(ਸਮਾਜ ਵੀਕਲੀ) ਔਰਤ ਦੀ ਜ਼ਿੰਦਗੀ ਇਕ ਸਿੱਧੀ ਰਾਹ ਨਹੀਂ ਹੁੰਦੀ। ਇਹ ਰਾਹ ਕਈ ਪੜਾਵਾਂ ਨਾਲ ਭਰੀ ਹੁੰਦੀ ਹੈ ਕਈ ਵਾਰ ਫੁੱਲਾਂ ਨਾਲ ਸਜੀ ਹੋਈ, ਤੇ ਕਈ ਵਾਰ ਪੱਥਰਾਂ ਨਾਲ ਭਰੀ ਹੋਈ। ਪਰ ਖੂਬਸੂਰਤੀ ਇਸ ਗੱਲ ਵਿੱਚ ਹੈ ਕਿ ਔਰਤ ਉਹਨਾਂ ਪੱਥਰਾਂ ਨੂੰ ਵੀ ਆਪਣੀ ਤਾਕਤ ਬਣਾ ਲੈਂਦੀ ਹੈ। ਉਹ ਡਿਗਦੀ ਨਹੀਂ, ਸਗੋਂ ਹਰ ਠੋਕਰ ਤੋਂ ਨਵਾਂ ਸਬਕ ਸਿੱਖ ਕੇ ਹੋਰ ਮਜ਼ਬੂਤ ਹੋ ਜਾਂਦੀ ਹੈ।
ਇੱਕ ਕੁੜੀ ਜਦੋਂ ਜਨਮ ਲੈਂਦੀ ਹੈ ਤਾਂ ਉਸਦੀ ਜ਼ਿੰਦਗੀ ਦਾ ਪਹਿਲਾ ਪੜਾਅ ਸ਼ੁਰੂ ਹੁੰਦਾ ਹੈ। ਬਚਪਨ ਦੇ ਉਹ ਦਿਨ ਸੁਪਨਿਆਂ ਨਾਲ ਭਰੇ ਹੁੰਦੇ ਹਨ, ਪਰ ਕਈ ਵਾਰ ਸਮਾਜ ਦੀਆਂ ਪਾਬੰਦੀਆਂ ਉਸਦੇ ਪਰਾਂ ਨੂੰ ਪਹਿਲਾਂ ਹੀ ਤੋਲਣ ਲੱਗ ਪੈਂਦੀਆਂ ਹਨ। ਫਿਰ ਵੀ ਉਹ ਹੱਸਣਾ ਨਹੀਂ ਛੱਡਦੀ, ਖੇਡਣਾ ਨਹੀਂ ਛੱਡਦੀ, ਕਿਉਂਕਿ ਉਸਦੇ ਅੰਦਰ ਇੱਕ ਅਜੀਬ ਜਿਹੀ ਹਿੰਮਤ ਹੁੰਦੀ ਹੈ।
ਜਵਾਨੀ ਦਾ ਪੜਾਅ ਆਉਂਦਾ ਹੈ ਤਾਂ ਉਸਦੇ ਸਾਹਮਣੇ ਨਵੇਂ ਸਵਾਲ ਖੜੇ ਹੋ ਜਾਂਦੇ ਹਨ। ਪੜਾਈ, ਸੁਪਨੇ, ਆਪਣੇ ਅਸਤਿਤਵ ਦੀ ਪਛਾਣ ਇਹ ਸਾਰੇ ਮੰਜ਼ਿਲਾਂ ਵੱਲ ਵਧਦੇ ਕਦਮ ਹੁੰਦੇ ਹਨ। ਪਰ ਇਸ ਰਾਹ ਵਿੱਚ ਕਈ ਪੱਥਰ ਵੀ ਹੁੰਦੇ ਹਨ: ਕਈ ਵਾਰ ਸਮਾਜ ਦੀ ਸੋਚ, ਕਈ ਵਾਰ ਘਰ ਦੀਆਂ ਉਮੀਦਾਂ, ਤੇ ਕਈ ਵਾਰ ਆਪਣੀਆਂ ਹੀ ਲੜਾਈਆਂ। ਫਿਰ ਵੀ ਔਰਤ ਉਹ ਪੱਥਰ ਚੁੱਕ ਕੇ ਆਪਣੀ ਰਾਹ ਬਣਾਉਣ ਦੀ ਹਿੰਮਤ ਰੱਖਦੀ ਹੈ।
ਵਿਆਹ, ਪਰਿਵਾਰ ਅਤੇ ਜ਼ਿੰਮੇਵਾਰੀਆਂ ਦਾ ਪੜਾਅ ਆਉਂਦਾ ਹੈ ਤਾਂ ਉਹ ਆਪਣੀ ਖੁਦ ਦੀਆਂ ਖ਼ਾਹਸ਼ਾਂ ਨੂੰ ਪਿੱਛੇ ਰੱਖ ਕੇ ਹੋਰਾਂ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਲੱਭਣ ਲੱਗ ਪੈਂਦੀ ਹੈ। ਉਹ ਘਰ ਦੀ ਛੱਤ ਬਣਦੀ ਹੈ, ਜੋ ਸਾਰਿਆਂ ਨੂੰ ਛਾਂ ਦਿੰਦੀ ਹੈ, ਪਰ ਕਈ ਵਾਰ ਉਸ ਛੱਤ ਦੇ ਦਰਾਰਾਂ ਨੂੰ ਕੋਈ ਨਹੀਂ ਵੇਖਦਾ। ਉਸਦੇ ਅੰਦਰ ਦੀ ਥਕਾਵਟ, ਉਸਦੇ ਦਿਲ ਦੇ ਦਰਦ ਇਹ ਸਭ ਉਹ ਚੁੱਪਚਾਪ ਸਹਿ ਜਾਂਦੀ ਹੈ।ਪਰ ਸੱਚ ਇਹ ਹੈ ਕਿ ਔਰਤ ਕਮਜ਼ੋਰ ਨਹੀਂ ਹੁੰਦੀ। ਉਹ ਸਮੇਂ ਨਾਲ ਹੋਰ ਮਜ਼ਬੂਤ ਹੋ ਜਾਂਦੀ ਹੈ। ਉਹ ਹਰ ਪੜਾਅ ਵਿੱਚ ਆਪਣੇ ਆਪ ਨੂੰ ਨਵਾਂ ਰੂਪ ਦੇਂਦੀ ਹੈ ਕਦੇ ਧੀ ਬਣ ਕੇ, ਕਦੇ ਭੈਣ ਬਣ ਕੇ, ਕਦੇ ਮਾਂ ਬਣ ਕੇ, ਤੇ ਕਦੇ ਆਪਣੇ ਸੁਪਨਿਆਂ ਦੀ ਰੱਖਵਾਲੀ ਬਣ ਕੇ।
ਅਸਲ ਵਿੱਚ ਔਰਤ ਦੀ ਜ਼ਿੰਦਗੀ ਦੇ ਇਹ ਪੜਾਵਾਂ ਉਸਦੇ ਰਾਹ ਦੇ ਪੱਥਰ ਨਹੀਂ, ਸਗੋਂ ਉਸਦੀ ਮਜ਼ਬੂਤੀ ਦੀ ਨੀਹ ਹੁੰਦੇ ਹਨ। ਉਹ ਪੱਥਰ ਹੀ ਉਸਨੂੰ ਸਿਖਾਉਂਦੇ ਹਨ ਕਿ ਡਿੱਗ ਕੇ ਵੀ ਕਿਵੇਂ ਖੜ੍ਹਾ ਹੋਣਾ ਹੈ, ਅੰਧੇਰੇ ਵਿੱਚ ਵੀ ਕਿਵੇਂ ਚਾਨਣ ਬਣਨਾ ਹੈ।ਇਸ ਲਈ ਜਦੋਂ ਅਸੀਂ ਔਰਤ ਦੀ ਜ਼ਿੰਦਗੀ ਵੱਲ ਵੇਖੀਏ, ਤਾਂ ਸਿਰਫ਼ ਉਸਦੀ ਮੁਸਕਾਨ ਨਾ ਵੇਖੀਏ। ਉਸ ਮੁਸਕਾਨ ਦੇ ਪਿੱਛੇ ਲੁਕੀਆਂ ਲੜਾਈਆਂ, ਉਸਦੇ ਕਦਮਾਂ ਦੀ ਥਕਾਵਟ, ਅਤੇ ਉਸਦੇ ਦਿਲ ਦੀ ਮਜ਼ਬੂਤੀ ਨੂੰ ਵੀ ਸਮਝੀਏ। ਕਿਉਂਕਿ ਔਰਤ ਸਿਰਫ਼ ਇੱਕ ਇਨਸਾਨ ਨਹੀਂ ਉਹ ਇੱਕ ਪੂਰੀ ਕਾਇਨਾਤ ਹੈ, ਜੋ ਹਰ ਪੜਾਅ ਵਿੱਚ ਆਪਣਾ ਨਵਾਂ ਅਸਮਾਨ ਬਣਾਉਂਦੀ ਹੈ।
ਮੰਜੂ ਰਾਇਕਾ
ਭਿੰਡਰਾਂ ਸੰਗਰੂਰ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



