ਫਗਵਾੜਾ (ਸਮਾਜ ਵੀਕਲੀ): ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਜੇਲ੍ਹ ਭੇਜਣ ਲਈ ਭਾਜਪਾ ਤੇ ਕੇਜਰੀਵਾਲ ਨੇ ਸਾਜ਼ਿਸ਼ ਰਚੀ ਹੈ, ਜਿਸ ਦਾ ਅਸਲ ਚਿਹਰਾ ਛੇਤੀ ਹੀ ਲੋਕਾਂ ਦੇ ਸਾਹਮਣੇ ਆ ਜਾਵੇਗਾ ਅਤੇ ਏਡੀ ਨੂੰ ਵੀ ਉਨ੍ਹਾਂ ਦੇ ਕੇਸ ਵਿੱਚ ਸ਼ਰਮਿੰਦਗੀ ਝੱਲਣੀ ਪਵੇਗੀ।
ਜੇਲ੍ਹ ਦੀ ਰਿਹਾਈ ਤੋਂ ਬਾਅਦ ਇੱਥੇ ਪੁੱਜਣ ’ਤੇ ਕਾਂਗਰਸੀ ਆਗੂਆਂ ਨੇ ਅੱਜ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਜੋ ਉਨ੍ਹਾਂ ਸਰਗਰਮ ਭੂਮਿਕਾ ਨਿਭਾਈ ਹੈ, ਇਹ ਉਸ ਦਾ ਹੀ ਨਤੀਜਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਿਹੜੇ ਸੂਬਿਆਂ ’ਚ ਚੋਣਾਂ ਹੁੰਦੀਆਂ ਹਨ ਉੱਥੇ ਭਾਜਪਾ ਆਪਣੇ ਵਿਰੋਧੀਆਂ ਖ਼ਿਲਾਫ਼ ਅਜਿਹੇ ਹੀ ਹੱਥਕੰਡੇ ਵਰਤਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਵਿਰੋਧੀ ਧਿਰ ਦੇ ਆਗੂ ਸਨ, ਉਦੋਂ ਕੇਜਰੀਵਾਲ ਨੇ ਚੰਦਾ ਇਕੱਠਾ ਕਰਨ ਲਈ ਉਨ੍ਹਾਂ ਨੂੰ ਤੇ ਸੰਜੈ ਸਿੰਘ ਨੂੰ ਅਮਰੀਕਾ ਭੇਜਿਆ ਸੀ ਅਤੇ ਉਥੇ ਹੋਏ ਇਕੱਠ ਦੌਰਾਨ ਲੋਕਾਂ ਨੇ ਆਨਲਾਈਨ ਚੰਦਾ ਭੇਜਿਆ ਸੀ। ਖਹਿਰਾ ਨੇ ਦੱਸਿਆ ਕਿ ਇਸ ਚੰਦੇ ਦਾ ਮੁੱਦਾ ਵੀ ਈਡੀ ਦੇ ਕੇਸ ’ਚ ਸ਼ਾਮਲ ਕੀਤਾ ਗਿਆ ਸੀ, ਪਰ ਉਨ੍ਹਾਂ ਦੋਸ਼ ਲਾਇਆ ਕਿ ਇਸ ਸਬੰਧੀ ਕੇਜਰੀਵਾਲ ਨੇ ਪਾਰਟੀ ਆਗੂ ਪੰਕਜ ਗੁਪਤਾ ਤੋਂ ਇਹ ਬਿਆਨ ਦਿਵਾਇਆ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਚੰਦਾ ਇਕੱਠਾ ਕਰਨ ਲਈ ਭੇਜਿਆ ਹੀ ਨਹੀਂ ਗਿਆ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਭੁੱਲਰ ਦੀ ਫ਼ਾਈਲ ਕੇਜਰੀਵਾਲ ਨੇ ਜਾਣ-ਬੁਝ ਕੇ ਦੱਬੀ ਹੋਈ ਹੈ, ਜਿਸ ਨੂੰ ਰਿਹਾਅ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਆਪਣੀ ਸਜ਼ਾ ਭੁਗਤ ਚੁੱਕਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly