ਰੋਡਵੇਜ਼ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਹੜਤਾਲ ਦੇ ਸੱਤਵੇਂ ਦਿਨ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਦਿੱਤੇ

ਮਾਨਸਾ (ਸਮਾਜ ਵੀਕਲੀ): ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ‌ ਰਾਜ ਭਰ ਵਿੱਚ ਅਣਮਿੱਥੇ ਸਮੇਂ ਦੀ ਹੜਤਾਲ ਸੱਤਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਪੰਜਾਬ ਸਰਕਾਰ ਨੇ ਲੋਕਾਂ ਨੂੰ ਸਫਰ ਕਰਨ ਲਈ ਹੁਣ ਪ੍ਰਾਈਵੇਟ ਬੱਸਾਂ ਦੇ ਰਹਿਮੋ ਕਰਮ ’ਤੇ ਛੱਡਿਆ ਹੋਇਆ ਹੈ। ਲੰਬੇ ਸਫ਼ਰ ਕਰਨ ਵਾਲਿਆਂ ਦਾ ਬਹੁਤ ਮਾੜਾ ਹਾਲ ਹੈ। ਜਥੇਬੰਦੀ ਅਨੁਸਾਰ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਸਮੇਤ ਪੰਜਾਬ ਭਰ ਦੇ ਵਜ਼ੀਰਾਂ ਸਮੇਤ ਵਿਧਾਇਕਾਂ ਦੇ ਘਰਾਂ ਅੱਗੇ ਰੋਸ ਵਜੋਂ ਧਰਨੇ ਦਿੱਤੇ ਜਾ ਰਹੇ ਹਨ। ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੱਢਿਆ ਜਾ ਰਿਹਾ, ਜਿਸ ਕਰਕੇ ਟਰਾਂਸਪੋਰਟ ਕਾਮੇ ਅਣਮਿੱਥੇ ਸਮੇਂ ਦੀ ਹੜਤਾਲ ਉਪਰ ਬੈਠੇ ਹਨ।

ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸਨ ਕਿ ਟਰਾਂਸਪੋਰਟ ਮਾਫੀਆਂ ਖਤਮ ਕਰਾਂਗੇ ਪਰ ਅੱਜ ਸਰਕਾਰੀ ਬੱਸਾਂ ਸਰਕਾਰ ਨੇ ਖਤਮ ਕਰ ਦਿੱਤੀਆਂ ਹਨ। ਯੂਨੀਅਨ ਦੇ ਆਗੂ ਰਵਿੰਦਰ ਸਿੰਘ ਨੇ ਕਿਹਾ ਕਿ ਕਮਾਈ ਵਾਲੇ ਮਹਿਕਮੇ ਟਰਾਂਸਪੋਰਟ ਵਿੱਚ ਕਿਸੇ ਨੂੰ ਪੱਕਾ ਤਾਂ ਕੀ ਕਰਨਾ ਸੀ, ਉਲਟਾ ਹੜਤਾਲ ‘ਤੇ ਬੈਠੇ ਮੁਲਾਜ਼ਮਾਂ ਦਾ ਹੱਲ ਕਰਨ ਦੀ ਥਾਂ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆ ਜਾ ਰਹੀਆਂ ਹਨ। ਇਸ ਮੌਕੇ ਜਥੇਬੰਦੀ ਦੇ ਆਗੂ ਗੁਰਦੀਪ ਸਿੰਘ ਨੇ ਦੱਸਿਆ ਕਿ ਸਵਾਰੀਆਂ ਨੂੰ ਕਾਫੀ ਤਕਲੀਫ ਹੋ ਰਹੀ ਆ ਰਹੀ ਹੈ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ ,ਜਿਸ ਕਾਰਨ ਚੰਡੀਗੜ੍ਹ ਦਾ ਬਠਿੰਡੇ ਡਿਪੂ ਦਾ ਪਹਿਲਾਂ ਟਾਈਮ ਚਲਾਉਣ ਵਿਚ ਮਹਿਕਮਾ ਵੀ ਨਾ ਕਾਮਯਾਬ ਹੈ| ਇਸ ਮੌਕੇ ਰੇਸ਼ਮ ਸਿੰਘ, ਬਲਕਾਰ ਸਿੰਘ, ਨੀਨਾ ਸਿੱਧੂ ਨੇ ਸੰਬੋਧਨ ਕੀਤਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਜਰਾਤ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਅੱਜ
Next articleਦੇਸ਼ ’ਚ ਖ਼ਰਾਬ ਮੌਸਮ ਕਾਰਨ ਨਿੱਤ ਹੋ ਰਹੀਆਂ ਨੇ 8 ਮੌਤਾਂ