ਸਿੱਧੂ ਵੱਲੋਂ ਮਜੀਠੀਆ ਨੂੰ ਸਿਰਫ਼ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨ ਦੀ ਚੁਣੌਤੀ

ਅੰਮ੍ਰਿਤਸਰ (ਸਮਾਜ ਵੀਕਲੀ):  ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੇ ਵਿਰੋਧੀ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ’ਤੇ ਪਲਟਵਾਰ ਕਰਦਿਆਂ ਉਸ ਖਿਲਾਫ਼ ਕਈ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਮਜੀਠੀਆ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਸ ਨੂੰ ਹਲਕੇ ਦੇ ਲੋਕਾਂ ’ਤੇ ਇੰਨਾ ਵਿਸ਼ਵਾਸ ਹੈ ਤਾਂ ਫਿਰ ਉਹ ਮਜੀਠਾ ’ਚ ਦਾਖ਼ਲ ਪਰਚੇ ਵਾਪਸ ਲੈ ਲਏ ਅਤੇ ਉਨ੍ਹਾਂ ਖਿਲਾਫ਼ ਇਕੋ ਸੀਟ ਤੋਂ ਚੋਣ ਲੜੇ। ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚੁਣੌਤੀ ਦਿੱਤੀ ਹੈ ਕਿ ਜੇਕਰ ਉਹ ਚੋਣਾਂ ਵਿਚ ਜ਼ੋਰ-ਅਜ਼ਮਾਈ ਕਰਨਾ ਚਾਹੁੰਦੇ ਹਨ ਤਾਂ ਅੰਮ੍ਰਿਤਸਰ ਪੂਰਬੀ ਹਲਕੇ ਵਿਚ ਆ ਕੇ ਉਨ੍ਹਾਂ ਖ਼ਿਲਾਫ਼ ਚੋਣ ਲੜਨ। ਸ੍ਰੀ ਸਿੱਧੂ ਨੇ ਅੱਜ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ।

ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਸਿੱਧੂ ਮਜੀਠੀਆ ਖਿਲਾਫ਼ ਪੂਰੇ ਰੋਹ ਵਿਚ ਦਿਖਾਈ ਦਿੱਤੇ। ਇਸ ਦੌਰਾਨ ਉਨ੍ਹਾਂ ਅਕਾਲੀ ਉਮੀਦਵਾਰ ਖਿਲਾਫ਼ ਅਸੱਭਿਅਕ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ। ਉਨ੍ਹਾਂ ਮਜੀਠੀਆ ਬਾਰੇ ਆਖਿਆ ਕਿ ਉਹ ਨਸ਼ਿਆਂ ਦੇ ਮਾਮਲੇ ਦਾ ਸਾਹਮਣਾ ਕਰ ਰਿਹਾ ਹੈ ਅਤੇ ਆਪਣੀ ਜ਼ਮਾਨਤ ਬਚਾਉਣ ਲਈ ਦਰ-ਦਰ ਭੱਜ ਰਿਹਾ ਹੈ। ‘ਅਜਿਹਾ ਵਿਅਕਤੀ ਮੇਰੇ ਖਿਲਾਫ਼ ਕਿਸ ਆਧਾਰ ’ਤੇ ਬਿਆਨਬਾਜ਼ੀ ਕਰ ਸਕਦਾ ਹੈ।’ ਸੁਮਨ ਤੂਰ ਨਾਂ ਦੀ ਔਰਤ, ਜੋ ਆਪਣੇ ਆਪ ਨੂੰ ਸ੍ਰੀ ਸਿੱਧੂ ਦੀ ਭੈਣ ਦੱਸਦੀ ਹੈ, ਵਲੋਂ ਲਾਏ ਗਏ ਗੰਭੀਰ ਦੋਸ਼ਾਂ ਬਾਰੇ ਉਨ੍ਹਾਂ ਕੁਝ ਵੀ ਕਹਿਣ ਤੋਂ ਗੁਰੇਜ਼ ਕੀਤਾ ਅਤੇ ਕਿਹਾ ਕਿ ਕੁਝ ਲੋਕ ਚੋਣਾਂ ਦੌਰਾਨ ਹੇਠਲੇ ਪੱਧਰ ਦੀ ਰਾਜਨੀਤੀ ’ਤੇ ਉਤਰ ਆਏ ਹਨ। ਉਨ੍ਹਾਂ ਕਿਹਾ ਕਿ ਉਹ ਅਜਿਹੇ ਲੋਕਾਂ ਦੀ ਹੇਠਲੇ ਪੱਧਰ ਦੀ ਹਲਕੀ ਰਾਜਨੀਤੀ ਦੌਰਾਨ ਅਜਿਹੇ ਦੋਸ਼ਾਂ ਦੇ ਜਵਾਬ ਦੇਣ ਲਈ ਲਗਭਗ 35 ਸਾਲ ਪਹਿਲਾਂ ਗੁਜ਼ਰ ਚੁੱਕੀ ਮਾਂ ਦਾ ਜ਼ਿਕਰ ਨਹੀਂ ਕਰਨਗੇ।

ਉਨ੍ਹਾਂ ਕਿਹਾ ਕਿ ਜੋ ਦੋਸ਼ ਲਾਏ ਗਏ ਹਨ, ਉਹ ਸਾਬਤ ਕਰਕੇ ਵੀ ਦਿਖਾਉਣ। ‘ਜੇਕਰ ਉਨ੍ਹਾਂ ਮੇਰੇ ਖਿਲਾਫ਼ ਚੋਣ ਲੜਨੀ ਹੈ ਤਾਂ ਜ਼ਮੀਰ ਵਾਲੇ ਬਣ ਕੇ ਲੜਨ।’ ਬੀਤੇ ਦਿਨੀਂ ਰਾਹੁਲ ਗਾਂਧੀ ਵਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਛੇਤੀ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਇਸ ਐਲਾਨ ਤੋਂ ਬਾਅਦ ਵਿਰੋਧੀ ਪਾਰਟੀਆਂ ਨੂੰ ਭਾਜੜਾਂ ਪੈ ਗਈਆਂ ਹਨ ਅਤੇ ਉਹ ਹਲਕੇ ਪੱਧਰ ਦੀ ਦੂਸ਼ਣਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ,‘‘ਮੇਰੇ 17 ਸਾਲ ਦੇ ਸਿਆਸੀ ਜੀਵਨ ਦੌਰਾਨ ਜੇਕਰ ਮੈਂ ਕੋਈ ਕੁਤਾਹੀ ਕੀਤੀ ਹੁੰਦੀ ਤਾਂ ਵਿਰੋਧੀਆਂ ਨੇ ਕਦੋਂ ਦੀ ਮੇਰੇ ਖਿਲਾਫ਼ ਕਾਰਵਾਈ ਕਰ ਦੇਣੀ ਸੀ। ਪਰ ਮੈਂ ਆਪਣੇ ਸਿਆਸੀ ਜੀਵਨ ਦੌਰਾਨ ਨਾ ਤਾਂ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਕਿਸੇ ਖਿਲਾਫ਼ ਕੇਸ ਦਰਜ ਕਰਾਇਆ ਹੈ, ਨਾ ਕੋਈ ਬਿਜ਼ਨਸ ਕੀਤਾ ਹੈ ਅਤੇ ਨਾ ਹੀ ਬਦਨੀਤੀ ਕੀਤੀ ਹੈ।’’ ਉਨ੍ਹਾਂ ਕਿਹਾ ਕਿ ਸਿੱਧੂ ਇਕ ਵਿਚਾਰਧਾਰਾ ਹੈ ਅਤੇ ਉਸ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਹੈ।

ਅਕਾਲੀ ਉਮੀਦਵਾਰ ’ਤੇ ਰੇਤ, ਸ਼ਰਾਬ, ਭੌਂ ਆਦਿ ਮਾਫੀਆ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਸਾਰੇ ਸਿੱਧੂ ਤੋਂ ਇਸ ਲਈ ਡਰਦੇ ਹਨ ਕਿ ਜੇਕਰ ਉਸ ਦੇ ਹੱਥ ਸਿਆਸਤ ਆ ਗਈ ਤਾਂ ਇਨ੍ਹਾਂ ਦੇ ਮਾੜੇ ਕਾਰੋਬਾਰ ਖ਼ਤਮ ਹੋ ਜਾਣਗੇ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਿਰ ਚੜ੍ਹਿਆ ਕਰਜ਼ਾ ਵੀ ਇਨ੍ਹਾਂ ਸਿਆਸੀ ਆਗੂਆਂ ਦੀ ਜੇਬ ਵਿਚ ਗਿਆ ਹੈ ਅਤੇ ਇਸੇ ਧਨ ਨੂੰ ਮੁੜ ਚੋਣਾਂ ਵਿਚ ਵਰਤਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਯੋਗੇਂਦਰ ਢੀਂਗਰਾ, ਅਸ਼ਵਨੀ ਪੱਪੂ ਅਤੇ ਹੋਰ ਆਗੂ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦਾ ਦੇਹਾਂਤ
Next articleਭਾਜਪਾ ਤੇ ਕੇਜਰੀਵਾਲ ਨੇ ਜੇਲ੍ਹ ਭੇਜਣ ਦੀ ਸਾਜ਼ਿਸ਼ ਰਚੀ: ਖਹਿਰਾ