲਮੀ ਜੰਗੀ ਯਾਦਗਾਰ ਦਾ ਦੌਰਾ

 

  • ਜਪਾਨ ਦੀ ਕਾਰਵਾਈ ਭੜਕਾਊ ਤੇ ਮਿੱਥ ਕੇ ਕੀਤੀ ਕਰਾਰ

ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਜਪਾਨ ਵੱਲੋਂ ਪਰਲ ਹਾਰਬਰ ’ਤੇ ਕੀਤੇ ਹਮਲੇ ਦੀ 80ਵੀਂ ਵਰ੍ਹੇਗੰਢ ਮੌਕੇ ਮੁਲਕ ਦੀ ਰਾਜਧਾਨੀ ਵਿਚਲੀ ਦੂਜੀ ਆਲਮੀ ਜੰਗੀ ਯਾਦਗਾਰ ਦਾ ਦੌਰਾ ਕੀਤਾ। ਜਾਪਾਨ ਵੱਲੋਂ ਦੂਜੀ ਆਲਮੀ ਜੰਗ ਦੌਰਾਨ 7 ਦਸੰਬਰ 1941 ਨੂੰ ਪਰਲ ਹਾਰਬਰ ਤੇ ਹਵਾਈ ਵਿੱਚ ਹੋਰਨਾਂ ਟਿਕਾਣਿਆਂ ’ਤੇ ਕੀਤੇ ਹਮਲੇ ਵਿੱਚ 2403 ਜਣਿਆਂ ਦੀ ਜਾਨ ਜਾਂਦੀ ਰਹੀ ਸੀ।

ਇਸ ਹਮਲੇ ਮਗਰੋਂ ਹੀ ਅਮਰੀਕਾ ਦੂਜੀ ਆਲਮੀ ਜੰਗ ’ਚ ਸ਼ਾਮਲ ਹੋਇਆ ਸੀ। ਇਸ ਫੇਰੀ ਮੌਕੇ ਬਾਇਡਨ ਨਾਲ ਪ੍ਰਥਮ ਮਹਿਲਾ ਜਿਲ ਬਾਇਡਨ ਵੀ ਸਨ ਤੇ ਉਨ੍ਹਾਂ ਯਾਦਗਾਰ ’ਤੇ ਫੁੱਲ ਮਾਲਾਵਾਂ ਰੱਖ ਕੇ ਸ਼ਰਧਾਂਜਲੀ ਦਿੱਤੀ।

ਇਸ ਦੌਰਾਨ ਟੋਕੀਓ ਵਿੱਚ ਪਰਲ ਹਾਰਬਰ ਹਮਲੇ ਦੀ 80ਵੀਂ ਵਰ੍ਹੇਗੰਢ ਮੌਕੇ ਜਾਪਾਨ ਦੇ ਸੌ ਦੇ ਕਰੀਬ ਸੰਸਦ ਮੈਂਬਰਾਂ ਨੇ ਅੱਜ ਇਕ ਵਿਵਾਦਿਤ ਯਾਦਗਾਰ ਦਾ ਦੌਰਾ ਕੀਤਾ, ਜਿਸ ਨੂੰ ਚੀਨ ਤੇ ਕੋਰੀਆ, ਜਾਪਾਨ ਵੱਲੋਂ ਜੰਗ ਦੌਰਾਨ ਕੀਤੀ ਚੜ੍ਹਾਈ ਦਾ ਸੰਕੇਤ ਮੰਨਦੇ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲਿਜੀਆਨ ਨੇੇ ਕਿਹਾ ਕਿ ਜਾਪਾਨੀ ਕਾਨੂੰਨਘਾੜਿਆਂ ਦੀ ਇਹ ਕਾਰਵਾਈ ਭੜਕਾਊ ਤੇ ਮਿੱਥ ਕੇ ਕੀਤੀ ਪੇਸ਼ਕਦਮੀ ਹੈ। ਉਧਰ ਦੱਖਣ ਕੋੋਰੀਆ ਦੇ ਵਿਦੇਸ਼ ਮੰਤਰਾਲੇ ਨੇ ਵੀ ਜਾਪਾਨ ਦੀ ਇਸ ਪੇਸ਼ਕਦਮੀ ’ਤੇ ਵੱਡੀ ਫਿਕਰ ਜ਼ਾਹਿਰ ਕਰਦਿਆਂ ਅਫ਼ਸੋਸਨਾਕ ਦੱਸਿਆ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼੍ਰਿੰਗਲਾ ਵੱਲੋਂ ਸ਼ੇਖ ਹਸੀਨਾ ਨਾਲ ਮੁਲਾਕਾਤ
Next articleਸੋਨੂ ਸੂਦ ਦੀ ਭੈਣ ਨੂੰ ਚੋਣ ਮੈਦਾਨ ’ਚ ਉਤਾਰਨ ਲਈ ਭਾਜਪਾ ਤਿਆਰ