ਏਹੁ ਹਮਾਰਾ ਜੀਵਣਾ ਹੈ -509

ਬਰਜਿੰਦਰ-ਕੌਰ-ਬਿਸਰਾਓ-

(ਸਮਾਜ ਵੀਕਲੀ)-  ਚੰਦ ਕੌਰ ਦੇ ਉੱਪਰੋ ਥਲੀ ਚਾਰ ਪੁੱਤਰ ਹੋਏ। ਵੱਡਾ ਅੱਠ ਜਮਾਤਾਂ ਪੜ੍ਹ ਕੇ ਪਿਓ ਨਾਲ ਖੇਤੀ ਕਰਨ ਲੱਗ ਪਿਆ,ਦੂਜਾ ਵੀ ਸੱਤ ਅੱਠ ਪੜ੍ਹ ਕੇ ਖੇਤੀ ਵਿੱਚ ਲੱਗ ਗਿਆ,ਤੀਜਾ ਤੇ ਚੌਥਾ ਹਜੇ ਛੋਟੇ ਸਨ,ਉਹ ਸਕੂਲ ਪੜ੍ਹਦੇ ਸਨ। ਵੱਡੇ ਮੁੰਡੇ ਨੂੰ ਪਿਓ ਨਾਲ ਕੰਮ ਕਰਦਾ ਦੇਖ ਕੇ ਸ਼ਰੀਕੇ ਵਿੱਚੋਂ ਹੀ ਕਿਸੇ ਨੇ ਰਿਸ਼ਤਾ ਕਰਵਾ ਦਿੱਤਾ, ਹਜੇ ਬੀਹਵਾਂ ਸਾਲ ਲੱਗਿਆ ਈ ਸੀ ਕਿ ਵਿਆਹ ਕਰ ਲਿਆ। ਕੁੜੀ ਵਾਲੇ ਵੀ ਕਬੀਲਦਾਰ ਸਨ , ਉਹਨਾਂ ਦੇ ਵੀ ਚਾਰ ਕੁੜੀਆਂ ਸਨ,ਇਸ ਕਰਕੇ ਇੱਕੋ ਜਿਹਾ ਮੇਲ਼ ਖਾਂਦੇ ਰਿਸ਼ਤੇਦਾਰ ਮਿਲ ਗਏ,ਹੋਰ ਕੀ ਚਾਹੀਦਾ ਸੀ। ਕੁੜੀ ਵੀ ਵਧੀਆ ਘਰ ਦਾ ਸਾਰਾ ਕੰਮਕਾਰ ਕਰਨ ਵਾਲੀ ਸੀ,ਐਨੀ ਸਿਆਣੀ ਸੀ ਕਿ ਆਉਂਦੀ ਨੇ ਚੰਦ ਕੌਰ ਦੀ ਅੱਧੀ ਜ਼ਿੰਮੇਵਾਰੀ ਸਾਂਭ ਲਈ ਸੀ।

              ਚੰਦ ਕੌਰ ਦੀ ਨੂੰਹ ਦੀ ,ਉਸ ਤੋਂ ਛੋਟੀ ਭੈਣ ,ਉਹਨਾਂ ਦੇ ਨਾਲ਼ ਦੇ ਪਿੰਡ ਹੀ ਮੰਗੀ ਹੋਈ ਸੀ। ਸਾਲ ਬਾਅਦ ਓਹਦਾ ਵਿਆਹ ਆ ਗਿਆ। ਚੰਦ ਕੌਰ ਨੇ ਆਪਣੀ ਨੂੰਹ ਨੂੰ ਪੰਦਰਾਂ ਦਿਨ ਪਹਿਲਾਂ ਹੀ ਪੇਕੇ ਵਿਆਹ ਵਾਲਾ ਘਰ ਹੋਣ ਕਰਕੇ,ਮਾਂ ਨਾਲ ਕੰਮਾਂ ਵਿੱਚ ਹੱਥ ਵਟਾਉਣ ਲਈ ਭੇਜ ਦਿੱਤੀ। ਇਹਨਾਂ ਨੇ ਦੋ ਦਿਨ ਪਹਿਲਾਂ ਜਾਣਾ ਸੀ। ਚੰਦ ਕੌਰ ਦੇ ਕੁੜਮਾਂ ਦੇ ਵਿਆਹ ਤੋਂ ਪੰਜ ਦਿਨ ਪਹਿਲਾਂ ਭੱਠੀ ਚੜ੍ਹੀ ਹੋਈ ਸੀ ਕਿ ਉਹਨਾਂ ਦੀ ਮੁੰਡੇ ਵਾਲਿਆਂ ਨਾਲ ਮੰਨ – ਮਨੌਤਾਂ ਪਿੱਛੇ ਜਾਂ ਲੈਣ ਦੇਣ ਪਿੱਛੇ ਰਿਸ਼ਤੇ ਵਿੱਚ ਗੜਬੜ ਹੋ ਗਈ। ਵਿਆਹ ਤੋਂ ਦੋ ਦਿਨ ਪਹਿਲਾਂ ਰਿਸ਼ਤਾ ਟੁੱਟ ਗਿਆ। ਮੇਲ਼ ਘਰ ਵਿੱਚ ਬੈਠਾ ਸੀ। ਚੰਦ ਕੌਰ ਨੇ ਕਿਹਾ,” ਇਹ ਵਿਆਹ ਤਾਂ ਹੋ ਕੇ ਰਹੂ… ਅਸੀਂ ਰਿਸ਼ਤੇਦਾਰ ਮਰ ਗਏ ਹਾਂ… (ਆਪਣੀ ਨੂੰਹ ਵੱਲ ਨੂੰ) …. ਚੱਲ ਕੁੜੇ… ਪਰਸੋਂ ਨੂੰ ਜੰਝ ਲੈ ਕੇ ਆਪਾਂ ਢੁਕਾਂਗੇ….!” ਕੁੜੀ ਵਾਲਿਆਂ ਨੂੰ ਹੋਰ ਕੀ ਚਾਹੀਦਾ ਸੀ…. ਖੜ੍ਹੇ ਪੈਰ ਉਹਨਾਂ ਦੀ ਬੇਜ਼ਤੀ ਹੋਣੋਂ ਬਚ ਗਈ। ਸਾਰਿਆਂ ਦੀ ਰਜ਼ਾਮੰਦੀ ਨਾਲ ਵਿਆਹ ਹੋ ਗਿਆ ਤੇ ਚੰਦ ਕੌਰ ਦੀਆਂ ਨੂੰਹਾਂ  ਦੋਵੇਂ ਭੈਣਾਂ ਆਪਸ ਵਿੱਚ ਪਿਆਰ ਨਾਲ ਘਰ ਦੇ ਕੰਮਕਾਰ ਕਰਦੀਆਂ,ਦੋ ਸਾਲ ਕਦ ਬੀਤ ਗਏ ਪਤਾ ਵੀ ਨਾ ਚੱਲਿਆ।
                 ਚੰਦ ਕੌਰ ਦਾ ਤੀਜਾ ਮੁੰਡਾ ਦਸਵੀਂ ਕਰਕੇ ਕਲਰਕ ਭਰਤੀ ਹੋ ਗਿਆ ਸੀ। ਉਹ ਸ਼ਹਿਰ ਨੌਕਰੀ ਕਰਨ ਜਾਂਦਾ ਸੀ ਪਰ ਸ਼ਾਮ ਨੂੰ ਘਰ ਵਾਪਸ ਆ ਜਾਂਦਾ ਸੀ। ਦੋਹਾਂ ਵਹੁਟੀਆਂ ਦੀ ਤੀਜੀ ਭੈਣ ਨੇ ਵੀ ਦਸਵੀਂ ਪਾਸ ਕਰ ਲਈ ਸੀ।  ਨੌਕਰੀ ਕਰਦਾ ਹੋਣ ਕਰਕੇ ਇੱਕ ਦਿਨ ਗੁਆਂਢੀਆਂ ਦੀ ਬਹੂ ਨੇ ਚੰਦ ਕੌਰ ਨਾਲ਼ ਆਪਣੀ ਭੈਣ ਦੇ ਰਿਸ਼ਤੇ ਦੀ ਗੱਲ ਤੋਰੀ। ਉਸ ਨੇ ਆਪਣੀਆਂ ਦੋਹਾਂ ਵੱਡੀਆਂ ਨੂੰਹਾਂ ਨਾਲ ਸਲਾਹ ਕੀਤੀ ਤਾਂ ਚੰਦ ਕੌਰ ਦੀ ਵੱਡੀ ਨੂੰਹ ਨੇ ਸਾਫ਼ ਸਾਫ਼ ਕਹਿ ਦਿੱਤਾ,”ਬੀਜੀ …. ਜਦ… ਮੁੰਡੇ ਜਿੰਨੀ ਪੜ੍ਹੀ ਹੋਈ ਕੁੜੀ ਘਰ ਬੈਠੀ ਹੈ….. ਤਾਂ ਆਪਾਂ ਰਿਸ਼ਤੇ ਲਈ ਬਾਹਰ ਹੱਥ ਪੈਰ ਕਿਉਂ ਮਾਰੀਏ…?” ਚੰਦ ਕੌਰ ਵੱਡੀ ਨੂੰਹ ਦਾ ਇਸ਼ਾਰਾ ਸਮਝ ਗਈ ਤੇ ਉਸ ਨੂੰ ਆਪਣੀ ਤੀਜੀ ਭੈਣ ਦਾ ਸਾਕ ਲੈਣ ਲਈ ਤੋਰ ਦਿੱਤਾ। ਪੇਕਿਆਂ ਨੇ ਵੀ ਰਿਸ਼ਤਾ ਲੈ ਕੇ ਆਈ ਧੀ ਨੂੰ ਸ਼ਗਨ ਦੇ ਕੇ ਰਿਸ਼ਤਾ ਮਨਜ਼ੂਰ ਕਰਦੇ ਹੋਏ ਤੋਰ ਦਿੱਤਾ। ਪੱਕ – ਠੱਕ ਹੋ ਗਈ….. ਸਾਲ ਬਾਅਦ ਵਿਆਹ ਹੋ ਗਿਆ ਸੀ। ਵੱਡੀਆਂ ਨੂੰਹਾਂ ਦੇ ਵੀ ਸੁੱਖ ਨਾਲ਼ ਇੱਕ ਇੱਕ ਜਵਾਕ ਹੋ ਗਿਆ ਸੀ। ਵਿਹੜਾ ਹਰਿਆ ਭਰਿਆ ਲੱਗਦਾ ਸੀ,ਘਰ ਵਿੱਚ ਸਾਰਿਆਂ ਦਾ ਪਿਆਰ ਹੋਣ ਕਰਕੇ ਰੌਣਕ ਲੱਗੀ ਰਹਿੰਦੀ।
              ਚੰਦ ਕੌਰ ਦੇ ਚੌਥੇ ਮੁੰਡੇ ਨੇ ਬੀ ਏ ਪਾਸ ਕਰ ਲਈ ਸੀ। ਉਹ ਵੀ ਪਿੰਡ ਦੇ ਨੇੜੇ ਈ ਸਕੂਲ ਵਿੱਚ ਪੜਾਉਣ ਜਾਂਦਾ ਸੀ। ਇੱਕ ਦਿਨ ਚੰਦ ਕੌਰ ਦੀਆਂ ਨੂੰਹਾਂ ਦਾ ਭਰਾ ਵੱਡੀ ਕੁੜੀ ਨੂੰ ਪੇਕੇ ਲਿਜਾਣ ਲਈ ਆਇਆ ਕਿਉਂ ਕਿ ਸਾਰਿਆਂ ਤੋਂ ਛੋਟੀ ਕੁੜੀ ਨੂੰ ਵੇਖਣ ਵਾਲਿਆਂ ਨੇ ਆਉਣਾ ਸੀ,ਉਸ ਨੂੰ ਵੀ ਦਸਵੀਂ ਪਾਸ ਕੀਤੀ ਨੂੰ ਦੋ ਤਿੰਨ ਸਾਲ ਹੋ ਗਏ ਸਨ। ਜਦ ਵੱਡੀ ਨੂੰਹ ਨੇ ਆਪਣੀ ਸੱਸ ਨੂੰ ਸਾਰੀ ਗੱਲ ਦੱਸੀ ਤਾਂ ਚੰਦ ਕੌਰ ਨੇ ਆਪਣੀਆਂ ਤਿੰਨੇ ਨੂੰਹਾਂ ਤੇ ਚੌਥਾ ਉਹਨਾਂ ਦਾ ਭਰਾ ਇਕੱਠੇ ਬਿਠਾ ਕੇ ਇਹ ਗੱਲ ਸਾਫ਼ ਸਾਫ਼ ਆਖ ਦਿੱਤੀ,” ਵੇਖੋ ਭਾਈ…… ਮੈਂ ਆਪਣੇ ਛੋਟੇ ਪੁੱਤ ਨਾਲ ਧੱਕਾ ਨੀ ਹੋਣ ਦੇਣਾ …. ਜੇ ਮੇਰੇ ਛੋਟੇ ਪੁੱਤ ਦੇ ਘਰ ਹੁਣ ਕਿਸੇ ਹੋਰ ਘਰ ਦੀ ਕੁੜੀ ਦਾ ਰਿਸ਼ਤਾ ਆ ਗਿਆ….. ਤਾਂ ਤੁਸੀਂ ਤਾਂ ਤਿੰਨਾਂ ਨੇ ਏਕਾ ਕਰ ਲੈਣਾ….. ਤੇ ਮੇਰਾ ਛੋਟਾ ਪੁੱਤ ਤੇ ਨੂੰਹ ਅੱਡ ਇਕੱਲੇ ਰਹਿ ਜਾਇਆ ਕਰਨਗੇ….. ਮੈਨੂੰ ਨੀ ਮਨਜ਼ੂਰ….. ਜਾਓ ! ਜਾ ਕੇ ਚੌਥੀ ਦਾ ਰਿਸ਼ਤਾ ਵੀ ਆਪਣੀ ਝੋਲੀ ਵਿੱਚ ਪਵਾ ਲਿਆ…..!”
ਚੰਦ ਕੌਰ ਨੇ ਆਪਣਾ ਇਹ ਖਰਾ ਜਿਹਾ ਫ਼ੈਸਲਾ ਬਿਨਾ ਝਿਜਕ ਦੇ ਰੋਹਬ ਨਾਲ ਸੁਣਾ ਦਿੱਤਾ। ਵਹੁਟੀਆਂ ਦਾ ਭਰਾ ਆਖਣ ਲੱਗਿਆ,”ਮਾਸੀ ਜੀ…… ਸਾਨੂੰ ਹੋਰ ਕੀ ਚਾਹੀਦਾ….. ਅਸੀਂ ਤਾਂ ਡਰਦਿਆਂ ਨੇ ਰਿਸ਼ਤੇ ਦੀ ਗੱਲ ਨੀ ਸੀ ਤੋਰੀ …. ਬਈ ਮੁੰਡਾ ਵੱਧ ਪੜ੍ਹ ਗਿਆ….. ਤੇ ਤੁਸੀਂ ਰਿਸ਼ਤਾ ਮਨਜ਼ੂਰ ਨੀ ਕਰਨਾ….. ਚਲੋ ਫੇਰ ਆਉਂਦੇ ਨਰਾਤਿਆਂ ਦੀ ਕਰੋ ਤਿਆਰੀ ਵਿਆਹ ਦੀ …..!”
          ਇਸ ਤਰ੍ਹਾਂ ਚੰਦ ਕੌਰ ਦਾ ਚੌਥਾ ਮੁੰਡਾ ਵੀ ਵਿਆਹਿਆ ਗਿਆ। ਚਾਰੇ ਭੈਣਾਂ ਚਾਰ ਭਰਾਵਾਂ ਦੇ ਘਰ ਆਪਸ ਵਿੱਚ ਰਲ਼ ਮਿਲ਼ ਕੇ ਰਹਿੰਦੀਆਂ । ਚਾਹੇ ਰਿਸ਼ਤੇ ਮਜ਼ਬੂਰੀ ਵਿੱਚ ਹੋਏ ਸਨ ਜਾਂ ਮੰਗ ਕੇ ਲਏ ਗਏ ਸਨ, ਪਰ ਸਾਰਿਆਂ ਵਿੱਚ ਐਨਾ ਪਿਆਰ ਸੀ ਕਿ ਚੰਦ ਕੌਰ ਦਾ ਪਰਿਵਾਰ ਸਾਰੇ ਪਿੰਡ ਵਿੱਚ ਰਿਸ਼ਤਿਆਂ ਦੀਆਂ ਪੱਕੀਆਂ ਤੰਦਾਂ ਦੀ ਇੱਕ ਮਿਸਾਲ ਬਣ ਗਿਆ ਸੀ । ਇਹੀ ਕਾਰਨ ਸੀ ਕਿ ਪਹਿਲੇ ਸਮਿਆਂ ਵਿੱਚ ਪਰਿਵਾਰਾਂ ਵਿੱਚ ਆਪਸੀ ਪਿਆਰ ਅਤੇ ਏਕਤਾ ਸਮਾਜ ਵਿੱਚ ਮਿਸਾਲ ਬਣ ਜਾਂਦੀ ਸੀ। ਪੁਰਾਣੇ ਸਭਿਆਚਾਰ ਤੋਂ ਕੁਝ ਨਾ ਕੁਝ ਸਿੱਖਦੇ ਰਹਿਣਾ ਹੀ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਵਲੋਂ ਸਵਿੰਦਰ ਸੰਧੂ ਦਾ ਕਾਵਿ ਸੰਗ੍ਰਹਿ ‘ਸਮੇਂ ਦੀ ਕੈਨਵਸ ‘ਤੇ ਲੋਕ ਅਰਪਣ
Next articleਬਘੇਲਾ ਅਤੇ ਬਾਲੋਕੀ ਵਿਖੇ ਪੰਜਾਬ ਸਰਕਾਰ ਆਪ ਦੇ ਦੁਆਰ  ਕੈਂਪ ਲਗਾਇਆ ਗਿਆ ਕੈਂਪ ਨਿਰੰਤਰ ਜਾਰੀ ਰਹਿਣਗੇ- ਬੀਬੀ ਰਣਜੀਤ ਕੌਰ ਕਾਕੜ ਕਲਾਂ