ਟੌਹੜਾ ਦੇ ਬਰਸੀ ਸਮਾਗਮ ਵਿੱਚ ਭਾਜਪਾ ਦਾ ਬੋਲਬਾਲਾ

ਭਾਦਸੋਂ (ਸਮਾਜ ਵੀਕਲੀ):  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਢਾਈ ਦਹਾਕੇ ਤੱਕ ਪ੍ਰਧਾਨ ਰਹਿ ਕੇ ਨਿਵੇਕਲਾ ਇਤਿਹਾਸ ਸਿਰਜਣ ਵਾਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 18ਵੀਂ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਟੌਹੜਾ ਵਿੱਚ ਰੱਖੇ ਸਮਾਗਮ ਦੌਰਾਨ ਭਾਜਪਾ ਦਾ ਹੀ ਬੋਲਬਾਲਾ ਰਿਹਾ। ਅਕਾਲੀ-ਭਾਜਪਾ ਗੱਠਜੋੜ ਟੁੱਟਣ ਮਗਰੋਂ ਜਥੇਦਾਰ ਟੌਹੜਾ ਦਾ ਇਹ ਪਲੇਠਾ ਬਰਸੀ  ਸਮਾਗਮ ਸੀ। ਟੌਹੜਾ ਪਰਿਵਾਰ ਵੱਲੋਂ ਕਰਵਾਏ ਗਏ ਇਸ ਸਾਲਾਨਾ ਸਮਾਗਮ ’ਚ ਐਤਕੀਂ  ਕੇਂਦਰੀ ਕੈਬਨਿਟ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਹੀ ਮੁੱਖ ਬੁਲਾਰੇ ਰਹੇ।

ਸਮਾਗਮ ਦੀ ਅਗਵਾਈ ਟੌਹੜਾ ਦੇ ਦਾਮਾਦ ਹਰਮੇਲ ਟੌਹੜਾ, ਧੀ ਕੁਲਦੀਪ ਕੌਰ ਟੌਹੜਾ ਅਤੇ ਦੋਹਤਿਆਂ ਹਰਿੰਦਰਪਾਲ ਟੌਹੜਾ ਤੇ ਕੰਵਰਬੀਰ ਟੌਹੜਾ ਨੇ ਕੀਤੀ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸ਼ਰਧਾਂਜਲੀ ਭੇਟ ਕਰਦਿਆਂ ਮਰਹੂਮ ਟੌਹੜਾ ਨੂੰ ਲੋਕ ਹਿੱਤਾਂ ਦਾ ਪਹਿਰੇਦਾਰ  ਦੱਸਿਆ। ਉਨ੍ਹਾਂ ਕਿਹਾ ਕਿ ਸ੍ਰੀ ਟੌਹੜਾ ਲੋਕਾਂ ਦੇ ਚੁੱਲ੍ਹਿਆਂ ਤੱਕ ਦਸਤਕ ਦੇਣ ਵਾਲਾ ਆਗੂ ਸੀ। ਸ਼ੇਖਾਵਤ ਨੇ ਕਿਹਾ ਕਿ ਸ਼ਾਇਦ ਉਹ ਦੇਸ਼ ਤੇ ਦੁਨੀਆ ਦੇ ਅਜਿਹੇ ਇਕਲੌਤੇ ਧਾਰਮਿਕ ਅਤੇ ਰਾਜਸੀ ਆਗੂ ਸਨ, ਜਿਨ੍ਹਾਂ ਨੂੰ ਮਿਲਣ ਲਈ  ਵੱਡੇ ਤੜਕੇ ਤੋਂ ਹੀ ਉਨ੍ਹਾਂ ਦੇ ਘਰ ਦੇ ਬਾਹਰ ਲੋਕਾਂ ਦੀ ਭੀੜ ਲੱਗ ਜਾਂਦੀ ਸੀ। ਉਨ੍ਹਾਂ ਕਿਹਾ ਕਿ ਜਥੇਦਾਰ ਟੌਹੜਾ ਨੂੰ ਚਿਰਾਂ ਤੱਕ ਯਾਦ ਰੱਖਿਆ ਜਾਵੇਗਾ।

ਕੇਂਦਰੀ ਮੰਤਰੀ ਨੇ ਲੋਕਾਂ ਨੂੰ ਜਥੇਦਾਰ ਦੇ ਜੀਵਨ ਤੋਂ ਸੇਧ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਵੱਡੇ ਕੱਦਾਵਰ ਆਗੂ ਹੋ ਕੇ ਵੀ ਅੰਤਲੇ ਸਮੇਂ ਤੱਕ  ਆਪਣੇ ਪਿੰਡ  ਨਾਲ ਜੁੜੇ ਰਹੇ ਤੇ ਇਮਾਨਦਾਰੀ  ਦਾ ਪੱਲਾ ਨਹੀਂ  ਛੱਡਿਆ। ਚੋਣਾਂ ਦੌਰਾਨ ਅਕਾਲੀਆਂ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਮੈਂਬਰ  ਜਥੇਦਾਰ ਸੁਰਜੀਤ ਸਿੰਘ ਗੜ੍ਹੀ  ਨੇ ਕਿਹਾ ਕਿ ਟੌਹੜਾ ਵਰਗੇ ਆਗੂਆਂ ਦੇ ਪਰਿਵਾਰਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਕਰਕੇ ਹੀ ਅੱਜ ਅਕਾਲੀ ਦਲ ਖ਼ਤਮ ਹੋਣ ਕੰਢੇ ਪੁੱਜ ਗਿਆ ਹੈ। ਇਸ ਮੌਕੇ ਪੁੱਜੇ ਹੋਰਨਾਂ ਭਾਜਪਾ ਆਗੂਆਂ ’ਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ,  ਜਗਦੀਸ਼ ਜੱਗਾ ਰਾਜਪੁਰਾ, ਦਯਾ ਸਿੰਘ ਸੋਢੀ, ਸਾਬਕਾ ਵਿਧਾਇਕ ਦੀਦਾਰ  ਭੱਟੀ, ਗੁਰਪ੍ਰੀਤ ਸ਼ਾਹਪੁਰ, ਹਰਿੰਦਰ ਕੋਹਲੀ ਅਤੇ ਵਿਕਾਸ ਸ਼ਰਮਾ ਆਦਿ ਸ਼ਾਮਲ ਸਨ।

ਅਕਾਲੀ ਦਲ ਵੱਲੋਂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਉਨ੍ਹਾਂ ਦੇ ਫਰਜੰਦ ਹਰਿੰਦਰਪਾਲ ਚੰਦੂਮਾਜਰਾ ਨੇ ਵੀ ਮਰਹੂਮ  ਟੌਹੜਾ ਦੀ ਭਰਵੀਂ ਸ਼ਲਾਘਾ ਕੀਤੀ। ਸ੍ਰੀ ਚੰਦੂਮਾਜਰਾ ਨੇ ਟੌਹੜਾ  ਨਾਲ ਬਿਤਾਏ ਸਮੇਂ ਤੇ ਤਜਰਬੇ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਆਪਣੇ ਸਿਧਾਂਤਾਂ ਅਤੇ ਅਸੂਲਾਂ ਸਣੇ ਹੋਰ ਗੁਣਾਂ ਕਰਕੇ ਸ੍ਰੀ ਟੌਹੜਾ ਵਿਸ਼ਵ ਪੱਧਰ ’ਤੇ ਪਛਾਣੀ ਜਾਣ ਵਾਲੀ ਹਸਤੀ ਸਨ। ਟੌਹੜਾ ਦੇ ਕਰੀਬੀ ਰਹੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਵੀ ਸ਼ਰਧਾਂਜਲੀ ਭੇਟ  ਕਰਨ ਲਈ  ਪੁੱਜੇ। ਅਕਾਲੀ ਦਲ ਸੰਯੁਕਤ ਵੱਲੋਂ ਰਣਧੀਰ ਰੱਖੜਾ ਤੇ ਰਣਧੀਰ ਸਮੂਰਾ ਨੇ ਹਾਜ਼ਰੀ ਲਵਾਈ। ਸਮਾਗਮ ਦੇ ਅੰਤ ’ਚ ਹਰਿੰਦਰਪਾਲ ਟੌਹੜਾ  ਨੇ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਕਿਸਤਾਨ ਵੱਲੋਂ ਅਮਰੀਕੀ ਕੂਟਨੀਤਕ ਤਲਬ
Next articleਅਦਾਕਾਰ ਰਾਜਕੁਮਾਰ ਰਾਓ ਦੇ ਪੈਨ ਕਾਰਡ ’ਤੇ ਲੈ ਗਿਆ ਕੋਈ 2500 ਰੁਪਏ ਦਾ ਕਰਜ਼ਾ