(ਸਮਾਜ ਵੀਕਲੀ) ਖੂਬਸੂਰਤ ਹੋਣਾ ਅਤੇ ਖੂਬਸੂਰਤ ਲੱਗਣਾ ਮਨੁੱਖੀ ਹੋਂਦ ਦੇ ਦੋ ਅਜਿਹੇ ਪਹਿਲੂ ਹਨ ਜੋ ਅਕਸਰ ਸਾਨੂੰ ਭੰਬਲਭੂਸੇ ਵਿੱਚ ਪਾ ਦਿੰਦੇ ਹਨ ਕਿਉਂਕਿ ਅਜੋਕਾ ਦੌਰ ਪਦਾਰਥਵਾਦੀ ਹੈ ਜਿੱਥੇ ਦਿਖਾਵੇ ਨੂੰ ਹੀ ਸੱਚਾਈ ਮੰਨ ਲਿਆ ਗਿਆ ਹੈ ਪਰ ਜੇਕਰ ਅਸੀਂ ਡੂੰਘਾਈ ਨਾਲ ਵਿਚਾਰ ਕਰੀਏ ਤਾਂ ਪਤਾ ਲੱਗਦਾ ਹੈ ਕਿ ਖੂਬਸੂਰਤ ਲੱਗਣਾ ਸਿਰਫ਼ ਇੱਕ ਮਾਨਸਿਕ ਭਰਮ ਜਾਂ ਸਮਾਜਿਕ ਮਾਪਦੰਡਾਂ ਦੀ ਪੂਰਤੀ ਮਾਤਰ ਹੈ ਜੋ ਬਾਹਰੀ ਰੰਗ-ਰੂਪ, ਨੈਣ-ਨਕਸ਼ ਅਤੇ ਪਹਿਰਾਵੇ ਤੱਕ ਸੀਮਤ ਰਹਿੰਦਾ ਹੈ ਜਦਕਿ ਖੂਬਸੂਰਤ ਹੋਣਾ ਇੱਕ ਅਜਿਹੀ ਬ੍ਰਹਮ ਅਵਸਥਾ ਹੈ ਜਿਸ ਦਾ ਵਾਸਾ ਮਨੁੱਖ ਦੇ ਅੰਦਰੂਨੀ ਗੁਣਾਂ ਅਤੇ ਉਸ ਦੀ ਰੂਹ ਵਿੱਚ ਹੁੰਦਾ ਹੈ। ਖੂਬਸੂਰਤ ਲੱਗਣ ਦੀ ਲਾਲਸਾ ਵਿੱਚ ਅੱਜ ਦਾ ਇਨਸਾਨ ਬਾਜ਼ਾਰੀ ਵਸਤੂਆਂ, ਮਹਿੰਗੇ ਅਤੇ ਬਨਾਵਟੀ ਜੀਵਨ ਸ਼ੈਲੀ ਦਾ ਗੁਲਾਮ ਬਣ ਕੇ ਰਹਿ ਗਿਆ ਹੈ ਜਿੱਥੇ ਹਰ ਕੋਈ ਦੂਜਿਆਂ ਦੀਆਂ ਅੱਖਾਂ ਵਿੱਚ ਜਚਣ ਲਈ ਆਪਣੇ ਅਸਲ ਵਜੂਦ ਨੂੰ ਗੁਆ ਰਿਹਾ ਹੈ ਪਰ ਇਹ ਬਾਹਰੀ ਚਮਕ-ਧਮਕ ਬਹੁਤ ਥੋੜ੍ਹ-ਚਿਰੀ ਹੁੰਦੀ ਹੈ ਜੋ ਵਕਤ ਦੀ ਇੱਕੋ ਹਨੇਰੀ ਨਾਲ ਧੁੰਦਲੀ ਪੈ ਜਾਂਦੀ ਹੈ ਅਤੇ ਬੁਢਾਪੇ ਦੀ ਦਹਿਲੀਜ਼ ‘ਤੇ ਪਹੁੰਚਦਿਆਂ ਹੀ ਇਹ ਸੁੰਦਰਤਾ ਇੱਕ ਬੋਝ ਮਹਿਸੂਸ ਹੋਣ ਲੱਗਦੀ ਹੈ ਪਰ ਇਸ ਦੇ ਉਲਟ ਜੋ ਇਨਸਾਨ ਅੰਦਰੋਂ ਖੂਬਸੂਰਤ ਹੁੰਦਾ ਹੈ ਉਸ ਦੀ ਖਿੱਚ ਉਮਰ ਦੇ ਨਾਲ-ਨਾਲ ਹੋਰ ਵਧਦੀ ਜਾਂਦੀ ਹੈ ਕਿਉਂਕਿ ਉਸ ਦੀ ਸੁੰਦਰਤਾ ਦਾ ਸਰੋਤ ਉਸ ਦਾ ਨਿਰਮਲ ਸੁਭਾਅ, ਦੂਜਿਆਂ ਪ੍ਰਤੀ ਹਮਦਰਦੀ, ਸੱਚੀ ਮੁਸਕਰਾਹਟ ਅਤੇ ਨਿਰਸਵਾਰਥ ਸੇਵਾ ਭਾਵਨਾ ਹੁੰਦੀ ਹੈ ਜੋ ਕਿਸੇ ਵੀ ਮੇਕਅੱਪ ਨਾਲੋਂ ਹਜ਼ਾਰ ਗੁਣਾ ਵੱਧ ਪ੍ਰਭਾਵਸ਼ਾਲੀ ਹੁੰਦੀ ਹੈ। ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਦੇ ਇਸ ਯੁੱਗ ਵਿੱਚ ਜਿੱਥੇ ਫਿਲਟਰਾਂ ਰਾਹੀਂ ਚਿਹਰਿਆਂ ਨੂੰ ਚਮਕਾਇਆ ਜਾਂਦਾ ਹੈ ਉੱਥੇ ਰੂਹਾਂ ਦਾ ਕਾਲਾਪਣ ਅਕਸਰ ਲੁਕਿਆ ਰਹਿ ਜਾਂਦਾ ਹੈ ਪਰ ਸਮਾਜ ਵਿੱਚ ਵਿਚਰਦਿਆਂ ਜਦੋਂ ਇਨਸਾਨ ਦੇ ਬੋਲ ਕੌੜੇ ਹੋਣ ਜਾਂ ਉਸ ਦਾ ਵਿਵਹਾਰ ਅਪਮਾਨਜਨਕ ਹੋਵੇ ਤਾਂ ਸਭ ਤੋਂ ਸੋਹਣਾ ਦਿਖਣ ਵਾਲਾ ਚਿਹਰਾ ਵੀ ਬਦਸੂਰਤ ਨਜ਼ਰ ਆਉਣ ਲੱਗਦਾ ਹੈ ਜਦਕਿ ਇੱਕ ਸਾਧਾਰਨ ਦਿਖ ਵਾਲਾ ਵਿਅਕਤੀ ਜਦੋਂ ਮਿੱਠੀ ਜ਼ੁਬਾਨ ਅਤੇ ਨੇਕ ਨੀਅਤ ਨਾਲ ਗੱਲ ਕਰਦਾ ਹੈ ਤਾਂ ਉਹ ਪੂਰੀ ਕਾਇਨਾਤ ਵਿੱਚ ਸਭ ਤੋਂ ਖੂਬਸੂਰਤ ਜਾਪਣ ਲੱਗਦਾ ਹੈ। ਅਸਲ ਵਿੱਚ ਖੂਬਸੂਰਤ ਹੋਣਾ ਇੱਕ ਨਿਰੰਤਰ ਸਾਧਨਾ ਹੈ ਜਿਸ ਲਈ ਸਾਨੂੰ ਆਪਣੇ ਵਿਚਾਰਾਂ ਨੂੰ ਸ਼ੁੱਧ ਕਰਨਾ ਪੈਂਦਾ ਹੈ ਅਤੇ ਆਪਣੇ ਅਹੰਕਾਰ ਨੂੰ ਤਿਆਗ ਕੇ ਮਾਨਵਤਾ ਦੇ ਭਲੇ ਲਈ ਜਿਉਣਾ ਪੈਂਦਾ ਹੈ ਕਿਉਂਕਿ ਸਰੀਰਕ ਸੁੰਦਰਤਾ ਸਿਰਫ ਦੇਖਣ ਵਾਲੇ ਦੀ ਅੱਖ ਨੂੰ ਤ੍ਰਿਪਤ ਕਰ ਸਕਦੀ ਹੈ ਪਰ ਮਨ ਦੀ ਸੁੰਦਰਤਾ ਸਾਹਮਣੇ ਵਾਲੇ ਦੇ ਦਿਲ ਵਿੱਚ ਉੱਤਰ ਕੇ ਉਸ ਦੇ ਜੀਵਨ ਨੂੰ ਵੀ ਰੌਸ਼ਨ ਕਰ ਦਿੰਦੀ ਹੈ ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਚਿਹਰਿਆਂ ਨੂੰ ਲਿਸ਼ਕਾਉਣ ਦੀ ਦੌੜ ਵਿੱਚੋਂ ਨਿਕਲ ਕੇ ਆਪਣੇ ਕਿਰਦਾਰ ਨੂੰ ਇੰਨਾ ਉੱਚਾ ਅਤੇ ਸੁੱਚਾ ਬਣਾਈਏ ਕਿ ਸਾਡੀ ਗੈਰ-ਮੌਜੂਦਗੀ ਵਿੱਚ ਵੀ ਸਾਡੀ ਖੂਬਸੂਰਤੀ ਦੀ ਮਹਿਕ ਲੋਕਾਂ ਦੇ ਦਿਲਾਂ ਵਿੱਚ ਵਸੀ ਰਹੇ ਅਤੇ ਅਸੀਂ ਸਹੀ ਅਰਥਾਂ ਵਿੱਚ ਇਨਸਾਨੀਅਤ ਦੇ ਮੁਜੱਸਮੇ ਬਣ ਸਕੀਏ ਕਿਉਂਕਿ ਅੰਤ ਵਿੱਚ ਸਿਰਫ ਉਹੀ ਸੁੰਦਰਤਾ ਸਦੀਵੀ ਰਹਿੰਦੀ ਹੈ ਜੋ ਰੂਹ ਤੋਂ ਉਪਜਦੀ ਹੈ ਅਤੇ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਦੂਜਿਆਂ ਦੇ ਕੰਮ ਆਉਣ ਵਿੱਚ ਵਿਸ਼ਵਾਸ ਰੱਖਦੇ ਹਨ।
ਸੁਖਵਿੰਦਰ ਸਿੰਘ ਹੈਪੀ ਮੋਰਿੰਡਾ
9417820000
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



