ਭਾਨੀ ਮਾਰ

ਬੀ ਼ਡੀ ਸ਼ਰਮਾ

(ਸਮਾਜ ਵੀਕਲੀ)

ਕਈ ਥਾਵਾਂ ਤੋਂ ਸਾਕਾਂ ਦੀ ਗੱਲ ਤੁਰਦੀ ਵਧਾਵਾ ਸਿਹੁੰ ਦੇ ਮੁੰਡੇ ਵਾਸਤੇ। ਦੇਖ ਦਖਾਈ ਵੀ ਹੋਈ ਕਈ ਵਾਰ ਪਰ ਹਰ ਵਾਰ ਕੋਈ ਨਾ ਕੋਈ ਕਿਧਰੋਂ ਭਾਨੀ ਮਾਰ ਦਿੰਦਾ ਅਤੇ ਵਿਚੋਲੇ ਦੇ ਯਤਨ ਕਰਨ ਤੇ ਵੀ ਰਿਸ਼ਤਾ ਸਿਰੇ ਨਾ ਚੜ੍ਹਦਾ। ਅੱਜ ਫੇਰ ਕੋਈ ਦੇਖਣ ਵਾਲੇ ਆਏ ਸੀ। ਸਾਰੇ ਭਾਵੇਂ ਭਾਨੀ ਮਾਰਨ ਵਾਲਿਆਂ ਦੇ ਵੀ ਨਹੀਂ ਸੀ ਕਿਉਂਕਿ ਜੱਦੀ ਪੈਲੀ ਵਧਾਵਾ ਸਿਹੁੰ ਕੋਲੇ ਕਿੱਲਾ ਕੁ ਹੀ ਨਾਲ ਹਿੱਸੇ ਠੇਕੇ ਤੇ ਲੈਕੇ ਕਬੀਲਦਾਰੀ ਤੁਰਦੀ ਸੀ ਮਸਾਂ।ਵਿਚੋਲੇ ਵੀ ਕਿੱਥੋਂ ਤੱਕ ਵਿੱਚ ਓਹਲਾ ਰੱਖਦੇ।

ਪਰ ਅੱਜ ਵਾਲੇ ਸੱਜਣ ਪਤਾ ਨਹੀਂ ਵਧਾਵਾ ਸਿਹੁੰ ਦੀ ਸ਼ਰਾਫਤ ਤੇ ਜਾਂ ਕੋਈ ਰਬੋਂ ਹੀ ਉਨ੍ਹਾਂ ਠੂਸ ਮਾਰਨ ਵਾਲਾ ਟੱਕਰਿਆ ਨਹੀਂ,ਪੱਕੇ ਹੋਗੇ ਤੇ ਉਸਨੂੰ ਹਾਂ ਕਰਕੇ ਦੂਜੇ ਦਿਨ ਰੋਪਨਾ ਪਾਉਣ ਲਈ ਕਹਿ ਦਿੱਤਾ। ਰਾਤ ਨੂੰ ਵਧਾਵਾ ਸਿਹੁੰ ਨੇ ਵਿਤ ਮੁਤਾਬਕ ਰੋਟੀ ਪਾਣੀ ਛਕਾਇਆ ਉਨ੍ਹਾਂ ਨੂੰ ਅਤੇ ਦੂਜੇ ਦਿਨ ਮੁੰਡੇ ਹੱਥ ਰੁਪਈਆ ਧਰਕੇ ਉਨ੍ਹਾਂ ਨੇ ਵਿਦਾ ਲਈ। ਅੱਜੇ ਪਿੰਡੋਂ ਦੋ ਕੁ ਫਰਲਾਂਗ ਹੀ ਗਏ ਸੀ ਪਿਛੋਂ ਇੱਕ ਬੰਦਾ ਵਾਹੋ ਦਾਹੀ ਉਨ੍ਹਾਂ ਵੱਲ ਨੂੰ ਭੱਜਿਆ ਆ ਰਿਹਾ ਸੀ,ਦੇਖਕੇ ਉਹ ਖੜੋਗੇ।

ਆਉਣ ਵਾਲੇ ਨੇ ਕੋਲੇ ਪਹੁੰਚਕੇ ਸਾਹ ਚੜ੍ਹੇ—ਚੜ੍ਹੇ ਕਿਹਾ “ਓ ਭਾਈ ਕਿੱਥੇ ਸਿੱਟ ਆਏ ਆਪਣੀ ਕੁੜੀ,ਉਹ ਤਾਂ ਸਿਰੇ ਦਾ ਨੰਗ ਹੈ। ਥੋਨੂੰ ਪਤਾ ਹੈ ੳਹਨੇ ਰੋਟੀ ਕਿਵੇਂ ਖੁਆਈ ਥੋਨੂੰ?” ਕੁੜੀ ਵਾਲੇ ਕਹਿੰਦੇ ਕਿ ਐ ਤਾਂ ਪਤਾ ਨਹੀਂ ਯਾਰ ਰੋਟੀ ਠੀਕ ਸੀ। “ ਓ ਕਮਲਿਓ ਜਿਹੜਾ ਖੇਸ ਆਪਣਾ ਤੁਸੀਂ ਕਿਲੇ ਤੇ ਟੰਗਿਆ ਸੀ ਉਹ ਬਾਣੀਏ ਕੋਲੇ ਰੁਪਈਏ *ਚ ਗਹਿਣੇ ਧਰਕੇ ਥੋਡੀ ਰੋਟੀ ਦਾ ਤੇ ਰੋਪਨਾ ਵਾਲੀ ਸ਼ੱਕਰ ਦਾ ਪ੍ਰਬੰਧ ਕੀਤਾ ਓੁਹਨੇ।ਜਿਹੜਾ ਰੁਪਈਆ ਤੁਸੀਂ ਮੁੰਡੇ ਹੱਥ ਧਰਿਆ ਉਹ ਬਾਣੀਏ ਨੂੰ ਦੇਤਾ ਤੇ ਥੋਡਾ ਖੇਸ ਲਿਆ ਕੇ ਕਿੱਲੇ ਤੇ ਟੰਗਤਾ।

ਵੜੀ ਕੁਸ਼ ਖਾਨੇ *ਚ?” ਕੁੜੀ ਵਾਲਾ ਸੱਜਣ ਹੱਸ ਪਿਆ ਤੇ ਕਹਿੰਦਾ “ਭਲਿਆ ਲੋਕਾ ਮੁੜ ਜਾ ਕਿਉਂ ਔਖਾ ਹੁੰਨੈ ।ਸਾਨੂੰ ਯਕੀਨ ਆ ਗਿਆ ਤੇਰੀ ਗੱਲ ਤੋਂ ਹੀ ਕਿ ਜਿਹੜਾ ਐਨੀ ਵਿਉਂਤ ਬਣਾ ਸਕਦਾ ਉਹਦੇ ਘਰੇ ਮੇਰੀ ਧੀ ਭੁੱਖੀ ਨਹੀਂ ਮਰਦੀ ”।

ਬੀ ਼ ਡੀ ਸ਼ਰਮਾ

ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼

ਬਠਿੰਡਾ,ਮੋ : 95011—15015

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਇੰਟਰ ਸਕੂਲ ਸਹੋਦਿਆ ਪ੍ਰਤੀਯੋਗਤਾ ‘ਚ ਤੀਜੇ ਸਥਾਨ ਤੇ ਰਿਹਾ ‘ਤੇ
Next articleਕਿਤੋਂ ਆ ਜਾ ਭਗਤ ਸ਼ਿਆਂ ਵੇ