ਕੁਰਾਲ਼ੀ, (ਸਮਾਜ ਵੀਕਲੀ) (ਰੋਮੀ ਘੜਾਮਾਂ): ਪ੍ਰਭ ਆਸਰਾ, ਪਡਿਆਲਾ (ਕੁਰਾਲ਼ੀ) ਸੰਸਥਾ ਲਾਵਾਰਸ, ਲਾਚਾਰ ਤੇ ਬੇਸਹਾਰਾ ਨਾਗਰਿਕਾਂ ਦੇ ਇਲਾਜ ਅਤੇ ਸਾਂਭ ਸੰਭਾਲ ਦੇ ਨਾਲ਼ ਨਾਲ਼ ਉਹਨਾਂ ਦੇ ਮੁੜ-ਵਸੇਬੇ ਹਿੱਤ ਵੀ ਪੁਰਜ਼ੋਰਤਾ ਨਾਲ਼ ਯਤਨਸ਼ੀਲ ਹੈ। ਜਿੱਥੇ ਮੁੜ-ਵਸੇਬੇ ਲਈ ਕੀਤੇ ਅਤੇ ਉਲੀਕੇ ਜਾਂਦੇ ਕਾਰਜਾਂ ਵਿੱਚ ਖੇਡਾਂ ਨੂੰ ਅਹਿਮ ਗਤੀਵਿਧੀ ਵਜੋਂ ਸ਼ਾਮਲ ਕੀਤਾ ਜਾਂਦਾ ਹੈ। ਜਿਸ ਦੇ ਨਤੀਜੇ ਵਜੋਂ ਇੱਥੋਂ ਦੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਸਮੇਂ ਸਮੇਂ ‘ਤੇ ਆਮ ਹੀ ਚਰਚਾ ਦਾ ਵਿਸ਼ਾ ਬਣਦੀਆਂ ਰਹਿੰਦੀਆਂ ਹਨ। ਇਸੇ ਕੜੀ ਦੇ ਚਲਦਿਆਂ ਹੁਣ ਉਕਤ ਸੰਸਥਾ ਦੇ 28 ਖਿਡਾਰੀਆਂ ਨੇ ਵੱਖੋ-ਵੱਖ ਨੈਸ਼ਨਲ ਟੀਮਾਂ ਵਿੱਚ ਆਪੋ-ਆਪਣੀਆਂ ਥਾਵਾਂ ਪੱਕੀਆਂ ਕੀਤੀਆਂ ਹਨ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਇਹ ਖਿਡਾਰੀ ਸਟੇਟ ਟਰਾਇਲ ਪਾਸ ਕਰਕੇ 09 ਖੇਡਾਂ ਬੈਡਮਿੰਟਨ, ਵਾਲੀਵਾਲ, ਫੁੱਟਬਾਲ, ਪਾਵਰ-ਲਿਫਟਿੰਗ, ਸਾਈਕਲਿੰਗ, ਬਾਸਕਿਟਬਾਲ, ਟੇਬਲ-ਟੈਨਿਸ, ਬਾਓਲਿੰਗ ਅਤੇ ਬੋਚੀ ਦੀਆਂ ਨੈਸ਼ਨਲ ਟੀਮਾਂ ਲਈ ਚੁਣੇ ਗਏ ਹਨ। ਜਿੰਨ੍ਹਾ ਵਿੱਚੋਂ 21 ਖਿਡਾਰੀਆਂ ਦੀ ਕਿਸੇ ਨਾ ਕਿਸੇ ਇਕੱਲੀ ਅਤੇ 07 ਦੀ ਦੋ ਟੀਮਾਂ ਲਈ ਚੋਣ ਹੋਈ ਹੈ। ਜਿਕਰਯੋਗ ਹੈ ਕਿ ਆਪਣੇ ਵਿਦਿਆਰਥੀ ਜੀਵਨ ਦੌਰਾਨ ਬਾਸਕਿਟਬਾਲ, ਫੁੱਟਬਾਲ ਤੇ ਅਥਲੈਟਿਕਸ ਦੇ ਖਿਡਾਰਨ ਰਹੇ ਸੰਸਥਾ ਪ੍ਰਬੰਧਕ ਬੀਬੀ ਰਜਿੰਦਰ ਕੌਰ ਨੇ ਇੱਥੋਂ ਦੇ ਖਿਡਾਰੀਆਂ ਦੀ ਸਿਖਲਾਈ ਦਾ ਜਿੰਮਾ ਖੁਦ ਸੰਭਾਲ਼ਿਆ ਹੋਇਆ ਹੈ। ਜੋ ਉਚੇਚੇ ਤੌਰ ‘ਤੇ ਸੁਵੱਖਤੇ ਹੀ ਆਪ ਮੈਦਾਨ ਵਿੱਚ ਪਹੁੰਚ ਕੇ ਸਮੁੱਚੇ ਲੋੜੀਂਦੇ ਪ੍ਰਬੰਧਾਂ ਦੀ ਵਾਗਡੋਰ ਸੰਭਾਲਦੇ ਹਨ ਅਤੇ ਟਰਾਇਲ ਜਾਂ ਮੈਚ ਹੋਣ ਤੱਕ ਟੀਮਾਂ ਨਾਲ਼ ਆਪਣੀ ਸ਼ਮੂਲੀਅਤ ਯਕੀਨੀ ਰੱਖਦੇ ਹਨ। ਉਨ੍ਹਾਂ ਅਮਾਇਰਾ ਗਰੁੱਪ, ਖਰੜ ਅਤੇ ਵੰਨ ਮੋਰ ਰੈਪ ਜਿੰਮ, ਕੁਰਾਲ਼ੀ ਦਾ ਖ਼ਾਸ ਧੰਨਵਾਦ ਕਰਦਿਆਂ ਦੱਸਿਆ ਕਿ ਇਹਨਾਂ ਅਦਾਰਿਆਂ ਨੇ ਸਾਡੇ ਬਾਓਲਿੰਗ ਤੇ ਪਾਵਰ-ਲਿਫਟਿੰਗ ਦੇ ਖਿਡਾਰੀਆਂ ਦੀ ਸਿਖਲਾਈ ਵਿੱਚ ਨਿਸ਼ਕਾਮ ਭਾਵਨਾ ਨਾਲ਼ ਵਿਸ਼ੇਸ਼ ਯੋਗਦਾਨ ਪਾਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



