ਕੇਂਦਰੀ ਬਜਟ ਦੇਸ਼ ਨੂੰ ਆਤਮਨਿਰਭਰਤਾ ਵੱਲ ਲਿਜਾਣ ’ਚ ਕਰੇਗਾ ਮਦਦ – ਸੰਜੇ ਕਪੂਰ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬਜਟ ਸਾਲ 2023-24 ਦੇ ਸਬੰਧ ’ਚ ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਸ. ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ’ਚ ਪਾਰਟੀ ਦਫਤਰ ਮਾਡਲ ਟਾਊਨ ਵਿਖੇ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਸ਼੍ਰੀ ਸੰਜੇ ਕਪੂਰ ਜੀ ਸੀ.ਏ ਐਂਡ ਮੀਡੀਆ ਪੈਨਲਿਸਟ ਪੰਜਾਬ ਬੀ.ਜੇ.ਪੀ ਭਾਰਤੀ ਜਨਤਾ ਪਾਰਟੀ ਪੰਜਾਬ ਹਾਜਰ ਹੋਏ। ਇਸ ਮੌਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੰਜੇ ਕਪੂਰ ਨੇ ਕਿਹਾ ਕਿ ਸਾਲ 2023–24 ਦੇ ਕੇਂਦਰੀ ਬਜਟ ਨੂੰ ਬੇਹੱਦ ਸੰਤੁਲਿਤ, ਕਿਸਾਨਾਂ, ਤਨਖ਼ਾਹਦਾਰਾਂ ਤੇ ਛੋਟੇ ਕਾਰੋਬਾਰੀਆਂ ਦੇ ਹੱਕ ’ਚ ਆਖ ਦਿੱਤਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਦੇ ਵਿੱਤੀ ਘਾਟੇ ਦਾ ਟੀਚਾ 5.9 ਫ਼ੀਸਦੀ ਅਤੇ ਵੱਧ ਤੋਂ ਵੱਧ 10 ਲੱਖ ਕਰੋੜ ਰੁਪਏ ਦਾ ਪੂੰਜੀ ਖ਼ਰਚ ਰੱਖਿਆ ਗਿਆ ਹੈ। ਨਿੱਜੀ ਆਮਦਨ ਕਰ ਨੂੰ ਤਰਕਸੰਗਤ ਬਣਾਉਣਾ ਆਮ ਆਦਮੀ ਨੂੰ ਵੱਡੀ ਰਾਹਤ ਹੈ ਅਤੇ ਇਹ ਸਵਾਗਤਯੋਗ ਕਦਮ ਹੈ।
ਇਸ ਵੇਲੇ ਜਦੋਂ ਪੂਰੀ ਦੁਨੀਆ ’ਚ ਵੱਡੀ ਆਰਥਿਕ ਮੰਦਹਾਲੀ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ, ਅਜਿਹੇ ਸਮੇਂ 130 ਕਰੋੜ ਤੋਂ ਵੱਧ ਜਨਤਾ ਲਈ ਦੇਸ਼ ਦਾ ਸਾਲਾਨਾ ਬਜਟ ਤਿਆਰ ਕਰਨਾ ਕੋਈ ਸੁਖਾਲਾ ਕਾਰਜ ਨਹੀਂ ਸੀ ਪਰ ਹੁਣ ਤੱਕ ਇਸ ’ਤੇ ਲਗਪਗ ਹਰ ਵਰਗ ਤੋਂ ਹਾਂ–ਪੱਖੀ ਪ੍ਰਤੀਕਰਮ ਹੀ ਪ੍ਰਾਪਤ ਹੋਏ ਹਨ। ਨਵੇਂ ਟੈਕਸ ਢਾਂਚੇ ਤੋਂ ਆਮ ਵਿਅਕਤੀ, ਖ਼ਾਸ ਤੌਰ ’ਤੇ ਮੱਧ–ਵਰਗ ਡਾਢਾ ਖ਼ੁਸ਼ ਹੈ। ਸੱਤ ਲੱਖ ਰੁਪਏ ਦੀ ਆਮਦਨ ਤਕ ਟੈਕਸ ਦੀ ਛੋਟ ਹੋਣਾ ਸੱਚਮੁੱਚ ਬਹੁਤ ਵੱਡੀ ਰਾਹਤ ਹੈ। ਬਜਟ ’ਚ ਪੂੰਜੀ ਲਾਭ ਵਿਚ ਕੋਈ ਤਬਦੀਲੀ ਨਾ ਕਰਨਾ ਵੀ ਬਾਜ਼ਾਰਾਂ ਲਈ ਇਕ ਵੱਡੀ ਰਾਹਤ ਹੈ। ਇਸ ਦੇ ਨਾਲ ਹੀ ਕੇਵਾਈਸੀ (ਨੋਅ ਯੂਅਰ ਕਸਟਮਰ –ਆਪਣੇ ਗਾਹਕ ਨੂੰ ਜਾਣੋ) ਪ੍ਰਕਿਰਿਆ ਨੂੰ ਸਰਲ ਬਣਾਉਣ ਦੇ ਸੁਧਾਰ ਦੀ ਮੰਗ ਬੜੇ ਚਿਰਾਂ ਤੋਂ ਕੀਤੀ ਜਾ ਰਹੀ ਸੀ। ਹੁਣ ਉਸ ਲਈ ਵੀ ਰਾਹ ਪੱਧਰਾ ਹੋ ਗਿਆ ਹੈ। ਈਪੀਐੱਫਓ ਦੀ ਮੈਂਬਰਸ਼ਿਪ ਵਧ ਕੇ ਦੁੱਗਣੀ ਹੋ ਗਈ ਹੈ। ਇਸ ਨਾਲ ਵਿੱਤੀ ਲੈਣ–ਦੇਣ ਤੇਜ਼ੀ ਨਾਲ ਹੋ ਸਕੇਗਾ ਅਤੇ ਉਸ ਦੀ ਕਾਰਜਕੁਸ਼ਲਤਾ ’ਚ ਸੁਧਾਰ ਹੋਵੇਗਾ।
ਗ਼ਰੀਬਾਂ ਲਈ ਮੁਫ਼ਤ ਭੋਜਨ ਯੋਜਨਾ ’ਤੇ ਹੋਣ ਵਾਲਾ ਸਮੁੱਚਾ ਖ਼ਰਚਾ 2 ਲੱਖ ਕਰੋੜ ਰੁਪਏ ਕੇਂਦਰ ਹੀ ਝੱਲੇਗਾ। ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ’ ਦਾ ਰਲੇਵਾਂ ਹੁਣ ਦਸੰਬਰ 2023 ਤਕ ‘ਰਾਸ਼ਟਰੀ ਅਨਾਜ ਸੁਰੱਖਿਆ’ ਵਿਚ ਕਰ ਦਿੱਤਾ ਗਿਆ ਹੈ। ਬਜਟ ’ਚ ਇਕ ਹੋਰ ਖ਼ੁਸ਼ਖ਼ਬਰੀ ਵੀ ਦਿੱਤੀ ਗਈ ਕਿ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਹੁਣ ਦੁੱਗਣੀ ਹੋ ਕੇ 1.97 ਲੱਖ ਰੁਪਏ ਹੋ ਗਈ ਹੈ। ਪਹਿਲਾਂ ਭਾਰਤ ਦੁਨੀਆ ’ਚ 10ਵੇਂ ਨੰਬਰ ਦੀ ਸਭ ਤੋਂ ਵੱਡੀ ਅਰਥ–ਵਿਵਸਥਾ ਹੁੰਦਾ ਸੀ ਪਰ ਹੁਣ 5ਵੇਂ ਸਥਾਨ ’ਤੇ ਆ ਗਿਆ ਹੈ। ਖੇਤੀ ਖੇਤਰ ਦਾ ਸੰਸਥਾਗਤ ਰਿਣ ਵਿੱਤੀ ਵਰ੍ਹੇ 2022 ਦੌਰਾਨ ਵਧ ਕੇ 18.6 ਲੱਖ ਕਰੋੜ ਰੁਪਏ ਹੋ ਗਿਆ ਹੈ ਜਦਕਿ 2021 ’ਚ ਇਹ 15.8 ਲੱਖ ਕਰੋੜ ਰੁਪਏ ਸੀ। ਪੀਐੱਮ–ਕਿਸਾਨ, ਪੀਐੱਮ–ਫ਼ਸਲ ਬੀਮਾ ਯੋਜਨਾ ਤੇ ਖੇਤੀ ਬੁਨਿਆਦੀ ਢਾਂਚਾ ਫੰਡ ਦੀ ਸਥਾਪਨਾ ਨਾਲ ਇਸ ਖੇਤਰ ਨੂੰ ਵੱਡੀ ਮਦਦ ਪੁੱਜੀ ਹੈ। ਮਕਾਨ ਯੋਜਨਾ, ਪੀਣ ਵਾਲੇ ਪਾਣੀ ਦੀ ਯੋਜਨਾ ਤੇ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਲਈ ਵਾਧੂ ਫੰਡ ਰੱਖੇ ਗਏ ਹਨ। ਇਹ ਸਾਰੀਆਂ ਯੋਜਨਾਵਾਂ ਆਮ ਲੋਕਾਂ ਦੀ ਭਲਾਈ ਲਈ ਹਨ।
ਜਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਸਾਲ 2023 ਦਾ ‘ਅੰਮ੍ਰਿਤ ਕਾਲ’ ਬਜਟ ਹੈ। ਕੇਂਦਰ ਸਰਕਾਰ ਨੇ ਪਿਛਲੇ ਕੁਝ ਸਮੇਂ ਦੌਰਾਨ ਗ਼ਰੀਬਾਂ ਦੀ ਭਲਾਈ ਲਈ ਅਨੇਕ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ ਲਈ 79,950 ਕਰੋੜ ਰੁਪਏ, ਜਲ ਜੀਵਨ ਮਿਸ਼ਨ ਲਈ 70,000 ਕਰੋੜ ਰੁਪਏ ਅਤੇ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਹਿਤ 7,200 ਕਰੋੜ ਰੁਪਏ ਰੱਖੇ ਗਏ ਹਨ। ਇਹ ਸਾਰੀਆਂ ਰਕਮਾਂ ਪਿਛਲੇ ਸਾਲਾਂ ਨਾਲੋਂ ਕਿਤੇ ਜ਼ਿਆਦਾ ਹਨ। ਸਿਰਫ਼ ਮਗਨਰੇਗਾ ਲਈ ਖ਼ਰਚ ਪਿਛਲੇ ਸਾਲ ਦੇ 84,900 ਕਰੋੜ ਰੁਪਏ ਦੇ ਮੁਕਾਬਲੇ ਇਸ ਵਰ੍ਹੇ ਘਟਾ ਕੇ 60,000 ਕਰੋੜ ਰੁਪਏ ਕੀਤਾ ਗਿਆ ਹੈ। ਉਦਯੋਗਿਕ ਖੇਤਰ ਨੇ ਵੀ ਇਸ ਬਜਟ ਦੀ ਸ਼ਲਾਘਾ ਕੀਤੀ ਹੈ। ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਅਸੀਂ ਹਮੇਸ਼ਾ ਸੋਚਦੇ ਰਹੇ ਹਾਂ ਕਿ ਟੈਕਸ ਪ੍ਰਣਾਲੀ ਨੂੰ ਗੁੰਝਲਦਾਰ ਨਾ ਬਣਾਓ। ਨਵੇਂ ਟੈਕਸ ਫਾਰਮੈਟ ’ਚ ਇਸ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਪੁਰਾਣੇ ਟੈਕਸ ’ਚ ਲੋਕ ਟੈਕਸ ਬਚਾਉਣ ਦੇ ਹੋਰ ਤਰੀਕੇ ਲੱਭਦੇ ਹਨ। ਟੈਕਸ ਬਚਾਉਣ ਲਈ ਨਿਵੇਸ਼ ਦੀ ਸੋਚ ਨੂੰ ਹੀ ਬਦਲਣਾ ਪਵੇਗਾ। ਉਨ੍ਹਾਂ ਕਿਹਾ ਕਿ ਜਦੋਂ ਪੈਸੇ ਦੀ ਬਚਤ ਹੋਵੇਗੀ ਤਾਂ ਟੈਕਸਦਾਤਾ ਆਪਣੀ ਮਰਜ਼ੀ ਮੁਤਾਬਕ ਨਿਵੇਸ਼ ਕਰ ਸਕਣਗੇ।
ਨਵੀਂ ਟੈਕਸ ਪ੍ਰਣਾਲੀ ਨੂੰ ਹੁਲਾਰਾ ਮਿਲੇਗਾ
ਉਨ੍ਹਾਂ ਕਿਹਾ ਕਿ ਅਸੀਂ ਨਵੇਂ ਟੈਕਸ ਫਾਰਮੈਟ ਨੂੰ ਡਿਫਾਲਟ ਸਿਸਟਮ ਬਣਾਉਣਾ ਚਾਹੁੰਦੇ ਹਾਂ। ਮਤਲਬ, ਜਦੋਂ ਤੁਸੀਂ ਟੈਕਸ ਦਾ ਭੁਗਤਾਨ ਕਰਨ ਲਈ ਕੰਪਿਊਟਰ ਖੋਲ੍ਹਦੇ ਹੋ, ਤਾਂ ਸਭ ਤੋਂ ਪਹਿਲਾਂ ਨਵੀਂ ਟੈਕਸ ਸਲੈਬ ਦਿਖਾਈ ਦੇਵੇਗੀ। ਪਰ, ਇਸਦਾ ਮਤਲਬ ਇਹ ਨਹੀਂ ਹੈ ਕਿ ਪੁਰਾਣਾ ਟੈਕਸ ਫਾਰਮੈਟ ਖਤਮ ਹੋ ਗਿਆ ਹੈ। ਹੌਲੀ-ਹੌਲੀ ਅਸੀਂ ਟੈਕਸਦਾਤਾਵਾਂ ਨੂੰ ਨਵੇਂ ਫਾਰਮੈਟ ਵੱਲ ਲਿਆਉਣਾ ਚਾਹੁੰਦੇ ਹਾਂ। ਇਸ ਮੌਕੇ ਰਣਜੀਤ ਸਿੰਘ ਖੋਜੇਵਾਲ, ਸੰਜੇ ਕਪੂਰ, ਰਣਵੀਰ ਕੌਸ਼ਲ, ਓਮ ਪ੍ਰਕਾਸ਼ ਬਹਿਲ, ਉਮੇਸ਼ ਸ਼ਾਰਧਾ, ਸ਼ਾਮ ਸੁੰਦਰ ਅੱਗਰਵਾਲ, ਅਮਨਦੀਪ ਸਿੰਘ ਗੋਰਾ ਗਿੱਲ, ਮਨੂ ਧੀਰ, ਅਕਾਸ਼ ਕਾਲੀਆ, ਰਾਜੇਸ਼ ਪਾਸੀ, ਕਪੂਰ ਚੰਦ ਥਾਪਰ, ਐਡ ਪਿਊਸ਼ ਮਨਚੰਦਾ, ਰਾਜਿੰਦਰ ਸਿੰਘ ਧੰਜਲ, ਸਰਬਜੀਤ ਸਿੰਘ ਖੋਜੇਵਾਲ, ਨਿਰਮਲ ਸਿੰਘ ਨਾਹਰ, ਧਰਮਪਾਲ ਮਹਾਜਨ, ਜਗਦੀਸ਼ ਸ਼ਰਮਾ, ਰੋਸ਼ਨ ਸਭਰਵਾਲ, ਰਾਜੀਵ ਪਾਹਵਾ, ਵਿੱਕੀ ਗੁਜਰਾਲ, ਸੁਖਜਿੰਦਰ ਸਿੰਘ, ਬਲਵਿੰਦਰ ਸਿੰਘ ਆਰੀਆਂ ਵਾਲ, ਮਹਿੰਦਰ ਸਿੰਘ ਬਲੇਰ, ਜਿੰਦਰ ਸਿੰਘ ਔਜਲਾ, ਪਿਆਰਾ ਸਿੰਘ ਪਾਜੀਆਂ, ਓਮ ਪ੍ਰਕਾਸ਼ ਡੋਗਰਾ, ਅਰੁਣ ਸਿੰਘ, ਕਪਿਲ ਧੀਰ, ਵੀਰ ਸਿੰਘ ਮਠਾੜੂ, ਨਰੇਸ਼ ਮਹਾਜਨ, ਅਸ਼ਵਨੀ ਭੋਲਾ, ਅਸ਼ੋਕ ਮਾਹਲਾ, ਹੀਰਖ ਜੋਸ਼ੀ, ਕਰਨਜੀਤ ਸਿੰਘ ਅਹਲੀ, ਲੱਕੀ ਸਰਪੰਚ, ਸੁਸ਼ੀਲ ਭੱਲਾ, ਐਡ ਹੈਰੀ ਸ਼ਰਮਾ, ਵਿਵੇਕ ਸਿੰਘ ਸਨੀ ਬੈਂਸ, ਰਾਜ ਕੁਮਾਰ, ਐਡ ਸੁਸ਼ੀਲ ਕਪੂਰ, ਐਡ ਗੁਰਮੀਤ ਬੌਬੀ, ਐਡ ਅਮਨ ਪੁਰੀ, ਐਡ ਗੁਰਪ੍ਰੀਤ ਸਿੰਘ ਭੱਟੀ, ਰਵਿੰਦਰ ਸ਼ਰਮਾ,ਰਣਜੀਤ ਸਿੰਘ, ਰਜਤH ਮਹਾਜਨ, ਐਡ ਤਮੰਨਾ, ਮਧੂ ਸੂਦ, ਨੀਰੂ ਸ਼ਰਮਾ, ਆਭਾ ਆਨੰਦ, ਇਸ਼ਾ ਮਹਾਜਨ, ਕੁਸੁਮ ਪਸਰਿਚਾ, ਰਿਤੂ ਕੁਮਰਾ, ਪਰਮਜੀਤ ਸਿੰਘ ਨਰੇਸ਼ ਸੇਠੀ, ਨਰਿੰਦਰ ਸਿੰਘ ਬੂਹ, ਪ੍ਰਦੀਪ ਕੁਮਾਰ ਠੇਕੇਦਾਰ, ਵਿਨਾਇਕ ਪਰਾਸ਼ਰ, ਇਸ਼ਾਂਤ ਪਾਹਵਾ, ਸਾਹਿਲ ਕੌਂਡਲ ਅਤੇ ਰਾਜਨ ਠਿੱਗੀ ਹਾਜ਼ਰ ਸਨ।