ਸਿੱਖਿਆ ਅਤੇ ਸਾਹਿਤ ਦਾ ਸੁਮੇਲ ਬੀਬਾ ਅੰਜੂ ਬਾਲਾ

(ਸਮਾਜ ਵੀਕਲੀ)

ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਪੈਰ ਧਰਨ ਤੋਂ ਬਾਅਦ ਇਨਸਾਨ ਵਿੱਚ ਬਹੁਤ ਸਾਰੀਆਂ ਹੋਰ ਕਈ ਕਲਾਵਾਂ ਪੈਦਾ ਹੁੰਦੀਆਂ ਹਨ ਜਿਹੜੀਆਂ ਮਨੁੱਖ ਦੇ ਅਕਸ ਨੂੰ ਨਿਖਾਰਨ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ।ਸਮਾਜ ਵਿਚ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਖਾਮੋਸ਼ ਰਹਿ ਕੇ ਸਖ਼ਤ ਮਿਹਨਤ ਕਰਦੇ ਜਾਂਦੇ ਹਨ ਤੇ ਸਮਾਂ ਆਉਣ ਤੇ ਇਕਦਮ ਚਮਕਦੇ ਹਨ। ਉਨ੍ਹਾਂ ਦੀ ਸਾਲਾਂ ਦੀ ਕੀਤੀ ਮਿਹਨਤ ਇਕਦਮ ਰੰਗ ਲਿਆਉਂਦੀ ਹੈ।ਅਜਿਹੇ ਹੀ ਲੋਕਾਂ ਵਿੱਚੋਂ ਇੱਕ ਨਾਮ ਹੈ ਮੈਡਮ ਅੰਜੂ ਬਾਲਾ ਜੋ ਕਿੱਤੇ ਵਜੋਂ ਇੱਕ ਅਧਿਆਪਕ ਹਨ।ਆਪਣੀ ਸਖ਼ਤ ਮਿਹਨਤ ,ਲਗਨ ਤੇ ਦ੍ਰਿੜ੍ਹਤਾ ਦੇ ਕਾਰਨ ਉਹ ਅੱਜ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਸਫਲਤਾ ਦੀਆਂ ਪੌੜੀਆਂ ਚੜ੍ਹ ਰਹੀ ਹੈ ।ਬੀਬਾ ਅੰਜੂ ਬਾਲਾ ਦਾ ਜਨਮ ਪੰਦਰਾਂ ਸਤੰਬਰ ਉਨੀ ਸੌ ਅੱਸੀ ਈਸਵੀ ਨੂੰ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੇ ਪਿੰਡ ਭਨੂਪਲੀ ਵਿੱਚ ਪਿਤਾ ਸ੍ਰੀ ਛੱਜੂ ਰਾਮ ਸੋਨੀ ਤੇ ਮਾਤਾ ਸੁਮਨ ਦੇਵੀ ਦੇ ਘਰ ਹੋਇਆ।

ਉਹ ਤਿੰਨ ਭੈਣਾਂ ਇੱਕ ਭਰਾ ਹਨ ।ਮਾਤਾ ਪਿਤਾ ਨੇ ਬੜੇ ਪਿਆਰ, ਲਾਡ ਤੇ ਮਿਹਨਤ ਨਾਲ ਪੜ੍ਹਾ ਲਿਖਾ ਕੇ ਨੌਕਰੀ ਦੇ ਕਾਬਿਲ ਕੀਤਾ।ਸ਼ੁਰੂ ਤੋਂ ਹੀ ਮੈਡਮ ਅੰਜੂ ਬਾਲਾ ਦੀ ਖਵਾਹਿਸ਼ ਸੀ ਕਿ ਉਹ ਨੌਕਰੀ ਕਰਕੇ ਆਪਣੇ ਮਾਤਾ ਪਿਤਾ ਦੀ ਆਰਥਿਕ ਸਹਾਇਤਾ ਕਰੇਗੀ ਤੇ ਇੱਕ ਪੁੱਤ ਵਾਂਗ ਉਨ੍ਹਾਂ ਨੂੰ ਕਮਾ ਕੇ ਦਵੇਗੀ ।ਪਰ ਸ਼ਾਇਦ ਪਰਮਾਤਮਾ ਨੂੰ ਇਹ ਮਨਜ਼ੂਰ ਨਹੀਂ ਸੀ ਕਿਉਂਕਿ ਨੌਕਰੀ ਉਨ੍ਹਾਂ ਨੂੰ ਵਿਆਹ ਤੋਂ ਬਾਅਦ ਮਿਲੀ ।ਬਚਪਨ ਤੋਂ ਹੀ ਉਹ ਸਕੂਲ ਅਤੇ ਡਾਈਟ ਪੱਧਰ ਤੇ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਂਦੀ ਆ ਰਹੀ ਹੈ।ਸੰਨ ਦੋ ਹਜਾਰ ਪੰਜ ਵਿੱਚ ਉਨ੍ਹਾਂ ਦਾ ਵਿਆਹ ਸ੍ਰੀ ਜਤਿੰਦਰ ਪੁਰੀ ਨਿਵਾਸੀ ਗੰਗੂਵਾਲ ਨਾਲ ਜੋ ਕਿ ਕਿੱਤੇ ਪੱਖੋਂ ਇਕ ਬਿਜ਼ਨੈੱਸਮੈਨ ਸਨ, ਨਾਲ ਹੋ ਗਿਆ ।ਉਨ੍ਹਾਂ ਦੀ ਜ਼ਿੰਦਗੀ ਵਿੱਚ ਕਈ ਵਾਰ ਮੁਸ਼ਕਿਲਾਂ ਭਰਿਆ ਔਖਾ ਸਮਾਂ ਵੀ ਆਇਆ ਜਿਸ ਦਾ ਉਨ੍ਹਾਂ ਨੇ ਡਟ ਕੇ ਮੁਕਾਬਲਾ ਕੀਤਾ ਤੇ ਉਸ ਸਮੇਂ ਵਿੱਚੋਂ ਨਿਕਲੇ।ਵਿਆਹ ਤੋਂ ਛੇ ਮਹੀਨੇ ਮਗਰੋਂ ਹੀ ਸੰਨ ਦੋ ਹਜਾਰ ਛੇ ਵਿਚ ਉਨ੍ਹਾਂ ਨੂੰ ਸਰਕਾਰੀ ਨੌਕਰੀ ਮਿਲੀ ।ਇਸ ਦੇ ਨਾਲ ਹੀ ਉਨ੍ਹਾਂ ਦੀ ਮਿਹਨਤ ਦਾ ਸਿਲਸਿਲਾ ਸ਼ੁਰੂ ਹੋਇਆ।

ਸੰਨ ਦੋ ਹਜਾਰ ਛੇ ਤੋਂ ਹੀ ਉਹ ਬੜੀ ਮਿਹਨਤ ਨਾਲ ਬੱਚਿਆਂ ਨੂੰ ਪੜ੍ਹਾ ਰਹੇ ਹਨ। ਇਸ ਦੇ ਗਵਾਹ ਪਿੰਡ ਦੇ ਉਹ ਸਾਰੇ ਲੋਕ ਹਨ ,ਜਿਹੜੇ ਅੱਜ ਵੀ ਉਨ੍ਹਾਂ ਦੇ ਪੜ੍ਹਾਉਣ ਦੇ ਤਰੀਕਿਆਂ ਦੀ ਤਾਰੀਫ਼ ਕਰਦੇ ਹਨ।ਬੀਬਾ ਅੰਜੂ ਬਾਲਾ ਦਾ ਕਹਿਣਾ ਹੈ ਕਿ ਜੇਕਰ ਮਿਹਨਤ ਨੇ ਉਨ੍ਹਾਂ ਨੂੰ ਇਸ ਕਾਬਿਲ ਬਣਾਇਆ ਹੈ ਤੇ ਸਰਕਾਰੀ ਨੌਕਰੀ ਮਿਲੀ ਹੈ ਜਿਸ ਦੇ ਕਾਰਨ ਉਹ ਅੱਜ ਸਰਕਾਰ ਸਮਾਰਟ ਸੇਵਾਫ਼ਲ ਲੈ ਰਹੇ ਹਨ ਤਾਂ ਉਨ੍ਹਾਂ ਦਾ ਫ਼ਰਜ਼ ਹੈ ਮਿਹਨਤ ਕਰਕੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਿਵੇ।ਉਨ੍ਹਾਂ ਦੀ ਇਹੀ ਸੋਚ ਉਨ੍ਹਾਂ ਨੂੰ ਆਪਣੇ ਕਿੱਤੇ ਪ੍ਰਤੀ ਸਮਰਪਿਤ ਬਣਾਉਂਦੀ ਹੈ।ਉਨ੍ਹਾਂ ਦੀ ਇਸੇ ਸਖ਼ਤ ਮਿਹਨਤ ਅਤੇ ਸਮਰਪਿਤ ਭਾਵਨਾ ਨੂੰ ਕਈ ਸਾਲਾਂ ਤੋਂ ਬਾਅਦ ਕੋਰੋਨਾ ਸਮੇਂ ਵਿੱਚ ਫਲ ਮਿਲਿਆ ਜਦੋਂ ਆਨਲਾਇਨ ਸਿੱਖਿਆ ਤੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੀਆਂ ਕਾਰਗੁਜ਼ਾਰੀਆਂ ਲੋਕਾਂ ਦੇ ਸਾਹਮਣੇ ਆਈਆਂ।ਜਿਨ੍ਹਾਂ ਨੂੰ ਦੇਖ ਕੇ ਲੋਕਾਂ ਨੇ ਇੱਕ ਆਦਰਸ਼ ਅਧਿਆਪਕ ਦੇ ਤੌਰ ਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਸਨਮਾਨਿਤ ਕੀਤਾ।ਇਸੇ ਸਮੇਂ ਹੀ ਉਨ੍ਹਾਂ ਨੇ ਸਾਹਿਤ ਵਿੱਚ ਵੀ ਆਪਣੀ ਕਲਮ ਨੂੰ ਅਜ਼ਮਾਇਆ।ਸਾਹਿਤ ਦੇ ਖੇਤਰ ਵਿੱਚ ਉਨ੍ਹਾਂ ਨੇ ਪੰਜਾਬੀ ਬੋਲੀ, ਵਿਰਸਾ, ਸੱਭਿਆਚਾਰ, ਸਮਾਜਿਕ ਕੁਰੀਤੀਆਂ ਤੇ ਹੋਰ ਸਮਾਜਿਕ ਮੁੱਦਿਆਂ ਨੂੰ ਆਪਣੀ ਕਲਮ ਦਾ ਵਿਸ਼ਾ ਬਣਾਇਆ ਤੇ ਇਨ੍ਹਾਂ ਤੇ ਬਹੁਤ ਸਾਰੀਆਂ ਕਵਿਤਾਵਾਂ ਤੇ ਲੇਖ ਲਿਖੇ,ਜੋ ਅਨੇਕਾਂ ਅਖ਼ਬਾਰਾਂ ਵਿੱਚ ਛਪੇ ਜੋ ਸ਼ੁੱਧਤਾ ਦੀ ਪ੍ਰਮਾਣਿਕਤਾ ਹੈ। ਫਲ ਸਵਰੂਪ ਉਹ ਅੱਜ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਸਾਹਿਤਕਾਰਾਂ ਨਾਲ ਕਵੀ ਦਰਬਾਰਾਂ ਵਿੱਚ ਹਿੱਸਾ ਲੈ ਰਹੀ ਹੈ ਤੇ ਉਨ੍ਹਾਂ ਤੋਂ ਬਹੁਤ ਕੁਝ ਸਿੱਖ ਰਹੀ ਹੈ।ਉਨ੍ਹਾਂ ਦਾ ਖਿਆਲ ਹੈ ਕਿ ਹਰ ਇਨਸਾਨ ਵਿਚ ਕੁੱਝ ਕਲਾਵਾਂ ਛੁਪੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਜੇਕਰ ਉਹ ਇਨਸਾਨ ਚਾਹੇ ਤਾਂ ਬਾਹਰ ਕੱਢ ਕੇ ਸਫਲਤਾ ਦੀਆਂ ਪੌੜੀਆਂ ਨੂੰ ਛੂਹ ਸਕਦਾ ਹੈ।

ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਸਾਰੀਆਂ ਐਜੂਕੇਸ਼ਨਲ ਵੀਡੀਓਜ਼ ਰਾਹੀਂ ਵਿਦਿਆਰਥੀਆਂ ਨੂੰ ਕਈ ਸੰਦੇਸ਼ ਦਿੱਤੇ ਹਨ। ਜੇਕਰ ਮਾਣ ਸਨਮਾਨ ਦੀ ਗੱਲ ਕਰੀਏ ਤਾਂ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿਚ ਉਨ੍ਹਾਂ ਨੂੰ ਵੱਖ ਵੱਖ ਸੰਸਥਾਵਾਂ, ਐਨਜੀਓਜ਼ ,ਸਥਾਨਕ ਸੰਸਥਾਵਾਂ ਅਤੇ ਵਿੱਦਿਅਕ ਸੰਸਥਾਵਾਂ ਵੱਲੋਂ ਉਨ੍ਹਾਂ ਦੀਆਂ ਕਾਰਗੁਜ਼ਾਰੀਆਂ ਕਰਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਅੰਜੂ ਬਾਲਾ ਨੂੰ ਨੈਸ਼ਨਲ ਹਿਊਮਨ ਵੈਲਫੇਅਰ ਕਾਉਂਸਿਲ ਵੱਲੋਂ ਜੂਨ ਦੋ ਹਜਾਰ ਇੱਕੀ ਵਿੱਚ ਨੈਸ਼ਨਲ ਅਚੀਵਰ ਵਜੋਂ ਸਨਮਾਨਿਤ ਕੀਤਾ ਗਿਆ।ਆਪਣੀ ਇਸ ਸਫਲਤਾ ਦਾ ਸਿਹਰਾ ਉਹ ਆਪਣੀ ਕੜੀ ਮਿਹਨਤ ਦੇ ਸਿਰ ਤੋੜ ਯਤਨ, ਆਪਣੇ ਮਾਤਾ ਪਿਤਾ ਆਪਣੇ ਪਰਿਵਾਰਿਕ ਮੈਂਬਰ ਪਤੀ ਜਤਿੰਦਰ ਪੁਰੀ ਅਤੇ ਬੇਟੀ ਸਹਿਜਪੁਰੀ ਅਤੇ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ਦਿੰਦੇ ਹਨ ਜਿਨ੍ਹਾਂ ਨੇ ਸਮੇਂ ਸਮੇਂ ਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਤੇ ਗਾਈਡ ਕੀਤਾ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਭਵਿੱਖ ਵਿਚ ਵੀ ਸਮਾਜ ਲਈ ਕੁਝ ਨਾ ਕੁਝ ਅਜਿਹਾ ਵੱਖਰਾ ਕਰਨਾ ਚਾਹੁੰਦੇ ਹਨ ਜੋ ਸਮਾਜ ਲਈ ਇੱਕ ਮਿਸਾਲ ਬਣ ਸਕੇ।ਬੀਬਾ ਜੀ ਦੀਆਂ ਕੁਝ ਉੱਚ ਕੋਟੀ ਦੀਆਂ ਰਚਨਾਵਾਂ-

ਧੀ ਨਹੀਂ ਏ ਧੰਨ ਬੇਗਾਨਾ

ਧੀ ਜੰਮੇ ਤਾਂ ਇਹ ਧੰਨ ਬੇਗਾਨਾ,
ਜੰਮਣ ਮੁੰਡੇ ਤਾਂ ਕਰਦੇ ਸ਼ੁਕਰਾਨਾ।
ਵਾਹ, ਉਏ ਰੱਬਾ ਕੀ ਖੇਡ ਰਚਾਇਆ।
ਧੀ ਪੁੱਤਰ ਵਿੱਚ ਕਿਉਂ ਫ਼ਰਕ ਹੈਪਾਇਆ ।
ਧੀਆਂ ਤੋਂ ਬਾਅਦ ਚਾਹ ਫੇਰ ਵੀ ਰਹਿੰਦੀ,
ਇਕ ਮੁੰਡਾ ਹੋਵੇ ਇਹ ਦੁਨੀਆਂ ਕਹਿੰਦੀ।
ਪੜ੍ਹ ਲਿਖ ਕੇ ਵੀ, ਜੇ ਸੋਚ ਨਾ ਬਦਲੀ,
ਕੀ ਏ ਬਾਲੜੀ ਦਿਵਸ ਹੈ ਨਕਲੀ ?ਪੁੱਤਰ ਜੇਕਰ ਵੰਸ਼ ਚਲਾਵੇ ,ਧੀ ਵੀ ਘਰ ਨੂੰ ਸਵਰਗ ਬਣਾਵੇ ।
ਇੱਕ ਕੁੱਖ ਤੋਂ ਦੋਵੇਂ ਨੇ ਉਪਜੇ ,
ਫਿਰ ਧੀ ਹੀ ਕਿਉਂ, ਬੇਗਾਨੇਪਣ ਦਾ ਸੰਤਾਪ ਹੰਢਾਵੇ ।
ਮੁੰਡਿਆਂ ਦੀ ਤਾਂ ਪਾਉਂਦੇ ਹੋ ਲੋਹੜੀ ,
ਕਿਉਂ ਕੁੜੀਆਂ ਤੋਂ ਮੁੱਖ ਜਾਂਦੇ ਹੋ ਮੋੜ੍ਹੀ ।
ਧੀ ਨਹੀਂ ਏ ਧੰਨ ਬੇਗਾਨਾ ,
ਧੀ ਜੰਮੀ ਤਾਂ ਕਰੋ ਸ਼ੁਕਰਾਨਾ।

ਵੀਰ

ਪੇਕਿਆਂ ਦੀ ਮੇਰੇ ਸ਼ਾਨ ਹੈ ਤੂੰ,
ਮਾਪਿਆਂ ਦੀ ਮੇਰੇ ਜਿੰਦ ਜਾਨ ਹੈ ਤੂੰ ।
ਭਾਬੀ ਦਾ ਪਿਆਰ,
ਭੈਣਾਂ ਦੀ ਆਨ ਹੈਂ ਤੂੰ,
ਕੁੱਲ ਸਾਡੇ ਦੀ ਸ਼ਾਨ ਹੈ ਤੂੰ ।
ਰਾਜ਼ ਮੇਰੇ ਚ ਹਮਰਾਜ ਹੈ ਤੂੰ,
ਮੇਰੇ ਲਈ ਮੇਰਾ ਸਰਤਾਜ ਹੈ ਤੂੰ।
ਅਣਜਾਣਿਆਂ ਲਈ ਅਣਜਾਣ ਹੈ ਤੂੰ ,
ਪਰ ਰੱਖੜੀ ਮੇਰੀ ਦੀ ਪਹਿਚਾਣ ਹੈ ਤੂੰ
ਔਖੇ ਵੇਲੇ ਚ ਸਦਾ ਮੇਰੀ ਬਾਂਹ ਫੜਦਾ,
ਕਦੇ ਹੱਕ ਜਤਾਵੇ ,ਕਦੇ ਹੈ ਲੜਦਾ।
ਮੇਰੀ ਆਨ, ਬਾਨ ਮੇਰੀ ਸ਼ਾਨ ਹੈ ਤੂੰ ,
ਮੇਰੇ ਵੀਰਿਆ ਵੇ ਮੇਰੀ ਪਹਿਚਾਣ ਹੈ ਤੂੰ ।
ਮੇਰੇ ਮਾਪਿਆਂ ਦਾ ਰਹੀ ਸਦਾ ਸਾਹ ਬਣ ਕੇ,
ਮੇਰੀ ਫਰਿਆਦ ਲੱਗੇ ਤੈਨੂੰ ,
ਤੇਰੀ ਦੁਆ ਬਣ ਕੇ

ਮਾਰਚ ਮਹੀਨੇ ਦੀ ਦਹਿਸ਼ਤ

ਵਿਚਾਰਾਂ ਦੀ ਦੁਵਿਧਾ ਚੱਲ ਰਹੀ ,
ਪਰ ਮਿਲਦਾ ਕੋਈ ਹੱਲ ਨਹੀਂ ।
ਸੁਪਨਿਆਂ ਵਿੱਚ ਵੀ ਸਕੂਲ ਹੈਆਉਂਦਾ
‘ਈ ਪੰਜਾਬ ‘ ਆਣ ਜਗਾਉਂਦਾ ।
ਮਾਰਚ ਮਹੀਨਾ ਚੜ੍ਹਿਆ ਹੈ ,
ਬੱਚਿਆਂ ਦਾ ਮਨ ਡਰਿਆ ਹੈ ।
ਫ਼ਾਈਨਲ ਪੇਪਰ ਆਏ ਨੇ ,
ਟੈਨਸ਼ਨ ਨਾਲ ਲਿਆਏ ਨੇ ।
ਗਰਾਂਟਾਂ ਦਾ ਵੀ ਆਇਆ ਹੜ੍ਹ ਹੈ ,
ਚੈਕਿੰਗ ਦਾ ਵੀ ਉੱਪਰੋਂ ਡਰ ਹੈ ।
ਵਰਕਸ਼ੀਟਾਂ ਪਈਆਂ ਭਰਵਾਉਣ ਨੂੰ ,
ਕਮਰੇ ਪਏ ਸਜਾਉਣ ਨੂੰ ।
ਇਨਕਮ ਟੈਕਸ ਦੇ ਫਾਰਮ ਭਰਨੇ ਨੇ,
ਆਡਿਟ ਵੀ ਕਰਵਾਉਣੇ ਨੇ ।
ਬਾਲ ਮੇਲਾ ਪਿਆ ਕਰਵਾਉਣ ਨੂੰ
ਕੋਰਨਰ ਪਏ ਸਜਾਉਣ ਨੂੰ ।
ਸੁਣੋ ਉਏ ਰੱਬਾ ਅਰਜ਼ ਪੁਗਾ ਦੇ ,
ਮਾਰਚ ਮਹੀਨਾ ਛੇਤੀ ਮੁਕਾਦੇ,
‘ਐਨੂਅਲ ਡੇ’ ਸਕਸੈਸ ਕਰਾ ਦੇ ।

ਮੈਂ ਆਪਣੀ ਲੇਖਣੀ ਦੇ ਲੰਮੇ ਸਫ਼ਰ ਦੌਰਾਨ ਵੇਖਿਆ ਹੈ ਲੇਖਕ ਊੜੇ ਐੜੇ ਤੋਂ ਚਾਲੂ ਹੁੰਦੇ ਹਨ,ਫੇਰ ਕਿਸੇ ਨੂੰ ਉਸਤਾਦ ਧਾਰ ਕੇ ਤਾਂ ਆਪਣੇ ਪੈਰਾਂ ਤੇ ਖੜ੍ਹੇ ਹੁੰਦੇ ਹਨ।ਮੈਂ ਬੀਬਾ ਜੀ ਦੀ ਪਹਿਲੀ ਰਚਨਾ ਪੜ੍ਹੀ ਜੋ ਜਗਤ ਨੂੰ ਸੇਧ ਨਾਲ ਭਰਪੂਰ ਤੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਹਾਮੀ ਭਰਦੀ ਸੀ।ਬੀਬਾ ਜੀ ਇਕ ਅਧਿਆਪਕ ਤੇ ਉੱਚ ਸਿੱਖਿਆ ਨਾਲ ਲਬਰੇਜ਼ ਹਨ,ਇਨ੍ਹਾਂ ਕੋਲ ਸ਼ਬਦਾਂ ਦਾ ਅਣਮੁੱਲਾ ਖ਼ਜ਼ਾਨਾ ਮੌਜੂਦ ਹੈ ਆਮ ਲੋਕਾਂ ਨਾਲ ਗੱਲ ਕਰਨ ਦਾ ਤਰੀਕਾ,ਤੇ ਪਹਿਰਾਵਾ ਪੰਜਾਬੀ ਵਿਰਸੇ ਦੀ ਮੂੰਹ ਬੋਲਦੀ ਤਸਵੀਰ ਹੈ।ਇਸੇ ਤਰ੍ਹਾਂ ਕਲਮ ਚੱਲਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਹਿਤਕਾਰਾਂ ਦੀ ਪਹਿਲੀ ਕਤਾਰ ਵਿੱਚ ਬੀਬਾ ਜੀ ਦਾ ਨਾਮ ਸ਼ਾਮਲ ਹੋ ਜਾਵੇਗਾ।

ਆਮੀਨ!

ਰਮੇਸ਼ਵਰ ਸਿੰਘ ਪਟਿਆਲਾ

 

 

 

 

 

 

 

 

ਸੰਪਰਕ ਨੰਬਰ-9914880392

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੰਦਿਆਂ ਤੇਰਾ ਕੁੱਝ ਨਹੀ ਇਥੇ …
Next articleਰਵਿੰਦਰ ਸਿੰਘ ਜੀ ਦਾ ( ਯਾਦਾਂ ਦੇ ਖੰਡਰ)ਗ਼ਜ਼ਲ ਸੰਗ੍ਰਹਿ ਪੰਜਾਬੀ ਸਾਹਿਤ ਜਗਤ ਨੂੰ ਅਰਪਣ