ਲਾਲ ਸਿੰਘ ਸੁਲਹਾਣੀ
(ਸਮਾਜ ਵੀਕਲੀ) ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ, ਜਿਸ ਨੂੰ ਭਗਵੰਤ ਮਾਨ ਸਰਕਾਰ ਵਜੋਂ ਜਾਣਿਆ ਜਾਂਦਾ ਹੈ, ਆਪਣੇ ਆਪ ਨੂੰ “ਆਮ ਆਦਮੀ ਦੀ ਸਰਕਾਰ” ਆਖ ਕੇ ਵੋਟਾਂ ਲੈਂਦੀ ਹੈ। ਪਰ ਹਕੀਕਤ ਵਿਚ ਕੀ ਇਹ ਮਹਿੰਦਰ ਮਾਸਟਰ ਦੇ ਮੁੰਡੇ ਵਾਲੀ ਸਰਕਾਰ ਲੱਗਦੀ ਹੈ? ਜਿੱਥੇ ਰਾਜਨੀਤੀ ਦਾ ਖੇਡ ਐ ਬਦਲਦਾ ਕੁਝ ਵੀ ਨਹੀਂ ਹੈ, ਪਰ ਲਾਠੀ ਉਹੀ ਰਹਿੰਦੀ ਹੈ ਸਿਰਫ ਲਾਠੀ ਵਰਤਣ ਵਾਲੇ ਚਿਹਰੇ ਹੀ ਬਦਲਦੇ ਹਨ। ਇੱਕ ਪਾਸੇ ਦਿੱਲੀ ਦੇ ਜੰਤਰ-ਮੰਤਰ ਉੱਤੇ ਹੋਏ ਲਾਠੀਚਾਰਜ ਵਿਰੋਧ ਵਿਚ ਭਗਵੰਤ ਮਾਨ, ਹਰਜੋਤ ਬੈਂਸ, ਮਨੀਸ਼ ਸਿਸੋਦੀਆ, ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ ਵਰਗੇ ਆਗੂ ਕੇਂਦਰੀ ਸਰਕਾਰ ਨੂੰ ਕੋਸਦੇ ਹਨ, ਨਿੰਦਾ ਕਰਦੇ ਹਨ ਅਤੇ ਮੰਤਰੀਆਂ ਦੇ ਅਸਤੀਫਿਆਂ ਦੀ ਮੰਗ ਕਰਦੇ ਹਨ। ਦੂਜੇ ਪਾਸੇ ਖੰਨਾ-ਬਰਨਾਲਾ ਵਿਚ ਮਜ਼ਦੂਰਾਂ ਅਤੇ ਸਫਾਈ ਸੇਵਕਾਂ ਉੱਤੇ ਵਹਿਸ਼ੀ ਵਿਹਾਰ, ਔਰਤਾਂ ਨੂੰ ਗੰਦੀਆਂ ਗਾਲ੍ਹਾਂ, ਜਾਤੀ ਸੂਚਕ ਮੰਦੀ ਸ਼ਬਦਾਵਲੀ ਅਤੇ ਪੁਲਿਸ ਵੱਲੋਂ ਅਣਮਨੁੱਖੀ ਵਰਤਾਅ ਉੱਤੇ ਇਹੀ ਸਰਕਾਰ ਮੂੰਹ ਵਿਚ ਘੁੰਗਣੀਆਂ ਪਾਈ ਬੈਠੀ ਹੈ। ਇਹ ਦੋਗਲਾਪਣ ਆਪ ਦੀ ਅਸਲੀਅਤ ਉਜਾਗਰ ਕਰਦਾ ਹੈ।
ਬਰਨਾਲਾ ਵਿਚ ਵਹਿਸ਼ੀਆਨਾ ਲਾਠੀਆਂ ਅਤੇ ਸਰਕਾਰੀ ਚੁੱਪ
ਜੁਲਾਈ 2026 ਵਿਚ ਬਰਨਾਲਾ ਵਿਚ ਸਫਾਈ ਸੇਵਕਾਂ (ਸਫਾਈ ਕਰਮਚਾਰੀਆਂ) ਨੇ ਤਨਖਾਹ ਵਧਾਉਣ, ਨੌਕਰੀਆਂ ਨੂੰ ਰੈਗੂਲਰ ਕਰਨ ਅਤੇ ਓਲਡ ਪੈਨਸ਼ਨ ਸਕੀਮ ਵਾਪਸ ਲਿਆਉਣ ਦੀ ਮੰਗ ਉੱਤੇ ਹੜਤਾਲ ਕੀਤੀ। ਇਸ ਦੌਰਾਨ ਜਦੋਂ ਐਡਮਿਨਿਸਟ੍ਰੇਸ਼ਨ ਨੇ ਗਾਰਬੇਜ ਸਾਫ਼ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਵਿਵਾਦ ਵਧਿਆ ਅਤੇ ਪੁਲਿਸ ਵੱਲੋਂ ਲਾਠੀਚਾਰਜ ਹੋਇਆ। ਔਰਤਾਂ ਸਮੇਤ ਕਈ ਮਜ਼ਦੂਰ ਪੁਲਸੀਆਂ ਦੀ ਦਰਿੰਦਗੀ ਦਾ ਸ਼ਿਕਾਰ ਹੋਕੇ ਇਜ਼ਤ ਗਵਾਉਂਦੇ ਨਜ਼ਰ ਆਏ, ਮੱਥੇ ਉੱਤੇ ਪਟੀਆਂ ਬੰਨ੍ਹੀਆਂ ਔਰਤਾਂ ਹਸਪਤਾਲਾਂ ਵਿਚ ਪਹੁੰਚੀਆਂ ਅਤੇ ਕਈ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋਏ। ਵੀਡੀਓਜ਼ ਵਿਚ ਡੀਐੱਸਪੀ ਅਤੇ ਐੱਸਐੱਚਓ ਵੱਲੋਂ ਔਰਤਾਂ ਪ੍ਰਤੀ ਵਰਤੀ ਗਈ ਮੰਦੀ ਸ਼ਬਦਾਵਲੀ ਅਤੇ ਪੁਲਿਸ ਫੋਰਸ ਵੱਲੋਂ ਅਣਮਨੁੱਖੀ ਵਿਵਹਾਰ ਸਾਫ਼ ਨਜ਼ਰ ਆਉਂਦਾ ਹੈ। ਨਿਹੱਥੀਆਂ ਔਰਤਾਂ ਦੇ ਸਿਰਾਂ ਵਿਚ ਬੇਰਹਿਮੀ ਨਾਲ ਡਾਂਗਾਂ ਵਰ੍ਹਾਉਦਿਆਂ ਸਰਕਾਰੀ ਦਹਿਸ਼ਤ ਗਰਦੀ ਦਾ ਨੰਗਾ ਨਾਚ ਨੱਚਿਆ ਗਿਆ।
ਇਸ ਘਟਨਾ ਉੱਤੇ ਆਪ ਸਰਕਾਰ ਤੇ ਪਾਰਟੀ ਚੁੱਪ ਹੈ। ਕੋਈ ਐਕਸ਼ਨ ਨਹੀਂ, ਕੋਈ ਜਾਂਚ ਨਹੀਂ, ਕੋਈ ਮਾਫੀ ਨਹੀਂ। ਉਲਟਾ ਰਾਸ਼ਟਰੀ ਕਮਿਸ਼ਨ ਫਾਰ ਸਫਾਈ ਕਰਮਚਾਰੀਜ਼ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ ਅਤੇ ਵਿਰੋਧੀ ਧਿਰਾਂ ਨੇ ਨਿੰਦਾ ਕੀਤੀ ਹੈ। ਇਹ ਉਹੀ ਆਪ ਹੈ ਜੋ ਦਿੱਲੀ ਵਿਚ ਲਾਠੀਚਾਰਜ ਉੱਤੇ ਰੋਜ਼ ਬਿਆਨਬਾਜ਼ੀ ਕਰਦੀ ਹੈ।
ਦਿੱਲੀ ਵਿਚ ਲਾਠੀਚਾਰਜ ਤੇ ਰੋਸ, ਪੰਜਾਬ ਵਿਚ ਚੁੱਪੀ
ਜੰਤਰ-ਮੰਤਰ ਉੱਤੇ ਵਿਦਿਆਰਥੀਆਂ ਅਤੇ ਹੋਰ ਵਰਗਾਂ ਦੇ ਪ੍ਰਦਰਸ਼ਨਾਂ ਉੱਤੇ ਪੁਲਿਸ ਵੱਲੋਂ ਲਾਠੀਚਾਰਜ ਹੋਇਆ ਤਾਂ ਆਪ ਆਗੂਆਂ ਨੇ ਇਸ ਨੂੰ ਅਣਮਨੁੱਖੀ ਵਰਤਾਅ ਆਖਿਆ ਅਤੇ ਕੇਂਦਰ ਉੱਤੇ ਹਮਲਾ ਬੋਲਿਆ। ਇਹ ਉਨ੍ਹਾਂ ਲਈ “ਲੋਕਤੰਤਰ ਉੱਤੇ ਹਮਲਾ” ਸੀ। ਪਰ ਜਦੋਂ ਉਨ੍ਹਾਂ ਦੀ ਖੁਦ ਦੀ ਸਰਕਾਰ ਵਿਚ ਖੰਨਾ ਮਨਰੇਗਾ ਕਾਮਿਆਂ ਤੇ ਬਰਨਾਲਾ ਵਿਚ ਸਫਾਈ ਮਜ਼ਦੂਰ ਔਰਤਾਂ ਉੱਤੇ ਲਾਠੀਆਂ ਚੱਲੀਆਂ ਤਾਂ ਉਨ੍ਹਾਂ ਨੂੰ “ਪ੍ਰਸ਼ਾਸਨਿਕ ਜ਼ਰੂਰਤ” ਲੱਗੀ। ਇਹ ਦੋਗਲਾਪਣ ਹੈ।
ਪਿਛਲੇ ਸਮੇਂ ਵਿਚ ਵੀ ਆਪ ਸਰਕਾਰ ਉੱਤੇ ਇਸੇ ਤਰ੍ਹਾਂ ਦੇ ਇਲਜ਼ਾਮ ਲੱਗੇ ਹਨ – ਆਪ੍ਰੈਂਟਿਸ ਲਾਈਨਮੈਨਾਂ, ਆਈਟੀਆਈ ਯੁਵਕਾਂ ਅਤੇ ਹੋਰ ਮਜ਼ਦੂਰ ਵਰਗਾਂ ਉੱਤੇ ਪੁਲਿਸ ਵਰਤਾਅ। ਭਗਵੰਤ ਮਾਨ ਨੇ ਇੱਕ ਵਾਰ ਆਖਿਆ ਸੀ ਕਿ ਉਹ ਸਿਰਫ ਇੱਕ ਵਰਗ ਦੇ ਨਹੀਂ, ਸਾਰੇ 3.5 ਕਰੋੜ ਪੰਜਾਬੀਆਂ ਦੇ ਮੁੱਖ ਮੰਤਰੀ ਹਨ, ਪਰ ਧਰਤੀ ਉੱਤੇ ਇਸ ਦਾ ਅਮਲ ਨਜ਼ਰ ਨਹੀਂ ਆ ਰਿਹਾ।
ਲਾਠੀ ਤਾਂ ਉਹੀ ਹੈ, ਹੱਥ ਬਦਲਦੇ ਹਨ
ਕਿਸਾਨ, ਮਜ਼ਦੂਰ, ਮੁਲਾਜ਼ਮ, ਆਂਗਣਵਾੜੀ ਵਰਕਰ – ਸਭ ਉੱਤੇ ਇੱਕੋ ਡਾਂਗ ਚੱਲ ਰਹੀ ਹੈ। ਪਹਿਲਾਂ ਕਾਂਗਰਸ-ਅਕਾਲੀਆਂ ਵੇਲੇ ਵੀ ਇਹੀ ਹੁੰਦਾ ਸੀ, ਹੁਣ ਆਪ ਵੇਲੇ ਵੀ ਉਹੀ ਤਸਵੀਰ ਹੈ। ਆਪ ਨੇ ਚੋਣਾਂ ਵੇਲੇ “ਬਦਲਾਅ” ਦਾ ਨਾਅਰਾ ਦਿੱਤਾ ਸੀ, ਪਰ ਰਾਜ ਸੱਤਾ ਵਿਚ ਆ ਕੇ ਉਹ ਉਸੇ ਪੁਰਾਣੀ ਵਿਵਸਥਾ ਦਾ ਹਿੱਸਾ ਬਣ ਗਈ ਹੈ। ਇਸ ਵਿਚ ਕੋਈ ਬਦਲਾਅ ਨਹੀਂ ਆਇਆ – ਸਿਰਫ਼ ਚਿਹਰਾ ਬਦਲਿਆ ਹੈ।
ਆਪ ਦੇ ਆਗੂਆਂ ਨੇ ਇਸ ਤੋਂ ਪਹਿਲਾਂ ਵੀ ਫਾਰਮਰ ਯੂਨੀਅਨਾਂ ਉੱਤੇ ਇਲਜ਼ਾਮ ਲਗਾਏ ਹਨ ਕਿ ਉਹ “ਪ੍ਰੋਟੈਸਟ ਦਾ ਰਾਜ” ਚਲਾ ਰਹੀਆਂ ਹਨ ਅਤੇ ਆਰਥਿਕ ਨੁਕਸਾਨ ਕਰ ਰਹੀਆਂ ਹਨ। ਪਰ ਜਦੋਂ ਉਨ੍ਹਾਂ ਖੁਦ ਦੇ ਰਾਜ ਵਿਚ ਮਜ਼ਦੂਰ ਰੋਸ ਪ੍ਰਗਟਾਉਂਦੇ ਹਨ ਤਾਂ ਉਨ੍ਹਾਂ ਲਈ “ਵਿਵਸਥਾ ਬਣਾਈ ਰੱਖਣੀ” ਬਣ ਜਾਂਦਾ ਹੈ। ਇਹ ਰਾਜਨੀਤੀ ਦਾ ਸਭ ਤੋਂ ਘਟੀਆ ਰੂਪ ਹੈ – ਜਿੱਥੇ ਆਪਣੇ ਲਈ ਲੋਕਤੰਤਰ ਅਤੇ ਵਿਰੋਧੀਆਂ ਲਈ ਦਮਨ।
ਭਗਵੰਤ ਮਾਨ ਸਰਕਾਰ ਤੋਂ ਆਮ ਆਦਮੀ ਪੁੱਛ ਰਿਹਾ ਹੈ:
ਤੁਸੀਂ ਦਿੱਲੀ ਵਿਚ ਲਾਠੀਚਾਰਜ ਉੱਤੇ ਰੋਂਦੇ ਹੋ, ਆਪਣੇ ਰਾਜ ਵਿਚ ਕਿਉਂ ਚੁੱਪ ਹੋ?
ਔਰਤਾਂ ਅਤੇ ਮਜ਼ਦੂਰਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਤੁਹਾਡੀ “ਆਮ ਆਦਮੀ” ਵਾਲੀ ਸੋਚ ਨਾਲ ਮੇਲ ਖਾਂਦਾ ਹੈ?
ਕੀ ਤੁਸੀਂ ਸਿਰਫ਼ ਵੋਟਾਂ ਲਈ ਲੋਕਾਂ ਨਾਲ ਖੇਡ ਰਹੇ ਹੋ?
ਇਸ ਸਭ ਵਰਤਾਰੇ ਤੋਂ ਇੱਕ ਗੱਲ ਸਾਫ਼ ਹੈ – ਰਾਜ ਸੱਤਾ ਬਦਲਣ ਨਾਲ ਲੋਕਾਂ ਦੀ ਹਾਲਤ ਨਹੀਂ ਬਦਲਦੀ ਜਦੋਂ ਤੱਕ ਸਿਸਟਮ ਵਿਚ ਅਸਲੀ ਤਬਦੀਲੀ ਨਾ ਆਵੇ। ਆਪ ਸਰਕਾਰ ਲਈ ਇਹ ਚਿਤਾਵਨੀ ਹੈ ਕਿ ਦੋਗਲਾਪਣ ਲੰਬਾ ਸਮਾਂ ਲੁਕਿਆ ਨਹੀਂ ਰਹਿੰਦਾ। ਲੋਕ ਵੇਖ ਰਹੇ ਹਨ ਅਤੇ ਯਾਦ ਰੱਖ ਰਹੇ ਹਨ।
ਪੰਜਾਬ ਵਿਚ ਅਸਲ ਬਦਲਾਅ ਤਦ ਹੀ ਆਵੇਗਾ ਜਦੋਂ ਲਾਠੀਆਂ ਦੀ ਬਜਾਏ ਗੱਲਬਾਤ ਅਤੇ ਨਿਆਂ ਚੱਲੇਗਾ। ਫਿਲਹਾਲ ਤਾਂ ਆਪ ਦਾ ਚਿਹਰਾ ਬੇਨਕਾਬ ਹੋ ਚੁੱਕਾ ਹੈ।
ਪਰਖੇ ਹੋਇਆਂ ਨੂੰ ਬਾਰ ਬਾਰ ਪਰਖਣ ਦੀ ਬਜਾਏ ਡਾ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਵਲੋਂ ਵਿੱਢੀ ਗਈ ਪੰਜਾਬ ਸੰਭਾਲੋ ਮੁਹਿੰਮ ਦਾ ਹਿੱਸਾ ਬਣੀਏ।
ਲਾਲ ਸਿੰਘ ਸੁਲਹਾਣੀ ਜਰਨਲ ਸਕੱਤਰ ਬਸਪਾ ਪੰਜਾਬ , ਇੰਚਾਰਜ ਬਠਿੰਡਾ ਜੋ਼ਨ