ਮਿਰਜ਼ਾ

ਸੁਕਰ ਦੀਨ

(ਸਮਾਜ ਵੀਕਲੀ)

ਮਾਂ ਮਿਰਜ਼ੇ ਦੀ ਬੋਲਦੀ, ਮੈਂ ਇੱਕ ਸੁਪਨੇ ਲਈ ਸਤਾ।
ਵੇਖੀ ਖੁਲ੍ਹੇ ਝਾਟੇ ਡੂਮਣੀ, ਵਿਹੜੇ ਵਿੱਚ ਰਹੀ ਕੁਰਲਾ਼

ਵੇ ਕਿਤੇ ਕੱਠੀਆਂ ਕਰ ਕੇ ਲੱਕੜਾਂ, ਲੋਕੀ ਰਹੇ ਢੇਰੀਆਂ ਲਾ।
ਸਾਡੇ ਘਰ ਵਿੱਚ ਆਵਣ ਤੀਵੀਂਆਂ,ਪੁੱਤਾ ਸਿਰ ਦੇ ਵਾਲ ਖਿੰਡਾ।

ਵੇ ਕੋਈ ਬਹਿ ਕੇ ਥਲੇ ਬ੍ਰਿਛ ਦੇ,ਉੱਚੀ ਰਹੀ ਕੀਰਨੇਂ ਪਾ।
ਵੇ ਤੂੰ ਛੱਡ ਦੇ ਅੜੀਆਂ ਮਿਰਜ਼ਿਆ,ਮੇਰਾ ਚਿੱਤ ਰਿਹਾ ਘਬਰਾ।

ਬੁਰੀ ਸਿਆਲਾਂ ਦੀਆਂ ਨਾਰੀਆਂ,ਦਿੰਦਿਆਂ ਆਸ਼ਕਾਂ ਨੂੰ ਮਰਵਾ।
ਵੇ ਨਾ ਕਰਕੇ ਕੌਲ ਨਿਭਾਉਂਦੀਆਂ,ਜਾਵਣ ਮੁਕਰ ਕਸਮਾਂ ਖਾ।

ਓਧਰ ਜੰਝ ਚੰਧੜਾਂ ਦੀ ਆਵਣੀ,ਪੜਨਾਂ ਸਹਿਬਾਂ ਕੱਲ੍ਹ ਨਿਕਾਹ।
ਤੇਰੇ ਮੂਹਰੇ ਕਟਕ ਜੇ ਚੜ੍ਹ ਗਿਆ,ਜੱਟਾ ਇੱਕ ਨਹੀਂ ਚੱਲਣੀ ਵਾਹ।

ਪਿੱਛੇ ਮੁੜਜਾ ਮੰਨ ਲੈ ਮੇਰੀਆਂ,ਨਾ ਪੈ ਸਿਆਲਾਂ ਦੇ ਰਾਹ।
ਜਿਹੜਾ ਗੱਲ ਮਾਵਾਂ ਦੀ ਮੋੜਦਾ,ਲੈਂਦਾ ਰੱਬ ਵੀ ਮੁੱਖ ਘੁਮਾ।

ਯਾਰੋ ਅੱਗਿਓਂ ਮਿਰਜ਼ਾ ਬੋਲਦਾ,ਮਾਏ ਸੁਪਨੇ ਸੱਚ ਨਾ ਹੋਣ।
ਸੁਪਨੇ ਵਿੱਚ ਜੇ ਕੋਈ ਮਰ ਜਾਵੇ,ਓਥੇ ਕਦੋ ਮਕਾਣਾਂ ਆਉਣ।

ਸੁਪਨੇ ਵਿੱਚ ਰੋਟੀਆਂ ਖਾਧੀਆਂ,ਨਾਹੀਂ ਭੁੱਖਾਂ ਕਦੇ ਮਿਟਾਉਣ ।
ਮਾਏ ਸੁਪਨੇ ਵਾਲ਼ੀ ਸੇਜ ਤੇ ,ਲੋਕੀ ਕਦ ਦਿਨ ਦੇ ਵਿੱਚ ਸੋਣ।

ਸੁਪਨੇ ਵਿੱਚ ਪੈਦਾ ਹੋਏ ਪੁੱਤ ਨੂੰ, ਦੱਸਦੇ ਗੋਦ ਖਲ੍ਹਾਵੇ ਕੌਣ।
ਵਹਿਮ ਮਨਾਂ ਵਿੱਚ ਪਾਲਦੇ,ਸੀਸਾ ਸੱਚ ਨਹੀਂ ਦਿਖਾਉਣ।

ਮਾਏ ਰੋਕ ਨਾ ਮਿਰਜ਼ੇ ਜੱਟ ਨੂੰ,ਜਾਊ ਕਿਸਮਤ ਨੂੰ ਅਜ਼ਮਾਉਣ।
“ਕਾਮੀ ਵਾਲਾ” ਪਿੱਛੇ ਨਾਂ ਮੁੜੇ,ਚੱਲਿਆ ਸਹਿਬਾਂ ਅੱਜ ਵਿਆਉਣ।

ਸੁਕਰ ਦੀਨ
ਕਾਮੀ ਖੁਰਦ
9592384393

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੰਗਾਂ ਦੀ ਮਹਿਫ਼ਲ
Next articleਗ਼ਜ਼ਲ