ਭੈ ਕਾਹੂ ਕਉ ਦੇਤ ਨਹਿ …

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਜਿੰਨੀ ਤੇਜ਼ੀ ਨਾਲ ਜ਼ਮਾਨਾ ਬਦਲ ਰਿਹਾ ਹੈ ਓਨੀ ਤੇਜ਼ੀ ਨਾਲ ਹੀ ਮਨੁੱਖ ਦਾ ਦਿਮਾਗ ਦੌੜ ਰਿਹਾ ਹੈ। ਜਿਵੇਂ ਸਰੀਰਕ ਤੌਰ ਤੇ ਲਗਾਤਾਰ ਤੇਜ਼ ਦੌੜਨ ਨਾਲ ਦਿਲ ਦੀ ਧੜਕਣ ਐਨੀ ਤੇਜ਼ ਹੋ ਜਾਂਦੀ ਹੈ ਕਿ ਕਈ ਵਾਰ ਤਾਂ ਦਿਲ ਫੇਲ੍ਹ ਹੋ ਕੇ ਸਦਾ ਲਈ ਇਸ ਦੀ ਧੜਕਣ ਰੁਕ ਜਾਂਦੀ ਹੈ। ਮਨੁੱਖੀ ਸਰੀਰ ਵੀ ਇੱਕ ਮਸ਼ੀਨ ਵਾਂਗ ਹੁੰਦਾ ਹੈ। ਮਸ਼ੀਨਾਂ ਤੋਂ ਵੀ ਉਹਨਾਂ ਦੀ ਸ਼ਕਤੀ ਤੋਂ ਵੱਧ ਚਲਾਵਾਂਗੇ ਤਾਂ ਉਹ ਵੀ ਇੱਕ ਨਾ ਇੱਕ ਦਿਨ ਖ਼ਰਾਬ ਹੋ ਕੇ ਕੰਮ ਕਰਨਾ ਬੰਦ ਕਰ ਦੇਵੇਗੀ। ਬਿਲਕੁਲ ਇਸੇ ਤਰ੍ਹਾਂ ਜਦ ਦਿਮਾਗ ਨੂੰ ਜ਼ਰੂਰਤ ਤੋਂ ਜ਼ਿਆਦਾ ਭਜਾਓਗੇ ਤਾਂ ਕਈ ਵਾਰ ਜ਼ਿਆਦਾ ਭੱਜਦੇ ਭੱਜਦੇ ਇਹ ਵੀ ਐਨਾ ਥੱਕ ਜਾਂਦਾ ਹੈ ਕਿ ਉਹ ਵੀ ਕੰਮ ਕਰਨਾ ਬੰਦ ਕਰ ਦਿੰਦਾ ਹੈ ਦਿਮਾਗੀ ਥਕਾਵਟ ਕਾਰਨ ਮਨੁੱਖ ਡਿਪਰੈਸ਼ਨ ਜਾਂ ਦਬਾਅ ਹੇਠ ਆ ਕੇ ਕੋਈ ਉਲਟਾ ਪੁਲਟਾ ਫੈਸਲਾ ਲੈ ਲੈਂਦਾ ਹੈ ਜੋ ਬਹੁਤ ਘਾਤਕ ਸਿੱਧ ਹੁੰਦਾ ਹੈ।

ਜੀਵਨ ਪ੍ਰਮਾਤਮਾ ਦੀ ਦਿੱਤੀ ਹੋਈ ਇੱਕ ਬਹੁਤ ਹੀ ਅਨਮੋਲ ਦਾਤ ਹੈ।ਇਸ ਦੀ ਸੰਭਾਲ ਦਾ ਜ਼ਿੰਮਾ ਪ੍ਰਮਾਤਮਾ ਨੇ ਮਨੁੱਖ ਨੂੰ ਹੀ ਦਿੱਤਾ ਹੈ। ਜਿਹੜੇ ਵਿਅਕਤੀ ਖੁਦ ਨੂੰ ਪਿਆਰ ਨਹੀਂ ਕਰ ਸਕਦੇ ਉਹ ਹੋਰ ਕਿਸੇ ਨੂੰ ਪਿਆਰ ਕਿਵੇਂ ਕਰ ਸਕਦੇ ਹਨ? ਇਹ ਦੁਨੀਆਂ ਬਹੁਤ ਵਿਸ਼ਾਲ ਹੈ,ਇਸ ਨੂੰ ਜਿਊਂ ਕੇ ਤਾਂ ਦੇਖੋ ਤੁਹਾਨੂੰ ਧਰਤੀ ਉੱਪਰ ਹਰ ਚੀਜ਼ ਵਿੱਚੋਂ ਨਿਰਾ ਸਵਰਗੀ ਨਜ਼ਾਰ ਨਜ਼ਰ ਆਏਗਾ ,ਬਸ ਇਸ ਨੂੰ ਦੇਖਣ ਦਾ ਨਜ਼ਰੀਆ ਬਦਲਨਾ ਪਵੇਗਾ। ਜੇ ਤੁਸੀਂ ਖੁਸ਼ੀ ਲੱਭਣਾ ਚਾਹੋਗੇ ਤਾਂ ਤੁਹਾਨੂੰ ਕੁਦਰਤ ਦੀ ਹਰ ਸ਼ੈਅ ਰੰਗੀਨ ਲੱਗੇਗੀ,ਹਰ ਚਹਿਕਦਾ ਪੰਛੀ ਖੁਸ਼ੀ ਦੇ ਗੀਤ ਗਾਉਂਦਾ ਨਜ਼ਰ ਆਏਗਾ,ਹਰ ਫੁੱਲ ਹੱਸਦਾ ਜਾਪੇਗਾ,ਹਰ ਪਸ਼ੂ ਦੀਆਂ ਅੱਖਾਂ ਵਿੱਚ ਮਾਸੂਮੀਅਤ ਨਜ਼ਰ ਆਏਗੀ ਤੇ ਉਹ ਤੁਹਾਨੂੰ ਆਪਣਾ ਹਾਲ ਬਿਆਨ ਕਰਦੀ ਲੱਗੇਗੀ,ਹਰ ਇਨਸਾਨ ਤੁਹਾਨੂੰ ਆਪਣਾ ਆਪਣਾ ਜਾਪੇਗਾ।ਬੱਸ ਇਸ ਨੂੰ ਖੁੱਲ੍ਹ ਕੇ ਜਿਊਣ ਦੀ ਕਲਾ ਆਉਂਦੀ ਹੋਣੀ ਚਾਹੀਦੀ ਹੈ।

ਇਸ ਦੁਨੀਆ ਵਿੱਚ ਵਿਚਰਦੇ ਹੋਏ ਮਨੁੱਖ ਚਾਹੇ ਅਨੇਕਾਂ ਦੋਸਤ ਮਿੱਤਰ ਬਣਾਉਂਦਾ ਹੈ, ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਹੈ ਤਿਵੇਂ ਤਿਵੇਂ ਅਨੇਕਾਂ ਰਿਸ਼ਤਿਆਂ ਦੀ ਲੜੀ ਨਾਲ ਲੜੀ ਜੋੜਦਾ ਵਧਦਾ ਜਾਂਦਾ ਹੈ ।ਐਨਾ ਵੱਡਾ ਪਸਾਰਾ ਪਸਾਰ ਕੇ ਵੀ ਹਰੇਕ ਵਿਅਕਤੀ ਉੱਪਰ ਜ਼ਿੰਦਗੀ ਵਿੱਚ ਕਈ ਮੌਕੇ ਇਹੋ ਜਿਹੇ ਆਉਂਦੇ ਹਨ ਜਦੋਂ ਉਹ ਇਸ ਰਿਸ਼ਤਿਆਂ ਦੀ ਭੀੜ ਵਿੱਚ ਖੜ੍ਹਾ ਆਪਣੇ ਆਪ ਨੂੰ ਬਿਲਕੁਲ ਇਕੱਲਾ ਮਹਿਸੂਸ ਕਰਦਾ ਹੈ।ਉਸ ਨੂੰ ਲੱਗਦਾ ਹੈ ਕਿ ਉਸ ਤੋਂ ਵੱਧ ਦੁਖੀ ਇਨਸਾਨ ਤਾਂ ਦੁਨੀਆਂ ਵਿੱਚ ਹੋਰ ਕੋਈ ਨਹੀਂ ਹੋਵੇਗਾ। ਉਸ ਨੂੰ ਲੱਗਦਾ ਹੈ ਕਿ ਦੁੱਖ ਸਿਰਫ਼ ਉਸ ਲਈ ਹੀ ਬਣੇ ਹਨ।

ਆਪਣੇ ਮਨ ਵਿੱਚ ਮਹਾਨ ਸ਼ਖ਼ਸੀਅਤਾਂ ਦੇ ਵਿਚਾਰ,”ਨਾਨਕ ਦੁਖੀਆ ਸਭੁ ਸੰਸਾਰੁ” ਜਾਂ”ਫਰੀਦਾ ਮੈਂ ਜਾਣਿਆ ਦੁਖ ਮੁਝ ਕੋ,ਦੁਖ ਸਬਾਇਆ ਜਗ,ਉਚੇ ਚੜ੍ਹ ਕੇ ਦੇਖਿਆ ਘਰ ਘਰ ਇਹੋ ਅਗ” ਯਾਦ ਕਰੋ। ਸੋਚੋ, ਜਦੋਂ ਉਹਨਾਂ ਨੇ ਇਹ ਸ਼ਬਦ ਉਚਾਰੇ ਹੋਣਗੇ ਇਸ ਦਾ ਮਤਲਬ ਹੈ ਕਿ ਇਨਸਾਨ ਤਾਂ ਦੁਖੀ ਸ਼ੁਰੂ ਤੋਂ ਹੀ ਹੁੰਦਾ ਆਇਆ ਹੈ ਪਰ ਸੰਜਮ ਤੋਂ ਕੰਮ ਲੈ ਕੇ ਦੁੱਖ ਦੀ ਘੜੀ ਨੂੰ ਪਾਰ ਕਰਨਾ ਵੀ ਆਦਿ ਕਾਲ ਤੋਂ ਸਿੱਖਿਆ ਮਿਲਦੀ ਆਈ ਹੈ। ਇਸ ਤੋਂ ਉਲਟ ਸੋਚਿਆ ਜਾਵੇ ਕਿ ਦੁਖੀ ਹੋ ਕੇ ਮਰ ਜਾਓ ਤਾਂ ਕਿਤੇ ਨਹੀਂ ਲਿਖਿਆ ਹੋਇਆ, ਫਿਰ ਅਸੀਂ ਇਹ ਰਾਹ ਕਿਉਂ ਅਪਣਾਈਏ?

ਜੇ ਕੋਈ ਵਿਅਕਤੀ ਬਹੁਤਾ ਹੀ ਦੁਖੀ ਹੋ ਗਿਆ ਹੋਵੇ ਤੇ ਉਸ ਦਾ ਮਰਨ ਨੂੰ ਹੀ ਦਿਲ ਕਰਦਾ ਹੋਵੇ ਤਾਂ ਉਸ ਨੂੰ ਉਸੇ ਸਮੇਂ ਮਰਨ ਦਾ ਪ੍ਰੋਗਰਾਮ ਆਪਣੇ ਆਪ ਨਾਲ ਵਾਅਦਾ ਕਰਕੇ ਕੁਝ ਦਿਨਾਂ ਲਈ ਟਾਲ਼ ਦੇਣਾ ਚਾਹੀਦਾ ਹੈ। ਜਿਹੜੀ ਸਮੱਸਿਆ ਕਾਰਨ ਉਹ ਮਰਨ ਬਾਰੇ ਸੋਚ ਰਿਹਾ ਹੈ ਉਹ ਸਮੱਸਿਆ ਨੂੰ ਕੁਝ ਸਮੇਂ ਲਈ ਬਿਲਕੁਲ ਸੋਚਣਾ ਬੰਦ ਕਰ ਦੇਵੇ। ਆਪਣੀ ਸਮੱਸਿਆ ਨੂੰ ਕਿਸੇ ਨਾ ਕਿਸੇ ਨਾਲ ਸਾਂਝਾ ਕਰੇ।ਜੇ ਕੋਈ ਦੋਸਤ ਮਿੱਤਰ ਨਾ ਵੀ ਹੋਵੇ ਤਾਂ ਇੱਕ ਕਾਪੀ ਪੈੱਨ ਲੈ ਕੇ ਉਸ ਉੱਤੇ ਆਪਣੀਆਂ ਦਿਲ ਦੀਆਂ ਸਾਰੀਆਂ ਗੱਲਾਂ ਲਿਖ ਦੇਵੋ।ਜੇ ਕਾਪੀ ਪੈੱਨ ਚੁੱਕ ਕੇ ਲਿਖ਼ਣ ਦੀ ਹਿੰਮਤ ਵਾ ਨਾ ਹੋਵੇ ਤਾਂ ਇਕਾਂਤ ਵਿੱਚ ਬੈਠ ਕੇ ਜੋ ਤੁਹਾਡੇ ਦਿਲ ਦੇ ਵਲਵਲਿਆਂ ਦਾ ਸਮੁੰਦਰ ਠਾਠਾਂ ਮਾਰ ਰਿਹਾ ਹੋਵੇ ਤਾਂ ਪ੍ਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਦੇ ਹੋਏ ਉਸ ਨਾਲ ਗੱਲਾਂ ਕਰਦੇ ਕਰਦੇ ਦੋ ਨੈਣਾਂ ਰਾਹੀਂ ਵਹਾ ਕੇ ਸ਼ਾਂਤ ਕਰ ਦੇਵੋ । ਸਾਰੇ ਦੁੱਖੜੇ ਉਸ ਅੱਗੇ ਸੁਣਾ ਦੇਵੋਗੇ। ਫਿਰ ਕੁਝ ਹਲਕਾ ਮਹਿਸੂਸ ਕਰੋਗੇ।

ਕਦੇ ਤੁਸੀਂ ਕਿਸੇ ਦੇ ਕੌੜੇ ਬੋਲਾਂ ਤੋਂ, ਕਿਸੇ ਦੇ ਆਪਣੇ ਪ੍ਰਤੀ ਰੁੱਖੇ ਜਾਂ ਭੈੜੇ ਰਵੱਈਏ ਤੋਂ ਤੰਗ ਆ ਕੇ ਜਾਂ ਕੋਈ ਸਮਾਜਿਕ ਅਤੇ ਪਦਾਰਥਕ ਲੋੜ ਪੂਰੀ ਨਾ ਹੋਣ ਕਾਰਨ, ਜਾਂ ਆਰਥਿਕ ਮੰਦਹਾਲੀ ਕਾਰਨ, ਜਾਂ ਕਿਸੇ ਦੇ ਮੋਹ ਵਿੱਚ ਫ਼ਸ ਕੇ ਮਰਨ ਦੀ ਸੋਚ ਰਹੇ ਹੋ ਤਾਂ ਦੁਨੀਆਂ ਦੇ ਸਭ ਤੋਂ ਵੱਡੇ‌ ਮੂਰਖ਼ ਹੋ। ਅੱਜ ਕੱਲ੍ਹ ਆਤਮਘਾਤ ਕਰਨ ਵਾਲਿਆਂ ਵਿੱਚ ਬਹੁਤੇ ਇਹੋ ਜਿਹੇ ਵੀ ਲੋਕ ਹੁੰਦੇ ਹਨ ਕਿ ਖੁਦ ਤਾਂ ਮਰਕੇ ਕਿਸੇ ਨੂੰ ਫਸਾਉਣ ਲਈ ,ਉਹ ਮਹਾਂ ਤੋਂ ਵੀ ਮਹਾਂ ਮੂਰਖ ਲੋਕ ਹੁੰਦੇ ਹਨ।

ਅੱਜ ਕੱਲ੍ਹ ਇਹ ਧਮਕੀ ਆਮ ਜਿਹੀ ਬਣ ਗਈ ਹੈ,”ਮੈਂ ਮਰ ਜਾਊਂ ਪਰ ਥੋਨੂੰ ਸਭ ਨੂੰ ਫਸਾ ਕੇ ਜਾਊਂ”। ਲੋਕਾਂ ਦੀ ਸੋਚ ਵਿੱਚ ਐਨਾ ਨਿਘਾਰ ਕਿਓਂ ਆ ਚੁੱਕਿਆ ਹੈ ? ਕਿਉਂ ਆਪਣੀ ਜ਼ਿੰਦਗੀ ਨੂੰ ਲੋਕਾਂ ਦੀ ਜ਼ਿੰਦਗੀ ਤਬਾਹ ਕਰਨ ਦਾ ਹਥਿਆਰ ਬਣਾਇਆ ਜਾ ਰਿਹਾ ਹੈ? ਇਹੋ ਜਿਹੀ ਸੋਚ ਰੱਖਣ ਵਾਲਿਆਂ ਲਈ ਇਸ ਤੋਂ ਘਟੀਆ ਤੇ ਨੀਚਤਾ ਵਾਲੀ ਗੱਲ ਕੀ ਹੋ ਸਕਦੀ ਹੈ? ਅੱਜ ਕੱਲ੍ਹ ਇਹੋ ਜਿਹੇ ਨੈਤਿਕਤਾ ਦਾ ਘਾਣ ਕਰਨ ਵਾਲੇ ਲੋਕ ਇੱਕ ਹੋਰ ਰਾਹ ਅਪਣਾਉਂਦੇ ਹਨ, ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਜਾਂ ਵੀਡੀਓ ਬਣਾ ਕੇ ਮਰਦੇ ਹਨ। ਦਿਲੋਂ ਇਹੀ ਨਿਕਲਦਾ ਹੈ,’ਲੱਖ ਲਾਹਨਤ ਤੁਹਾਡੇ ਇਸ ਦੁਨੀਆਂ ਵਿੱਚ ਆਉਣ ਦੇ’।

ਜ਼ਿੰਦਗੀ ਜਿਊਣ ਲਈ ਹੈ ,ਇਸ ਲਈ ਇਸ ਨੂੰ ਖੁੱਲ੍ਹ ਕੇ ਜੀਵੋ। ਗੁਰੂ ਤੇਗ ਬਹਾਦਰ ਜੀ ਦੇ ਕਥਨ ਅਨੁਸਾਰ,”ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥” ਅਨੁਸਾਰ ਜੀਵਨ ਬਤੀਤ ਕਰੋ। ਸੋ ਵਿਦਵਾਨ ਮਨੁੱਖ ਓਹੀ ਹੈ ਜੋ ਨਾ ਕਿਸੇ ਨੂੰ ਡਰਾਉਂਦਾ ਹੈ ਤੇ ਨਾ ਡਰਦਾ ਹੈ ,ਹਰ ਮੁਸ਼ਕਲ ਨੂੰ ਖਿੜੇ ਮੱਥੇ ਸਵੀਕਾਰਦਾ ਹੋਇਆ ਹੱਸਦੇ ਹੱਸਦੇ ਪਾਰ ਕਰ ਜਾਂਦਾ ਹੈ,ਉਸੇ ਮਨੁੱਖ ਦਾ ਇਸ ਦੁਨੀਆਂ ਤੇ ਆਉਣਾ ਸਫ਼ਲ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleEU, India share common perspective on various matters: President
Next articleਡੀ ਜੇ ਵੱਜਦਾ