ਏਹੁ ਹਮਾਰਾ ਜੀਵਣਾ ਹੈ -494

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)- ਸਰਬੀ ਸਾਰੇ ਭੈਣ ਭਰਾਵਾਂ ਦੀ ਛੋਟੀ ਭੈਣ ਸੀ। ਤਿੱਖੇ ਤਿੱਖੇ ਨੈਣ ਨਕਸ਼,ਰੰਗ ਗੋਰਾ ਤੇ ਸਰੀਰ ਪਤਲਾ ਤੇ ਕੱਦ ਲੰਬਾ ਸੀ। ਉਸ ਦੇ ਕੱਪੜਾ ਲੀੜਾ ਪਾਇਆ ਬਹੁਤ ਹੀ ਫਬਦਾ ਸੀ। ਘਰ ਵਿੱਚ ਉਹੀ ਕੁਆਰੀ ਸੀ। ਕਿਸੇ ਨੇ ਸਰਕਾਰੀ ਨੌਕਰੀ ਕਰਦੇ ਮੁੰਡੇ ਦੀ ਦੱਸ ਪਾਈ ਤਾਂ ਉਸ ਦੇ ਚਾਰੇ ਭਰਾਵਾਂ ਨੇ ਆਪਣੇ ਪਿਓ ਦੀ ਸਲਾਹ ਨਾਲ ਰਿਸ਼ਤਾ ਪੱਕਾ ਕਰ ਦਿੱਤਾ। ਉਸ ਦੀ ਮਾਂ ਨੂੰ ਗੁਜ਼ਰੀ ਨੂੰ ਕਈ ਵਰ੍ਹੇ ਹੋ ਗਏ ਸਨ ਪਰ ਉਸ ਦੀਆਂ ਭਰਜਾਈਆਂ ਵੀ ਮਾਂ ਨਾਲੋਂ ਵੱਧ ਲਾਡ ਲਡਾਉਂਦੀਆਂ ਸਨ। ਰਿਸ਼ਤਾ ਪੱਕਾ ਹੋਣ ਤੋਂ ਛੇ ਕੁ ਮਹੀਨੇ ਬਾਅਦ ਹੀ ਸਰਬੀ ਦਾ ਵਿਆਹ ਹੋ ਗਿਆ। ਉਹ ਆਪਣੇ ਘਰ ਦੀ ਰਾਣੀ ਸੀ ਕਿਉਂਕਿ ਉਸ ਦੇ ਪਤੀ ਮਨਰਾਜ ਨੇ ਆਪਣੀ ਕੋਠੀ ਬਣਾਈ ਹੋਈ ਸੀ। ਘਰ ਵਿੱਚ ਹਰ ਸੁੱਖ ਸਹੂਲਤ ਸੀ। ਮਨਰਾਜ ਦਾ ਵੱਡਾ ਭਰਾ ਅਲੱਗ ਆਪਣਾ ਘਰ ਬਣਾ ਕੇ ਰਹਿੰਦਾ ਸੀ। ਮਨਰਾਜ ਦੀ ਸਾਰਿਆਂ ਤੋਂ ਵੱਡੀ ਭੈਣ ਵਿਆਹੀ ਨੂੰ ਕਈ ਵਰ੍ਹੇ ਹੋ ਗਏ ਸਨ।ਉਸ ਦੇ ਨਾਲ ਤਾਂ ਸਿਰਫ਼ ਉਸ ਦਾ ਬਜ਼ੁਰਗ ਬਾਪ ਹੀ ਰਹਿੰਦਾ ਸੀ ਕਿਉਂਕਿ ਮਾਂ ਪਹਿਲਾਂ ਹੀ ਦੁਨੀਆਂ ਤੋਂ ਰੁਖ਼ਸਤ ਹੋ ਗਈ ਸੀ। ਕਦੇ ਕਦੇ ਮਨਰਾਜ ਦੀ ਭੈਣ ਆਪਣੇ ਬੱਚਿਆਂ ਨਾਲ ਆ ਕੇ ਕਈ ਕਈ ਦਿਨ ਇਹਨਾਂ ਕੋਲ ਰਹਿ ਜਾਂਦੀ ਸੀ।

            ਸਰਬੀ ਦੇ ਸਾਲ ਬਾਅਦ ਰੱਬ ਨੇ ਪੁੱਤ ਨਾਲ ਝੋਲ਼ੀ ਭਰ ਦਿੱਤੀ। ਉਹਨਾਂ ਦਾ ਪਰਿਵਾਰ ਹਰ ਤਰ੍ਹਾਂ ਨਾਲ ਖੁਸ਼ਹਾਲ ਪਰਿਵਾਰ ਬਣ ਗਿਆ ਸੀ। ਤਿੰਨ ਕੁ ਸਾਲ ਬਾਅਦ ਸਰਬੀ ਦੇ ਧੀ ਨੇ ਜਨਮ ਲਿਆ ਜੋ ਜਮਾਂਦਰੂ ਤੌਰ ਤੇ ਕਈ ਪੱਖਾਂ ਤੋਂ ਕਮਜ਼ੋਰ ਸੀ ਤੇ ਉਸ ਨੂੰ ਜਨਮ ਦਿੰਦੇ ਹੀ ਸਰਬੀ ਨੂੰ ਕਈ ਰੋਗ ਲੱਗ ਗਏ। ਚਾਰ ਪੰਜ ਸਾਲ ਮਨਰਾਜ ਨੇ ਦੋਵਾਂ ਮਾਵਾਂ ਧੀਆਂ ਦੇ ਬਹੁਤ ਇਲਾਜ ਕਰਵਾਏ। ਸਰਬੀ ਦੇ ਸਰੀਰ ਨੂੰ ਮੋਟਾਪਾ ਚੜ੍ਹ ਗਿਆ ਸੀ,ਉਸ ਦੇ ਅੰਗ ਪੈਰ ਵੀ ਬਹੁਤੇ ਕੰਮ ਨਹੀਂ ਕਰਦੇ ਸਨ। ਮਨਰਾਜ ਨੇ ਆਪਣੀ ਧੀ ਦੀ ਦੇਖ ਰੇਖ ਲਈ ਅਲੱਗ ਨੌਕਰਾਣੀ ਲਗਾਈ ਹੋਈ ਸੀ ਤੇ ਸਰਬੀ ਦੀ ਦੇਖਭਾਲ ਵੀ ਉਹ ਆਪ ਖ਼ੂਬ ਕਰਦਾ। ਸਰਬੀ ਨੂੰ ਕਿੰਨੇ ਵਰ੍ਹੇ ਮੰਜੇ ਤੇ ਪਈ ਨੂੰ ਵੇਖ ਕੇ ਉਸ ਦੇ ਰਿਸ਼ਤੇਦਾਰ ਉਸ ਨੂੰ ਹੋਰ ਵਿਆਹ ਕਰਾਉਣ ਦੀ ਸਲਾਹ ਦੇਣ ਲੱਗੇ। ਇੱਕ ਵਾਰ ਤਾਂ ਮਨਰਾਜ ਨੇ ਵੀ ਮਨ ਬਣਾ ਲਿਆ ਕਿ ਉਹ ਹੋਰ ਵਿਆਹ ਕਰਵਾ ਲਵੇ ਕਿਉਂਕਿ ਸਰਬੀ ਨੇ ਤਾਂ ਉਸ ਨੂੰ ਕਹਿ ਦਿੱਤਾ ਸੀ ਕਿ ਜੇ ਉਹ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਕਰਵਾ ਲਵੇ। ਪਰ ਸਰਬੀ ਦੇ ਭਰਾਵਾਂ ਨੇ ਮਨਰਾਜ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ ਉਹਨਾਂ ਦੀ ਕੁੜੀ ਦੇ ਨਾਲ ਨਾਲ ਉਸ ਦੀ ਆਪਣੀ ਵੀਲਚੇਅਰ ਤੇ ਬੈਠੀ ਅਪਾਹਜ ਕੁੜੀ ਵੀ ਰੁਲ਼ ਜਾਵੇਗੀ। ਮਨਰਾਜ ਵੀ ਕੁਝ ਸੋਚ ਕੇ ਚੁੱਪ ਹੋ ਗਿਆ।
              ਮਨਰਾਜ ਜਿੰਨ੍ਹਾਂ ਆਪਣੇ ਪੁੱਤਰ ਨੂੰ ਪਿਆਰ ਕਰਦਾ ਸੀ ਪਰ ਆਪਣੀ ਧੀ ਪਿੰਕੀ ਨੂੰ ਓਦੂੰ ਵੀ ਵੱਧ ਕਰਦਾ ਸੀ। ਸਰਬੀ ਦੇ ਇਲਾਜ ਲਈ ਵੀ ਜਿੱਥੇ ਨਹੀਂ ਉੱਥੇ ਹੀ ਉਸ ਨੇ ਧੱਕੇ ਖਾਧੇ ਸਨ। ਪਿੰਕੀ ਦਸ ਸਾਲ ਦੀ ਹੋ ਗਈ ਸੀ । ਸਰਬੀ ਬੀਮਾਰੀ ਦੀਆਂ ਪੀੜਾਂ ਦੀ ਤਾਬ ਨਾ ਝੱਲਦਿਆਂ ਦੁਨੀਆਂ ਤੋਂ ਤੁਰ ਗਈ ਸੀ। ਜਦੋਂ ਤੋਂ ਪਿੰਕੀ ਜਨਮੀ ਸੀ ਉਦੋਂ ਤੋਂ ਉਸ ਨੇ ਕਿੰਨੀ ਵਾਰ ਦਰਦਾਂ ਦੀ ਮਾਰੀ ਮੰਜੇ ਤੇ ਪਈ ਨੇ ਰੱਬ ਅੱਗੇ ਆਪਣੇ ਕੋਲ ਬੁਲਾ ਲੈਣ ਦੀ ਅਰਦਾਸ ਕੀਤੀ ਸੀ। ਹੁਣ ਉਹ ਜਣੇਪੇ ਵੇਲੇ ਜੁੜੇ ਹੱਡਾਂ ਪੈਰਾਂ ਦੀਆਂ ਦਰਦਾਂ ਤੋਂ ਮੁਕਤ ਹੋ ਗਈ ਸੀ।
                    ਸਰਬੀ ਦੇ ਤੁਰ ਜਾਣ ਤੋਂ ਬਾਅਦ ਪਿੰਕੀ ਮਨਰਾਜ ਦੀ ਹੋਰ ਵੀ ਜਿੰਦ ਜਾਨ ਬਣ ਗਈ ਸੀ। ਜਿਹੜੀ ਗੱਲ ਮੂੰਹੋਂ ਕੱਢਦੀ ਉਹ ਉਸੇ ਸਮੇਂ ਪੂਰੀ ਕਰਦਾ। ਉਸ ਨੇ ਉਸ ਦੀ ਨੌਕਰਾਣੀ ਨੂੰ ਕਿਹਾ ਹੋਇਆ ਸੀ ਕਿ ਉਸ ਨੂੰ ਕਦੇ ਡਾਂਟਣਾ ਤਾਂ ਦੂਰ ਦੀ ਗੱਲ ਹੈ ,ਉਹ ਜਦੋਂ ਜਿਹੋ ਜਿਹੇ ਕੱਪੜੇ ਪਾਉਣ ਨੂੰ ਆਖੇ,ਜਿਹੜੀ ਚੀਜ਼ ਖਾਣ ਨੂੰ ਆਖੇ ਉਸੇ ਸਮੇਂ ਉਸ ਦੀ ਗੱਲ ਨੂੰ ਪੂਰਾ ਕੀਤਾ ਜਾਵੇ। ਮਨਰਾਜ ਦਾ ਮੁੰਡਾ ਵੀ ਹੁਣ ਕਾਲਜ ਪੜ੍ਹਨ ਲੱਗ ਗਿਆ ਸੀ। ਸਰਬੀ ਦੇ ਭਰਾ ਭਰਜਾਈਆਂ ਨੇ ਮਨਰਾਜ ਅੱਗੇ ਹੱਥ ਜੋੜ ਕੇ ਦੁਖੀ ਦਿਲ ਨਾਲ ਆਖਿਆ,” ….. ਭਾਈ ਮਨਰਾਜ ਸਿਆਂ…… ਸਾਡੀ ਕੁੜੀ ਦਾ ਜਿੰਨਾ ਦਾਣਾ ਪਾਣੀ ਇਸ ਘਰ ਨਾਲ਼ ਜੁੜਿਆ ਸੀ….. ਉਹ ਚੁਗ ਕੇ ਚਲੀ ਗਈ ਹੈ…… ਭਾਈ ਅਗਾਂਹ ਤੇਰੀ ਜ਼ਿੰਦਗੀ ਹੈ…… ਜਿਵੇਂ ਤੈਨੂੰ ਠੀਕ ਲੱਗਦਾ ਹੈ…… ਤੂੰ ਆਪਣੀ ਜ਼ਿੰਦਗੀ ਨਿਭਾ …….!”
ਮਨਰਾਜ ਵੀ ਉਹਨਾਂ ਦਾ ਇਸ਼ਾਰਾ ਸਮਝ ਗਿਆ ਸੀ। ਸਰਬੀ ਨੂੰ ਗਿਆਂ ਹਜੇ ਕੁਝ ਮਹੀਨੇ ਹੋਏ ਸਨ ਕਿ ਮਨਰਾਜ ਦੇ ਇੱਕ ਦੋਸਤ ਨੇ ਉਸ ਦਾ ਇੱਕ ਅੱਧਖੜ੍ਹ ਉਮਰ ਦੀ ਔਰਤ ਬਿੰਦਰ ਕੌਰ ਨਾਲ  ਰਿਸ਼ਤਾ ਕਰਵਾ ਦਿੱਤਾ। ਉਹ ਉਸ ਨੂੰ ਗੁਰਦੁਆਰੇ ਅਨੰਦ ਲੈ ਕੇ ਘਰ ਲੈ ਆਇਆ। ਕੁਝ ਚਿਰ ਲਈ ਤਾਂ ਮਨਰਾਜ ਪੂਰੀ ਤਰ੍ਹਾਂ ਬਿੰਦਰ ਦੇ ਪਿਆਰ ਵਿੱਚ ਪੂਰੀ ਤਰ੍ਹਾਂ ਗੁੰਮ ਹੀ ਹੋ ਗਿਆ ਸੀ। ਜੋ ਉਹ ਕਹਿੰਦੀ ਉਹੀ ਕੁਝ ਕਰਦਾ ਪਰ ਪਿੰਕੀ ਦਾ ਆਪ ਹੀ ਖਿਆਲ ਰੱਖਦਾ। ਇੱਕ ਦਿਨ ਬਿੰਦਰ ਉਸ ਨੂੰ ਆਖਣ ਲੱਗੀ,”…. ਜੀ….. ਤੁਸੀਂ ਮੁੰਡਾ ਕਿੰਨਾ ਸਿਰ ਚੜ੍ਹਾਇਆ…… ਤੁਸੀਂ ਆਪ ਮੋਟਰਸਾਈਕਲ ਤੇ ਡਿਊਟੀ ਤੇ ਜਾਂਦੇ ਓ….. ਤੇ ਉਹ ਤੁਹਾਡੀ ਗੱਡੀ ਲਈ ਫਿਰਦਾ…… ਕਮਾਈ ਤੁਸੀਂ ਕਰਦੇ ਹੋ…. ਉਹ ਵਿਹਲਾ…….ਮੈਂ ਪੇਕੇ ਜਾਣਾ ਹੁੰਦਾ….. ਬੈਠੀ ਸੋਚਦੀ ਰਹਿ ਜਾਂਦੀ ਆਂ….. ਇੱਕ ਡਰਾਈਵਰ ਰੱਖ ਦੋ ਮੈਨੂੰ…..ਮੁੰਡੇ ਤੋਂ ਗੱਡੀ ਦੀ ਚਾਬੀ ਅੱਜ ਈ ਲੈ ਕੇ ਮੈਨੂੰ ਦੇ ਦਿਓ…..!” ਮਨਰਾਜ ਨੇ ਆਪਣੀ ਨਵੀਂ ਵਹੁਟੀ ਦੀ ਗੱਲ ਮੰਨਦਿਆਂ ਮੁੰਡੇ ਨੂੰ ਗੱਡੀ ਚਲਾਉਣ ਤੋਂ ਮਨ੍ਹਾ ਕਰ ਦਿੱਤਾ ਤੇ ਚਾਬੀ ਬਿੰਦਰ ਨੂੰ ਦੇ ਦਿੱਤੀ।
              ਬਿੰਦਰ ਨੂੰ ਪੂਰੀ ਐਸ਼ ਲੱਗ ਗਈ ਸੀ। ਉਹ ਮਨਰਾਜ ਦੇ ਡਿਊਟੀ ਜਾਣ ਤੋਂ ਬਾਅਦ ਆਪਣੇ ਭਰਾ ਭਤੀਜਿਆਂ ਕੋਲ਼ ਜਾਂਦੀ ਉਹਨਾਂ ਨੂੰ ਬਜ਼ਾਰਾਂ ਵਿੱਚ ਲੈ ਕੇ ਜਾਂਦੀ, ਕਈ ਕਈ ਦਿਨ ਉਹਦੇ ਚਾਰ ਪੰਜ ਭਤੀਜੇ ਭਤੀਜੀਆਂ ਆ ਕੇ ਬੈਠੇ ਰਹਿੰਦੇ । ਇੱਕ ਦਿਨ ਮਨਰਾਜ ਨੇ ਕੁਝ ਲੱਭਣ ਲਈ ਸਰਬੀ ਦੀ ਪੇਟੀ ਖੋਲ੍ਹੀ ਤਾਂ ਉਹ ਖ਼ਾਲੀ ਪਈ,ਉਸ ਦੇ ਗਹਿਣੇ ਤੇ ਕੱਪੜੇ ਲੀੜੇ ਕੁਝ ਵੀ ਨਹੀਂ ਸੀ। ਬਸ ਉਸ ਦੇ ਦੋ ਤਿੰਨ ਬਿਸਤਰੇ ਪਏ ਸਨ। ਮਨਰਾਜ ਨੇ ਬਿੰਦਰ ਨੂੰ ਕੁਝ ਪੁੱਛਿਆ ਤਾਂ ਨਾ ਪਰ ਕੁਝ ਗੱਲਾਂ ਸਮਝ ਵਿੱਚ ਆਉਣ ਲੱਗ ਪਈਆਂ ਸਨ। ਇੱਕ ਦਿਨ ਮਨਰਾਜ ਦਫ਼ਤਰ ਤੋਂ ਜਲਦੀ ਘਰ ਆਇਆ ਤਾਂ ਬਿੰਦਰ ਪਿੰਕੀ ਨੂੰ ਡਾਂਟ ਲਗਾ ਰਹੀ ਸੀ,”…… ਐਵੇਂ ਪਿਓ ਸਾਹਮਣੇ ਡਰਾਮੇ ਨਾ ਕਰਿਆ ਕਰ…… ਸਾਰਾ ਦਿਨ ਵੀਲਚੇਅਰ ਤੇ ਆਏਂ ਸਜ ਕੇ ਬੈਠੀ ਰਹਿੰਦੀ ਐ….. ਜਿਵੇਂ ਇਹਨੂੰ ਹੁਣੇ ਕੋਈ ਵਿਆਹੁਣ ਆਜੂ…… (ਉਸ ਦੀ ਨੌਕਰਾਣੀ ਵੱਲ ਨੂੰ)…… ਤੂੰ ਵੀ ਸੁਣ ਲੈ……. ਸਾਰਾ ਦਿਨ ਇਹ ਮਹਾਰਾਣੀ ਦੇ ਅੱਗੇ ਪਿੱਛੇ ਤੁਰੀ ਫਿਰਦੀ ਐਂ…… ਇਹਨੂੰ ਐਨਾ ਸਿਰ ਨਾ ਚੜ੍ਹਾ…… ਇਹਨੂੰ ਕਿਹਾ ਕਰ ਆਪਣੇ ਕੰਮ ਆਪੇ ਕਰਨ ਦੀ ਆਦਤ ਪਾਵੇ……!”
        ਇਹ ਸਭ ਦੇਖ਼ ਕੇ ਮਨਰਾਜ ਦਾ ਖੂਨ ਖੌਲ ਉੱਠਿਆ।ਉਸ ਨੇ ਬਿੰਦਰ ਨੂੰ ਬੁਰੀ ਤਰ੍ਹਾਂ ਡਾਂਟਿਆ ਤੇ ਕਿਹਾ,”…… ਪਿੰਕੀ ਮੇਰੀ ਜਾਨ ਏ……. ਮੈਂ ਤੈਨੂੰ ਆਪਣੇ ਜਵਾਕਾਂ ਖਾਤਰ ਲਿਆਇਆ ਸੀ…… ਤੂੰ ਉਹਨਾਂ ਤੋਂ ਬਾਪ ਖੋਹ ਕੇ ਵੀ ਅਨਾਥ ਕਰ ਦਿੱਤਾ…..?” ਬਿੰਦਰ ਰੁੱਸ ਕੇ ਪੇਕੇ ਚਲੀ ਗਈ। ਮਨਰਾਜ ਦੇ ਸਿਰ ਤੋਂ ਅੱਧੀ ਬਲਾ ਟਲੀ। ਫ਼ਿਰ ਪਿਓ ਪੁੱਤ ਤੇ ਪਿੰਕੀ ਪਹਿਲਾਂ ਵਾਂਗ ਖੁਸ਼ੀ ਖੁਸ਼ੀ ਰਹਿਣ ਲੱਗੇ। ਹੁਣ ਬਿੰਦਰ ਦੇ ਸੁਨੇਹੇ ਤੇ ਸੁਨੇਹੇ ਆਉਣ ਲੱਗੇ ਕਿ ਮਨਰਾਜ ਉਸ ਨੂੰ ਮਨਾ ਕੇ ਲੈ ਜਾਵੇ ਪਰ ਮਨਰਾਜ ਨੇ ਉਸ ਨੂੰ ਲਿਆਉਣ ਤੋਂ ਮਨ੍ਹਾ ਕਰ ਦਿੱਤਾ। ਪੰਚਾਇਤ ਰਾਹੀਂ ਫ਼ੈਸਲਾ ਹੋਇਆ,ਬਿੰਦਰ ਦਸ ਲੱਖ ਰੁਪਏ ਤੋਂ ਇੱਕ ਪੈਸਾ ਘੱਟ ਲੈਣ ਲਈ ਨਹੀਂ ਮੰਨੀ।ਛੇ ਮਹੀਨਿਆਂ ਵਿੱਚ ਸਰਬੀ ਦੇ ਪੰਜ ਚਾਰ ਲੱਖ ਦੇ ਗਹਿਣੇ ਪਹਿਲਾਂ ਹੀ ਹੜੱਪ ਚੁੱਕੀ ਸੀ। ਪਰ ਮਨਰਾਜ ਪੰਦਰਾਂ ਲੱਖ ਦਾ ਘਾਟਾ ਝੱਲ ਕੇ ਵੀ ਆਪਣੇ ਆਪ ਨੂੰ ਬਚਿਆ ਮਹਿਸੂਸ ਕਰਦਾ ਸੀ। ਕਦੇ ਇਕੱਲਿਆਂ ਬੈਠਾ ਆਪਣੇ ਬੱਚਿਆਂ ਨੂੰ ਹੱਸਦੇ ਖੇਡਦੇ ਦੇਖ਼ ਉਹਨਾਂ ਵਿੱਚੋਂ ਸਰਬੀ ਖੁਸ਼ ਹੁੰਦੀ ਦਿਸਦੀ ਤਾਂ ਉਸ ਦੇ ਦਿਲ ਨੂੰ ਤਸੱਲੀ ਮਿਲਦੀ ਤੇ ਸੋਚਦਾ,”…. ਬੱਚਿਆਂ ਦੀ ਖ਼ੁਸ਼ੀ ਤੋਂ ਵੱਡੀ….. ਕੋਈ ਖ਼ੁਸ਼ੀ ਨਹੀਂ ਹੋ ਸਕਦੀ…. ਕਿਉਂ ਕਿ ਉਹਨਾਂ ਵਿੱਚੋਂ ਸਾਨੂੰ….. ਇੱਕ ਦੂਜੇ ਦਾ ਅਕਸ ਵਿਖਾਈ ਦਿੰਦਾ ਹੈ…. ਕਿਸੇ ਦੇ ਨਾਲ ਨਾ ਹੁੰਦੇ ਹੋਏ ਵੀ…. ਆਪਣਿਆਂ ਨੂੰ ਮਹਿਸੂਸ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ…!”
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous articleCall to Redeem the History and Glory of Ad-dharam Mandal
Next articleਸਟੈਂਡਰਡ ਕਲੱਬ ਨੇ ਕੰਨਿਆ ਸਕੂਲ ਰੋਪੜ ਵਿਖੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ