ਭਾਜਪਾ ਵੱਲੋਂ ਪੰਜਾਬ ਲਈ ਸੰਕਲਪ ਪੱਤਰ ਜਾਰੀ

ਜਲੰਧਰ (ਸਮਾਜ ਵੀਕਲੀ):  ਭਾਜਪਾ ਨੇ ਵਿਧਾਨ ਸਭਾ ਚੋਣਾਂ ਲਈ ਦੂਜੀ ਵਾਰ ਸੰਕਲਪ ਪੱਤਰ ਜਾਰੀ ਕਰਦਿਆਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਗੱਠਜੋੜ ਦੀ ਸਰਕਾਰ ਬਣਨ ’ਤੇ ਬੇਅਦਬੀ, ਨਸ਼ੇ ਅਤੇ ਰੇਤ ਮਾਫੀਆ ਵਰਗੇ ਸੰਵੇਦਨਸ਼ੀਲ ਮੁੱਦਿਆਂ ’ਤੇ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇਗਾ। ਇਹ ਸੰਕਲਪ ਪੱਤਰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਸੋਮ ਪ੍ਰਕਾਸ਼, ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ, ਦੁਸ਼ਯੰਤ ਅਤੇ ਰਾਜੇਸ਼ ਬਾਘਾ ਸਮੇਤ ਹੋਰ ਆਗੂਆਂ ਨੇ ਜਾਰੀ ਕੀਤਾ।   ਇਸ ਮੌਕੇ ਭਾਜਪਾ ਦੇ ਨਵੇਂ ਸਿਆਸੀ ਭਾਈਵਾਲ ਪੰਜਾਬ ਲੋਕ ਕਾਂਗਰਸ ਦੇ ਆਗੂ ਰਣਇੰਦਰ ਸਿੰਘ ਅਤੇ ਅਕਾਲੀ ਦਲ (ਯੂਨਾਈਟਿਡ) ਦੇ ਆਗੂ ਤੇਜਿੰਦਰ ਸਿੰਘ ਸੰਧੂ ਵੀ ਹਾਜ਼ਰ ਸਨ। ਕੇਂਦਰੀ ਮੰਤਰੀ ਪੁਰੀ ਨੇ ਕਿਹਾ,‘‘ਪੰਜਾਬ ਬਹੁਤ ਹੀ ਸੰਵੇਦਨਸ਼ੀਲ ਅਤੇ ਸਰਹੱਦੀ ਸੂਬਾ ਹੈ। ਇਥੇ ਸਥਿਰ ਅਤੇ ਮਜ਼ਬੂਤ ਸਰਕਾਰ ਚਾਹੀਦੀ ਹੈ ਜਿਹੜੀ ਭਾਜਪਾ ਹੀ ਮੁਹੱਈਆ ਕਰਵਾ ਸਕਦੀ ਹੈ।’’ ਉਨ੍ਹਾਂ ਕਿਹਾ ਕਿ ਇਹ ਸੰਕਲਪ ਪੱਤਰ ਸੂਬੇ ਦੀ ਆਰਥਿਕਤਾ ਅਤੇ ਵਿਕਾਸ ਨੂੰ ਬਹਾਲ ਕਰਨ ’ਚ ਵਿਆਪਕ ਦਸਤਾਵੇਜ਼ ਹੈ ਜਿਸ ਨੂੰ ਸਰਕਾਰ ਬਣਨ ’ਤੇ ਪਹਿਲੇ ਦਿਨ ਤੋਂ ਹੀ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਵਿਚ 75 ਫੀਸਦੀ ਅਤੇ ਪ੍ਰਾਈਵੇਟ ਨੌਕਰੀਆਂ ਵਿੱਚ 50 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ।

ਪੁਰੀ ਨੇ ਕਿਹਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਡੋਪ ਟੈਸਟ ਲਾਜ਼ਮੀ ਕੀਤਾ ਜਾਵੇਗਾ, ਭਾਵੇਂ ਉਹ ਪੰਚਾਇਤਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਹੀ ਕਿਉਂ ਨਾ ਹੋਣ। ਅਤਿਵਾਦ ਪੀੜਤਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਉਨ੍ਹਾਂ ਸੱਚ ਅਤੇ ਸੁਲ੍ਹਾ ਕਮਿਸ਼ਨ ਬਣਾਉਣ ਦਾ ਵਾਅਦਾ ਵੀ ਕੀਤਾ। ਇਸ ਕਮਿਸ਼ਨ ਵਿਚ ਅਣਗੌਲੇ ਕੀਤੇ ਗਏ ਪੀੜਤਾਂ ਦੇ ਮਸਲੇ ਹੱਲ ਕੀਤੇ ਜਾਣਗੇ ਅਤੇ ਹਰ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਅਤਿਵਾਦ ਪੀੜਤਾਂ ਦੀ ਯਾਦ ਵਿਚ ਇਕ ਯਾਦਗਾਰ ‘ਗੁੰਮੇ ਪਰ ਭੁੱਲੇ ਨਹੀਂ’ ਸਥਾਪਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜ ਸਾਲਾਂ ਵਿਚ ਬੁਨਿਆਦੀ ਢਾਂਚੇ ’ਤੇ 1 ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ।

ਇਸ ਸੰਕਲਪ ਪੱਤਰ ਵਿਚ ਜਿਹੜੇ ਮੁੱਖ ਵਾਅਦੇ ਕੀਤੇ ਗਏ ਹਨ, ਉਨ੍ਹਾਂ ਵਿਚ ਬੇਅਦਬੀ ਲਈ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਤੇ ਬੇਅਦਬੀ ਦੇ ਮਾਮਲਿਆਂ ਦੀ ਤੇਜ਼ੀ ਨਾਲ ਜਾਂਚ ਲਈ ਵਿਸ਼ੇਸ਼ ਟਾਸਕ ਫੋਰਸ ਅਤੇ ਫਾਸਟ ਟਰੈਕ ਅਦਾਲਤਾਂ ਦੀ ਸਥਾਪਨਾ ਕਰਨਾ ਅਤੇ ਬੇਅਦਬੀ ਖਿਲਾਫ਼ ਬਣੇ ਕਾਨੂੰਨ ਸਖਤੀ ਨਾਲ ਲਾਗੂ ਕਰਨਾ ਯਕੀਨੀ ਬਣਾਉਣਾ ਸ਼ਾਮਲ ਹਨ।

ਨਸ਼ਿਆਂ ਦੀ ਰੋਕਥਾਮ ਲਈ ਟੌਲ-ਫ੍ਰੀ ਹੈਲਪਲਾਈਨ ਸ਼ੁਰੂ ਕੀਤੀ ਜਾਵੇਗੀ, ਨਸ਼ੀਲੇ ਪਦਾਰਥਾਂ ਦੀ ਵਿੱਕਰੀ ਦੀ ਸ਼ਿਕਾਇਤ ਕਰਨ ’ਤੇ ਨਗਦ ਇਨਾਮ ਦਿੱਤਾ ਜਾਵੇਗਾ, ਸੂਬੇ ਦੇ ਸਰਕਾਰੀ ਵਿਭਾਗਾਂ ਵਿੱਚ ਸਾਰੀਆਂ ਖਾਲੀ ਅਸਾਮੀਆਂ ਸਰਕਾਰ ਬਣਨ ਦੇ ਇੱਕ ਸਾਲ ’ਚ ਭਰੀਆ ਜਾਣਗੀਆਂ, ਪੰਜਾਬ ਦੇ ਬੇਰੁਜ਼ਗਾਰ ਗ੍ਰੈਜੂਏਟਾਂ ਨੂੰ ਡਿਗਰੀ ਪੂਰੀ ਹੋਣ ਤੋਂ ਬਾਅਦ 2 ਸਾਲਾਂ ਤੱਕ 4000 ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ, ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਸਾਰੇ ਕਿਸਾਨਾਂ ਦਾ ਖੇਤੀ ਕਰਜ਼ਾ ਮੁਆਫ਼ ਕੀਤਾ ਜਾਵੇਗਾ, ਕੇਂਦਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਐੱਮਐੱਸਪੀ ਵਿਵਸਥਾ ਦਾ ਵਿਸਥਾਰ ਕਰਦੇ ਹੋਏ ਫਲਾਂ, ਸਬਜ਼ੀਆਂ, ਦਾਲਾਂ ਅਤੇ ਤੇਲ ਬੀਜਾਂ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਬਣਾਇਆ ਜਾਵੇਗਾ।

ਇਸੇ ਤਰ੍ਹਾਂ ਮਾਫੀਆ ਰਾਜ ਨੂੰ ਖਤਮ ਕਰਨ ਲਈ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਤਰਜ਼ ’ਤੇ ਨਵੀਨਤਮ ਤਕਨਾਲੋਜੀ ਦਾ ਇਸਤੇਮਾਲ ਕਰਨ, ਬਜ਼ਰੁਗਾਂ, ਦਿਵਿਆਂਗਾਂ ਅਤੇ ਵਿਧਵਾਵਾਂ ਲਈ ਪੈਨਸ਼ਨ ਦੀ ਰਕਮ ਵਧਾ ਕੇ 3000 ਰੁਪਏ ਪ੍ਰਤੀ ਮਹੀਨਾ ਕਰਨ, ਸਾਰਿਆਂ ਨੂੰ 300 ਯੂਨਿਟ ਤੱਕ ਬਿਜਲੀ ਮੁਫ਼ਤ ਦੇਣ ਦੇ ਵਾਅਦੇ ਵੀ ਕੀਤੇ ਗਏ ਹਨ। ਇਸ ਮਗਰੋਂ 3 ਰੁਪਏ ਪ੍ਰਤੀ ਯੂਨਿਟ ਬਿਜਲੀ ਵਸੂਲੀ ਜਾਵੇਗੀ ਜਦਕਿ ਉਦਯੋਗਾਂ ਨੂੰ 5 ਰੁਪਏ ਯੂਨਿਟ ਦੇ ਹਿਸਾਬ ਨਾਲ ਬਿਜਲੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪੁਲੀਸ ਵਿੱਚ ਔਰਤਾਂ ਲਈ 33 ਫੀਸਦ ਰਾਖਵਾਂਕਰਨ ਦਿੱਤਾ ਜਾਵੇਗਾ, ਔਰਤਾਂ ਵਿਰੁੱਧ ਅਪਰਾਧਾਂ ਦੀ ਰੋਕਥਾਮ ਲਈ ਵਿਸ਼ੇਸ਼ ਮਹਿਲਾ ਥਾਣਿਆਂ ਅਤੇ ਮਹਿਲਾ ਅਦਾਲਤਾਂ ਦੀ ਸਥਾਪਨਾ ਕੀਤੀ ਜਾਵੇਗੀ, ਸੂਬੇ ਵਿੱਚ ਉੱਤਮ ਦਰਜੇ ਦੇ ਸਮਾਰਟ ਸਕੂਲ ਸਥਾਪਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਆਧੁਨਿਕ ਕਲਾਸ ਰੂਮ, ਕੰਪਿਊਟਰ, ਪ੍ਰਯੋਗਸ਼ਾਲਾਵਾਂ ਅਤੇ ਖੇਡ ਮੈਦਾਨ ਹੋਣਗੇ, ਕੋਵਿਡ ਦੌਰਾਨ ਹੋਏ ਸੂਬੇ ਦੇ ਨੁਕਸਾਨ ’ਤੇ ਇੱਕ ਵ੍ਹਾਈਟ ਪੇਪਰ ਲਿਆਂਦਾ ਜਾਵੇਗਾ ਅਤੇ ਪ੍ਰਭਾਵਿਤ ਉਦਯੋਗਾਂ ਨੂੰ ਇੱਕ ਵਿਸ਼ੇਸ਼ ਰਾਹਤ ਪੈਕੇਜ ਦਿੱਤਾ ਜਾਵੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੋਟਾਂ ਲਈ ਹੱਥਕੰਡੇ
Next articleਕਿਸਾਨਾਂ ਨਾਲ ਟਕਰਾਅ ਤੋਂ ਬਚਣ ਲਈ ਭਾਜਪਾ ਨੇ ਰੱਦ ਕੀਤੀ ਖੱਟਰ ਦੀ ਰੈਲੀ