ਭਾਜਪਾ ‘ਰਾਸ਼ਟਰ ਭਗਤੀ’ ਅਤੇ ਵਿਰੋਧੀ ‘ਪਰਿਵਾਰ ਭਗਤੀ’ ਨੂੰ ਸਮਰਪਿਤ: ਮੋਦੀ

ਨਵੀਂ ਦਿੱਲੀ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜ਼ੋਰ ਦੇ ਕੇ ਆਖਿਆ ਕਿ ਭਾਜਪਾ ‘ਰਾਸ਼ਟਰ ਭਗਤੀ’ ਨੂੰ ਸਮਰਪਿਤ ਹੈ ਜਦੋਂਕਿ ਇਸ ਦੇ ਵਿਰੋਧੀ ‘ਪਰਿਵਾਰ ਭਗਤੀ’ ਵਿੱਚ ਯਕੀਨ ਰੱਖਦੇ ਹਨ। ਸ੍ਰੀ ਮੋਦੀ ਨੇ ਕਿਹਾ ਕਿ ਹੌਲੀ-ਹੌਲੀ ਲੋਕਾਂ ਨੂੰ ਇਹ ਅਹਿਸਾਸ ਹੋਣ ਲੱਗਾ ਹੈ ਕਿ ਪਰਿਵਾਰਵਾਦੀ ਪਾਰਟੀਆਂ ਜਮਹੂਰੀਅਤ ਦੀਆਂ ‘ਸਭ ਤੋਂ ਵੱਡੀਆਂ ਦੁਸ਼ਮਣ’ ਹਨ।

ਭਾਜਪਾ ਦੇ 42ਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਮੈਂਬਰਾਂ ਨੂੰ ਵਰਚੁਅਲੀ ਸੰਬੋਧਨ ਕਰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਵੰਸ਼ਵਾਦੀ ਪਾਰਟੀਆਂ ਪਰਿਵਾਰ ਦੀ ਸੱਤਾ ਨੂੰ ਸਮਰਪਿਤ ਹਨ। ਸੰਵਿਧਾਨਕ ਨੇਮਾਂ ਪ੍ਰਤੀ ਉਨ੍ਹਾਂ ਵਿੱਚ ਭੋਰਾ ਵੀ ਸਤਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵੰਸ਼ਵਾਦੀ ਵੱਖ ਵੱਖ ਰਾਜਾਂ ਵਿੱਚ ਸਰਗਰਮ ਹੋਣ ਦੇ ਬਾਵਜੂਦ ਇਕ ਦੂਜੇ ਵੱਲੋਂ ਕੀਤੇ ਭ੍ਰਿਸ਼ਟਾਚਾਰ ਤੇ ਬੁਰੇ ਕੰਮਾਂ ’ਤੇ ਪਰਦਾ ਪਾਉਂਦੇ ਹਨ। ਸ੍ਰੀ ਮੋਦੀ ਨੇ ਰੂਸ ਵੱਲੋਂ ਯੂਕਰੇਨ ’ਤੇ ਕੀਤੇ ਹਮਲੇ ਮਗਰੋਂ ਬਣੇ ਭੂ-ਸਿਆਸੀ ਹਾਲਾਤ ਦੇ ਹਵਾਲੇ ਨਾਲ ਕਿਹਾ ਕਿ ਹੁਣ ਜਦੋਂ ਪੂਰਾ ਵਿਸ਼ਵ ਦੋ ਧਿਰਾਂ ਵਿੱਚ ਵੰਡਿਆ ਗਿਆ ਹੈ, ਭਾਰਤ ਕਿਸੇ ਵੀ ਪੇਸ਼ਕਦਮੀ ਤੋਂ ਪਹਿਲਾਂ ਆਪਣੇ ਕੌਮੀ ਹਿੱਤਾਂ ਨੂੰ ਸਿਖਰਲੀ ਤਰਜੀਹ ਦਿੰਦਾ ਹੈ। ਸ੍ਰੀ ਮੋਦੀ ਨੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨੇ ਉੱਤੇ ਲੈਂਦੇ ਹੋਏ ਕਿਹਾ ਕਿ ਜਦੋਂ ਇਹ ਪਾਰਟੀਆਂ ਕੌਮੀ ਪੱਧਰ ’ਤੇ ਸਰਗਰਮ ਹੁੰਦੀਆਂ ਹਨ ਜਾਂ ਫਿਰ ਰਾਜਾਂ ਵਿੱਚ ਸਰਕਾਰ ਬਣਾਉਂਦੀਆਂ ਹਨ, ਤਾਂ ਕੁਝ ਪਰਿਵਾਰਾਂ ਦੇ ਮੈਂਬਰ ਸਥਾਨਕ ਨਿਗਮਾਂ ਤੋਂ ਲੈ ਕੇ ਸੰਸਦ ਤੱਕ ਹਾਵੀ ਹੋਣ ਲੱਗਦੇ ਹਨ।

ਉਨ੍ਹਾਂ ਕਿਹਾ ਕਿ ਸਿਰਫ਼ ਭਾਜਪਾ ਨੇ ਅਜਿਹੀਆਂ ਪਾਰਟੀਆਂ ਨੂੰ ਚੁਣੌਤੀ ਦਿੱਤੀ ਤੇ ਪਰਿਵਾਰਵਾਦ ਨੂੰ ਚੋਣ ਮੁੱਦਾ ਬਣਾਇਆ। ਉਨ੍ਹਾਂ ਬਿਨਾਂ ਕਿਸੇ ਪਾਰਟੀ ਦਾ ਨਾਂ ਲੈਂਦਿਆਂ ਕਿਹਾ ਕਿ ਜਮਹੂਰੀ ਕਦਰਾਂ ਕੀਮਤਾਂ ਦਾ ਪੱਲਾ ਫੜੀ ਭਾਜਪਾ ਵਰਕਰ ਇਨ੍ਹਾਂ ਪਾਰਟੀਆਂ ਵੱਲੋਂ ਕੀਤੇ ਜਾਂਦੇ ‘ਅਨਿਆਂ’ ਤੇ ‘ਜ਼ੁਲਮਾਂ’ ਖਿਲਾਫ਼ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਜਮਹੂਰੀਅਤ ਵਿਰੋਧੀ ਤਾਕਤਾਂ ਨੂੰ ਭਾਂਜ ਦੇਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਬਿਨਾਂ ਕਿਸੇ ਪੱਖਪਾਤ ਦੇ ਭਲਾਈ ਸਕੀਮਾਂ ਚਲਾਈਆਂ। ਉਨ੍ਹਾਂ ਪੱਖਪਾਤ ਤੇ ਭ੍ਰਿਸ਼ਟਾਚਾਰ ਨੂੰ ਵੋਟ ਬੈਂਕ ਸਿਆਸਤ ਦੇ ‘ਸਾਈਡ ਇਫੈਕਟ’ ਦੱਸਿਆ। ਉਨ੍ਹਾਂ ਕਿਹਾ ਕਿ ਭਾਜਪਾ ਲਈ ਰਾਜਨੀਤੀ ਤੇ ਰਾਸ਼ਟਰਨੀਤੀ ਇਕੋ ਚੀਜ਼ ਹੈ ਤੇ ਇਨ੍ਹਾਂ ਨੂੰ ਅੱਡ ਨਹੀਂ ਕੀਤਾ ਜਾ ਸਕਦਾ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਰੀਸ ਨੇ ਰੂਸ ਦੇ 12 ਰਾਜਦੂਤਾਂ ਨੂੰ ਕੱਢਿਆ
Next articleਚੀਨ ਨੇ ਬੂਚਾ ਸ਼ਹਿਰ ’ਚ ਹੋਈਆਂ ਮੌਤਾਂ ਦੀ ਜਾਂਚ ਮੰਗੀ