ਬੀਂਬੜ ਪਿੰਡ ਨੇ ਕੀਤੀ ਵਿਲੱਖਣ ਪਹਿਲ : ਕਰਮ ਸਿੰਘ ਜ਼ਖ਼ਮੀ 

ਭਵਾਨੀਗੜ੍ਹ   (ਸਮਾਜ ਵੀਕਲੀ)   (ਰਮੇਸ਼ਵਰ ਸਿੰਘ) ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ (ਕੁ) ਕਾਖੜਾ ਰੋਡ ਭਵਾਨੀਗੜ੍ਹ ਵਿਖੇ ਡਾ. ਭੀਮ ਰਾਓ ਅੰਬੇਡਕਰ ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਨੇ ਕੀਤੀ। ਮੰਚ ਦੇ ਸਰਪ੍ਰਸਤ ਸ ਚਰਨ ਸਿੰਘ ਚੋਪੜਾ ਵੱਲੋਂ ਆਏ ਸ਼ਾਇਰਾਂ ਲੇਖਕਾਂ ਪਾਠਕਾਂ ਸਰੋਤਿਆਂ ਅਤੇ ਸਨਮਾਨਿਤ ਸ਼ਖ਼ਸੀਅਤਾਂ ਨੂੰ ਜੀ ਆਇਆਂ ਨੂੰ ਕਿਹਾ। ਇਸ ਮੌਕੇ ਭਵਾਨੀਗੜ੍ਹ ਦੇ ਨੇੜਲੇ ਪਿੰਡ ਬੀਂਬੜ ਦੇ ਸੂਝਵਾਨ ਸਰਪੰਚ ਸ. ਗੁਰਪ੍ਰੀਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਪੰਚ ਧਰਮਿੰਦਰ ਸਿੰਘ, ਪੰਚ  ਪਰਮਿੰਦਰ ਸਿੰਘ, ਦਿਲਬਾਗ਼ ਸਿੰਘ ਫੌਜੀ ਅਤੇ ਰਜਿੰਦਰ ਕੌਰ ਵੱਲੋਂ ਆਪਣੇ ਪਿੰਡ ਬੀਂਬੜ ਵਿੱਚ ਦੋ ਸ਼ਮਸ਼ਾਨ ਘਾਟਾਂ ਦੀ ਥਾਂ ਤੇ ਇੱਕੋ ਸ਼ਮਸ਼ਾਨ ਘਾਟ ਵਿੱਚ ਅੰਤਿਮ ਰਸਮਾਂ ਨਿਭਾਉਣ ਲਈ ਆਪਣੇ ਪਿੰਡ ਵਾਸੀਆਂ ਨੂੰ ਰਾਜ਼ੀ ਕਰ ਲੈਣ ਲਈ ਸਨਮਾਨਿਤ ਕੀਤਾ ਗਿਆ। ਭਾਈਚਾਰਕ ਏਕਤਾ ਦੀ ਇਸ ਵੱਖਰੀ ਅਤੇ ਵਿਲੱਖਣ ਪਹਿਲ ਲਈ ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਨੇ ਉਨ੍ਹਾਂ ਨੂੰ ਉਚੇਚੇ ਤੌਰ ਤੇ ਵਧਾਈ ਦਿੰਦਿਆਂ ਕਿਹਾ ਕਿ ਤੁਸੀਂ ਹੋਰ ਪਿੰਡਾਂ ਲਈ ਵੀ ਇੱਕ ਮਿਸਾਲ ਕਾਇਮ ਕੀਤੀ ਹੈ ਅਤੇ ਅਜਿਹੀਆਂ ਹੋਰ ਉਸਾਰੂ ਪਹਿਲਕਦਮੀਆਂ ਦੀ ਅਜੋਕੇ ਸਮੇਂ ਵਿੱਚ ਬਹੁਤ ਲੋੜ ਹੈ। ਇਸ ਮੌਕੇ ਹਾਜ਼ਰ ਹੋਏ ਖ਼ੋਜੀ ਸ਼ਾਇਰ ਸ. ਜੰਗ ਸਿੰਘ ਫੱਟੜ ਨੇ ਪੰਜਾਬੀ ਭਾਸ਼ਾ ਦੀ ਲਿਪੀ ਨੂੰ ਹੋਰ ਵਿਗਿਆਨਿਕ ਅਤੇ ਤਾਕਤਵਰ ਬਣਾਉਣ ਲਈ ਵਿਸਥਾਰ ਵਿੱਚ ਆਪਣਾ ਖ਼ੋਜ ਪੱਤਰ ਪੜ੍ਹਿਆ। ਸਨਮਾਨ ਸਮਾਗਮ ਵਿੱਚ ਇਲਾਕੇ ਦੇ ਉੱਘੇ ਕਵੀ ਸੰਦੀਪ ਸਿੰਘ ਬਖੋਪੀਰ, ਸ਼ਸ਼ੀ ਬਾਲਾ, ਗੁਰਦੀਪ ਸਿੰਘ ਬਖੋਪੀਰ, ਬਲਜੀਤ ਸਿੰਘ ਬਾਂਸਲ ਧੂਰੀ, ਸੁਰਜੀਤ ਸਿੰਘ ਮੌਜੀ, ਹਰਵੀਰ ਸਿੰਘ ਬਾਗ਼ੀ, ਕਪਿਲ ਦੇਵ, ਪਵਨ ਕੁਮਾਰ ਹੋਸੀ, ਸਰਬਜੀਤ ਸੰਗਰੂਰਵੀ, ਉਮੇਸ਼ ਕੁਮਾਰ ਘਈ, ਗੁਰੀ ਚੰਦੜ, ਗੁਰਜੰਟ ਬੀਂਬੜ, ਜਗਤਾਰ ਸਿੰਘ ਨਿਮਾਣਾ, ਵੀਰਇੰਦਰ ਘੰਗਰੌਲੀ ਅਤੇ ਹਾਜ਼ਰ ਹੋਰ ਸ਼ਾਇਰਾਂ ਨੇ ਆਪਣੀਆਂ ਸੱਜਰੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ। ਮੰਚ ਦੇ ਪ੍ਰਧਾਨ ਕੁਲਵੰਤ ਖਨੌਰੀ ਵੱਲੋਂ ਆਏ ਸ਼ਾਇਰਾਂ, ਪਾਠਕਾਂ, ਸਰੋਤਿਆਂ ਅਤੇ ਸਨਮਾਨਿਤ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਵੱਲੋਂ ਸਰਕਾਰ ਦੁਆਰਾ ਪ੍ਰਿੰਸੀਪਲਾਂ ਦੀਆਂ ਪ੍ਰਮੋਸ਼ਨਾਂ ਵਿੱਚ 75-25 ਕੋਟਾ ਬਹਾਲ ਕਰਨ ਤੇ ਤਸੱਲੀ ਪ੍ਰਗਟਾਈ
Next articleਜੈ ਪ੍ਰਤਾਪ ਸੇਵਾ ਸੋਸਾਇਟੀ ਭੇਟਾਂ ਵੱਲੋਂ ਸਵਰਗੀ ਜੈ ਪ੍ਰਤਾਪ ਸਿੱਧੂ ਦੀ ਯਾਦ ਵਿੱਚ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਬੈਗ ਦਿੱਤੇ ਗਏ