(ਸਮਾਜ ਵੀਕਲੀ)- ਲੰਘੀ 13 ਦਸੰਬਰ 2021 ਨੂੰ ਇਜ਼ਰਾਇਲ ਵਿੱਚ ‘ਮਿਸ ਯੂਨੀਵਰਸ’ ਜਾਂ ਬ੍ਰਹਿਮੰਡ ਸੁੰਦਰੀ ਦਾ ਮੁਕਾਬਲਾ ਨੇਪਰੇ ਚੜਿਆ। ਇਸ ਸਾਲ ਇਹ ਖਿਤਾਬ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਜੰਮੀ ਹਰਨਾਜ਼ ਕੌਰ ਸੰਧੂ ਨੇ ਜਿੱਤਿਆ। ਹਰਨਾਜ ਦੇ ਇਹ ਖਿਤਾਬ ਜਿੱਤਣ ਨਾਲ਼ ਹੀ ਕਈ ਭਾਰਤ ਦੇ ਨਾਗਰਿਕਾਂ ਤੇ ਖਾਸਕਰ ਪੰਜਾਬ ਦੇ ਵਾਸੀਆਂ ਨੇ ਸੋਸ਼ਲ ਮੀਡੀਆ ਉੱਤੇ ਪੋਸਟਾਂ, ਟਵੀਟਾਂ ਤੇ ਸਟੇਟਸਾਂ ਦੀ ਝੜੀ ਲਾ ਦਿੱਤੀ। ਇਹਨਾਂ ਵਿੱਚੋਂ ਬਹੁਤੇ ਤਾਂ ਹਰਨਾਜ਼ ਨੂੰ ਮੁਬਾਰਕਬਾਦ ਦੇਣ ਤੇ ਇਸ ਗੱਲ ਉੱਤੇ ਮਾਣ ਜਾਹਰ ਕਰਨ ਲਈ ਸੀ ਕਿ “ਸਾਡੇ ਪੰਜਾਬ ਦੀ ਧੀ ਨੇ ਇਹ ਖਿਤਾਬ ਜਿੱਤਿਆ ਹੈ।
ਇੰਝ ਮੁਬਾਰਕਾਂ ਵੰਡਣਾ ਤੇ ਖੁਸ਼ੀ ਜਾਹਰ ਕਰਨ ਦਾ ਤਰੀਕਾ ਅੱਜ ਕੱਲ ਇੱਕ ਆਮ ਰੁਝਾਨ ਹੀ ਬਣ ਚੁੱਕਾ ਹੈ, ਉਦਹਾਰਨ ਵੱਜੋਂ ਜੇਕਰ ਭਾਰਤ ਕਿ੍ਰਕੇਟ ਦਾ ਕੋਈ ਮੈਚ ਜਿੱਤੇ ਜਾਂ ਭਾਰਤ ਦਾ ਕੋਈ ਖਿਡਾਰੀ ਕੌਮਾਂਤਰੀ ਮੁਕਾਬਲਿਆਂ ਵਿੱਚ ਕੋਈ ਤਮਗਾ ਜਿੱਤੇ ਜਾਂ ਫੇਰ ਭਾਰਤ ਦਾ ਕੋਈ ਹੋਰ ਨਾਗਰਿਕ ਅਜਿਹੀ ਉਪਲਬਧੀ ਹਾਸਲ ਕਰੇ ਤਾਂ ਲੋਕੀ ਸੋਸ਼ਲ ਮੀਡੀਆ ਨੂੰ ਮੁਬਾਰਕਾਂ ਤੇ ਖੁਸ਼ੀ ਦੇ ਇਜਹਾਰ ਨਾਲ਼ ਨੱਕੋ-ਨੱਕ ਭਰ ਦਿੰਦੇ ਹਨ।
ਬਹੁਤੀ ਵਾਰ ਤਾਂ ਇਹ ਵੀ ਨਹੀਂ ਦੇਖਿਆ ਜਾਂਦਾ ਕਿ ਜੋ ਉਪਲਬਧੀ ਹਾਸਲ ਕੀਤੀ ਗਈ ਹੈ ਉਸ ਪਿੱਛੇ ਮੁਬਾਰਕਾਂ ਦੇਣੀਆਂ ਵੀ ਚਾਹੀਦੀਆਂ ਹਨ ਕਿ ਨਹੀਂ ਜਾਂ ਹਾਸਲ ਕੀਤੀ ਉਪਲਬਧੀ, ਖਿਤਾਬ ਆਦਿ ਦੇ ਸਮਾਜਿਕ, ਸਿਆਸੀ ਮਾਇਨੇ ਕੀ ਹਨ। ਇਹ ਵੀ ਸੱਚ ਹੈ ਕਿ ਭਾਵੇਂ ਸੋਸ਼ਲ ਮੀਡੀਆ, ਅਖ਼ਬਾਰਾਂ ਆਦਿ ਉੱਤੇ ਬਹੁਤੀਆਂ ਟਿੱਪਣੀਆਂ ਇੰਝ ਅੰਨ੍ਹੇਵਾਹ ਮੁਬਾਰਕਾਂ ਵੰਡਣ ਵਾਲ਼ੀਆਂ ਹੀ ਸਨ ਪਰ ਛੋਟਾ ਹਿੱਸਾ ਉਹਨਾਂ ਲੋਕਾਂ ਦਾ ਵੀ ਸੀ ਜਿੰਨਾਂ ਨੇ ‘ਮਿਸ ਯੂਨੀਵਰਸ’ ਤੇ ਹੋਰ ਅਜਿਹੇ ਸੁੰਦਰਤਾ ਮੁਕਾਬਲਿਆਂ ਪਿੱਛੇ ਕੰਮ ਕਰਦੀਆਂ ਸਮਾਜਿਕ ਪ੍ਰਕਿਰਿਆਵਾਂ ਘੋਖਣ, ਔਰਤਾਂ ਤੇ ਕੁੱਲ ਸਮਾਜ ਉੱਪਰ ਇਸ ਦੇ ਸਿੱਟਿਆਂ ਨੂੰ ਪੜਤਾਲਣ ਦੀ ਕੋਸ਼ਿਸ਼ ਕੀਤੀ। ਮੁੱਖ ਤੌਰ ਉੱਤੇ ਅਜਿਹੇ ਵਿਸ਼ਲੇਸ਼ਣਾਂ ਨੂੰ ਦੋ ਖਾਨਿਆਂ ਵਿੱਚ ਰੱਖਿਆ ਜਾ ਸਕਦਾ ਹੈ। ਪਹਿਲੇ ਵਰਗ ਵਿੱਚ ਉਹ ਲੋਕ ਸਨ ਜੋ ‘ਮਿਸ ਯੂਨੀਵਰਸ’ ਜਿਹੇ ਸੁੰਦਰਤਾ ਮੁਕਾਬਲਿਆਂ ਦੀ ਅਲੋਚਨਾ ਕਰਦੇ ਹੋਏ ਇਹ ਹੇਜ ਪ੍ਰਗਟਾਅ ਰਹੇ ਸਨ ਕਿ ਅਜਿਹੇ ਮੁਕਾਬਲਿਆਂ ਵਿੱਚ ਪੰਜਾਬ ਦੀ ਇੱਕ ਕੁੜੀ ਦੇ ਜੇਤੂ ਹੋਣ ਨਾਲ਼ ਹੁਣ ਪੰਜਾਬ ਦੀਆਂ ਸਾਰੀਆਂ ਕੁੜੀਆਂ ਦੇ ਸਿਰਾਂ ਤੋਂ ਚੁਨੀਆਂ ਲਹਿ ਜਾਣਗੀਆਂ ਤੇ ਉਹਨਾਂ ਵੱਲੋਂ ਪੱਛਮੀ ਪਹਿਰਾਵਾ ਅਪਣਾ ਲਿਆ ਜਾਵੇਗਾ ਜਿਸ ਨਾਲ਼ ਪੰਜਾਬ ਦਾ ਅਖੌਤੀ ਸੱਭਿਆਚਾਰ ਖਤਮ ਹੋ ਜਾਵੇਗਾ। ਦੂਜੇ ਪਾਸੇ ਮੁੱਖ ਤੌਰ ਉੱਤੇ ਉਹ ਲੋਕ ਸਨ ਜੋ ਪਹਿਲੇ ਵਾਲ਼ਿਆਂ ਦੀ ਅਲੋਚਨਾ ਕਰਦੇ ਹੋਏ ਅਜਿਹੇ ‘ਮਿਸ ਯੂਨੀਵਰਸ’ ਜਹੇ ਸੁੰਦਰਤਾ ਮੁਕਾਬਲਿਆਂ ਵਿੱਚ ਔਰਤਾਂ ਦੀ ਸ਼ਮੂਲੀਅਤ ਨੂੰ ਉਹਨਾਂ ਦੀ ਨਿੱਜੀ ਚੋਣ ਦਾ ਮਸਲਾ ਦਸਦੇ ਹੋਏ ਇਸਤੋਂ ਵੀ ਅੱਗੇ ਅਜਿਹੇ ਮੁਕਾਬਲਿਆਂ ਨੂੰ ਹੀ ਕੁੜੀਆਂ ਦੀ ਅਜ਼ਾਦੀ ਦੇ ਝੰਡਾਬਰਦਾਰਾਂ ਵਜੋਂ ਦੇਖ ਰਹੇ ਹਨ। ਇੱਥੇ ਅਸੀਂ ਸਕਾਰਾਤਮਕ ਤੌਰ ਉੱਤੇ ‘ਮਿਸ ਯੂਨੀਵਰਸ’ ਜਿਹੇ ਸੁੰਦਰਤਾ ਮੁਕਾਬਲਿਆਂ ਸਬੰਧੀ ਆਪਣੀ ਗੱਲ ਰੱਖਾਂਗੇ ਤੇ ਇਸ ਗੱਲ ਵਿੱਚੋਂ ਹੀ ਉਪਰੋਕਤ ਦੋਨੋਂ ਤਰ੍ਹਾਂ ਦੇ ਵਿਚਾਰਾਂ ਨਾਲ਼ ਸਾਡਾ ਵਖਰੇਵਾਂ ਵੀ ਸਾਫ ਹੋ ਜਾਵੇਗਾ।
ਵਰਤਮਾਨ ਸਮਾਜਿਕ ਪ੍ਰਬੰਧ, ਜਿਸਨੂੰ ਅਸੀਂ ਸਰਮਾਏਦਾਰਾ ਪ੍ਰਬੰਧ ਵੀ ਆਖਦੇ ਹਾਂ, ਔਰਤਾਂ ਦੇ ਸਰੀਰ ਨੂੰ ਇੱਕ ਵਸਤੂ ਬਣਾਕੇ ਪੇਸ਼ ਕਰਦਾ ਹੈ (ਅਜਿਹੀ ਵਸਤੂ ਜਿਸਦਾ ਟੀਚਾ ਮਰਦਾਂ ਦੀ ਹਵਸ ਦੀ ਪੂਰਤੀ ਹੈ) ਤੇ ਮਰਦਾਂ (ਤੇ ਬਹੁ ਹੱਦ ਤੱਕ ਔਰਤਾਂ) ਦੇ ਦਿਮਾਗ ਵਿੱਚ ਵੀ ਔਰਤ ਦੇ ਸਭ ਗੁਣਾਂ ਤੋਂ ਸਭ ਤੋਂ ਜਰੂਰੀ ਉਸਦੀ ਬਾਹਰੀ ਦਿੱਖ ਨੂੰ ਬਣਾਕੇ ਪੇਸ਼ ਕੀਤਾ ਜਾਂਦਾ ਹੈ। ਔਰਤ ਦੇ ਇਸ ਵਸਤੂਕਰਨ ਉੱਤੇ ਇੱਕ ਪੂਰੀ ਮੰਡੀ ਟਿਕੀ ਹੋਈ ਹੈ ਤੇ ਇਸ ਮੰਡੀ ਵਿਚਲੀਆਂ ਜਿਣਸਾਂ ਦੀ ਮੰਗ ਉਸ ਹੱਦ ਉੱਤੇ ਨਿਰਭਰ ਕਰਦੀ ਹੈ ਜਿਸ ਹੱਦ ਤੱਕ ਮਰਦ ਤੇ ਖੁਦ ਔਰਤਾਂ, ਔਰਤਾਂ ਦੇ ਵਸਤੂਕਰਨ ਦੀ ਪ੍ਰਕਿਰਿਆ ਤੋਂ ਪ੍ਰਭਾਵਿਤ ਹੁੰਦੇ ਹਨ। ‘ਮਿਸ ਯੂਨੀਵਰਸ’ ਜਹੇ ਸੁੰਦਰਤਾ ਮੁਕਾਬਲੇ ਕੋਈ ਪਰਉਪਕਾਰ ਕਰਨ ਵਜੋਂ ਜਾਂ ਔਰਤਾਂ ਨੂੰ ਦੁਨੀਆ ਵਿੱਚ ‘ਅੱਗੇ’ ਵਧਣ ਲਈ ਮੌਕੇ ਦੇਣ ਲਈ ਨਹੀਂ ਕਰਵਾਏ ਜਾਂਦੇ ਸਗੋਂ ਔਰਤਾਂ ਦੇ ਵਸਤੂਕਰਨ ਦੀ ਪ੍ਰਕਿਰਿਆ ਨੂੰ ਤੇਜ ਕਰਕੇ ਤੇ ਸੁੰਦਰਤਾ ਦੇ ਆਮ ਪੈਮਾਨੇ ਸਿਰਜਕੇ ਕਈ ਕਾਰਪੋਰੇਟ ਕੰਪਨੀਆਂ ਲਈ ਮੋਟੇ ਮੁਨਾਫੇ ਕਮਾਉਣ ਦਾ ਜਰੀਆ ਬਣਦੇ ਹਨ। ਕੁੱਝ ਸੱਜਣਾਂ ਨੇ ਸੋਸ਼ਲ ਮੀਡੀਆ ਆਦਿ ਉੱਤੇ ‘ਮਿਸ ਯੂਨੀਵਰਸ’ ਤੇ ਹੋਰ ਸੁੰਦਰਤਾ ਮੁਕਾਬਲਿਆਂ ਦੀ ਪੜਚੋਲ ਕਰਦਿਆਂ ਕਿਹਾ ਹੈ ਕਿ ਇਹ ਪੂਰੀ ਦੁਨੀਆਂ ਵਿੱਚ ਵੱਖੋ-ਵੱਖਰੀਆਂ ਕੌਮਾਂ, ਦੇਸ਼ਾਂ, ਸਮਾਜਾਂ ਦੇ ਵੱਖੋ-ਵੱਖਰੇ ਸੁੰਦਰਤਾ ਦੇ ਪੈਮਾਨੇ ਹਨ, ਮਸਲਨ ਆਰੀਆ ਮੂਲ ਦੇ ਲੋਕਾਂ ਲਈ ਔਰਤ ਦੀ ਸੁੰਦਰਤਾ ਤਿੱਖੇ ਨੱਕ, ਹਿਰਨੀ ਵਰਗੀਆਂ ਅੱਖਾਂ, ਸੁਰਖ ਬੁੱਲ੍ਹ, ਗੁਲਾਬੀ ਗੱਲ੍ਹਾਂ, ਲੰਮੀ ਗਰਦਨ, ਮੋਟੇ ਪੱਟ ਅਤੇ ਲੰਮੀਆਂ ਉਂਗਲਾਂ ਹਨ।
ਦ੍ਰਾਵਿੜ ਤੇ ਅਫਰੀਕਣ ਮੂਲ ਦੇ ਲੋਕਾਂ ਲਈ ਗੁੰਦਵੀਆਂ ਮੀਢੀਆਂ, ਘੁੰਗਰਾਲੇ ਵਾਲ, ਮੋਟੇ ਬੁੱਲ, ਸੁਡੌਲ ਤੇ ਗੁੰਦਵਾਂ ਸਰੀਰ ਆਦਿ ਰਹੇ ਹਨ। ਇਸੇ ਤਰ੍ਹਾਂ ਜਪਾਨ, ਕੋਰੀਆ ਅਤੇ ਚੀਨ ਵਰਗੀਆਂ ਪੀਲੀਆਂ ਕੌਮਾਂ ਵਿੱਚ ਨਿੱਕੇ ਪੈਰ, ਫੀਨੇ ਨੱਕ, ਅੰਦਰ ਧਸੀਆਂ ਨਿੱਕੀਆਂ ਅੱਖਾਂ, ਚੌੜੇ ਮੱਥੇ ਸੁੰਦਰਤਾ ਦੀ ਨਿਸ਼ਾਨੀ ਹੈ ਤੇ ਇਨ੍ਹਾਂ ਵੱਖੋ- ਵੱਖਰੇ ਸੰਕਲਪਾਂ, ਸੱਭਿਆਚਾਰਾਂ ਦੇ ਹੁੰਦਿਆਂ ਹੋਏ ਭਲਾ ਕੋਈ ਬ੍ਰਹਿਮੰਡ ਜਾਂ ਵਿਸ਼ਵ ਸੁੰਦਰੀ ਕਿਵੇਂ ਬਣ ਸਕਦੀ ਹੈ? ਅਸਲ ਵਿੱਚ ਇਹਨਾਂ ਸੁੰਦਰਤਾ ਮੁਕਾਬਲਿਆਂ, ਫਿਲਮਾਂ, ਗੀਤਾਂ ਆਦਿ ਰਾਹੀਂ ਸੰਸਾਰ ਪੱਧਰ ਉੱਤੇ ਇਹਨਾਂ ਵੱਖੋ-ਵੱਖਰੇ ਸੁੰਦਰਤਾ ਦੇ ਸੰਕਲਪਾਂ ਦੀ ਥਾਵੇਂ ਸੁੰਦਰਤਾ ਦਾ ਇੱਕ ਸਮਾਨ ਸੰਕਲਪ ਪੇਸ਼ ਕੀਤਾ ਜਾਂਦਾ ਹੈ, ਮਸਲਨ ਗੋਰੀ ਚਮੜੀ, ਪਤਲੀ, ਇੱਕਦਮ ਸਾਫ, ਮੁਲਾਇਮ ਚਮੜੀ, ਤੇ ਅਜਿਹੇ ਕੱਪੜੇ ਜਿਹੜੇ ਔਰਤ ਦੇ ਖਾਸ ਅੰਗਾਂ ਨੂੰ ਉਭਾਰਨ ਆਦਿ। ਇਹਨਾਂ ਸੁੰਦਰਤਾ ਮੁਕਾਬਲਿਆਂ ਰਾਹੀਂ ਔਰਤਾਂ ਦੀ ਬਾਹਰੀ ਦਿੱਖ ਦਾ ਇੱਕ ਬੱਝਵਾਂ ਮਾਡਲ ਪੇਸ਼ ਕੀਤਾ ਜਾਂਦਾ ਹੈ ਤੇ ਫੇਰ ਅਜਿਹੀ ਦਿੱਖ ਹਾਸਲ ਕਰਨ ਲਈ ਲਲਸਾਈਆਂ ਔਰਤਾਂ ਲਈ ਉੱਭਰਦੀ ਹੈ ਖੂਬਸੂਰਤੀ ਉਤਪਾਦਾਂ ਜਿਵੇਂ ਕਰੀਮਾਂ, ਲਿਪਸਟਿਕ, ਫਾਊਂਡੇਸ਼ਨ, ਕੱਜਲ ਆਦਿ ਆਦਿ, ਬਿਊਟੀ ਪਾਰਲਰਾਂ, ਕੱਪੜਿਆਂ, ਗਹਿਣਿਆਂ ਆਦਿ ਦੀ ਅਰਬਾਂ-ਖਰਬਾਂ ਦੀ ਇੱਕ ਵਿਸ਼ਾਲ ਮੰਡੀ। ਸੁੰਦਰਤਾ ਨਾਲ਼ ਜੁੜੀ ਸਨਅਤ ਦੀ 90% ਤੋਂ ਵੀ ਵਧੇਰੇ ਮੰਡੀ ਵਿਕਸਿਤ ਮੁਲਕਾਂ ਵਿੱਚ ਹੀ ਹੈ ਤੇ ਸੁੰਦਰਤਾ ਦੀ ਪੇਸ਼ ਕੀਤੀ ਮਿਸਾਲ (ਗੋਰੀ ਚਮੜੀ ਆਦਿ) ਵੀ ਪੱਛਮੀ ਮੁਲਕ ਦੀਆਂ ਔਰਤਾਂ ਦੇ ਵਧੇਰੇ ਨੇੜੇ ਹੈ। ਕੁੱਝ ਲੋਕ ਇਹ ਕਹਿੰਦੇ ਹਨ ਕਿ ਪਿਛਲੇ ਕਈ ਸਾਲਾਂ ਵਿੱਚ ਵਿਸ਼ਵ ਪੱਧਰ ਉੱਤੇ ਸੁੰਦਰਤਾ ਮੁਕਾਬਲੇ ਵਧੇਰੇ ਕਰਕੇ ਅਵਿਕਸਿਤ ਦੇਸਾਂ ਦੀਆਂ ਕੁੜੀਆਂ ਨੇ ਜਿੱਤਿਆ ਹੈ ਤੇ ਇੰਝ ਇਹ ਮੁਕਾਬਲੇ ਮੌਕੇ ਦੀ ਬਰਾਬਰੀ (!) ਉਪਲਬਧ ਕਰਾਉਂਦੇ ਹਨ। ਇੱਥੇ ਇਹ ਦੱਸਣਾ ਜਰੂਰੀ ਹੈ ਕਿ ਕਈ ਅਧਿਐਨਾਂ ਨੇ ਇਹ ਗੱਲ ਉਘਾੜਕੇ ਸਾਹਮਣੇ ਲਿਆਂਦੀ ਹੈ ਕਿ ਪਹਿਲੀ ਗੱਲ ਤਾਂ ਬਹੁਤ ਕਰਕੇ ਇਹਨਾਂ ਅਵਿਕਸਿਤ ਦੇਸ਼ਾਂ ਦੀਆਂ ਜੇਤੂ ਕੁੜੀਆਂ ਵੀ ਪੱਛਮੀ ਮੁਲਕ ਦੇ ਸੁੰਦਰਤਾ ਦੇ ਮਾਪਦੰਡਾਂ ਦੇ ਅਨੁਸਾਰੀ ਹੀ ਹੁੰਦੀਆਂ ਹਨ ਤੇ ਦੂਜਾ ਇਹਨਾਂ ਦੇਸ਼ਾਂ ਵਿੱਚ ਸੁੰਦਰਤਾ ਉਤਪਾਦਾਂ ਦੀ ਮੰਡੀ ਨੂੰ ਵਧਾਉਣ ਦਾ ਟੀਚਾ ਇਹਨਾਂ ਦੇ ਜੇਤੂ ਹੋਣ ਦਾ ਵੱਡਾ ਕਾਰਨ ਬਣਦਾ ਹੈ।
ਸੁੰਦਰਤਾ ਮੁਕਾਬਲਿਆਂ ਦਾ ਇਤਿਹਾਸ ਭਾਵੇਂ ਬਹੁਤ ਪੁਰਾਣਾ ਹੈ, ਇਹ ਕਿਸੇ ਨਾ ਕਿਸੇ ਰੂਪ ਵਿੱਚ 1850 ਵਿਆਂ ਵਿੱਚ ਸ਼ੁਰੂ ਹੋ ਚੁੱਕੇ ਸੀ ਪਰ ਪੱਛਮ ਵਿੱਚ ਇਹ ਆਮ ਵਰਤਾਰਾ ਦੂਜੀ ਸੰਸਾਰ ਜੰਗ ਤੋਂ ਬਾਅਦ ਹੀ ਬਣੇ। ਸੰਸਾਰ ਪੱਧਰ ਉੱਤੇ ਨਵ ਉਦਾਰਵਾਦ ਦੀਆਂ ਨੀਤੀਆਂ ਅਪਣਾਏ ਜਾਣ ਤੋਂ ਬਾਅਦ, ਸੰਸਾਰ ਪੱਧਰ ਉੱਤੇ ਹੀ ਮੁਨਾਫਿਆਂ ਦੇ ਨਵੇਂ ਤੋਂ ਨਵੇਂ ਸਰੋਤਾਂ ਦੀ ਭਾਲ ਨਾਲ਼, ਇਹ ਸੁੰਦਰਤਾ ਮੁਕਾਬਲੇ ਵਿਸ਼ਵ ਵਿਆਪੀ ਵਰਤਾਰਾ ਬਣ ਗਏ ਤੇ ਆਪਣੇ ਸਭ ਤੋਂ ਭੱਦੇ ਰੂਪ ਵਿੱਚ ਸਾਹਮਣੇ ਆਏ। ਲਾਜ਼ਮੀ ਹੀ ਇਹਨਾਂ ਵਿੱਚ ਹਿੱਸਾ ਲੈਣਾ ਕਿਸੇ ਦੀ ਅਜ਼ਾਦੀ ਹੈ ਪਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਅਜ਼ਾਦੀ ਪਿੱਛੇ ਹਨ ਸਰਮਾਏਦਾਰਾਂ ਦੇ ਮੁਨਾਫੇ ਬਣਾਉਣ ਦੀ ਉਹ ਹਵਸ ਜੋ ਔਰਤਾਂ ਨੂੰ ਮਰਦਾਂ ਲਈ ਬਸ ਇੱਕ ਖਪਤ ਯੋਗ ਵਸਤੂ ਬਣਾਕੇ ਪੇਸ਼ ਕਰਦੀ ਹੈ। ਪਹਿਲੋਂ ਪਹਿਲ ਤਾਂ ਇਹਨਾਂ ਸੁੰਦਰਤਾ ਮੁਕਾਬਲਿਆਂ ਦੀਆਂ ਟਿਕਟਾਂ, ਟੀਵੀ ਉੱਤੇ ਪ੍ਰਸਾਰਣ ਆਦਿ ਨਾਲ਼ ਵੀ ਕਾਫੀ ਮੁਨਾਫਾ ਹੁੰਦਾ ਸੀ ਪਰ ਹੁਣ ਮੁਨਾਫੇ ਦਾ ਮੁੱਖ ਸਰੋਤ ਇਹਨਾਂ ਅਖੌਤੀ ਵਿਸ਼ਵ ਤੇ ਬ੍ਰਹਿਮੰਡ ਸੁੰਦਰੀਆਂ ਵੱਲੋਂ ਵੱਖੋ-ਵੱਖ ਕੰਪਨੀਆਂ ਦੇ ਸੁੰਦਰਤਾ ਉਤਪਾਦਾਂ, ਕੱਪੜਿਆਂ, ਗਹਿਣਿਆਂ ਤੇ ਹੋਰ ਵਸਤਾਂ ਦੀ ਕੀਤੀ ਜਾਂਦੀ ਮਸ਼ਹੂਰੀ ਰਾਹੀਂ ਕਮਾਇਆ ਜਾਂਦਾ ਹੈ ਜਿਸ ਸਦਕਾ ਇਹਨਾਂ ਜਿਣਸਾਂ ਦੀ ਬਜਾਰ ਵਿੱਚ ਮੰਗ ਵਧਦੀ ਹੈ। ਇਹਨਾਂ ਵਿਸ਼ਵ ਪੱਧਰ ਦੇ ਸੁੰਦਰਤਾ ਮੁਕਾਬਲਿਆਂ ਨੂੰ ਅਜਿਹੀਆਂ ਕੰਪਨੀਆਂ ਮੋਟਾ ਪੈਸੇ ਦੇਕੇ ਆਯੋਜਿਤ ਕਰਵਾਉਂਦੀਆਂ ਹਨ, ਉਦਹਾਰਨ ਵਜੋਂ ‘ਮਿਸ ਯੂਨੀਵਰਸ 2021’ ਨੂੰ ਫੰਡ ਕਰਨ ਵਾਲ਼ੀਆਂ ਕੁੱਝ ਕੰਪਨੀਆਂ ਵਿੱਚ ਮੂਵਾਦ (ਗਹਿਣਿਆਂ ਦੀ ਕੰਪਨੀ), ਪੋਰਟੀਆ ਐਂਡ ਸਕਾਰਲੈਟ (ਕੱਪੜਿਆਂ ਦੀ ਕੰਪਨੀ), ਮੂਬਾ (ਸੁੰਦਰਤਾ ਉਤਪਾਦਾਂ ਦੀ ਕੰਪਨੀ) ਆਦਿ ਮੋਹਰੀ ਹਨ। ਇਹਨਾਂ ਮੁਕਾਬਲਿਆਂ ਦੌਰਾਨ ਵੀ ਇਹਨਾਂ ਕੰਪਨੀਆਂ ਦੀਆਂ ਜਿਣਸਾਂ ਦੀ ਮਸ਼ਹੂਰੀ ਹੁੰਦੀ ਹੈ ਤੇ ਮੁੜਕੇ ਬਹੁਤੀ ਵਾਰੀ ਜੇਤੂ ਕੁੜੀ ਦੇ ਕੰਟ੍ਰੈਕਟ ਵਿੱਚ ਵੀ ਕੁੱਝ ਖਾਸ ਅਰਸੇ ਲਈ ਇਹਨਾਂ ਕੰਪਨੀਆਂ ਦੀ ਵੱਖੋ-ਵੱਖ ਤਰੀਕੇ ਨਾਲ਼ ਮਸਹੂਰੀ ਕਰਨੀ ਲਾਜਮੀ ਹੁੰਦੀ ਹੈ। ਸਰਮਾਏਦਾਰਾ ਪ੍ਰਬੰਧ ਕਿਵੇਂ ਔਰਤ ਦੇ ਸਰੀਰ ਤੋਂ ਮੁਨਾਫੇ ਕਮਾਉਣ ਦੀ ਲਾਲਸਾ ਪਾਲਦਾ ਹੈ ਇਸ ਦਾ ਇੱਕ ਬਹੁਤ ਭੱਦਾ ਪ੍ਰਗਟਾਵਾ ਕਈ ਸੁੰਦਰਤਾ ਮੁਕਾਬਲਿਆਂ ਵਿੱਚ ਦੇਖਣ ਨੂੰ ਮਿਲ਼ਦਾ ਹੈ ਜਿੱਥੇ ਕੁੱਲ ਮੁਕਾਬਲੇ ਦੀ ਇੱਕ ਜੇਤੂ ਕੁੜੀ ਦੇ ਨਾਲ਼-ਨਾਲ਼ ਕਈ ਹੋਰ ਇਨਾਮ ਦਿੱਤੇ ਜਾਂਦੇ ਹਨ, ਜਿਵੇਂ ਸਭ ਤੋਂ ਸੋਹਣੀ ਚਮੜੀ (ਤੇ ਆਮ ਕਰਕੇ ਅਜਿਹਾ ਇਨਾਮ ਕੋਈ ਸੁੰਦਰਤਾ ਕਰੀਮ ਦੀ ਕੰਪਨੀ ਵੱਲੋਂ ਫੰਡ ਕੀਤਾ ਜਾਂਦਾ ਹੈ), ਸਭ ਤੋਂ ਸੋਹਣੀਆਂ ਲੱਤਾਂ, ਸਭ ਤੋਂ ਸੋਹਣੀ ਮੁਸਕਾਨ ਆਦਿ ਆਦਿ ਮਤਲਬ ਕਿ ਔਰਤ ਦੇ ਹਰ ਅੰਗ, ਬਾਹਰੀ ਦਿੱਖ ਦੇ ਹਰ ਪ੍ਰਗਟਾਵੇ ਦਾ ਵਸਤੂਕਰਨ ਕਰਕੇ ਉਹਦੇ ਤੋਂ ਮੁਨਾਫਾ ਕਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਹੈ ਇਹਨਾਂ ਸੁੰਦਰਤਾ ਮੁਕਾਬਲਿਆਂ ਦੀ ਬਦਸੂਰਤ ਹਕੀਕਤ ਜਿਸ ਵਿੱਚ ਅਸੀਂ ਸਿਰਫ ਇਸ ਕਰਕੇ ਮਾਣ ਮਹਿਸੂਸ ਕਰਨ ਲੱਗ ਪੈਨੇਂ ਹਾਂ ਕਿ ਸਾਡੇ ਦੇਸ਼ ਦੀ ਕੁੜੀ ਜੇਤੂ ਹੋਈ ਹੈ।
ਇਹਨਾਂ ਸੁੰਦਰਤਾ ਮੁਕਾਬਲਿਆਂ ਨੂੰ ਪ੍ਰਚਾਰਨ ਵਾਲ਼ੇ ਇਸਨੂੰ ਔਰਤਾਂ ਲਈ ਇੱਕ ਅਜਿਹੇ ਜਰੀਏ ਵਜੋਂ ਵੀ ਦੇਖਦੇ ਹਨ ਜਿਸ ਰਾਹੀਂ ਇਸ ਸਮਾਜ ਵਿੱਚ ਉਹ ਅੱਗੇ ਵਧ ਸਕਦੀਆਂ ਹਨ ਭਾਵ ਅਮੀਰ ਹੋ ਸਕਦੀਆਂ ਹਨ। ਤੀਜੇ ਮੁਲਕ ਦੀਆਂ ਕੁੜੀਆਂ ਦੇ ਜੇਤੂ ਹੋਣ ਨਾਲ਼ ਇਹ ਵੀ ਭਰਮ ਸਿਰਜਿਆ ਜਾਂਦਾ ਹੈ ਕਿ ਇਹਨਾਂ ਮੁਕਾਬਲਿਆਂ ਵਿੱਚ ਘੱਟ ਆਰਥਿਕ ਹੈਸੀਅਤ ਵਾਲ਼ੇ ਵੀ ਜਿੱਤ ਸਕਦੇ ਹਨ ਤੇ ਇਹਨਾਂ ਮੁਕਾਬਲਿਆਂ ਰਾਹੀਂ ਵਿਸ਼ਵ ਪ੍ਰਸਿੱਧੀ ਹਾਸਲ ਕਰ ਸਕਦੇ ਹਨ ਪਰ ਅਸਲ ਵਿੱਚ ਇਹਨਾਂ ਸੁੰਦਰਤਾ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਕੱਪੜੇ ਖਰੀਦਣ, ਪੂਰੇ ਮੁਕਾਬਲੇ ਲਈ ਸਿਖਲਾਈ ਹਾਸਲ ਕਰਨ, ਗਹਿਣੇ ਆਦਿ ਵਿੱਚ ਜਿੰਨਾਂ ਖਰਚਾ ਆਉਂਦਾ ਹੈ ਉਹ ਆਮ ਘਰਾਂ ਦੀਆਂ ਕੁੜੀਆਂ ਦੇ ਵਿੱਤੋਂ ਬਾਹਰ ਦੀ ਗੱਲ ਹੀ ਹੈ। ਪਿੱਛੇ ਜਹੇ ਸੰਯੁਕਤ ਰਾਜ ਅਮਰੀਕਾ ਦੀ ਇੱਕ ਕੁੜੀ ਨੇ ਸੋਸ਼ਲ ਮੀਡੀਆ ਉੱਤੇ ਇਸ ਸਬੰਧੀ ਜਾਣਕਾਰੀ ਦਿੱਤੀ ਸੀ ਕਿ ਸਥਾਨਕ ਪੱਧਰ ਦੇ ਇੱਕ ਆਮ ਜਹੇ ਸੁੰਦਰਤਾ ਮੁਕਾਬਲੇ ਵਿੱਚ ਹਿੱਸਾ ਲੈਣ ਦਾ ਹੀ ਕੁੱਲ ਖਰਚਾ 800-1000 ਅਮਰੀਕੀ ਡਾਲਰ ਆ ਜਾਂਦਾ ਹੈ। ਇਸ ਦੇ ਨਾਲ਼ ਹੀ ਇਹਨਾਂ ਸੁੰਦਰਤਾ ਮੁਕਾਬਲਿਆਂ ਆਦਿ ਰਾਹੀਂ ਸੁੰਦਰਤਾ ਦਾ ਜੋ ਆਦਰਸ਼ ਸਿਰਜਿਆ ਜਾਂਦਾ ਹੈ ਉਹ ਬਹੁਤ ਹੀ ਦੁਰਲੱਭ ਹੁੰਦਾ ਹੈ ਤੇ ਅਸਲ ਵਿੱਚ ਲੱਖਾਂ-ਕਰੋੜਾਂ ਰੁਪਏ ਖਰਚਕੇ ਵੀ ਉਸ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੁੰਦਾ ਹੈ। ਇਸ ਆਦਰਸ਼ ਨੂੰ ਹਾਸਲ ਕਰਨ ਦੇ ਚੱਕਰ ਵਿੱਚ ਕਿੰਨੀ ਹੀ ਊਰਜਾ, ਕੀਮਤੀ ਸਮਾਂ, ਪੈਸੇ ਅਜਾਈਂ ਬਰਬਾਦ ਕੀਤੇ ਜਾਂਦੇ ਹਨ ਤੇ ਇਹ ਆਦਰਸ਼ ਹਾਸਲ ਨਾ ਹੋਣ ਦੀ ਹਾਲਤ ਵਿੱਚ ਲੱਖਾਂ-ਕਰੋੜਾਂ ਕੁੜੀਆਂ ਹਰ ਸਾਲ ਮਾਨਸਿਕ ਸਮੱਸਿਆਵਾਂ ਦੀ ਸ਼ਿਕਾਰ ਹੁੰਦੀਆਂ ਹਨ।
ਇੱਥੇ ਇਹ ਗੱਲ ਕਰਨੀ ਵੀ ਜਰੂਰੀ ਹੈ ਕਿ ਇਹਨਾਂ ਸੁੰਦਰਤਾ ਮੁਕਾਬਲਿਆਂ ਰਾਹੀਂ ਔਰਤਾਂ ਦਾ ਹੋ ਰਿਹਾ ਵਸਤੂਕਰਨ ਦਾ ਹੱਲ ਕੁੱਝ ਲੋਕ ਔਰਤਾਂ ਤੋਂ ਕੱਪੜਿਆਂ ਆਦਿ ਦੀ ਚੋਣ ਸਮੇਤ ਹਰ ਤਰ੍ਹਾਂ ਦੀ ਅਜ਼ਾਦੀ ਖੋਹਣ ਵਿੱਚ, ਉਹਨਾਂ ਨੂੰ ਘਰਾਂ ਵਿੱਚ ਤਾੜਨ ਵਿੱਚ ਦੇਖਦੇ ਹਨ ਮਤਲਬ ਕਿ ਉਹਨਾਂ ਅਨੁਸਾਰ ਇਸ ਸਰਮਾਏਦਾਰਾ ਪ੍ਰਬੰਧ ਵੱਲੋਂ ਔਰਤਾਂ ਦੇ ਕੀਤੇ ਜਾਂਦੇ ਵਸਤੂਕਰਨ ਦਾ ਹੱਲ ਮੱਧਯੁਗੀ ਕਦਰਾਂ ਕੀਮਤਾਂ ਵੱਲ ਮੁੜਨ ਵਿੱਚ ਪਿਆ ਹੈ। ਪਰ ਇਹ ਵੀ ਔਰਤਾਂ ਦਾ ਅਮਾਨਵੀਕਰਨ ਹੀ ਹੈ ਜਿੱਥੇ ਔਰਤ ਮਰਦਾਂ ਦੀ ਜਗੀਰ ਤੋਂ ਛੁੱਟ ਹੋਰ ਕੁੱਝ ਨਹੀਂ ਹੋਵੇਗੀ। ਇੰਝ ਸਮਾਜ ਦੀ ਤੋਰ ਦੇ ਪਹੀਏ ਨੂੰ ਪਿੱਛੇ ਘੁਮਾਉਣਾ ਇਸ ਮਸਲੇ ਦਾ ਹੱਲ ਨਹੀਂ ਹੈ। ਦੂਜੇ ਪਾਸੇ ਉਹ ਅਖੌਤੀ ਅਗਾਂਹਵਧੂ ਲੋਕ ਹਨ ਜੋ ਅਜ਼ਾਦੀ ਦੇ ਨਾਮ ਉੱਤੇ ਅਜਿਹੇ ਸੁੰਦਰਤਾ ਮੁਕਾਬਲਿਆਂ ਨੂੰ ਹੀ ਅਜ਼ਾਦੀ ਦਾ ਮੀਲ-ਪੱਥਰ ਐਲਾਨਣ ਉੱਤੇ ਤੁਲੇ ਹੋਏ ਹਨ। ਅਸਲ ਵਿੱਚ ਇਹ ਅਜ਼ਾਦੀ ਦੇ ਨਾਮ ਉੱਤੇ ਔਰਤ ਦੇ ਵਸਤੂਕਰਨ ਤੇ ਉਸਦੇ ਸਰੀਰ ਨੂੰ ਮੁਨਾਫਾ ਕਮਾਉਣ ਦਾ ਸੰਦ ਬਣਾਉਣ ਦੀ ਅਜ਼ਾਦੀ ਦੀ ਰੱਖਿਆ ਹੈ ਤੇ ਇਹ ਔਰਤਾਂ ਦੀ ਅਜ਼ਾਦੀ ਦੀ ਵਕਾਲਤ ਨਹੀਂ ਸਗੋਂ ਉਸਨੂੰ ਸਰਮਾਏਦਾਰਾ ਮੰਡੀ ਦੀ ਗੁਲਾਮ ਬਣਾਉਣ ਦੀ ਵਕਾਲਤ ਹੈ। ਨਾ ਤਾਂ ਇਸ ਮਸਲੇ ਦਾ ਹੱਲ ਬੀਤੇ ਦਾ ਹੇਰਵਾ ਹੈ ਤੇ ਨਾ ਹੀ ਮੌਜੂਦਾ ਸਰਮਾਏਦਾਰਾ ਸਮਾਜ ਦਾ ਮਹਿਮਾਗਾਣ ਕਰਨਾ ਹੈ ਸਗੋਂ ਇਸਦਾ ਹੱਲ ਸਰਮਾਏਦਾਰਾ ਸਮਾਜ ਦੀ ਥਾਵੇਂ ਸਮਾਜਵਾਦ ਦੀ ਉਸਾਰੀ ਵਿੱਚ ਹੀ ਪਿਆ ਹੈ। ਸਮਾਜਵਾਦ ਅੰਦਰ ਹੀ, ਜਿੱਥੇ ਪੈਦਾਵਾਰ ਦਾ ਮਕਸਦ ਮੁਨਾਫਾ ਨਹੀਂ ਹੋਵੇਗਾ ਤੇ ਔਰਤਾਂ ਦੀ ਘਰੇਲੂ ਗੁਲਾਮੀ ਦਾ ਅੰਤ ਕੀਤਾ ਜਾਵੇਗਾ ਹੀ ਔਰਤਾਂ ਦੀ ਹਕੀਕੀ ਅਜ਼ਾਦੀ ਸੰਭਵ ਬਣੇਗੀ।
•ਨਵਜੋਤ ਪਟਿਆਲਾ
“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly