ਅਰਵਿੰਦ ਖੰਨਾ, ਕੰਵਰਵੀਰ ਟੌਹੜਾ ਤੇ ਗੁਰਦੀਪ ਗੋਸ਼ਾ ਭਾਜਪਾ ’ਚ ਸ਼ਾਮਲ

ਨਵੀਂ ਦਿੱਲੀ (ਸਮਾਜ ਵੀਕਲੀ):  ਭਾਜਪਾ ਵੱਲੋਂ ਸਿੱਖ ਚਿਹਰਿਆਂ ਨੂੰ ਪਾਰਟੀ ’ਚ ਸ਼ਾਮਲ ਕਰਨ ਦਾ ਰੁਝਾਨ ਬੇਰੋਕ ਜਾਰੀ ਹੈ। ਭਾਜਪਾ ਨੇ ਅੱਜ ਸੰਗਰੂਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਰਵਿੰਦ ਖੰਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤੇ ਕੰਵਰਵੀਰ ਸਿੰਘ ਟੌਹੜਾ ਅਤੇ ਲੁਧਿਆਣਾ ਤੋਂ ਯੂਥ ਅਕਾਲੀ ਆਗੂ ਗੁਰਦੀਪ ਗੋਸ਼ਾ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ। ਭਾਜਪਾ ਦੇ ਪੰਜਾਬ ਚੋਣ ਇੰਚਾਰਜ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਪੰਜਾਬ ਇੰਚਾਰਜ ਦੁਸ਼ਯੰਤ ਗੌਤਮ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ।

ਸ਼ੇਖਾਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਜਵੀਜ਼ਤ ਫ਼ਿਰੋਜ਼ਪੁਰ ਰੈਲੀ ਦਾ ਨਾ ਹੋਣਾ ਅਫਸੋਸਨਾਕ ਸੀ। ਉਨ੍ਹਾਂ ਕਿਹਾ ਕਿ 5 ਜਨਵਰੀ ਲਈ ਤਜਵੀਜ਼ਤ ਇਸ ਰੈਲੀ ਵਿੱਚ ਵੱਡੀ ਗਿਣਤੀ ਲੋਕਾਂ ਨੇ ਸ਼ਾਮਲ ਹੋਣਾ ਸੀ ਤੇ ਇਸ ਲਈ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਤੋਂ ਵੀ ਬੱਸਾਂ ਮੰਗਵਾਉਣੀਆਂ ਪਈਆਂ ਸਨ। ਉਨ੍ਹਾਂ ਕਿਹਾ ਕਿ ਖ਼ਰਾਬ ਮੌਸਮ ਦੇ ਬਾਵਜੂਦ ਲੱਖਾਂ ਲੋਕ ਰੈਲੀ ਲਈ ਘਰੋਂ ਬਾਹਰ ਨਿਕਲੇ, ਪਰ ਰਾਜਸੀ ਕਾਰਕੁਨਾਂ, ਪੁਲੀਸ ਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰੋਕਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਸੈਨੀਵਾਲਾ ਵਿਖੇ ਕੌਮੀ ਸ਼ਹੀਦੀ ਯਾਦਗਾਰ ’ਤੇ ਵੀ ਨਹੀਂ ਜਾਣ ਦਿੱਤਾ ਗਿਆ ਤੇ ਪੰਜਾਬ ਨੂੰ ਕਰੋੜਾਂ ਰੁਪਏ ਦੀਆਂ ਯੋਜਨਾਵਾਂ ਤੋਂ ਮਹਿਰੂਮ ਕਰ ਦਿੱਤਾ ਗਿਆ। ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਜਪਾ ਪੰਜਾਬ ਨੂੰ ਲੈ ਕੇ ਫ਼ਿਕਰਮੰਦ ਹੈ। ਉਕਤ ਸਿੱਖ ਆਗੂਆਂ ਦੀ ਭਾਜਪਾ ’ਚ ਸ਼ਮੂਲੀਅਤ ਪਿੱਛੇ ਮਨਜਿੰਦਰ ਸਿੰਘ ਸਿਰਸਾ ਦੀ ਵੀ ਅਹਿਮ ਭੂਮਿਕਾ ਦੱਸੀ ਜਾ ਰਹੀ ਹੈ।

ਭਾਜਪਾ ਵਿੱਚ ਸ਼ਾਮਲ ਹੋਏ ਅਰਵਿੰਦ ਖੰਨਾ ਕਾਂਗਰਸ ਦੀ ਟਿਕਟ ’ਤੇ ਦੋ ਵਾਰ ਸੰਗਰੂਰ ਤੋਂ ਵਿਧਾਇਕ ਰਹਿ ਚੁੱਕੇ ਹਨ। ਉਹ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ। ਭਾਜਪਾ ਵਿੱਚ ਸ਼ਾਮਲ ਹੋਏ ਕਰਨਵੀਰ ਟੌਹੜਾ ਦੇ ਨਾਨਾ ਗੁਰਚਰਨ ਸਿੰਘ ਟੌਹੜਾ ਪੰਜਾਬ ਦੇ ਸਿਆਸੀ ਆਗੂ ਰਹੇ ਹਨ। ਉਹ 27 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਪ੍ਰਧਾਨ ਰਹੇ। ਹਰਮੇਲ ਸਿੰਘ ਟੌਹੜਾ ਵੀ ਅਕਾਲੀ ਸਿਆਸਤ ਦਾ ਚਰਚਿਤ ਚਿਹਰਾ ਰਹੇ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਵੱਲੋਂ ਪੰਥਕ ਪਰਿਵਾਰ ’ਚ ਸੰਨ੍ਹ
Next articleਕੇਸ਼ਵ ਮੌਰਿਆ ਨੇ ਧਰਮ ਸੰਸਦ ਬਾਰੇ ਸੁਆਲ ਪੁੱਛਣ ਉੱਤੇ ਇੰਟਰਵਿਊ ਵਿਚਾਲੇ ਛੱਡੀ