ਚੁਗਲ ਨਿੰਦਕ ਭੁਖੇ ਰੁਲਿ ਮੁਏ ਏਨਾ ਹਥੁ ਨ ਕਿਥਾਊ ਪਾਇ

(ਸਮਾਜ ਵੀਕਲੀ)

ਚੁਗਲੀ ਨਿੰਦਿਆ ਸਾਡੇ ਲਹੂ ਵਿੱਚ ਰਚ ਗਈ ਹੈ। ਦੂਸਰਿਆਂ ਦੀਆਂ ਕਮੀਆਂ ਲੱਭਣੀਆਂ ਤੇ ਨੀਵਾਂ ਵਿਖਾਉਣ ਵਿੱਚ ਅਸੀਂ ਕੋਈ ਕਸਰ ਨਹੀਂ ਛੱਡਦੇ। ਆਪਣੇ ਆਪ ਨੂੰ ਵਧੀਆ ਸਾਬਿਤ ਕਰਨ ਲਈ ਅਸੀਂ ਭਲੇ ਲੋਕਾਂ ਨੂੰ ਨੀਵਾਂ ਵਿਖਾਉਣ ਵਿੱਚ ਵੀ ਸ਼ਾਨ ਸਮਝਦੇ ਹਾਂ। ਬੁਰੇ ਦਾ ਭਲਾ ਕਰਨਾ ਤਾਂ ਦੂਰ ਦੀ ਗੱਲ ਆ , ਅਸੀਂ ਭਲਾ ਕਰਨ ਵਾਲੇ ਦੀਆਂ ਵੀ ਜੜ੍ਹਾਂ ਵੱਢਦੇ ਹਾਂ। ਅਸੀਂ ਚੁਗਲੀ ਨਿੰਦਿਆ , ਈਰਖਾ ਕਰਨ ਦੇ ਇੰਨੇ ਆਦੀ ਹੋ ਗਏ ਕਿ ਸਾਨੂੰ ਇਹ ਗੁਨਾਹ ਨਹੀਂ ਲਗਦੇ। ਅਸੀਂ ਆਪਣੇ ਕੀਮਤੀ ਅਮੋਲਕ ਸਵਾਸ ਜੋ ਲੱਖਾਂ ਕਰੋੜਾਂ ਨਾਲ ਵੀ ਖਰੀਦੇ ਨਹੀਂ ਜਾ ਸਕਦੇ , ਦੂਸਰਿਆਂ ਨੂੰ ਪਰਖਣ ਭਾਵ ਕਮੀਆਂ ਲੱਭਣ ਵਿੱਚ ਵਿਅਰਥ ਗਵਾ ਰਹੇ ਹਾਂ। ਜੇ ਅਸੀਂ ਆਪਣੇ ਆਪ ਨੂੰ ਗਿਆਨਵਾਨ ਤੇ ਪੜ੍ਹੇ ਲਿਖੇ ਸਮਝਦੇ ਹਾਂ ਤਾਂ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਭਾਵ ਆਪਣੇ ਅੰਦਰ ਔਗੁਣ ਕਮੀਆਂ ਵੇਖਣ ਦੀ ਲੋੜ ਆ ਨਾ ਕਿ ਦੂਸਰਿਆਂ ਦੀਆਂ ਕਮੀਆਂ। ਅਸਲੀ ਪਾਰਖੂ ਉਹ ਹੈ ਜੋ ਆਪਣੀਆਂ ਕਮੀਆਂ ਵੇਖੇ —

ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ।।
( ਮ ੨ , ਅੰਗ ੧੪੮ )

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ।।
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ।।
( ਫਰੀਦ ਜੀ , ਸਲੋਕ ੬ , ਅੰਗ ੧੩੭੮)

ਨਿੰਦਿਆ ਚੁਗਲੀ ਕਰਨ ਵਾਲੇ ਦੀ ਕਮਾਈ ਥਾਂਇ ਨਹੀਂ ਪੈਂਦੀ। ਨਿੰਦਿਆ ਚੁਗਲੀ ਵੱਡਾ ਗੁਨਾਹ ਹੈ ਜੋ ਇਕ ਦੂਸਰੇ ਦੇ ਮਨਾਂ ਅੰਦਰ ਨਫ਼ਰਤ ਦਾ ਕਾਰਣ ਬਣਦਾ ਹੈ। ਨਿੰਦਿਆ ਚੁਗਲੀ ਕਰਨ ਵਾਲੇ ਦੇ ਹਿਰਦੇ ਅੰਦਰ ਕਪਟ ਹੁੰਦਾ ਹੈ ਜੋ ਦੂਸਰਿਆਂ ਨੂੰ ਲੜਾ ਕੇ ਖ਼ੁਸ਼ ਹੁੰਦਾ ਹੈ। ਚੁਗਲੀ ਨਿੰਦਿਆ ਕਰਨ ਵਾਲੇ ਵਾਲੇ ਰੱਬੀ ਰਸ ਤੋਂ ਵਾਂਝੇ ਭੁਖੇ ਰੁਲਦੇ ਮਰ ਜਾਂਦੇ ਹਨ ਉਹਨਾਂ ਦੀ ਕੋਈ ਬਾਂਹ ਨਹੀਂ ਫੜਦਾ —-

ਜਿਸ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ।।
( ਮ ੪ , ਅੰਗ ੩੦੮ )

ਪਰ ਨਿੰਦਾ ਮੁਖ ਤੇ ਨਹੀ ਛੂਟੀ ਨਿਫਲ ਭਈ ਸਭ ਸੇਵਾ।।
( ਪਰਮਾਨੰਦ ਜੀ , ਅੰਗ ੧੨੫੩ )

ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ।।
ਮਹਾ ਕਰੂਪ ਦੁਖੀਏ ਸਦਾ ਕਾਲੇ ਮੁਹ ਮਾਇਆ।।
( ਮ ੧ , ੧੨੪੪ )

ਸਾਡਾ ਸਰੀਰ ਖੇਤ ਹੈ ਜਿਸ ਵਿੱਚ ਜੋ ਬੀਜਾਂਗੇ ਵੱਢਣਾ ਪਵੇਗਾ। ਸਾਨੂੰ ਆਪਣੇ ਗੁਨਾਹਾਂ ਦਾ ਹਿਸਾਬ ਦੇਣਾ ਪਵੇਗਾ। ਨਿੰਦਿਆ ਕਰਨ ਨਾਲ ਸਾਡੇ ਅੰਦਰ ਭਾਵ ਮਨ ਦੀ ਮੈਲ ਵਧਦੀ ਜਾਂਦੀ ਹੈ , ਨਿੰਦਿਆ ਨਾਲ ਮਨ ਨੂੰ ਲੱਗੀ ਮੈਲ ਬਾਹਰੀ ਤੀਰਥ ਇਸ਼ਨਾਨਾਂ ਨਾਲ ਨਹੀਂ ਉੱਤਰਦੀ —-

ਨਿੰਦਕ ਕੀ ਗਤਿ ਕਤਹੂ ਨਾਹਿ।।
ਆਪਿ ਬੀਜਿ ਆਪੇ ਹੀ ਖਾਹਿ।।
( ਮ ੫ ,ਅੰਗ ੧੧੪੫ )

ਪਰ ਨਿੰਦਾ ਕਰੇ ਅੰਤਰਿ ਮਲੁ ਲਾਏ।।
ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ।।
( ਮ ੩ ,ਅੰਗ ੮੮ )

ਨਿੰਦਕ ਤੇ ਕੋਈ ਵਿਸ਼ਵਾਸ ਨਹੀਂ ਕਰਦਾ। ਨਿੰਦਕ ਝੂਠ ਬੋਲਦਾ ਹੈ ਜੋ ਚਿਰ ਸਥਾਈ ਨਹੀਂ ਹੁੰਦਾ। ਨਿੰਦਕ ਦਾ ਰਾਜ ਗੁੱਝਾ ਨਹੀਂ ਰਹਿੰਦਾ ਇਕ ਨਾ ਇਕ ਦਿਨ ਪ੍ਰਗਟ ਹੋ ਜਾਂਦਾ ਹੈ। ਨਿੰਦਕ ਦੇ ਝੂਠ ਪਕੜੇ ਜਾਣ ਤੇ ਪਛਤਾਉਣਾ ਪੈਂਦਾ ਹੈ। ਨਿੰਦਕ ਮੱਥੇ ਤੇ ਹੱਥ ਮਾਰਦਾ ਤੇ ਸਿਰ ਧਰਤੀ ਨਾਲ ਪਟਕਦਾ ਭਾਵ ਦੁੱਖ ਭੋਗਦਾ , ਜਮਾਂ ਦੀ ਮਾਰ ਝੱਲਦਾ , ਹਰ ਥਾਂ ਅਪਮਾਨਿਤ ਹੋਣਾ ਪੈਂਦਾ ਹੈ। ਨਾਮ ਤੋਂ ਬਿਨਾ ਜੀਵ ਕਿਸੇ ਜੋਗਾ ਨਹੀਂ —-

ਨਿੰਦਾ ਕਹਾ ਕਰਹੁ ਸੰਸਾਰਾ।।
ਨਿੰਦਕ ਕਾ ਪਰਗਟਿ ਪਾਹਾਰਾ।।
( ਰਵਿਦਾਸ ਜੀ , ਅੰਗ ੮੭੫ )

ਨਿੰਦਕ ਕਾ ਕਹਿਆ ਕੋਇ ਨ ਮਾਨੈ।।
ਨਿੰਦਕ ਝੂਠੁ ਬੋਲਿ ਪਛੁਤਾਨੇ।।
ਹਾਥ ਪਛੋਰਹਿ ਸਿਰੁ ਧਰਨਿ ਲਗਾਹਿ।।
ਨਿੰਦਕ ਕਉ ਦਈ ਛੋਡੈ ਨਾਹਿ।।
(ਮ ੫ , ਅੰਗ ੧੧੫੨ )

ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਵਾਰਿ।।
ਨਾਨਕ ਨਾਮਿ ਵਿਹੂਣਿਆ ਨ ਉਰਵਾਰਿ ਨ ਪਾਰਿ।।
( ਮ ੩ ,ਅੰਗ ੬੪੯ )

ਬਾਬਾ ਫਰੀਦ ਸਾਹਿਬ ਕਿਰਪਾ ਕਰ ਰਹੇ ਹਨ ਕਿ ਕਦੇ ਭੁੱਲ ਕੇ ਵੀ ਕਿਸੇ ਜੀਵ ਦੀ ਜਾਂ ਮਿੱਟੀ ਆਦਿ ਦੀ ਨਿੰਦਿਆ ਨਾ ਕਰੋ , ਸਭਨਾਂ ਅੰਦਰ ਇਕੋ ਮਾਲਕ ਜੀ ਜੋਤ ਹੈ , ਸਭ ਹਿਰਦੇ ਅਮੋਲਕ ਹਨ —–

ਫਰੀਦਾ ਖਾਕੁ ਨ ਨਿੰਦੀਏ ਖਾਕੂ ਜੇਡੁ ਨ ਕੋਇ।।
ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ।।
( ਬਾਬਾ ਫਰੀਦ ਜੀ , ਸਲੋਕ ੧੭, ਅੰਗ ੧੩੭੮)

ਸਾਨੂੰ ਕਿਸੇ ਵੀ ਜੀਵ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ , ਨਿੰਦਕ ਦੀ ਸਜ਼ਾ ਬੜੀ ਭਿਆਨਕ ਹੈ। ਨਿੰਦਿਆ ਕਰਨ ਵਾਲਾ ਜੀਵ ਮਨਮੁਖ ਮੂਰਖ ਹੈ , ਅਜਿਹੇ ਜੀਵ ਨੂੰ ਮੂੰਹ ਕਾਲਾ ਕਰਕੇ ਘੋਰ ਨਰਕਾਂ ਵਿੱਚ ਸੁੱਟਿਆ ਜਾਂਦਾ ਹੈ —

ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ।।
ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ।।
( ਮ ੩ , ਅੰਗ ੭੫੫ )

ਨਿੰਦਕ ਕਉ ਅਗਨਿ ਮਹਿ ਪਾਵੈ ।।
( ਮ ੫ , ਅੰਗ ੧੧੩੮ )

ਨਿੰਦਕ ਕਾ ਮਾਥਾ ਈਹਾਂ ਊਹਾ ਕਾਲਾ।।
( ਮ ੫ , ਅੰਗ ੧੧੩੭ )

ਨਿੰਦਕੁ ਸੋਧਿ ਸਾਧਿ ਬੀਚਾਰਿਆ।।
ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ।।
( ਰਵਿਦਾਸ ਜੀ , ਅੰਗ ੮੭੫ )

ਨਿੰਦਿਆ ਕਰਨ ਵਾਲਾ ਦੂਸਰਿਆਂ ਦੇ ਪਾਪ ਧੋਂਦਾ ਹੈ , ਦੂਸਰਿਆਂ ਦੇ ਪਾਪਾਂ ਦਾ ਭਾਰ ਆਪਣੇ ਸਿਰ ਲੈਂਦਾ ਹੈ। ਨਿੰਦਕ ਅੰਧਾ ਹੈ ਜੋ ਆਤਮਾ ਦਾ ਘਾਤ ਕਰ ਰਿਹਾ ਹੈ ਤੇ ਬਿਨਾਂ ਮੰਜ਼ੂਰੀ ਤੋਂ ਦਿਨ ਰਾਤ ਪਾਪਾਂ ਦਾ ਭਾਰ ਲੈ ਰਿਹਾ ਹੈ —-

ਰਿਦੈ ਸੁਧ ਜਉ ਨਿੰਦਾ ਹੋਇ।।
ਹਮਰੇ ਕਪਰੇ ਨਿੰਦਕੁ ਧੋਇ।।
( ਕਬੀਰ ਜੀ , ਅੰਗ ੩੩੯)

ਮਨਮੁਖਿ ਅੰਧੇ ਸੁਧਿ ਨ ਕਾਈ।।
ਆਤਮ ਘਾਤੀ ਹੈ ਜਗਤ ਕਸਾਈ।।
ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ
ਬਿਨੁ ਮਜੂਰੀ ਭਾਰੁ ਪਹੁਚਾਵਣਿਆ।।
( ਮ ੩ ,ਅੰਗ ੧੧੮ )

ਜੇ ਕੋਈ ਜੀਵ ਅਠਾਹਠ ਤੀਰਥਾਂ ਦੇ ਇਸ਼ਨਾਨ ਵੀ ਕਰੇ , ਸੋਮਨਾਥ , ਬਦਰੀਨਰੈਣ , ਕੇਦਾਰ ਆਦਿ ਬਾਰਾਂ ਸ਼ਿਵਲਿੰਗ ਦੀ ਪੂਜਾ ਵੀ ਕਰੇ , ਪਾਣੀ ਕਿੱਲਤ ਵਾਲੇ ਇਲਾਕਿਆਂ ਵਿੱਚ ਖੂਹ ਵੀ ਲਗਵਾਵੇ , ਜੇਕਰ ਜੀਵ ਨਿੰਦਾ ਨਹੀ ਛੱਡਦਾ ਤਾਂ ਇਹ ਵਿਅਰਥ ਚਲਾ ਜਾਵੇਗਾ —

ਜੇ ਓਹੁ ਅਠਸਠਿ ਤੀਰਥਿ ਨਾਵੈ।।
ਜੇ ਓਹੁ ਦੁਆਦਸ ਸਿਲਾ ਪੂਜਾਵੈ।।
ਜੇ ਓਹੁ ਕੂਪ ਤਟਾ ਦੇਵਾਵੈ।।
ਕਰੈ ਨਿੰਦ ਸਭ ਬਿਰਥਾ ਜਾਵੈ।।
( ਰਵਿਦਾਸ ਜੀ , ਅੰਗ ੮੭੫)

ਜੇਕਰ ਕੋਈ ਜੀਵ ਧਾਰਮਿਕ ਤੀਰਥਾਂ ਤੇ ਗ੍ਰਹਿਣ ਇਸ਼ਨਾਨ ਆਦਿਕ ਵੀ ਕਰੇ , ਗਹਿਣਿਆਂ ਸਮੇਤ ਪਤਨੀ ਦਾ ਦਾਨ ਵੀ ਕਰੇ ਤੇ ਸਾਰੀਆਂ ਸਿੰਮ੍ਰਿਤੀਆਂ ਆਦਿ ਵੀ ਸੁਣੇ , ਜੇ ਉਹ ਨਿੰਦਾ ਨਹੀਂ ਛੱਡਦਾ ਤਾਂ ਪੁੰਨ ਵਿਅਰਥ ਚਲਾ ਜਾਵੇਗਾ —

ਜੇ ਓਹੁ ਗ੍ਰਹਨ ਕਰੈ ਕੁਲਖੇਤਿ ।।
ਅਰਪੈ ਨਾਰਿ ਸੀਗਾਰ ਸਮੇਤਿ।।
ਸਗਲੀ ਸਿੰਮ੍ਰਿਤਿ ਸ੍ਰਵਨੀ ਸੁਨੈ।।
ਕਰੈ ਨਿੰਦ ਕਵਨੈ ਨਹੀ ਗੁਨੈ।।

( ਰਵਿਦਾਸ ਜੀ , ਅੰਗ ੮੭੫)

ਜੇਕਰ ਕੋਈ ਜੀਵ ਥਾਂ ਥਾਂ ਲੰਗਰ ਵੀ ਲਗਾਏ , ਧਾਰਮਿਕ ਅਸਥਾਨਾਂ ਤੇ ਪ੍ਰਸ਼ਾਦ ਵੀ ਕਰਵਾਏ , ਆਪਣੀ ਜਮੀਨ ਜਾਇਦਾਦ ਦਾਨ ਵੀ ਕਰ ਦੇਵੇ ,ਆਪਣਾ ਵਿਗਾੜ ਕੇ ਦੂਸਰਿਆਂ ਦਾ ਭਲਾ ਕਰੇ ਪਰ ਜੇ ਜੀਵ ਨਿੰਦਿਆ ਨਹੀਂ ਛੱਡਦਾ ਤਾਂ ਵਾਰ ਵਾਰ ਜੂਨੀਆਂ ਦੇ ਚੱਕਰ ਵਿੱਚ ਦੁੱਖ ਭੋਗੇਗਾ —-

ਜੇ ਓਹੁ ਅਨਿਕ ਪ੍ਰਸਾਦ ਕਰਾਵੈ।।
ਭੂਮਿ ਦਾਨ ਸੋਭਾ ਮੰਡਪਿ ਪਾਵੈ।।
ਅਪਨਾ ਬਿਗਾਰਿ ਬਿਰਾਂਨਾ ਸਾਂਢੈ।।
ਕਰੈ ਨਿੰਦ ਬਹੁ ਜੋਨੀ ਹਾਂਢੈ।।
( ਰਵਿਦਾਸ ਜੀ , ਅੰਗ ੮੭੫ )

ਨਿੰਦਿਆ ਸਾਨੂੰ ਬਹੁਤ ਗਿਰਾ ਦਿੰਦੀ ਹੈ , ਰੱਬ ਦੇ ਪਿਆਰਿਆਂ ਦੀ ਨਿੰਦਾ ਘੋਰ ਨਰਕਾਂ ਦੀ ਅੱਗ ਵਿੱਚ ਪਹੁੰਚਾ ਦੇਵੇਗੀ। ਸੰਤਾਂ ਦਾ ਨਿੰਦਕ ਮਹਾਂ ਹਤਿਆਰਾ ਭਾਵ ਜਾਲਮ ਜੀਵ ਹੈ ਜੋ ਪਰਮਾਤਮਾ ਵੱਲੋਂ ਫਿਟਕਾਰਿਆ ਜਾਂਦਾ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ ਸਾਨੂੰ ਨਿੰਦਕ ਦਾ ਹਾਲ ਬਿਆਨ ਕਰ ਰਹੀ ਹੈ ਤਾਂ ਕਿ ਅਸੀਂ ਨਿੰਦਿਆ ਤੋਂ ਤੋਬਾ ਕਰ ਲਈਏ —-

ਸੰਤ ਕੈ ਦੂਖਨਿ ਸੁਖੁ ਸਭੁ ਜਾਇ।।
ਸੰਤ ਕੈ ਦੂਖਨਿ ਨਰਕ ਮਹਿ ਪਾਇ।।
( ਮ ੫ , ਅੰਗ ੨੭੯ )

ਸੰਤ ਕਾ ਨਿੰਦਕੁ ਮਹਾ ਹਤਿਆਰਾ।।
ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ।।
( ਮ ੫ , ਅੰਗ ੨੮੦ )

ਸੰਤਾਂ ਦੀ ਨਿੰਦਾ ਕਰਨ ਦਾ ਹਸ਼ਰ ਸੱਪ ਦੀ ਜੂਨ ਅਤੇ ਹੋਰ ਕਿਰਮ ਆਦਿ ਟੇਢੀਆਂ ਜੂਨੀਆਂ ਵਿੱਚ ਦੁੱਖ ਭੋਗਣਾ ਪੈਂਦਾ ਹੈ । ਸੰਤਾਂ ਦੇ ਨਿੰਦਕ ਦਾ ਪ੍ਰਭੂ ਤੋਂ ਵਿਛੋੜਾ ਪੈਣ ਕਾਰਣ ਸਾਰੇ ਰੋਗ ਆ ਚਿੰਬੜਦੇ ਹਨ। ਨਿੰਦਕ ਦਾ ਜੀਵਨ ਅੰਦਰੋਂ ਥੋਥਾ ਹੁੰਦਾ ਹੈ ਜਿਵੇਂ ਮਿਰਤਕ ਦੇਹ —

ਸੰਤ ਕਾ ਦੋਖੀ ਅੰਤਰ ਤੇ ਥੋਥਾ।।
ਜਿਉ ਸਾਸ ਬਿਨਾ ਮਿਰਤਕ ਕੀ ਲੋਥਾ।।
( ਮ ੫ , ਅੰਗ ੨੮੦ )

ਸੰਤਨ ਕੈ ਦੂਖਨਿ ਸਰਪ ਜੋਨਿ ਪਾਇ।।
ਸੰਤਨ ਕੈ ਦੂਖਨਿ ਤ੍ਰਿਗਦ ਜੋਨਿ ਕਿਰਮਾਇ।।
( ਮ ੫ , ਅੰਗ ੨੭੯ )

ਸੰਤ ਕੇ ਨਿੰਦਕ ਕਉ ਸਰਬ ਰੋਗ।।
ਸੰਤ ਕੇ ਨਿੰਦਕ ਕਉ ਸਦਾ ਬਿਜੋਗ।।
( ਮ ੫ , ਅੰਗ ੨੮੦ )

ਰੱਬ ਦੇ ਪਿਆਰਿਆਂ ਭਗਤਾਂ ਦੀ ਜਦੋਂ ਕੋਈ ਜੀਵ ਨਿੰਦਿਆ ਕਰਦਾ ਹੈ ਤਾਂ ਉਸਦਾ ਅੰਦਰ ਵਿਕਾਰਾਂ ਨਾਲ ਵਿੰਨਿਆ ਜਾਂਦਾ ਹੈ , ਭਗਤਾਂ ਦੀ ਨਿੰਦਾ ਨਰਕ ਪਹੁੰਚਾਉਂਦੀ ਹੈ , ਭਗਤਾਂ ਦੀ ਨਿੰਦਾ ਕਰਨ ਵਾਲੇ ਗਰਭ ਅਗਨ ਵਿੱਚ ਹੀ ਗਲ਼ ਜਾਂਦੇ ਹਨ , ਭਗਤਾਂ ਦੀ ਨਿੰਦਾ ਕਰਨ ਵਾਲਾ ਅਰਸ਼ ਤੋਂ ਫਰਸ਼ ਤੇ ਆ ਜਾਂਦਾ ਹੈ —

ਭਗਤ ਕੀ ਨਿੰਦਾ ਕੰਧੁ ਛੇਦਾਵੈ।।
ਭਗਤ ਕੀ ਨਿੰਦਾ ਨਰਕੁ ਭੁੰਚਾਵੈ।।
ਭਗਤ ਕੀ ਨਿੰਦਾ ਗਰਭ ਮਹਿ ਗਲੈ।।
ਭਗਤ ਕੀ ਨਿੰਦਾ ਰਾਜ ਤੇ ਟਲੈ।।
( ਮ ੫ , ਅੰਗ ੧੧੪੫ )

ਨਿੰਦਕ ਜਿਸ ਦੀ ਨਿੰਦਾ ਕਰਦਾ ਹੈ ਉਸ ਦੇ ਕੱਪੜੇ ਭਾਵ ਪਾਪ ਧੋਂਦਾ ਹੈ , ਨਿੰਦਕ ਦੂਸਰਿਆਂ ਦੇ ਪਾਪ ਆਪਣੇ ਸਿਰ ਲੈਂਦਾ ਹੈ ਤੇ ਪਾਪਾਂ ਦੇ ਦਰਿਆ ਵਿੱਚ ਡੁੱਬ ਜਾਂਦਾ ਹੈ —-

ਨਿੰਦਾ ਹਮਰੀ ਪ੍ਰੇਮ ਪਿਆਰੁ।।
ਨਿੰਦਾ ਹਮਰਾ ਕਰੈ ਉਧਾਰੁ ।।
ਜਨ ਕਬੀਰ ਕਉ ਨਿੰਦਾ ਸਾਰੁ।।
ਨਿੰਦਕੁ ਡੂਬਾ ਹਮ ਉਤਰੈ ਪਾਰਿ।।
( ਕਬੀਰ ਜੀ , ਅੰਗ ੩੩੯)

ਸਾਨੂੰ ਹਮੇਸ਼ਾ ਸੱਚ ਦੇ ਮਾਰਗ ਤੇ ਚੱਲਣਾ ਚਾਹੀਦਾ ਹੈ। ਕਲਯੁਗ ਅੰਦਰ ਲੋਕ ਸੱਚੇ ਸੁੱਚੇ ਭਲੇ ਲੋਕਾਂ ਦੀ ਵੀ ਨਿੰਦਿਆਂ ਕਰਨੋ ਗੁਰੇਜ਼ ਨਹੀਂ ਕਰਦੇ। ਨਿੰਦਿਆ ਕਰਨ ਵਾਲਿਆਂ ਦੀ ਪਰਵਾਹ ਕੀਤੇ ਬਿਨਾ ਸੱਚ ਦੇ ਮਾਰਗ ਤੇ ਚੱਲਦੇ ਰਹਿਣਾ ਚਾਹੀਦਾ ਹੈ। ਆਪਣੇ ਸਵਾਸ ਨਿੰਦਕ ਨਾਲ ਝਗੜੇ ਬਹਿਸ ਤੇ ਖਰਚ ਨਾ ਕਰਕੇ ਪ੍ਰਭੂ ਜੀ ਦੇ ਗੁਣ ਗਾਉਣੇ ਨਾਮ ਸਿਮਰਨ ਵੱਲ ਧਿਆਨ ਲਗਾਉਣਾ ਚਾਹੀਦਾ —-

ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗੁ।।
ਤਨੁ ਮਨੁ ਰਾਮ ਪਿਆਰੇ ਜੋਗੁ।। ਰਹਾਉ।।
ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ।।
ਰਸਨਾ ਰਾਮ ਰਸਾਇਨੁ ਪੀਜੈ।।
( ਨਾਮਦੇਵ ਜੀ , ਅੰਗ ੧੧੬੪ )

ਭਾਵੇਂ ਕਿ ਨਿੰਦਿਆ ਬਹੁਤ ਵੱਡਾ ਗੁਨਾਹ ਹੈ । ਨਿੰਦਿਆ ਕਰਨ ਵਾਲੇ ਭੁੱਖੇ ਰੁਲ਼ਦੇ ਮਰ ਜਾਂਦੇ ਹਨ ,ਉਹਨਾਂ ਦੀ ਕੋਈ ਬਾਂਹ ਨਹੀਂ ਫੜਦਾ । ਗੁਰੂ ਜੀ ਕ੍ਰਿਪਾਲੂ ਦਇਆਲੂ ਹਨ ਜੇ ਜੀਵ ਸੱਚੇ ਦਿਲੋਂ ਨਿੰਦਿਆ ਤੋਂ ਤੋਬਾ ਕਰੇ , ਗੁਰੂ ਜੀ ਦੀ ਸ਼ਰਣ ਵਿੱਚ ਜਾਵੇ , ਪ੍ਰਭੂ ਜੀ ਅੱਗੇ ਵਾਰ ਵਾਰ ਜੋਦੜੀਆਂ ਕਰੇ , ਮਾਲਕ ਖ਼ੁਸ਼ ਹੋ ਕੇ ਪਿਛਲੇ ਅਉਗਣ ਬਖ਼ਸ਼ ਦੇਣਗੇ —–

ਸੰਤ ਕ੍ਰਿਪਾਲ ਕ੍ਰਿਪਾ ਜੇ ਕਰੈ।।
ਨਾਨਕ ਸੰਤਸੰਗਿ ਨਿੰਦਕੁ ਭੀ ਤਰੈ।।
( ਮ ੫ , ਅੰਗ ੨੭੯ )

ਕੋਈ ਨਿੰਦਕੁ ਹੋਵੈ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ।।
ਪਿਛਲੈ ਗੁਨਹ ਸਤਿਗੁਰ ਬਖਸਿ ਲਏ ਸਤਸੰਗਤਿ ਨਾਲਿ ਰਲਾਵੈ।।
( ਮ ੪ , ਅੰਗ ੮੫੫ )

ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ।।
ਨਾਨਕ ਸੰਤ ਭਾਵੈ ਤਾ ਲਏ ਉਬਾਰਿ।।
( ਮ ੫ , ਅੰਗ ੨੮੦ )

ਚੁਗਲ ਨਿੰਦਕ ਭੁਖੇ ਰੁਲਿ ਮੁਏ ਏਨਾ ਹਥੁ ਨ ਕਿਥਾਊ ਪਾਇ।।
ਬਾਹਰਿ ਪਾਖੰਡ ਸਭ ਕਰਮ ਕਰਹਿ ਮਨਿ ਹਿਰਦੈ ਕਪਟੁ ਕਮਾਇ।।
ਖੇਤਿ ਸਰੀਰਿ ਜੋ ਬੀਜੀਏ ਸੋ ਅੰਤਿ ਖਲੋਆ ਆਇ।।
ਨਾਨਕ ਕੀ ਪ੍ਭ ਬੇਨਤੀ ਹਰਿ ਭਾਵੈ ਬਖਸਿ ਮਿਲਾਇ।।
( ਮ ੩ , ਅੰਗ ੧੪੧੭ – ੧੮)

ਵਾਹਿਗੁਰੂ ਜੀ ਕਿਰਪਾ ਕਰਨ ਸਾਨੂੰ ਸੁਮੱਤ ਬਖ਼ਸ਼ਣ ਤਾਂ ਕਿ ਕਾਲ ਦੁਆਰਾ ਲਗਾਏ ਨਿੰਦਿਆ ਚੁਗਲੀ ਦੇ ਇਸ ਜਾਲ ਤੋਂ ਆਜ਼ਾਦ ਹੋ ਸਕੀਏ , ਵੈਰ ਵਿਰੋਧ ਦੁਬਿਧਾ ਤੋਂ ਉੱਪਰ ਉੱਠ ਕੇ ਸੱਚੇ ਗੁਰੂ ਜੀ ਦੇ ਲੜ ਲੱਗ ਕੇ ਸੱਚੀ ਖ਼ੁਸ਼ੀ ਆਨੰਦ ਮਾਣੀਏ।

ਇਕਬਾਲ ਸਿੰਘ ਪੁੜੈਣ
ਲੈਕਚਰਾਰ ਕਮਰਸ
8872897500

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article1st Algerian official visits Morocco since snapping ties
Next articleਫੇਸਬੁੱਕ ਬੋਲੀਆਂ