ਭਗਵੰਤ ਮਾਨ ਨੇ ਪੰਜਾਬ ਦੇ ਹਿੱਤ ਦਿੱਲੀ ਨੂੰ ਵੇਚੇ : ਸੁਖਬੀਰ

ਚੰਡੀਗੜ੍ਹ (ਸਮਾਜ ਵੀਕਲੀ):  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦਵਤਾ ਸਾਂਝੀ ਕਰਨ ਦਾ ਸਮਝੌਤਾ ਕਰਨ ਦੀ ਆੜ ਵਿਚ ਪੰਜਾਬ ਦੇ ਹਿੱਤ ਦਿੱਲੀ ਨੂੰ ਵੇਚ ਦਿੱਤੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦੇ ਅਸਲ ਮੁੱਖ ਮੰਤਰੀ ਬਣ ਗਏ ਹਨ। ਉਨ੍ਹਾਂ ਅੱਜ ਦੇ ਦਿਨ ਨੂੰ ਪੰਜਾਬ ਦੇ ਇਤਿਹਾਸ ਵਿਚ ਕਾਲਾ ਦਿਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਕ ਮਿਉਂਸਿਪਲ ਕਮੇਟੀ ਪ੍ਰਧਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਚਾਰਜ ਦੇ ਦਿੱਤਾ ਗਿਆ ਹੈ। ਪੰਜਾਬ ਹੁਣ ਦਿੱਲੀ ਅਧੀਨ ਹੋ ਗਿਆ ਹੈ, ਜੋ ਸੂਬਾ ਵੀ ਨਹੀਂ ਹੈ। ਉਨ੍ਹਾਂ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਸੂਬੇ ਦੀ ਖੁਦਮੁਖ਼ਤਿਆਰੀ ਦਿੱਲੀ ਨੂੰ ਸਮਰਪਿਤ ਕਰ ਕੇ ਪੰਜਾਬ ਅਤੇ ਇਸ ਦੇ ਲੋਕਾਂ ਨਾਲ ਧੋਖਾ ਕਿਉਂ ਕੀਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਪੰਜਾਬੀਆਂ ਦੇ ਸਵੈ-ਮਾਣ ਨੂੰ ਸੱਟ ਮਾਰੀ ਹੈ।

ਹੁਣ ਪੰਜਾਬ ਦੇ ਸਾਰੇ ਮੰਤਰੀ ਤੇ ਅਫਸਰ ਕੇਜਰੀਵਾਲ ਨੂੰ ਰਿਪੋਰਟ ਕਰਨਗੇ ਤੇ ਹੁਣ ਕੇਜਰੀਵਾਲ ਦੀ ਪਹੁੰਚ ਪੰਜਾਬ ਸਰਕਾਰ ਦੀਆਂ ਫਾਈਲਾਂ ਤੱਕ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸਰਕਾਰੀ ਭੇਤ ਗੁਪਤ ਰੱਖਣ ਨਾਲ ਜੁੜੇ ਐਕਟ ਦੀ ਉਲੰਘਣਾ ਹੈ। ਇਸ ਸਮਝੌਤੇ ਦੀ ਮਦ 3 ਮੁਤਾਬਕ ਭਵਿੱਖੀ ਸਰਕਾਰਾਂ ਵੀ ਇਸ ਸਮਝੌਤੇ ਦੀ ਪਾਲਣਾ ਲਈ ਪਾਬੰਦ ਹੋਣਗੀਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਰਾਜਪਾਲ ਤੱਕ ਪਹੁੰਚ ਕਰਕੇ ਬੇਨਤੀ ਕਰੇਗਾ ਕਿ ਉਹ ਮੁੱਖ ਮੰਤਰੀ ਨੂੰ ਹਦਾਇਤਾਂ ਕਰਨ ਕਿ ਉਹ ਇਸ ਪੰਜਾਬ ਵਿਰੋਧੀ ਸਮਝੌਤੇ ਲਈ ਸਹਿਮਤੀ ਵਾਪਸ ਲੈਣ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਐਮਰਜੰਸੀ ਮੀਟਿੰਗ ਵਿਚ ਅਗਲੀ ਰੂਪ ਰੇਖਾ ਉਲੀਕਣ ਦਾ ਐਲਾਨ ਕੀਤਾ। ਉਨ੍ਹਾਂ ਪੰਜਾਬ ਦਾ ਦਰਿਆਈ ਪਾਣੀ ਹਰਿਆਣਾ ਤੇ ਦਿੱਲੀ ਨੂੰ ਸੌਂਪਣ ਦਾ ਖ਼ਦਸ਼ਾ ਵੀ ਪ੍ਰਗਟਾਇਆ।

ਪੰਜਾਬ ਸਰਕਾਰ ਦਿੱਲੀ ਤੋਂ ਚੱਲਦੀ ਹੋਣ ਬਾਰੇ ਕਹਿਣਾ ਮੂਰਖਤਾ: ਕੇਜਰੀਵਾਲ

ਵਿਰੋਧੀ ਧਿਰ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕੇਜਰੀਵਾਲ ਨੇ ਕਿਹਾ, ‘‘ਮਨੀਸ਼ ਸਿਸੋਦੀਆ ਯੂਰੋਪ ਤੇ ਫਿਨਲੈਂਡ ਦੀ ਸਿੱਖਿਆ ਪ੍ਰਣਾਲੀ ਨੂੰ ਸਮਝਣ ਲਈ ਉਥੇ ਗਏ ਸਨ। ਜੇਕਰ ਕੋਈ ਕਹੇ ਕਿ ਦਿੱਲੀ ਸਰਕਾਰ ਫਿਨਲੈਂਡ ਤੋਂ ਚੱਲ ਰਹੀ ਹੈ ਤਾਂ ਇਹ ਮੂਰਖਤਾ ਹੋਵੇਗੀ। ਹਾਲ ਹੀ ਵਿੱਚ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ.ਸਟਾਲਿਨ ਦਿੱਲੀ ਆੲੇ ਸਨ। ਅਸੀਂ ਇਹ ਨਹੀਂ ਕਹਿ ਸਕਦੇ ਕਿ ਤਾਮਿਲ ਨਾਡੂ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ।’’ ਐੱਸਵਾਈਐੱਲ ਬਾਰੇ ਪੁੱਛਣ ’ਤੇ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਸਲੇ ਦੇ ਹੱਲ ਲਈ ਕੇਂਦਰ ਸਰਕਾਰ, ਪੰਜਾਬ ਤੇ ਹਰਿਆਣਾ ਸਣੇ ਸਾਰੇ ਭਾਈਵਾਲਾਂ ਅਤੇ ਕੋਰਟਾਂ ਨੂੰ ਇਕੱਠਿਆਂ ਹੋਣ ਦੀ ਲੋੜ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ-ਦਿੱਲੀ ਵਿਚਾਲੇ ਹੋਏ ਸਮਝੌਤੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦੇਵਾਂਗੇ: ਬਾਜਵਾ
Next articleਲੋਕਾਂ ਨੂੰ ਗੁਮਰਾਹ ਕਰ ਰਹੇ ਨੇ ਸੁਖਬੀਰ, ਬਾਜਵਾ ਤੇ ਸਿੱਧੂ: ਮਾਨ