ਬਿਗਾਨੀ- ਸ਼ਾਹ

ਜਗਸੀਰ ਸਿੰਘ ਝੁੰਬਾ

(ਸਮਾਜ ਵੀਕਲੀ)

ਕਹਿੰਦੇ ਇੱਕ ਵਾਰ ਇੱਕ ਬੰਦਾ ਗਵਾਂਢੀਆਂ ਦਿਓਂ ਲੱਸੀ ਮੰਗ ਲਿਆਇਆ , ਜਦੋਂ ਲੱਸੀ ਪੀਤੀ ਤਾਂ ਮੁੱਛਾਂ ਲਿਬੜਗੀਆਂ , ਕਹਿੰਦਾ ਯਾਰ, ਲੱਸੀ ਤਾਂ ਰੋਜ਼ ਈ ਪੀਣੀ ਆ ਹੁਣ,ਆਹ, ਮੁੱਛਾਂ ਲਿਬੜਨ ਆਲ਼ਾ ਯੱਬ ਮੁਕਾਈਏ ,ਉਹ ਹਜ਼ਾਮਤ ਆਲ਼ੇ ਕੋਲ਼ ਗਿਆ ਤੇ ਮੁੱਛਾਂ ਘੋਨਮੋਨ ਕਰਾ ਆਇਆ, ਜਦੋਂ ਦੂਜੇ ਦਿਨ ਗੁਆਂਢੀਆਂ ਦੇ ਲੱਸੀ ਲੈਣ ਗਿਆ ਤਾਂ ਉਹ ਆਹਦੇ ,”ਬਈ ਅਸੀਂ ਤਾਂ ਮੱਝ ਵੇਚਤੀ ,ਲੱਸੀ ਤਾਂ ਹੈਨੀ” …! ਕਹਿੰਦੇ ਇੱਥੋਂ ਈ ਕਹਾਵਤ ਬਣ ਗੀ ਬੀ ਬਗਾਨੀ ਸ਼ਾਹ ਤੇ ਮੁੱਛਾਂ ਨੀ ਮਨਾਉਣੀਆਂ ਚਾਹੀਦੀਆਂ ।

ਮੇਰੇ ਇੱਕ ਦੋਸਤ ਨੇ ਗੱਲ ਸੁਣਾਈ ਕਹਿੰਦਾ, “ਕਈ ਸਾਲਾਂ ਦੀ ਗੱਲ ਆ,ਹੋਇਆ ਕੀ ਬੀ ਸਾਡੇ ਗੁਆਂਢੀ ਸਕੂਲ ‘ਚ ਇੱਕ ਪਾਰਟ ਟੈਮ ਦਰਜਾ ਚਾਰ ਕਰਮਚਾਰੀ ਹੁੰਦਾ ਸੀ ,ਬਿੰਦਰ , ਜਿਮੀਦਾਰਾਂਦਾ ਮੁੰਡਾ , ਦਸ ਪੜ੍ਹਿਆ , ਡਿਊਟੀ ਦਾ ਪੂਰਾ ਪਾਬੰਦ, ਉਸ ਨੇ ਆਪਣੀ ਸੈਲਰੀ ‘ਚੋਂ ਅੱਗੇ ਸਾਫ਼- ਸਫ਼ਾਈ ਲਈ ਪਿੰਡ ਦੀ ਹੀ ਇੱਕ ਗ਼ਰੀਬ ਘਰ ਦੀ ਨੂੰਹ ਲਾ ਰੱਖੀ ਸੀ ਤੇ ਆਪ ਉਹ ਜਵਾਕਾਂ ਨੂੰ ਪੜ੍ਹਾਉਂਦਾ ਸੀ, ਕਿਉਂਕਿ ਉਦੋਂ ਮਾਸਟਰਾਂ ਦੀ ਘਾਟ ਸੀ, ਸਕੂਲ ਦੇ ਦੋ ਪੱਕੇ ਮਾਸਟਰ ਉਸ ਨੂੰ ਆਪਸ ‘ ‘ਚੋਂ ਕੱਠੇ ਕਰ ਕੇ ਪੰਦਰ੍ਹਾਂ ਕੁ ਸੌ ਰੂਪੇ ਦੇ ਦਿੰਦੇ ਸੀ । ਦਿਲਦਾਰ ਬੰਦਾ ਸੀ , ਉਹੀ ਜੀ ਉਹਦੀ ਮਾਂ , ਕਹਿੰਦੇ ਰੋਜ਼ਾਨਾ ਦੁਪਹਿਰੇ ਸਕੂਲ ਦੇ ਮਾਸਟਰਾਂ ਦੀ ਰੋਟੀ ਉਹਦੇ ਘਰੋਂ ਆਉਂਦੀ ਸੀ।

ਹੋਇਆ ਕੀ ਵੀ ਭਾਈ ਉਹਦਾ ਵਿਆਹ ਧਰਤਾ , ਉਹਦੀ ਕੰਜਰ ਦੀ ਪਿੰਡ ‘ਚ ਈ ਕਿਸੇ ਚੇਲੇ ਦੀ ਘਰ ਆਲ਼ੀ ਨਾਲ਼ ਗੱਲਬਾਤ ਸੀ, ਉਹ ਅੱਗੇ ਦੋ ਕੁੜੀਆਂ ਤੇ ਇੱਕ ਮੁੰਡੇ ਦੀ ਮਾਂ ਸੀ , ਪਤਾ ਨੀ ਉਹਨੇ ਬਿੰਦਰ ਤੇ ਕੀ ਜਾਦੂ ਕੀਤਾ ,ਸ਼ਗਨ ਆਲ਼ੇ ਦਿਨ ਤੋਂ ਪਹਿਲੀ ਰਾਤ ਦੋਵੇਂ ਘਰੋਂ ਭੱਜ ਗੇ ,ਘਰ ਦਿਆਂ ਨੇ ਦੂਜੇ ਦਿਨ ਬਿੰਦਰ ਦੇ ਚਾਚੇ ਦੇ ਮੁੰਡੇ ਨੂੰ ਸ਼ਗਨਾਂ ਤੇ ਬਾਹ ਕੇ ਕੰਮ ਸਿਰੇ ਚੜ੍ਹਾਇਆ ।

ਪਿੰਡ ਆਲ਼ਿਆਂ ਨੇ ਕਾਫ਼ੀ ਭਾਲ਼ੇ ਪਰ ਕਿਤੇ ਨਾ ਮਿਲ਼ੇ ! ਅੱਗੇ ਬਿੰਦਰ ਦੀਆਂ ਵੀ ਦੋ ਕੁੜੀਆਂ ਹੋ ਗੀਆਂ,ਬਿੰਦਰ ਅਖ਼ਬਾਰ ਵਗੈਰਾ ਵੇਚ ਕੇ ਘਰ ਚਲਾਉਂਦਾ ਰਿਹਾ ,ਹੋਇਆ ਕੀ ਬੀ ਇੱਕ ਦਿਨ ਉਹ ਜ਼ਨਾਨੀ ਜਵਾਕ ਛੱਡ ਕੇ ਅੱਗੇ ਕਿਸੇ ਕੈਂਟਰ ਡਰੈਵਰ ਨਾਲ਼ ਭੱਜ ਗੀ ।ਬਿੰਦਰ ਬਚਾਰਾ ਮੂੰਹ ਜਾ ਲਮਕਾਈ ਜਵਾਕ ਲੈ ਕੇ ਵਾਪਸ ਪਿੰਡ ਮੁੜ ਆਇਆ। ਜਿਹੜੀ ਕੁੜੀ ਬਿੰਦਰ ਨਾਲ਼ ਮੰਗੀ ਸੀ ਉਹ ਹੱਦ ਦਰਜੇ ਦੀ ਸੋਹਣੀ ,ਸਿਆਣੀ ਤੇ ਸਚਿਆਰੀ ਨਿਕਲੀ ,…!,

ਬਿਚਾਰੇ ਨਾਲ਼ ਉਹ ਹੋਈ ਆਵਦੀ ਤਾਂ ਗਈ – ਗਈ ,ਦੂਜੇ ਦੀ ਵੀ ਨਾ ਰੱਖ ਸਕਿਆ। ਹੁਣ ਘਰ ਕਿਵੇਂ ਬੜੇ ! , ਅਖੀਰ ,ਕੁੜੀਆਂ ਲੈ ਕੇ ਆਪਣੇ ਨਾਲ਼ ਦੇ ਪਿੰਡ ਆਲ਼ੇ ਮਾਸਟਰ ਦੇ ਘਰ ਜਾ ਬੜਿਆ, ਕਹਿੰਦਾ “ਮੈਂ ਤਾਂ ਬਾਈ ਮਰਨ ਜੋਗਾ ਵੀ ਨੀ ,ਇਹਨਾਂ ਜਵਾਕਾਂ ਨੂੰ ਛੱਡ ਕੇ ਕਿੱਥੇ ਜਾਵਾਂ, ਹੁਣ !”

“ਕੰਜਰਾ,ਇਹਨਾਂ ਨੂੰ ਮਰਨ ਆਸਤੇ ,ਜੰਮੀਆਂ! ਕੋਈ ਨਾ ਐਥੇ ਰਹਿ ਦੋ – ਚਾਰ ਦਿਨ,ਤੈਨੂੰ ਕਰਾਉਣਾ ਸੈੱਟ ਕਿਤੇ ।”

ਅਸੀਂ ,ਸੈਂਟਰ ਸਕੂਲ ਹੋਣ ਕਾਰਨ ਆਮ ਈ ਉੱਥੇ ਜਾਂਦੇ ਰਹਿੰਦੇ ਸੀ , ਮਾਸਟਰ ਨੇ ਦਫ਼ਤਰ ਆਖ-ਵੇਖ ਕੇ ਬਿੰਦਰ ਨੂੰ ਦੁਬਾਰਾ ਸਕੂਲ ‘ ਚ ਈ ਰਖਾਤਾ ,ਉੱਥੇ ਸਕੂਲ ‘ ਚ ਹੀ ਉਹਨੂੰ ਚੌਂਕੀਦਾਰੇ ਤੇ ਸਾਂਭ -ਸੰਭਾਲ ਲਈ ਕਮਰਾ ਦੇ ਤਾ । ਬਿੰਦਰ ਪਹਿਲਾਂ ਪੂਰੀਆਂ ਕੁੰਢੀਆਂ ਮੁੱਛਾਂ ਰਖਦਾ ਸੀ ਉਸ ਮਹੀਨੇ ਜਦੋਂ ਅਸੀਂ ਮੀਟਿੰਗ ਤੇ ਗਏ ਤਾਂ ਘੋਨਮੋਨ ਕਰਾਈ ਫਿਰੇ ,ਮੇਰੇ ਨਾਲ਼ ਦਾ ਮਾਸਟਰ ਸੀ, ਇੱਕ ਜੱਸਾ, ਬੜਾ ਮਜ਼ਾਕੀਆ ਕਹਿੰਦਾ, “ਕਿਉਂ ਬਿੰਦਰਾ , ਹੁਣ ਤਾਂ ਰੱਖਲਾ ਯਾਰ, ਹੁਣ ਕੇਹੜਾ ਲਿਬੜਦੀਆਂ!”

ਸਾਰੇ ਜ਼ੋਰ- ਜ਼ੋਰ ਦੀ ਹੱਸਣ ਲਗ ਗੇ …!,

ਕੁੜੀਆਂ ਦੀ ਚੰਗੀ ਕਿਸਮਤ ਉਸੇ ਸਾਲ ਸਰਕਾਰ ਨੇ ਪਾਰਟ- ਟਾਈਮ ਪੱਕੇ ਕਰਨ ਦਾ ਆਰਡਰ ਕਰਤਾ ,ਬਿੰਦਰ ਨਾਲ਼ ਦੇ ਪਿੰਡ ਦੇ ਸਕੂਲ ‘ਚ ਪੱਕਾ ਹੋ ਗਿਆ..!ਹੌਲ਼ੀ – ਹੌਲ਼ੀ ਦਾਦੀ ਵੀ ਜਵਾਕਾਂ ਕੋਲ਼ ਆਉਣ ਲੱਗ ਗੀ……! ਚਲਦਾ

ਜਗਸੀਰ ਸਿੰਘ’ ਝੁੰਬਾ’
ਅੰਗਰੇਜ਼ੀ ਮਾਸਟਰ
95014-33344

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁੜੀਆਂ ਦੀ ਸੋਚ
Next articleਰਿਸ਼ਤੇ