
(ਸਮਾਜ ਵੀਕਲੀ) ਜ਼ਿੰਦਗੀ ਦੇ ਵਿੱਚ ਕੋਈ ਰਸਤਾ ਸਿੱਧਾ ਮੰਜ਼ਿਲ ਵੱਲ ਨਹੀਂ ਜਾਂਦਾ। ਹਰ ਰਸਤੇ ਦੇ ਵਿੱਚ ਬੜੇ ਟੋਏ ਤੇ ਪਹਾੜ ਹੁੰਦੇ ਹਨ। ਇਹਨਾਂ ਨੂੰ ਪਾਰ ਕਰਨ ਦੇ ਲਈ ਹਿੱਮਤ, ਹੌਸਲਾ, ਸਬਰ, ਸੰਤੋਖ, ਨਿਮਰਤਾ, ਸਾਦਗੀ, ਹਲੀਮੀ ਤੇ ਲਗਨ ਦੀ ਲੋੜ ਹੁੰਦੀ ਹੈ। ਇਸ ਦੇ ਵਿੱਚ ਕੋਈ ਵੀ ਰਸਤਾ ਵਿੱਚ ਵਿਚਾਲੇ ਦਾ ਨਹੀਂ ਹੁੰਦਾ। ਇਹ ਤਾਂ ਕੱਛੂਕੁੰਮੇ ਤੇ ਸਹੇ ਦੌੜ ਵਰਗਾ ਹੁੰਦਾ ਹੈ। ਅਸੀਂ ਕੱਛੂਕੁੰਮੇ ਘੱਟ ਤੇ ਸਹੇ ਵਧੇਰੇ ਹਾਂ। ਅਸੀਂ ਦਿਮਾਗ ਤੋਂ ਕੰਮ ਘੱਟ ਤੇ ਦਿਲ ਤੋਂ ਵਧੇਰੇ ਕੰਮ ਲੈਂਦੇ ਹਾਂ। ਇਸੇ ਕਰਕੇ ਅਸੀਂ ਠੋਕਰਾਂ ਖਾ ਕੇ ਵੀ ਸਮਝਦੇ ਨਹੀਂ। ਉਂਝ ਸਮਝਣ ਲਈ ਗਿਆਨ ਹਾਸਲ ਕਰਨ ਲਈ ਅਧਿਐਨ ਕਰਨ ਦੀ ਲੋੜ ਹੁੰਦੀ ਹੈ। ਗਿਆਨ ਸਾਨੂੰ ਪੜ੍ਹ ਤੇ ਸੁਣ ਕੇ ਹੀ ਮਿਲਦਾ ਹੈ। ਅਸੀਂ ਇਹਨਾਂ ਦੋਹਾਂ ਤਰੀਕਿਆਂ ਨੂੰ ਵਿਸਾਰ ਕੇ ਬੋਲਣ ਉਤੇ ਜ਼ੋਰ ਦਿੱਤਾ ਹੋਇਆ ਹੈ। ਇਸੇ ਕਰਕੇ ਚਾਰੇ ਪਾਸੇ ਕਾਵਾਂ ਰੌਲੀ ਪਈ ਹੋਈ ਹੈ। ਅੰਨ੍ਹੇ ਨੂੰ ਬੋਲ਼ਾ ਧੂੰਈ ਫ਼ਿਰਦਾ ਹੈ। ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਕ, ਭਾਸ਼ਾ ਤੇ ਬੋਲੀ ਦੀ ਕਾਣੀ ਵੰਡ ਨੇ ਸਮਾਜ ਨੂੰ ਵਰਨਾਂ, ਜਾਤਾਂ ਤੇ ਫ਼ਿਰਕਿਆਂ ਵਿੱਚ ਵੰਡ ਦਿੱਤਾ ਹੈ। ਅਸੀਂ ਆਪਣੇ ਦੁਸ਼ਮਣ ਨਾਲ ਘੱਟ ਤੇ ਆਪਣਿਆਂ ਨਾਲ ਵਧੇਰੇ ਲੜਾਈਆਂ ਲੜਦੇ ਹਾਂ। ਸਾਡੀ ਬਹੁਤੀ ਤਾਕਤ ਇਸੇ ਲਈ ਖ਼ਾਰਜ ਹੁੰਦੀ ਹੈ। ਸਾਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝਿਆਂ ਕਰਨ ਲਈ ਲੜਨ ਮਰਨ ਦੀਆਂ ਗੱਲਾਂ ਸਿਖਾਈਆਂ ਜਾ ਰਹੀਆਂ ਹਨ। ਸਾਨੂੰ ਬੁਨਿਆਦੀ ਸੁੱਖ ਸਹੂਲਤਾਂ ਤੋਂ ਵਿਰਵੇ ਕੀਤਾ ਹੋਇਆ ਹੈ। ਸਾਨੂੰ ਹਰ ਤਰ੍ਹਾਂ ਦੀਆਂ ਠੋਕਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਇਹਨਾਂ ਠੋਕਰਾਂ ਤੋਂ ਕੋਈ ਸਬਕ ਨਹੀਂ ਸਿੱਖਦੇ। ਸਗੋਂ ਸਬਕ਼ ਸਿਖਾਉਣ ਦੇ ਰਸਤੇ ਤੁਰ ਪੈਂਦੇ ਹਾਂ। ਇਸੇ ਕਰਕੇ ਅਸੀਂ ਸਮਾਜਕ ਜੰਗਲ ਦੀਆਂ ਝਾੜੀਆਂ ਤੇ ਝਾਫਿਆਂ ਦੇ ਵਿੱਚ ਫਸ ਜਾਂਦੇ ਹਾਂ। ਝਾੜੀਆਂ ਦੇ ਵਿੱਚ ਫਸੀ ਸਾਰੀ ਜ਼ਿੰਦਗੀ ਫੇਰ ਦਿਨ ਕਟੀ ਕਰਨ ਲਈ ਮਜਬੂਰ ਹੋ ਕੇ ਰਹਿ ਜਾਂਦੀ ਹੈ। ਪਰ ਕੁੱਝ ਅਜਿਹੇ ਵੀ ਹੁੰਦੇ ਹਨ, ਜਿਹੜੇ ਇਹਨਾਂ ਝਾੜੀਆਂ ਨੂੰ ਝਾੜ ਕੇ ਬਾਲਣ ਬਣਾ ਕੇ ਫੂਕ ਦੇਂਦੇ ਹਨ। ਪਰਉਹ ਲੋਕ ਗਿਣਤੀ ਦੇ ਹੁੰਦੇ ਹਨ। ਸਿਆਣੇ ਤੇ ਸੂਝਵਾਨ ਇਨਸਾਨਾਂ ਦੀ ਭੀੜ੍ਹ ਨਹੀਂ ਹੁੰਦੀ। ਭੀੜ ਤੇ ਹੜ੍ਹ ਦੀ ਕੋਈ ਦਸ਼ਾ ਤੇ ਦਿਸ਼ਾ ਨਹੀਂ ਹੁੰਦੀ। ਦਸ਼ਾ ਤੇ ਦਿਸ਼ਾ ਬਣਾਉਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਅਸੀਂ ਸਮੂਹਿਕ ਸੰਘਰਸ਼ ਕਰਨ ਦੇ ਪਾਂਧੀ ਨਹੀਂ ਬਣਦੇ। ਕਿਉਂਕਿ ਸਾਡੇ ਮਨਾਂ ਵਿੱਚ ਹੰਕਾਰ ਵਧੇਰੇ ਹੈ। ਇਹ ਹੰਕਾਰ ਸਾਨੂੰ ਤੜਫਾਉਂਦਾ ਹੈ। ਅਸੀਂ ਇਸ ਤੜਫ਼ਣ ਤੋਂ ਛੁਟਕਾਰਾ ਪਾਉਣ ਲਈ ਸਗੋਂ ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਜ਼ਿੰਦਗੀ ਦੇ ਵਿੱਚ ਡੋਬਣ ਤੇ ਦਲਦਲ ਵਿੱਚ ਧੱਕਾ ਦੇਣ ਵਾਲੇ ਬਹੁਤੇ ਆਪਣੇ ਹੀ ਹੁੰਦੇ ਹਨ। ਸਿਆਣੇ ਕਹਿੰਦੇ ਹਨ ਕਿ ਸ਼ਰੀਕ ਸਿਹਰਾ ਬੰਨ੍ਹ ਕੇ ਨਹੀਂ ਆਉਂਦਾ ਪਰ ਉਹ ਹੋਰ ਕੋਈ ਮੌਕਾ ਨਹੀਂ ਛੱਡਦਾ। ਜ਼ਿੰਦਗੀ ਦੇ ਭਵ ਸਾਗਰ ਦੇ ਵਿੱਚ ਡੁੱਬ ਦੇ ਉਹ ਹਨ ਜਿਹੜੇ ਤੈਰਨਾ ਛੱਡ ਦੇਂਦੇ ਹਨ। ਉਹਨਾਂ ਨੂੰ ਪਾਣੀ ਆਪਣੇ ਆਪ ਹੀ ਅਣ ਪਛਾਣੀਆਂ ਝੀਲਾਂ ਨਦੀਆਂ ਨਾਲਿਆਂ ਤੇ ਖੇਤਾਂ ਵਿੱਚ ਲੈਣ ਜਾਂਦਾ ਹੈ। ਜਿਥੇ ਉਹ ਮਿੱਟੀ ਦੇ ਬਾਵੇ ਬਣ ਕਿ ਰਹਿ ਜਾਂਦੇ ਹਨ। ਇਹਨਾਂ ਮਿੱਟੀ ਦੇ ਬਾਵਿਆਂ ਨੂੰ ਸਮਾਂ ਝਾਮੇਂ ਬਣਾ ਲੈਂਦਾ ਹੈ, ਉਹ ਆਪਣੀ ਸਫਾਈ ਲਈ ਇਹਨਾਂ ਨੂੰ ਵਰਤਦਾ ਹੈ। ਇਹ ਮਿੱਟੀ ਦੋ ਮੋਰ ਬਣ ਕੇ ਦੁਸ਼ਵਾਰੀਆਂ ਦੇ ਮੀਂਹ ਝੱਖੜ ਵਿੱਚ ਖੁਰਦੇ ਤੇ ਝੂਰਦੇ ਰਹਿੰਦੇ ਹਨ। ਉਹਨਾਂ ਦੇ ਵਿੱਚ ਕੁੱਝ ਕੁ ਹੁੰਦੇ ਹਨ ਜਿਹੜੇ ਇਹ ਸੋਚਦੇ ਹਨ ਕਿ ਮੈਨੂੰ ਆਪਣਿਆਂ ਨੇ ਪਾਣੀ ਦੇ ਵਿੱਚ ਧੱਕਾ ਮਾਰਿਆ ਸੀ ਕਿ ਡੁੱਬ ਜਾਵੇਗਾ ਪਰ ਮੈਂ ਤੈਰਨਾ ਸਿੱਖ ਗਿਆ, ਆਪਣੀ ਸਿਆਣਪ ਨਾਲ ਕੰਢੇ ਜਾ ਲੱਗਿਆ ਆਂ। ਹੁਣ ਉਹ ਪਛਤਾਉਂਦੇ ਹੀ ਨਹੀਂ, ਤੜਪਦੇ ਹਨ ਕਿ ਇਸ ਨੇ ਤਾਂ ਜਿਉਣਾ ਵੀ ਸਿੱਖ ਲਿਆ ਹੈ। ਮੈਂ ਜਿੱਤ ਦੀ ਖੁਸ਼ੀ ਵਿੱਚ ਧੌਣ ਨੂੰ ਉੱਚੀ ਕਰਕੇ ਜਦ ਉਹਨਾਂ ਦੇ ਕੋਲੋਂ ਦੀ ਲੰਘਦਾ ਹਾਂ ਤਾਂ ਉਹ ਖੁਦ ਸ਼ਰਮ ਨਾਲ ਝੁਕ ਕੇ ਸਿਜਦਾ ਕਰਦੇ ਹਨ। ਪਰ ਇਹੋ ਜਿਹੇ ਉਹ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਵਕਤ ਠੋਕਰਾਂ ਇਸ ਲਈ ਮਾਰਦਾ ਹੈ ਕਿ ਰਸਤਿਆਂ ਦੇ ਮੀਲ ਪੱਥਰ ਬਣ ਕੇ ਮੰਜ਼ਿਲ ਦਾ ਰਾਹ ਤੇ ਰਸਤਾ ਦੱਸਣ।
ਮੈਂਨੂੰ ਇਹਨਾਂ ਠੋਕਰਾਂ ਨੇ ਜਿਉਣਾ ਸਿਖਾਇਆ ਹੈ। ਜੇ ਮੈਨੂੰ ਠੋਕਰਾਂ ਨਾ ਵੱਜਦੀਆਂ ਤੇ ਮੈਨੂੰ ਧੱਕੇ ਨਾਲ ਪੈਂਦੇ ਤਾਂ ਮੈਂ ਵੀ ਜਿਉਂਦੇ ਜੀ ਮਰ ਜਾਣਾ ਸੀ। ਜਾਂ ਚਾਰ ਦੀਵਾਰੀ ਦੇ ਪਿੰਜਰੇ ਵਿੱਚ ਆਪਣੇ ਹੀ ਆਪ ਮਰ ਜਾਣਾ ਸੀ। ਐ ਜ਼ਿੰਦਗੀ ਤੂੰ ਚੰਗਾ ਕੀਤਾ, ਮੈਨੂੰ ਜਿਉਣਾ ਆ ਗਿਆ ਹੈ। ਹੁਣ ਮੈਂ ਅਤੀਤ ਦੇ ਉਹਨਾਂ ਕਾਲੇ ਪੰਨਿਆਂ ਨੂੰ ਅੱਗ ਦੇ ਵਿੱਚ ਸਾੜ ਦਿੱਤਾ ਹੈ। ਉਹਨਾਂ ਦੀ ਸਵਾਹ ਮੈਂ ਡੂੰਘੇ ਟੋਏ ਵਿੱਚ ਦਬਾਅ ਦਿੱਤੀ ਹੈ। ਤਾਂ ਇਸ ਧੂੜ ਮਿੱਟੀ ਦੇ ਵਿੱਚ ਗਲ ਜਾਵੇ। ਇਹ ਕਦੇ ਦਿਖਾਈ ਨਾ ਦੇਵੇ। ਐ ਜ਼ਿੰਦਗੀ ਤੂੰ ਕਿੰਨੀ ਬਦਲ ਗਈ ਹੈ, ਜਿਵੇਂ ਹੁੰਮਸ ਭਰੇ ਹੋਏ ਵਾਤਾਵਰਨ ਤੋਂ ਬਾਅਦ ਠੰਢੀਆਂ ਹਵਾਵਾਂ ਦੇ ਬੁੱਲ੍ਹੇ ਆਉਣ ਤੇ ਮੌਸਮ ਬਦਲ ਜਾਵੇ। ਮੈਂ ਬਦਲ ਗਿਆ ਹਾਂ ਤੇ ਬਦਲ ਰਿਹਾ ਹਾਂ। ਹੁਣ ਮੈਂ ਅੱਗੇ ਵੱਲ ਜਾ ਰਿਹਾ ਹਾਂ, ਬਹੁਤ ਦੂਰ ਛੱਡ ਆਇਆ ਹਾਂ ਉਹਨਾਂ ਦੁੱਖਾਂ ਤੇ ਦਰਦਾਂ ਨੂੰ ਜੋਂ ਰੋਜ਼ ਮੇਰੇ ਅੰਦਰਲੇ ਨੂੰ ਭੋਰ ਭੋਰ ਖਾ ਰਹੇ ਸੀ। ਕੁਲਵੰਤ ਨੀਲੋਂ ਦਾ ਇਹ ਸ਼ੇਅਰ ਚੇਤੇ ਆਉਂਦਾ ਹੈ।
ਤੂੰ ਠੋਕਰਾਂ ਚੋਂ ਠੋਸ ਇਰਾਦੇ ਨੂੰ ਜਨਮ ਦੇ
ਸੌ ਵਾਰ ਆਖਿਆ ਕਿ ਹਾਉਕਾ ਨਹੀਂ ਭਰੀਦਾ।
ਪਤਾ ਨਹੀਂ ਕਿਉਂ ਖਿਆਲ ਕਿ ਮੈਂ ਇਹ ਕੁੱਝ ਡਾਇਰੀ ਦੇ ਪੰਨਿਆਂ ਵਿੱਚ ਉਤਾਰ ਦਿਆਂ ਤਾਂ ਕੋਈ ਇਸ ਡਾਇਰੀ ਨੂੰ ਪੜ੍ਹ ਕੇ ਕੋਈ ਜ਼ਿੰਦਗੀ ਦੇ ਵਿੱਚ ਠੋਕਰ ਨਾ ਖਾਵੇ। ਉਸਨੂੰ ਜਿਉਣਾ ਆ ਜਾਵੇ। ਕਹਿੰਦੇ ਹਨ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਹੈ। ਮੱਛੀ ਤਾਂ ਸਿਆਣੀ ਹੁੰਦੀ ਹੈ ਪਰ ਅਸੀਂ ਸਿਆਣਪ ਤੋਂ ਵਿਰਵੇ ਹਾਂ। ਸਾਨੂੰ ਹੁਣ ਤੱਕ ਅਨੇਕਾਂ ਹੀ ਠੋਕਰਾਂ ਲੱਗੀਆਂ ਹਨ ਪਰ ਅਸੀਂ ਉਹਨਾਂ ਠੋਕਰਾਂ ਤੋਂ ਕੋਈ ਸਬਕ ਨਹੀਂ ਸਿੱਖਿਆ। ਹੁਣ ਮਨੁੱਖ ਪੈਰ ਪੈਰ ਉੱਤੇ ਠੋਕਰਾਂ ਖਾ ਰਿਹਾ ਹੈ। ਕਿਉਂਕਿ ਉਹ ਸਿਆਣਾ ਨਹੀਂ ਹੋਇਆ। ਮਨੁੱਖ ਸਿਆਣਾ ਗਿਆਨ ਨਾਲ ਹੁੰਦਾ ਹੈ। ਡਿਗਰੀਆਂ ਨਾਲ ਕੁੱਝ ਸਿੱਖਿਆ ਨਹੀਂ ਜਾ ਸਕਦਾ, ਸਿੱਖਣ ਲਈ ਹੱਥੀਂ ਕਿਰਤ ਕਰਨੀ ਪੈਂਦੀ ਹੈ। ਇਹ ਕਿਰਤ ਕਰਨ ਲਈ ਉਠਣਾ ਪੈਦਾ ਹੈ, ਜਿਹੜੇ ਤੁਰਦੇ ਹਨ ਉਹੀ ਮੰਜ਼ਿਲ ਉੱਤੇ ਪੁੱਜਦੇ ਹਨ। ਠੋਕਰਾਂ ਤੋਂ ਸਬਕ ਲੈਣ ਦੀ ਲੋੜ ਹੈ।
|\\
ਬੁੱਧ ਸਿੰਘ ਨੀਲੋਂ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj