(ਸਮਾਜ ਵੀਕਲੀ) ਮੇਰੇ ਜੁਆਕਾਂ ਦੀ ਮਾਂ ਦੇ ਪੇਕਿਆਂ ਦੀ ਵੰਸ਼ ਚੋ ਇੱਕ ਸ਼ਿਲਤ ਜਿਹੀ ਕੁੜੀ ਨੇ ਦਸਵੀਂ ਦੀ ਪ੍ਰੀਖਿਆ ਵਿਚੋਂ 99.4 ਪ੍ਰਤੀਸ਼ਤ ਅੰਕ ਲੈਕੇ ਪੰਚਕੂਲੇ ਵਰਗੇ ਸ਼ਹਿਰ ਵਿੱਚ ਜਿਹੜਾ ਮਾਰਕਾ ਮਾਰਿਆ ਹੈ ਉਸਨੇ ਮਾਸਟਰਾਂ ਦੇ ਟੱਬਰ ਵਾਲ਼ੀ ਗੱਲ ਸਿੱਧ ਕਰ ਦਿੱਤੀ। ਟਿਊਸ਼ਨ ਵਰਗੇ ਹਥਿਆਰ ਨੂੰ ਬਿਨਾਂ ਵਰਤੇ ਵਾਹਵਾ ਨੰਬਰ ਲਿੱਤੇ ਹਨ। ਪਰ ਇਸ ਵਿੱਚ ਹੈਰਾਨੀ ਵਾਲੀ ਕੋਈਂ ਗੱਲ ਨਹੀਂ ਜਿਸ ਦੇ ਦਾਦਾ ਦਾਦੀ ਨਾਨਾ ਨਾਨੀ ਅਧਿਆਪਕ ਰਹੇ ਹੋਣ ਉਹਨਾਂ ਦੇ ਡੀ ਐਨ ਏ ਵਿੱਚ ਬਰਗਰ ਪੀਜ਼ੇ ਨਹੀਂ ਪੜ੍ਹਾਈ ਹੀ ਹੁੰਦੀ ਹੈ। ਮੇਰੀ ਦਿੱਲੀ ਵਾਲੇ ਸੀ ਬੀਂ ਐਸ ਈ ਬੋਰਡ ਨੂੰ ਬੇਨਤੀ ਹੈ ਕਿ ਇਸ ਕੰਨਿਆ ਦੇ ਪੇਪਰਾਂ ਦਾ ਪੁਨਰ ਪ੍ਰੀਖਣ ਅਤੇ ਦੁਬਾਰਾ ਟੋਟਲ ਜਰੂਰ ਚੈੱਕ ਕੀਤੇ ਜਾਣ। ਕਿਉਂਕਿ ਮੈਨੂੰ ਲਗਦਾ ਹੈ ਕਿ ਨੰਬਰ 102 ਪ੍ਰਤੀਸ਼ਤ ਤੋਂ ਵੀ ਵੱਧ ਹੋਣਗੇ। ਜਰੂਰ ਕਿਤੇ ਗਲਤੀ ਲੱਗੀ ਹੈ। “ਤੇਰੇ ਦਸਵੀਂ ਚੋ ਕਿੰਨੇ ਪ੍ਰਤੀਸ਼ਤ ਨੰਬਰ ਆਏ ਸੀ।” ਕੱਲ੍ਹ ਆਹ 99.4 ਪ੍ਰਤੀਸ਼ਤ ਨੰਬਰਾਂ ਵਾਲ਼ੀ ਗੱਲ ਸੁਣਕੇ ਮੈਂ ਮੇਰੇ ਜੁਆਕਾਂ ਦੀ ਮਾਂ ਨੂੰ ਛੇੜਦੇ ਹੋਏ ਪੁੱਛਿਆ। ਕਿਉਂਕਿ ਇਹ ਵੀ ਆਪਣੇ ਜਮਾਨੇ ਵਿੱਚ ਕਿਸੇ ਦੀ ਨੂੰਹ ਧੀ ਨਾਲੋਂ ਘੱਟ ਨਹੀਂ ਸੀ। “ਮੇਰੇ 66 ਪ੍ਰਤੀਸ਼ਤ ਆਏ ਸਨ ਤੇ ਮੈਂ ਸਕੂਲ ਚੋ ਫਸਟ ਆਈ ਸੀ। ਅਜੇ ਵੀ ਮੇਰਾ ਨਾਮ ਮਹਿਮਾ ਸਰਜਾ ਸਕੂਲ ਦੇ ਬੋਰਡ ਤੇ ਲਿਖਿਆ ਹੋਇਆ ਹੈ। ਤੇ ਤੁਹਾਡੇ?” ਭਾਵੇਂ ਉਸਦੇ ਜਵਾਬ ਨੇ ਮੈਨੂੰ ਖੁਸ਼ੀ ਦਿੱਤੀ ਪਰ ਅਖੀਰਲਾ ਸਵਾਲ ਮੇਰੀ ਮਰਦਾਨਗੀ ਦਾ ਕਤਲ ਕਰਨ ਵਾਲਾ ਸੀ। “ਤੂੰ ਮਾਸਟਰ ਜੀ ਦੀ ਕੁੜੀ ਤੇ ਮੈਂ ਪਟਵਾਰੀ ਦਾ ਮੁੰਡਾ। ਆਪਣਾ ਕੀ ਮੁਕਾਬਲਾ? ਅਸੀਂ ਤਾਂ ਪਾਸ ਹੋਣ ਵਾਸਤੇ 33 ਪ੍ਰਤੀਸ਼ਤ ਨੰਬਰ ਲੈਣ ਦਾ ਨਿਸ਼ਾਨਾ ਮਿੱਥਦੇ ਸੀ ਤੇ 35 ਪਰਸੈਂਟ ਲ਼ੈਕੇ ਛਾਲਾਂ ਮਾਰਦੇ ਸੀ। ਉਂਜ ਦਸਵੀਂ ਚੋ ਮੇਰੇ 56 ਪ੍ਰਤੀਸ਼ਤ ਆਏ ਸੀ ਜੋ ਮੇਰੇ ਮੇਰੇ ਦਾਦਕਿਆਂ ਵਿੱਚ ਮੇਰਾ ਰਿਕਾਰਡ ਸੀ। ਮੈਂ ਕਮਰਸ ਵਿਚ ਗਰੈਜੂਏਸ਼ਨ ਕਰਨ ਵਾਲਾ ਇਕਲੌਤਾ ਸਖਸ਼ ਹਾਂ ਤੇ ਮੇਰਾ ਬੇਟਾ ਸਾਡੇ ਖਾਨਦਾਨ ਦਾ ਇਕਲੌਤਾ ਪੋਸਟ ਗ੍ਰੈਜੂਏਟ।” ਸਰਕਾਰ ਵਾੰਗੂ ਮੈਂ ਵੀ ਆਪਣੇ ਅਨੁਸਾਰ ਅੰਕੜੇ ਪੇਸ਼ ਕਰਕੇ ਆਪਣਾ ਝੰਡਾ ਗੱਡ ਦਿੱਤਾ। ਕਿਸੇ ਨਾ ਕਿਸੇ ਨੂੰ ਉਸਦੇ ਪੁਆਇੰਟ ਛੇ ਪ੍ਰਤੀਸ਼ਤ ਨੰਬਰ ਘੱਟ ਆਉਣ ਦਾ ਦੁੱਖ ਵੀ ਤਾਂ ਜਰੂਰ ਹੋਵੇਗਾ।
ਰਮੇਸ਼ ਸੇਠੀ ਬਾਦਲ
9876627233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



