ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਬੀਤੇ ਦਿਨੀਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ:), ਅੰਮ੍ਰਿਤਸਰ ਵੱਲੋਂ ਦੀਨ-ਦੁਖੀਆਂ ਦੇ ਮਸੀਹਾ, ਯੁੱਗ ਪੁਰਸ਼ ਅਤੇ ਪਿੰਗਲਵਾੜਾ ਸੰਸਥਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦਾ 121ਵਾਂ ਜਨਮ-ਦਿਹਾੜਾ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਪਿੰਗਲਵਾੜਾ ਸੰਸਥਾ ਦੇ ਮੁੱਖ ਦਫਤਰ ਵਿਖੇ ਮਨਾਇਆ ਗਿਆ। ਇਸ ਮੌਕੇ ਸੰਗਤਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਨ ਉਪਰੰਤ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਪਿੰਗਲਵਾੜਾ ਸੰਸਥਾ ਦੇ ਵੱਖ-ਵੱਖ ਕਲਾਸਾਂ ਵਿੱਚ ਪੜ੍ਹਦੇ ਬੱਚੇ-ਬੱਚੀਆਂ ਆਦਿ ਵੱਲੋਂ ਗੁਰਬਾਣੀ ਦੇ ਇਲਾਹੀ ਕੀਰਤਨ ਨਾਲ ਪੰਡਾਲ ਵਿੱਚ ਮੌਕੇ ਬੈਠੀਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰਬਾਣੀ ਦੇ ਰਸੀਏ ਭਾਈ ਜਸਬੀਰ ਸਿੰਘ ਪੰਜਾਬ ਐਂਡ ਸਿੰਧ ਬੈਂਕ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਲਗਵਾਈ ਗਈ। ਇਸ ਮੌਕੇ ਡਾ: ਇੰਦਰਜੀਤ ਕੌਰ ਨੇ ਸੰਗਤਾਂ ਦੇ ਸਨਮੁੱਖ ਹੋ ਕੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਗਤ ਪੂਰਨ ਸਿੰਘ ਜੀ ਦੇ ਜਨਮ- ਦਿਹਾੜੇ ਤੇ ਆਉ ਸਭ ਪ੍ਰਣ ਲਈਏ ਕਿ ਅਸੀਂ ਸਮਾਜਿਕ ਕੁਰੀਤੀਆਂ ਵਿਰੁੱਧ ਉੱਠ ਖੜ੍ਹੇ ਹੋਈਏ ਅਤੇ ਕਿਸੇ ਵੀ ਥਾਂ ਹੋ ਰਹੇ ਅਨਿਆਂ ਨੂੰ ਠੱਲ੍ਹ ਪਾਉਣ ਲਈ ਰਲ-ਮਿਲ ਇਕੱਤਰ ਹੋਈਏ। ਅੱਜ ਲੋੜ ਹੈ ਭਗਤ ਪੂਰਨ ਸਿੰਘ ਜੀ ਵੱਲੋਂ ਮਨੁੱਖਤਾ ਦੇ ਬਚਾਓ ਲਈ ਜੋ ਬਹੁਤ ਸਮਾਂ ਪਹਿਲਾਂ ਹੋਕਾ ਦੇ ਦਿੱਤਾ ਸੀ, ਉਸ ਤੇ ਕੰਮ ਕਰੀਏ। ਪੰਜਾਬ ਯੋਧਿਆਂ ਤੇ ਸੂਰਬੀਰਾਂ ਦੀ ਧਰਤੀ ਅਖਵਾਉਂਦੀ ਹੈ ਪਰ ਅਫਸੋਸ ਹੈ ਕਿ ਅਜੋਕਾ ਪੰਜਾਬ ਵਾਤਾਵਰਨ ਪੱਖੋਂ ਪਲੀਤ ਹੋ ਰਿਹਾ ਹੈ ਅਤੇ ਇਸਦੇ ਗੱਭਰੂ-ਮੁਟਿਆਰਾਂ ਨਸ਼ੇ ਦੇ ਗੁਲਾਮ ਹੋ ਰਹੇ ਹਨ। ਇਸ ਮੌਕੇ ਉਚੇਚੇ ਤੌਰ ਤੇ ਕਿਸਾਨੀ ਆਗੂ ਸ੍ਰ: ਬਲਬੀਰ ਸਿੰਘ ਰਾਜੇਵਾਲ ਨੇ ਭਗਤ ਪੂਰਨ ਸਿੰਘ ਜੀ ਦੇ ਜਨਮ-ਦਿਨ ਦੀ ਵਧਾਈ ਦੇ ਕੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਗਤ ਪੂਰਨ ਸਿੰਘ ਅਸਲ ਵਿੱਚ ਬਹੁਤ ਵੱਡੀ ਸੰਸਥਾ ਸੀ ਅਤੇ ਅਜਿਹੀਆਂ ਸੱਚੀਆਂ-ਸੁੱਚੀਆਂ ਰੂਹਾਂ ਦਾ ਦੁਨੀਆਂ ਤੇ ਆਉਣਾ ਹੀ ਮਨੁੱਖਤਾ ਨੂੰ ਸੇਧ ਦੇਣਾ ਮਕਸਦ ਹੁੰਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀਆਂ ਰਿਪੋਰਟਾਂ ਵਿੱਚ ਅੰਕੜੇ ਜਾਰੀ ਹੋ ਰਹੇ ਹਨ ਉਹ ਪੰਜਾਬੀਆਂ ਲਈ ਖਤਰੇ ਦੀ ਘੰਟੀ ਹੈ। ਇਸ ਮੌਕੇ ਡਾ: ਗੁਰਚਰਨ ਸਿੰਘ ਨੂਰਪੁਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿੰਗਲਵਾੜਾ ਸੰਸਥਾ ਜੋ ਮਨੁੱਖਤਾ ਦੀ ਭਲਾਈ ਲਈ ਵੱਡੇ-ਵੱਡੇ ਕਾਰਜ ਕਰ ਰਹੀ ਹੈ, ਉਸਦਾ ਕੋਈ ਸਾਨੀਂ ਨਹੀਂ ਅਤੇ ਭਗਤ ਪੂਰਨ ਸਿੰਘ ਦੀ ਸੋਚ ਨੂੰ ਡਾ: ਇੰਦਰਜੀਤ ਕੌਰ, ਮੁੱਖ ਸੇਵਾਦਾਰ ਪਿੰਗਲਵਾੜਾ ਦੀ ਅਗਵਾਈ ਵਿੱਚ ਜੋ ਵਧਾਇਆ ਜਾ ਰਿਹਾ ਹੈ, ਉਹ ਬਹੁਤ ਸ਼ਲਾਘਾਯੋਗ ਹੈ। ਇਸ ਮੌਕੇ ਆਈਆਂ ਹੋਈਆਂ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਢਾਡੀ ਜਥੇ ਵੱਲੋਂ ਕਵੀਸ਼ਰੀ ਪੇਸ਼ ਕੀਤੀ ਗਈ। ਸ੍ਰ: ਸੋਹਨ ਸਿੰਘ ਅਤੇ ਸ੍ਰ: ਸੁਰਿੰਦਰ ਸਿੰਘ ਨੇ ਪਾਣੀ ਦੀ ਮਹੱਤਤਾ ਤੇ ਕਵਿਤਾ ਪੇਸ਼ ਕੀਤੀ। ਸ੍ਰ: ਅਮਰਜੀਤ ਸਿੰਘ, ਗੁਰਮਤਿ ਕਾਲਜ ਨੇ ਭਗਤ ਪੂਰਨ ਸਿੰਘ ਜੀ ਦੀਆਂ ਜੀਵਨ ਸੇਧਾਂ ਤੇ ਸੰਗਤਾਂ ਨੂੰ ਚੱਲਣ ਲਈ ਪ੍ਰੇਰਿਤ ਕੀਤਾ । ਡਾ: ਸੁੰਦਰ ਸ਼ਿਆਮ ਦੀਪਤੀ ਨੇ ਕਿਹਾ ਕਿ ਭਗਤ ਪੂਰਨ ਸਿੰਘ ਵਰਗੇ ਸਮਾਜ ਸੇਵੀਆਂ ਦੀ ਅੱਜ ਫੇਰ ਸਮਾਜ ਨੂੰ ਲੋੜ ਹੈ। ਇਸ ਦੌਰਾਨ ਪੰਜਾਬੀਆਂ ਦੇ ਪ੍ਰਵਾਸ ਤੇ ਝਾਤ ਪਾਉਂਦੀ “ਅਸੀਂ ਕਿਉਂ ਪ੍ਰਦੇਸੀ ਹੋਈਏ” ਸੰਪਾਦਕ ਡਾ: ਇੰਦਰਜੀਤ ਕੌਰ ਅਤੇ ਵਾਤਾਵਰਨ ਮਸਲਿਆਂ ਤੇ ਡੂੰਘੀ ਸੋਝੀ ਰੱਖਣ ਵਾਲੇ ਲੇਖਕ ਵਿਜੈ ਬੰਬੇਲੀ ਦੇ ਲੇਖਾਂ ਦੀ ਪੁਸਤਕ “ਭਲਕ ਤੱਕ ਦੇਰ ਹੋ ਜਾਏਗੀ” ਰੀਲੀਜ਼ ਕੀਤੀਆਂ ਗਈਆਂ। ਇਸ ਮੌਕੇ ਸ੍ਰ: ਮੁਖਤਾਰ ਸਿੰਘ ਗੁਰਾਇਆ ਆਨਰੇਰੀ ਸਕੱੱਤਰ, ਸ੍ਰ: ਰਾਜਬੀਰ ਸਿੰਘ ਮੈਂਬਰ, ਸ੍ਰ: ਹਰਜੀਤ ਸਿੰਘ ਅਰੋੜਾ ਮੈਂਬਰ, ਬੀਬੀ ਪ੍ਰੀਤਇੰਦਰ ਕੌਰ ਮੈਂਬਰ, ਸ਼੍ਰੀ ਯੋਗੇਸ਼ ਸੂਰੀ ਮੁੱਖ ਪ੍ਰਸ਼ਾਸਕ, ਸ੍ਰ: ਰਜਿੰਦਰਪਾਲ ਸਿੰਘ ਪ੍ਰਸ਼ਾਸਕ ਮਾਨਾਂਵਾਲਾ, ਕਰਨਲ ਦਰਸ਼ਨ ਸਿੰਘ ਬਾਵਾ, ਸ੍ਰ: ਪਰਮਿੰਦਰਜੀਤ ਸਿੰਘ ਭੱਟੀ, ਬੀਬੀ ਸੁਰਿੰਦਰ ਕੌਰ ਭੱਟੀ, ਸ੍ਰ: ਰਜਿੰਦਰਪਾਲ ਸਿੰਘ ਡਾਇਰੈਕਟਰ ਗੂੰਗੇ- ਬੋਲਿਆਂ ਦਾ ਸਕੂਲ, ਸ਼੍ਰੀ ਤਿਲਕ ਰਾਜ ਜਨਰਲ ਮੈਨੇਜਰ, ਸ੍ਰ: ਹਰਪਾਲ ਸਿੰਘ ਸੰਧੂ ਕੇਅਰ ਟੇਕਰ, ਸ੍ਰ: ਗੁਰਨਾਇਬ ਸਿੰਘ, ਸ੍ਰ: ਨਰਿੰਦਰਪਾਲ ਸਿੰਘ ਸੋਹਲ, ਸ੍ਰ: ਤਜਿੰਦਰਭਾਨ ਸਿੰਘ ਬੇਦੀ, ਸ਼੍ਰੀ ਗੁਲਸ਼ਨ ਰੰਜਨ, ਬੀਬੀ ਹਰਤੇਜਪਾਲ ਕੌਰ, ਸ੍ਰ: ਬਲਬੀਰ ਸਿੰਘ ਰਾਜੇਵਾਲ ਕਿਸਾਨ ਆਗੂ, ਸਮਾਜ ਸੇਵਕ ਪਵਨ ਸ਼ਰਮਾ, ਸਾਬਕਾ ਇੰਸਪੈਕਟਰ ਰਾਜਵਿੰਦਰ ਕੌਰ, ਸ੍ਰ: ਗੁਰਚਰਨ ਸਿੰਘ ਨੂਰਪੁਰ, ਪ੍ਰੋ: (ਡਾ:) ਕੁਲਦੀਪ ਸਿੰਘ, ਡਾ: ਪ੍ਰਭਜੀਤ ਕੌਰ, ਡਾ: ਸ਼ਿਆਮ ਸੁੰਦਰ ਦੀਪਤੀ, ਮਿਸਜ਼ ਦੀਪਤੀ, ਵਾਤਾਵਰਨ ਪ੍ਰੇਮੀ ਵਿਜੈ ਬੰਬੇਲੀ, ਮੇਜਰ ਸਿੰਘ ਮਸਾਣੀਆਂ ਸੰਗਰੂਰ ਆਦਿ ਹਾਜ਼ਰ ਸਨ। ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀ ਵੀ ਹਾਜ਼ਰ ਸਨ। ਪ੍ਰਿੰ. ਨਰੇਸ਼ ਕਾਲੀਆ, ਪ੍ਰਿੰ.ਅਨੀਤਾ ਬੱਤਰਾ, ਪ੍ਰਿੰ.ਦਲਜੀਤ ਕੌਰ, ਕੋਆਰੀਡੀਨੇਟਰ ਸੁਨੀਤਾ ਨਈਅਰ, ਪ੍ਰਿੰ. ਲਖਵਿੰਦਰ ਕੌਰ, ਵੱਖ-ਵੱਖ ਵਾਰਡਾਂ ਤੇ ਵਿਭਾਗਾਂ ਦੇ ਇੰਚਾਰਜ ਤੇ ਸਟਾਫ਼ ਮੈਂਬਰ ਆਦਿ ਹਾਜ਼ਰ ਸਨ।
ਭਗਤ ਪੂਰਨ ਸਿੰਘ ਜੀ ਦਾ 121ਵਾਂ ਜਨਮ-ਦਿਹਾੜਾ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਪਿੰਗਲਵਾੜਾ ਸੰਸਥਾ ਦੇ ਮੁੱਖ ਦਫਤਰ ਵਿਖੇ ਮਨਾਇਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



