HOME ਸੁਪਨਿਆਂ ਦਾ ਜਨਮ

ਸੁਪਨਿਆਂ ਦਾ ਜਨਮ

1
ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)   ਹਰ ਇੱਕ ਪਾਰਟੀ ਦੀ ਹਾਈ ਕਮਾਂਡ ਸੂਬੇ ਦੀ ਪਾਰਟੀ ਅਤੇ ਆਪਣੀ ਸਰਕਾਰ ‘ਤੇ ਪੂਰਾ ਦਬਾਅ ਬਣਾ ਕੇ ਰਖਦੀ ਹੈ । ਪਹਿਲਾਂ ਪਹਿਲ ਇਹ ਕੁੱਝ ਘੱਟ ਹੁੰਦਾ ਸੀ , ਹੁਣ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ । ਜਿਹੜਾ ਇਸ ਦਬਾਅ ਦੀ ਪ੍ਰਵਾਹ ਨਹੀਂ ਕਰਦਾ ਉਸ ਹੇਠੋਂ ਅਹੁਦਾ ਰੂਪੀ ਕੁਰਸੀ ਖਿੱਚ ਲਈ ਜਾਂਦੀ ਹੈ ।
ਪਿਛਲੇ ਦਿਨੀਂ ਸਾਡੇ ਸੂਬੇ ਵਿੱਚ ਵੀ ਕੁੱਝ ਅਜਿਹਾ ਹੀ ਵੇਖਣ ਨੂੰ ਮਿਲ ਰਿਹਾ ਸੀ ਅਤੇ ਹੈ । ਭਾਵੇਂ ਧੂੰਆਂ ਅੱਗ ਲੱਗੀ ਤੋਂ ਬਿਨਾਂ ਨਹੀਂ ਨਿੱਕਲਦਾ ਪ੍ਰੰਤੂ ਉਸ ਅੱਗ ਨੂੰ ਭਾਂਬੜ ਤੱਕ ਪਹੁੰਚਾਉਂਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਅਤੇ ਰਹਿੰਦੀ ਖੂੰਹਦੀ ਕਸਰ ਕੁੱਝ ਆਪੇ ਬਣੇ ਪੱਤਰਕਾਰ ਕੱਢੀਂ ਜਾ ਰਹੇ ਹਨ । ਕੱਲ੍ਹ ਸ਼ਾਮ ਤੱਕ ਕੁੱਝ ਇੱਕ ਨੇ ਤਾਂ ਗੱਲ ਏਥੋਂ ਤੱਕ ਪਹੁੰਚਾ ਦਿੱਤੀ ਕਿ ਦੋ ਸੀਨੀਅਰ ਮੰਤਰੀਆਂ ਦੀ ਸਕਿਉਰਟੀ ਵਧਾ ਦਿੱਤੀ ਗਈ ਹੈ , ਜਾਣੀ ਕਿ ਕੁੱਝ ਕਿਹਾ ਵੀ ਨਹੀਂ ਅਤੇ ਸਭ ਕੁੱਝ ਕਹਿ ਵੀ ਦਿੱਤਾ ।
ਏਹੋ ਉਧੇੜ ਬੁਣ ਸੁਣਦਿਆਂ ਰੁਲ਼ਦੂ ਦੀ ਕਦੋਂ ਅੱਖ ਲੱਗ ਗਈ ਉਸ ਨੂੰ ਖ਼ੁਦ ਨੂੰ ਵੀ ਕੋਈ ਪਤਾ ਨਾ ਲੱਗਾ । ਸਵੇਰੇ ਅੰਮ੍ਰਿਤ ਵੇਲੇ਼ ਏਸੇ ਵਿਸ਼ੇ ਬਾਰੇ ਉਸ ਨੂੰ ਇੱਕ ਸੁਪਨਾ ਆਇਆ ਕਿ ਆਪਣਾ ਮੁੱਖ ਮੰਤਰੀ ਬਦਲ ਦਿੱਤਾ ਹੈ । ਉਸ ਨੇ ਸੁਪਨੇ ਵਿੱਚ ਹੀ ਸਾਬਕਾ ਬਣ ਚੁੱਕੇ ਮੁੱਖ ਮੰਤਰੀ ਨੂੰ ਅਫ਼ਸੋਸ ਅਤੇ ਹਮਦਰਦੀ ਦਾ ਮੈਸੇਜ ਭੇਜ ਕੇ ਅਜੇ ਨਵੇਂ ਨੂੰ ਵਧਾਈ ਸੰਦੇਸ਼ ਭੇਜਣ ਹੀ ਲੱਗਾ ਸੀ ਕਿ ਗੁਰੂ ਘਰ ਦੇ ਸਪੀਕਰ ਨੇ ਉਸ ਦਾ ਸੁਪਨਾ ਭੰਗ ਕਰ ਦਿੱਤਾ ।
ਉਸ ਨੇ ਉੱਭੜਵਾਹੇ ਉੱਠ ਕੇ ਆਸੇ ਪਾਸੇ ਵੇਖਿਆ ਅਤੇ ਟੈਲੀਵਿਜ਼ਨ ਲਗਾ ਲਿਆ । ਖ਼ਬਰ ਚੱਲ ਰਹੀ ਸੀ ਕਿ ” ਮੁੱਖ ਮੰਤਰੀ ਦੀ ਸਿਹਤ ਵਿੱਚ ਸੁਧਾਰ ” । ਰੁਲ਼ਦੂ ਨੇ ਝੱਟ ਟੀ.ਵੀ ਬੰਦ ਕੀਤਾ ਅਤੇ ਕਲਮ ਚੁੱਕ ਲਈ ।
ਰੁਲ਼ਦੂ ਨੂੰ ਰਾਤੀਂ ਸੁਪਨਾ ਆਇਆ ,
ਕਿ ਮੁੱਖ ਮੰਤਰੀ ਬਦਲ ਗਿਆ ।
ਕਹਿੰਦੇ ਤੂੰ ਤਾਂ ਕਰ ਲਈ ਵਥੇਰੀ ,
ਹੁਣ ਬਹਿ ਕੇ ਰੱਬ ਦਾ ਨਾਮ ਧਿਆ ।
ਪਿਛਲੇ ਨੂੰ ਅਫ਼ਸੋਸ ਭੇਜ ਅਜੇ ,
ਨਵੇਂ ਨੂੰ ਵਧਾਈ ਭੇਜਣੀ ਹੀ ਸੀ ;
ਗੁਰੂ ਘਰ ਦੇ ਪਾਠੀ ਬੋਲਣ ਨਾਲ਼ ,
ਰੁਲ਼ਦੂ ਬਾਬਾ ਸੀ ਜਾਗ ਪਿਆ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭੁਲੱਥ ਕਬੱਡੀ ਕਲੱਬ ਨੇ ਵੱਡੇ ਪੱਧਰ ਤੇ ਹੜ੍ਹ ਪੀੜਤਾ ਦੀ ਕੀਤੀ ਮਦਦ
Next articleਡੇਰਾ ਸਚਖੰਡ ਬੱਲਾਂ ਵੱਲੋਂ ਹੜ੍ਹ ਪੀੜਤਾਂ ਲਈ ਲੰਗਰ ਸੇਵਾ