ਬਾਘਾਪੁਰਾਣਾ/ਭਲੂਰ (ਬੇਅੰਤ ਗਿੱਲ ਭਲੂਰ) ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਮੁੱਢਲੇ ਸਾਲਾਂ ਵਿੱਚ ਹੀ ਹਲਕੇ ਦੇ ਨਾਮਵਰ ਤੇ ਵਿਸ਼ਾਲ ਪਿੰਡ ਭਲੂਰ ਉੱਪਰ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਸੁਵੱਲੀ ਨਜ਼ਰ ਪਈ ਹੈ। ਇਸ ਸੁਵੱਲੀ ਨਜ਼ਰ ਦੀ ਬਦੌਲਤ ਅੱਜ ਭਲੂਰ ਦੇ ਖੇਤਾਂ ਲਈ ‘ਪਾਇਪ ਲਾਇਨ’ , ਲੋਕਾਂ ਦੀ ਸਿਹਤ ਸਬੰਧੀ ‘ਆਮ ਆਦਮੀ ਕਲੀਨਿਕ’ ਅਤੇ ਸਮੁੱਚੇ ਨਗਰ ਦੀ ਸਹੂਲਤ ਲਈ ‘ਪੰਚਾਇਤ ਘਰ’ ਵਰਗੇ ਸ਼ਾਨਦਾਰ ਪ੍ਰਾਜੈਕਟਾਂ ਦਾ ਕੰਮ ਵੱਡੇ ਪੱਧਰ ‘ਤੇ ਚੱਲ ਰਿਹਾ ਹੈ। ਉਕਤ ਸ਼ਬਦ ਭਲੂਰ ਤੋਂ ਐੱਸ. ਈ. ਵਿੰਗ ਦੇ ਪ੍ਰਧਾਨ ਚਮਕੌਰ ਸਿੰਘ, ਬੀ. ਸੀ. ਵਿੰਗ ਦੇ ਪ੍ਰਧਾਨ ਬਲਦੇਵ ਸਿੰਘ ਅਤੇ ਸੀਨੀਅਰ ਆਗੂ ਕੇਵਲ ਸਿੰਘ ਭਲੂਰ ਨੇ ਇੱਥੇ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪਿੰਡ ਭਲੂਰ ਨੂੰ ਉਕਤ ਸਹੂਲਤਾਂ ਦਾ ਮਿਲਣਾ ਵੱਡੇ ਮਾਇਨੇ ਰੱਖਦਾ ਹੈ, ਕਿਉਂਕਿ ਵੱਡਾ ਪਿੰਡ ਹੋਣ ਕਰਕੇ ਇੱਥੇ ਉਕਤ ਸਹੂਲਤਾਂ ਦੀ ਵੱਡੀ ਘਾਟ ਰੜਕ ਰਹੀ ਸੀ। 10 ਹਜ਼ਾਰ ਦੀ ਆਬਾਦੀ ਵਾਲੇ ਪਿੰਡ ਵਿੱਚ ਉਕਤ ਮੰਗਾਂ ਦਾ ਨੇਪਰੇ ਚੜ੍ਹਨਾ ਬਹੁਤ ਜ਼ਰੂਰੀ ਸੀ। ਇਹਨਾਂ ਮੰਗਾਂ ਨੂੰ ਨੇਪਰੇ ਚੜ੍ਹਾਉਣ ਵਾਲੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਾ ਅਸੀਂ ਸਮੁੱਚੇ ਨਗਰ ਵੱਲੋਂ ਉਚੇਚਾ ਧੰਨਵਾਦ ਕਰਦੇ ਹਾਂ। ਪਿੰਡ ਭਲੂਰ ਤੋਂ ਸੀਨੀਅਰ ਆਗੂ ਮਾਸਟਰ ਸੁਖਦੇਵ ਸਿੰਘ ਹੋਰਾਂ ਨੇ ਕਿਹਾ ਕਿ ਪਿੰਡ ਅੰਦਰ ਕੋਈ ਵੀ ਸਹੂਲਤ ਆ ਰਹੀ ਹੋਵੇ, ਸਾਨੂੰ ਉਸਦਾ ਸਵਾਗਤ ਕਰਨਾ ਬਣਦਾ ਹੈ। ਹਰੇਕ ਸਹੂਲਤ ਨਗਰ ਦੇ ਲੋਕਾਂ ਵਾਸਤੇ ਹੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਨੂੰ ਇਸ ਤਰ੍ਹਾਂ ਦੇ ਸੰਤੁਲਿਤ ਪ੍ਰਾਜੈਕਟਾਂ ਦਾ ਮਿਲਣਾ ਸਾਡੇ ਸਭ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਸੀਨੀਅਰ ਆਗੂ ਬਲਦੇਵ ਸਿੰਘ, ਚਮਕੌਰ ਸਿੰਘ ,ਕੇਵਲ ਸਿੰਘ ਅਤੇ ਮਾਸਟਰ ਸੁਖਦੇਵ ਸਿੰਘ ਹੋਰਾਂ ਨੇ ਆਖਿਆ ਕਿ ਪਿੰਡ ਨੂੰ ਕਰੋੜਾਂ ਦੇ ਪ੍ਰਾਜੈਕਟਾਂ ਦਾ ਮਿਲਣਾ ਹੀ ਪਿੰਡ ਲਈ ਲਾਭਦਾਇਕ ਹੈ। ਉਨ੍ਹਾਂ ਪਿੰਡ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੀ ਸਰਕਾਰ ਦਾ ਰਾਜ ਹੋਵੇ, ਸਾਨੂੰ ਉਸੇ ਦੀ ਹੀ ਪੈੜ ਨੱਪ ਲੈਣੀ ਚਾਹੀਦੀ ਹੈ ਅਤੇ ਆਪਣੇ ਪਿੰਡ ਨੂੰ ਸਹੂਲਤਾਂ ਪੱਖੋਂ ਭਰਪੂਰ ਕਰ ਲੈਣਾ ਚਾਹੀਦਾ ਹੈ। ਇਸ ਲਈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ, ਪਿੰਡ ਅੰਦਰ ਹਰ ਤਰ੍ਹਾਂ ਦੀ ਸਹੂਲਤ ਲਿਆਉਣ ਲਈ ਸਾਨੂੰ ਉਨ੍ਹਾਂ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਵਕਤ ਚੱਲ ਰਿਹਾ ਹੈ। ਹੁਣ ਹੀ ਵਕ਼ਤ ਹੈ ਕਿ ਅਸੀਂ ਆਪਣੇ ਪਿੰਡ ਨੂੰ ਸੰਵਾਰਨ ਲਈ ਇੱਕਮੁੱਠ ਹੋਈਏ । ਜਿੰਨ੍ਹਾਂ ਨੇ ਕੁਝ ਸੰਵਾਰਨਾ ਹੀ ਨਹੀਂ, ਸਾਨੂੰ ਉਨ੍ਹਾਂ ਪਿੱਛੇ ਪਿੰਡ ਦਾ ਕੀਮਤੀ ਵਕਤ ਖ਼ਰਾਬ ਨਹੀਂ ਕਰਨਾ ਚਾਹੀਦਾ। ਸਮੇਂ ਦੀ ਨਬਜ਼ ਜਾਨਣ ਵਾਲੇ ਲੋਕ ਹੀ ਆਪਣੀ ਜੰਮਣ ਭੋਇੰ ਲਈ ਕੁਝ ਕਰ ਪਾਉਂਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly