ਡਾਕਟਰ ਬਨਣ – ਬਨਾਉਣ ਦਾ ਨਵਾਂ ਧੰਦਾ
(ਸਮਾਜ ਵੀਕਲੀ)- ਅੱਜ ਕੱਲ ਤੁਸੀਂ ਸ਼ੋਸਲ ਮੀਡੀਆ ਉਪਰ ਕਈ ਇਸ਼ਤਿਹਾਰ ਦੇਖੇ ਹੋਣਗੇ, ਜਿਨ੍ਹਾਂ ਵਿਚ ਲਿਖਿਆ ਹੁੰਦਾ ਕਿ,” ਤੁਸੀਂ ਆਪਣੇ ਨਾਂ ਨਾਲ “ਡਾ.” ਸ਼ਬਦ ਲਾ ਕੇ ਲੋਕਾਂ ਨੂੰ ਪ੍ਭਾਵਿਤ ਕਰ ਸਕਦੇ ਹੋ”. ਮੈਂਨੂੰ ਵੀ ਮੇਰੀ ਫ਼ੇਸਬੁੱਕ ਪਰੋਫ਼ਾਇਲ ਦੇਖ ਕੇ ਦਿੱਲੀ ਤੋਂ ਦੋ-ਤਿੰਨ ਸੰਸਥਾਵਾਂ ਵਲੋਂ ਫ਼ੋਨ ਆਏ ਕਿ ਤੁਸੀਂ ਆਪਣੇ ਨਾਂ ਨਾਲ “ਡਾਕਟਰ ਦੀ ਉਪਾਧੀ” ਲਾ ਸਕਦੇ ਹੋ. ਮੇਰੇ ਵਿਚ ਵੀ ਆਪਣੇ ਨਾਂ ਨਾਲ ਡਾਕਟਰ ਲਿਖਣ ਦੀ ਲਾਲਸਾ ਜਾਗ ਪਈ. ਮੈਂ, ਥੋੜ੍ਹੀ ਖੋਜ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਸਨਮਾਨਾਥ ਡਿਗਰੀ (Honorary degree) ਦੁਨੀਆਂ ਦੇ ਕਈ ਵਿਸ਼ਵ ਵਿਦਿਆਲੇ ਦੇ ਰਹੇ ਹਨ, ਪਤਾ ਨਹੀਂ ਉਹ ਅਸਲੀ ਹਨ ਜਾਂ ਨਕਲੀ ? ਇਕ ਫ਼ੋਨ ਕਰਨ ਵਾਲੇ ਨੂੰ ਮੈਂ ਪੁੱਛਿਆ ਕਿ “ਡਾਕਟਰ ਦੀ ਡਿਗਰੀ ” ਲਈ ਕੀ ਯੋਗਤਾ ਚਾਹੀਦੀ ਹੈ ? ਤਾਂ ਅੱਗੋ ਲੜਕੀ ਬੋਲੀ ਕਿ ਕੁੱਝ ਨਹੀਂ ਚਾਹੀਦਾ, ਬੱਸ ਤੁਸੀਂ ਸਾਨੂੰ ਆਪਣਾ ” ਬਾਇਓ ਡਾਟਾ ” ਭੇਜ ਦਿਓ ਕਿ ਤੁਸੀਂ ਸਮਾਜ ਭਲਾਈ ਜਾਂ ਕਿਸੇ ਹੋਰ ਵਿਸ਼ੇਸ ਖੇਤਰ ਵਿਚ ਕੋਈ ਪਾ੍ਪਤੀਆਂ ਕੀਤੀਆਂ ਹਨ ਤਾਂ ਸਾਨੂੰ ਲਿਖੋ. ਮੈਂ ਉਸਨੂੰ ਦੱਸਿਆ ਕਿ “ਮੈਂ ਪਿਛਲੇ 40 ਸਾਲੋਂ ਤੋਂ ਲੋਕ ਭਲਾਈ ਦੇ ਖੇਤਰ ਵਿਚ ਕੰਮ ਕੀਤਾ ਹੈ, ਕਈ ਕਿਤਾਬਾਂ ਲਿਖੀਆਂ ਹਨ, ਮੇਰਾ ਬੁੱਕ ਪਬਲਿਸਿੰਗ ਦਾ ਕੰਮ ਹੈ, ਮੈਂ “ਮਲਿੰਦ ਪ੍ਕਾਸ਼ਨ ਜਲੰਧਰ ” ਦੇ ਨਾਂ ਹੇਠ ਹੁਣ ਤੱਕ 16 ਕਿਤਾਬਾਂ ਛਾਪ ਚੁੱਕਾ ਹਾਂ, ਪੰਜਾਬੀ ਭਾਸ਼ਾ ਵਿਚ ਦੋ ਅਖਬਾਰ- “ਭੀਮ ਪੱਤ੍ਕਾ ” ਪੰਜਾਬੀ ਅਤੇ “ਕਿਰਤੀ” ਪੰਜਾਬੀ ਵੀਕਲੀ ਕੱਢ ਚੁੱਕਾ ਹਾਂ, ਅੱਜ ਕੱਲ ਮੈਂ “ਪੰਜਾਬ ਵਿਚ ਬੁੱਧ ਧਰਮ ਦਾ ਇਤਿਹਾਸ ” ਵਿਸ਼ੇ ਉਪਰ ਖੋਜ ਕਰ ਰਿਹਾ ਹਾਂ”. ਉਸਨੇ ਕਿਹਾ , “ਬੱਸ ਠੀਕ ਹੈ ਹੋਰ ਕੁੱਝ ਨਹੀਂ ਚਾਹੀਦਾ “. ਮੈਂ ਪੁੱਛਿਆ ਕਿ ਡਿਗਰੀ ਮਿਲਣ ਲਈ ਕਿੱਨਾਂ ਕੁ ਸਮਾਂ ਲਗਦਾ ਹੈ ਤਾਂ ਉਸਦਾ ਜੁਆਬ ਸੀ ਕਿ ਅਸੀਂ ਤੁਹਾਡਾ ਸਾਰਾ ਵੇਰਵਾ ਬਾਹਰਲੀ ਯੂਨੀਵਰਸਿਟੀ ਨੂੰ ਭੇਜ ਦਿੰਦੇ ਹਾਂ, ਉਹ ਤੁਹਾਡਾ ਵੇਰਵਾ ਦੇਖਕੇ, ਤੁਹਾਡੇ ਨਾਂ ਉਪਰ “ਡਾਕਟਰ ਦੀ ਉਪਾਧੀ ਦਾ ਸਰਟੀਫ਼ਿਕੇਟ” ਜਾਰੀ ਕਰ ਦਿੰਦੀ ਹੈ, ਇਸ ਕੰਮ ਨੂੰ ਦੋ ਤਿੰਨ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ. ਜਦੋਂ ਮੈਂ ਫ਼ੀਸ ਬਾਰੇ ਪੂੱਛਿਆ ਤਾਂ ਮੈਂਨੂੰ ਦੰਦਲ ਪੈ ਗਈ! ਉਸਨੇ ਕਿਹਾ ਕਿ ਤੁਹਾਨੂੰ ਡੇੜ ਲੱਖ (150000/-) ਰੁਪਿਆ, ਪਹਿਲਾਂ ਜਮਾਂ ਕਰਵਾਉਣਾ ਪਵੇਗਾ, ਫ਼ਿਰ ਤੁਹਾਨੂੰ ਦਿੱਲੀ ਵਿਖੇ, ਇਕ ਵੱਡੇ ਸਮਾਗਮ ਵਿਚ ਜਿਥੇ ਪੈ੍ਸ ਦੇ ਲੋਕ, ਫ਼ਿਲਮੀ ਐਕਟਰ ਅਤੇ ਹੋਰ ਪ੍ਸਿੱਧ ਹਸਤੀਆਂ ਦੇ ਸਾਹਮਣੇ ” ਡਾਕਟਰ ਦੀ ਉਪਾਧੀ ਦਾ ਸਰਟੀਫ਼ਿਕੇਟ ” ਦਿੱਤਾ ਜਾਵੇਗਾ. ਇਸ ਸਬੰਧੀ ਹੋਰ ਜਾਨਣ ਦੀ ਜਿਗਿਆਸਾ ਵਧੀ ਤਾਂ ਮੈਂ ਇਕ ਹੋਰ ਸੰਸਥਾਂ ਨੂੰ ਫ਼ੋਨ ਕੀਤਾ ਕਿ ਮੈਂ “ਡਾਕਟਰ ਦੀ ਡਿਗਰੀ ” ਲੈਣਾ ਚਾਹੁੰਦਾ ਹਾਂ, ਤਾਂ ਅੱਗੋ ਇਕ ਲੱਖ ਰੁਪਿਆ ਪਹਿਲਾਂ ਜਮਾਂ ਕਰਾਉਣ ਲਈ ਕਿਹਾ ਗਿਆ. ਜਦੋਂ ਮੈਂ ਕਿਹਾ ਕਿ ਮੇਰੇ ਵਿਚ ਏਨੀ ਵੱਡੀ ਰਕਮ ਜਮਾਂ ਕਰਾਉਣ ਦੀ ਹਿੰਮਤ ਨਹੀਂ, ਕੁੱਝ ਘੱਟ ਹੋ ਸਕਦਾ ਹੈ ਤਾਂ ਉਸਨੇ ਕਿਹਾ ਕਿ 70000/- ਤੋਂ ਘੱਟ ਨਹੀਂ ਲੱਗੇਗਾ. ਮੈਂ, ਉਸ ਨੂੰ ਕਿਹਾ ਕਿ ਤੁਸੀਂ ਕਰਨਾ ਹੀ ਕੀ ਹੈ? ਮੇਰਾ ਬਾਇਓ ਡਾਟਾ ਲੈ ਕੇ ਸਬੰਧਤ ਯੂਨੀਵਰਸਿਟੀ ਨੂੰ ਭੇਜ ਦੇਣਾ ਹੈ, ਉਸਨੇ ਮੈਨੂੰ ਸਰਟੀਫ਼ਿਕੇਟ ਦੇ ਦੇਣਾ ਹੈ, ਏਨੇ ਕੰਮ ਲਈ ਸੱਤਰ ਹਜਾਰ ਰੁਪਿਆ, ਬਹੁਤ ਜਿਆਦਾ ਹੈ. ਉਸਨੇ ਅੱਗੋ, ਮੇਰੇ ਕੋਲੋ ਪੁੱਛਿਆ ਕਿ, ” ਤੁਸੀਂ ਕਿੰਨੇ ਪੈਸੇ ਦੇ ਸਕਦੇ ਹੋ “. ਮੈਂ ਕਿਹਾ ਕਿ ਮੈਂ ਵੱਧ ਤੋ ਵੱਧ ਤੀਹ ਹਜਾਰ ( 30000/- ) ਰੁਪਿਆ ਦੇ ਸਕਦਾ ਹਾਂ . ਉਸਨੇ ਕਿਹਾ ਕਿ ਨਹੀਂ , ਸੱਠ ਹਜਾਰ (60000/-) ਤੋਂ ਘੱਟ ਮੇਰੇ ਬੱਸ ਵਿਚ ਨਹੀਂ ਹੈ. ਇਸ ਤਰ੍ਹਾਂ ਮੇਰਾ “ਡਾਕਟਰ” ਬਨਣ ਦਾ ਸੌਦਾ ਟੁੱਟ ਗਿਆ, ਮੇਰਾ ਸੁਪਨਾ ਵੀ ਚਕਨਾ ਚੂਰ ਹੋ ਗਿਆ ! ਸਿਰਫ਼ ਪੈਸਿਆਂ ਦੀ ਖਾਤਿਰ, ਕਿਉਕਿ ਮੈਂ ਏਨਾ ਪੈਸਾ ਦੇ ਕੇ “ਡਾਕਟਰ” ਬਨਣਾ ਨਹੀਂ ਸੀ ਚਾਹੁੰਦਾ !! ਰਾਧਾ ਨੂੰ ਨਚਾਉਣ ਲਈ ਨੌ ਮਣ ਤੇਲ ਇਕੱਠਾ ਕਰਨਾ, ਮੇਰੇ ਬੱਸ ਦੀ ਗੱਲ ਨਹੀਂ ਸੀ. ਕਈ ਅਜਿਹੇ ਵੀ ਲੋਕ ਹੋਣਗੇ, ਜਿਨ੍ਹਾਂ ਨੂੰ ਇਹ “ਸੌਦਾ” ਸਸਤਾ ਲੱਗੇਗਾ. ਉਹ ਬੜੇ ਸੌਂਕ ਨਾਲ ਆਪਣੇ ਨਾਂ ਨਾਲ” ਖਰੀਦੀ ਹੋਈ ਡਿਗਰੀ ” ਲਾ ਕੇ, ਭੋਲੀ ਭਾਲੀ ਜਨਤਾ ਉਪਰ ਰੋਬ ਪਾਉਣਗੇ ਜਦਕਿ ਇਸ ਡਿਗਰੀ ਨੂੰ ਆਪਣੇ ਨਾਂ ਨਾਲ ਨਹੀਂ ਵਰਤਿਆ ਜਾ ਸਕਦਾ, ਜੇ ਵਰਤੋਂਗੇ ਤਾਂ ਇਸ ਨਾਲ ਤੁਹਾਨੂੰ “ਆਨਰੇਰੀ” ਸ਼ਬਦ ਲਿਖਣਾ ਪਵੇਗਾ , ਨਹੀਂ ਤਾਂ ਇਹ ਗੈਰ ਕਾਨੂੰਨੀ ਹੈ ! ਕਿਸੇ ਵਿਸ਼ੇ ਵਿਚ ਖੋਜ ਕਰਨ ਤੋਂ ਬਾਅਦ ਮਿਲੀ ਹੋਈ “ਡਾਕਟਰ ਦੀ ਉਪਾਧੀ ” ਨੂੰ ਹੀ ਆਪਣੇ ਨਾਂ ਨਾਲ ਵਰਤ ਸਕਦੇ ਹੋ.
ਫਿਰ ਵੀ, ਅੱਜ ਕੱਲ ਡਾਕਟਰ ਬਨਣ – ਬਨਾਉਣ ਦਾ ਧੰਦਾ ਜੋਰਾਂ ਸੋਰਾਂ ਨਾਲ ਚੱਲ ਰਿਹਾ ਹੈ! ਬਹੁਤ ਸਾਰੇ ਲੋਕ ਹੱਥਾਂ ਦੀ ਮੈਲ (ਪੈਸਾ) ਦੇ ਕੇ ਡਾਕਟਰ ਦੀ ਉਪਾਧੀ ਹਾਸਲ ਕਰ ਲੈਣਾ, ਆਪਣੀ ਲਿਆਕਤ ਸਮਝਣਗੇ!!! ਇਸ ਸਬੰਧੀ, ਮੈਂ ਆਪਣੇ ਇਕ ਦੋਸਤ ਡਾਕਟਰ ਰਾਜੇਸ਼ ਪਾਸਵਾਨ, ਜੋ ਜਵਾਹਰ ਲਾਲ ਯੂਨੀਵਰਸਿਟੀ ਦਿੱਲੀ ਵਿਚ ਹਿੰਦੀ ਵਿਭਾਗ ਦੇ ਮੁੱਖੀ ਹਨ, ਦੀ ਰਾਏ ਜਾਣੀ ਤਾਂ ਉਸਨੇ ਕਿਹਾ ਕਿ,” ਸਰ, ਇਸ ਪੈਸੇ ਦੀ ਡਿਗਰੀ ਦੇ ਚੱਕਰ ਵਿਚ ਨਾ ਪੈਣਾ, ਜੇ ਤੁਸੀਂ ਵਾਕਈ, ਡਾਕਟਰ ਦੀ ਉਪਾਧੀ ਲੈਣਾ ਚਾਹੁੰਦੇ ਹੋ ਤਾਂ ਮੈਂ, ਤੁਹਾਨੂੰ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਤੋਂ ਰੇਗੂਲਰ ਕੋਰਸ ਰਾਹੀਂ ਡਾਕਟਰ ਦੀ ਡਿਗਰੀ ਪਾ੍ਪਤ ਕਰਨ ਬਾਰੇ ਜਾਣਕਾਰੀ ਮਹੁੱਈਆ ਕਰਵਾ ਸਕਦਾ ਹਾਂ, ਮੁੱਲ ਦੀ ਡਿਗਰੀ ਦਾ ਕੋਈ ਫ਼ਾਇਦਾ ਨਹੀਂ ਹੈ.” ਮੈਂ ਵੀ ਉਨਾਂ ਦੇ ਵਿਚਾਰ ਨਾਲ ਸਹਿਮਤ ਹੋ ਗਿਆ ਅਤੇ ਮੁੱਲ ਦੀ ਡਿਗਰੀ ਦਾ ਖਿਆਲ ਆਪਣੇ ਦਿਮਾਗ ਵਿਚੋ ਕੱਢ ਦਿੱਤਾ.
….ਹਰਮੇਸ਼ ਜੱਸਲ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



