ਵੱਡੇ ਬਾਦਲ ਕਿਸਾਨਾਂ ਤੋਂ ਮੁਆਫ਼ੀ ਮੰਗਣ: ਜਾਖੜ

ਚੰਡੀਗੜ੍ਹ, (ਸਮਾਜ ਵੀਕਲੀ) : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਮੁੱਚੀ ਕਿਸਾਨੀ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਕੇਂਦਰੀ ਖੇਤੀ ਕਾਨੂੰਨ ਬਣਾਉਣ ਵਿੱਚ ਬਾਦਲ ਪਰਿਵਾਰ ਭਾਗੀਦਾਰ ਰਿਹਾ ਹੈ| ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਤਿੰਨ ਖੇਤੀ ਕਾਨੂੰਨ ਬਣਾਏ ਸਨ, ਜਿਨ੍ਹਾਂ ਹੁਣ ਖੇਤੀ ਕਾਨੂੰਨ ਵਾਪਸ ਲੈਂਦਿਆਂ ਮੁਆਫ਼ੀ ਵੀ ਮੰਗੀ ਹੈ| ਉਨ੍ਹਾਂ ਕਿਹਾ ਕਿ ਹੁਣ ਵਾਰੀ ਪ੍ਰਕਾਸ਼ ਸਿੰਘ ਬਾਦਲ ਦੀ ਹੈ ਜਿਨ੍ਹਾਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਜਾਇਜ਼ ਠਹਿਰਾਉਣ ਲਈ ਬਾਕਾਇਦਾ ਵੀਡੀਓ ਬਣਾ ਕੇ ਵਕਾਲਤ ਕੀਤੀ ਸੀ| ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਿਆਸਤ ਦੇ ਪੁਰਾਣੇ ਖਿਡਾਰੀ ਹਨ ਜਿਨ੍ਹਾਂ ਖੇਤੀ ਕਾਨੂੰਨਾਂ ਦੀ ਵਕਾਲਤ ਮਗਰੋਂ ਮੌਕਾ ਛੇਤੀ ਭਾਂਪ ਲਿਆ ਸੀ| ਕਿਸਾਨੀ ਅੰਦੋਲਨ ਦਾ ਸੇਕ ਬਾਦਲ ਪਰਿਵਾਰ ਝੱਲ ਨਾ ਸਕਿਆ ਜਿਸ ਕਰਕੇ ਮਜਬੂਰੀਵੱਸ ਸ਼੍ਰੋਮਣੀ ਅਕਾਲੀ ਦਲ ਨੂੰ ਐੱਨਡੀਏ ਨਾਲੋਂ ਨਾਤਾ ਤੋੜਨਾ ਪਿਆ|

ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦੇ ਨਾਤਾ ਤੋੜਨ ਜਾਂ ਵਜ਼ੀਰੀ ਛੱਡਣ ਨਾਲ ਗੁਨਾਹ ਮੁਆਫ਼ ਨਹੀਂ ਹੋ ਜਾਂਦੇ| ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਪ੍ਰਧਾਨ ਮੰਤਰੀ ਨੇ ਮੁਆਫ਼ੀ ਮੰਗੀ ਹੈ, ਉਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਵੀ ਕਿਸਾਨਾਂ ਤੋਂ ਮੁਆਫ਼ੀ ਮੰਗਣ| ਸ੍ਰੀ ਜਾਖੜ ਨੇ ਕਿਹਾ ਕਿ ਪੁੱਤਰ ਮੋਹ ਅਤੇ ਸੱਤਾ ਦੇ ਲਾਲਚ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਦੀ ਹਮਾਇਤ ਕਰ ਕੇ ਕਲੰਕ ਆਪਣੇ ਸਿਰ ਮੜ ਲਿਆ| ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇੱਕ ਸਾਲ ਪਿੱਛੋਂ ਕਿਸਾਨੀ ਤਾਕਤ ਨੂੰ ਸਮਝੇ ਹਨ| ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਖੇਤੀ ਕਾਨੂੰਨ ਵਾਪਸ ਲੈਣ ਮਗਰੋਂ ਵੀ ਆਪਣੇ ਗੁਨਾਹ ਤੋਂ ਬਚ ਨਹੀਂ ਸਕਦੀ ਕਿਉਂਕਿ ਕਿਸਾਨ ਅੰਦੋਲਨ ਦੌਰਾਨ ਕਰੀਬ 700 ਕਿਸਾਨਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ| ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਕਿਸਾਨਾਂ ਦੀ ਗੱਲ ਮੰਨ ਲੈਂਦੀ ਤਾਂ ਸੈਂਕੜੇ ਜਾਨਾਂ ਨੂੰ ਬਚਾਇਆ ਜਾ ਸਕਦਾ ਸੀ| ਕਿਸਾਨਾਂ ਨੇ ਘੋਲ ਦੇ ਹਰ ਦਿਨ ਆਪਣੇ ਪਿੰਡੇ ਹੰਢਾਏ ਹਨ|

ਹੁਣ ਕੌਣ ਤੁਰੇਗਾ ਭਾਜਪਾ ਨਾਲ: ਜਾਖੜ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਨਾਲ ਹੱਥ ਮਿਲਾਏ ਜਾਣ ਦੇ ਮਾਮਲੇ ’ਤੇ ਸ੍ਰੀ ਜਾਖੜ ਨੇ ਕਿਹਾ ਕਿ ਭਾਜਪਾ ਨਾਲ ਹੁਣ ਜੋ ਵੀ ਸਮਝੌਤਾ ਕਰੇਗਾ ਜਾਂ ਲੁਕ-ਛਿਪ ਕੇ ਭਾਜਪਾ ਨਾਲ ਚੱਲੇਗਾ, ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੋਲੇ ਦੀ ਦਲਾਲੀ ਵਿੱਚ ਮੂੰਹ ਕਾਲਾ ਹੀ ਹੁੰਦਾ ਹੈ| ਹੁਣ ਚਾਹੇ ਸਮਝੌਤਾ ਅਮਰਿੰਦਰ ਕਰ ਲਵੇ ਤੇ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ| ਜੋ ਵੀ ਭਾਜਪਾ ਨਾਲ ਹੱਥ ਮਿਲਾਏਗਾ, ਉਹ ਸਿਆਸੀ ਤੌਰ ’ਤੇ ਭਸਮ ਹੋ ਜਾਵੇਗਾ|

Previous articleਖੇਤੀ ਕਾਨੂੰਨਾਂ ਦੀ ਵਾਪਸੀ ਮਹਿਜ਼ ਸ਼ੁਰੂਆਤ, ਲੜਾਈ ਹਾਲੇ ਬਾਕੀ: ਮੇਧਾ ਪਾਟੇਕਰ
Next articleਐੱਮਟੀਐੱਨਐੱਲ ਤੇ ਬੀਐੱਸਐੱਨਐੱਲ ਦੀ ਜਾਇਦਾਦ ਵੇਚੇਗੀ ਸਰਕਾਰ