HOME ਜੂਨ ਚੁਰਾਸੀ 

ਜੂਨ ਚੁਰਾਸੀ 

1
ਗੁਰਦੀਪ ਕੌਰੇਆਣਾ ।
(ਸਮਾਜ ਵੀਕਲੀ) 
ਇਹ ਜਖਮ ਅਵੱਲੇ ਨੇ, ਜੋ ਅੱਜ ਤੱਕ ਅੱਲ੍ਹੇ ਨੇ।
ਲੱਖ ਮੱਲ੍ਹਮਾਂ ਲਾ ਲਈਆਂ, ਮੱਲ੍ਹਮਾਂ ਵੀ ਛਿੱਲੇ ਨੇ।
ਜੋ ਜੂਨ ਚੁਰਾਸੀ ਵਿੱਚ
ਗੁਰੂਆਂ ਦੀ ਧਰਤੀ ਤੇ, ਇੱਕ ਕਹਿਰ ਵਰਤਿਆ ਸੀ।
ਮੌਕੇ ਦਾ ਹਾਕਮ ਜੋ
ਆਪਣੀ ਹੀ ਪਰਜਾ ਤੇ, ਬਣ ਬੱਦਲ ਗਰਜਿਆ ਸੀ
ਪੰਜਵੇਂ ਜੋ ਨਾਨਕ ਸੀ
 ਸੀ ਦਿਨ ਸ਼ਹਾਦਤ ਦਾ, ਬਾਣੀ ਦੇ ਬੋਹਿਥ ਦਾ।
ਸਿਜਦਾ ਜੋ ਕਰਨ ਗਏ।
ਉਸ ਅਮਨ ਉਪਾਸਕ ਦੀ,  ਸਿਰਮੌਰ ਸ਼ਹਾਦਤ ਨੂੰ।
ਤੋਪਾਂ ਦੀ ਗਰਜਣ ਨੇ
ਸੀ ਜਾਮ ਸ਼ਹਾਦਤ ਦਾ, ਉਹਨਾਂ ਲਈ ਭਰ ਦਿੱਤਾ।
 ਮੀਂਹ ਵਰ੍ਹਿਆ ਪਿੱਤਲ ਦਾ,
ਧਰਤੀ ਤੇ ਅੰਬਰ ਨੂੰ, ਸੀ ਸੂਹਾ ਕਰ ਦਿੱਤਾ।
ਕੁਰਸੀ ਦਿਆਂ ਯਾਰਾਂ ਨੇ,
ਹੰਕਾਰੀ ਹਕੂਮਤ ਦੇ, ਕੁੱਛ ਤਾਬੇਦਾਰਾਂ ਨੇ,
ਅੰਮ੍ਰਿਤ ਦੇ ਸਰਵਰ ਦੇ ਨੂੰ
 ਜੋ ਜੀਵਨ ਦੇਂਦਾ ਸੀ, ਲਾਸ਼ਾ ਨਾ ਭਰ ਦਿੱਤਾ,
ਉੱਥੇ ਰੱਬੀ ਬਾਣੀ ਦਾ
 ਇੱਕ ਚਸ਼ਮਾ ਵਹਿੰਦਾ ਸੀ, ਉਹ ਗੰਧਲਾ ਕਰ ਦਿੱਤਾ।
 ਬਾਣੀ ਦੇ ਤਰਵਰ ਨੂੰ,
ਬਾਰੂਦ ਦੇ ਧੂੰਏਂ ਨੇ, ਸੀ ਖਾਕ ਬਣਾ ਦਿੱਤਾ।
ਉਨ੍ਹਾਂ ਪਾਕ ਹਵਾਵਾਂ ਨੂੰ,
ਉਨ੍ਹਾਂ ਪਾਕ ਫਿਜਾਂਵਾਂ ਨੂੰ,ਨਾਪਾਕ ਬਣਾ ਦਿੱਤਾ।
ਹਰਿਮੰਦਰ ਸੋਨੇ ਦਾ
ਕੁੱਲ ਦੁਨੀਆਂ ਤੋਂ ਸੋਹਣਾ, ਸੀ ਕਾਲਾ ਕਰ ਦਿੱਤਾ।
ਮੀਰੀ ਤੇ ਪੀਰੀ ਦੇ
ਉਸ ਛੇਵੇਂ ਨਾਨਕ ਨੇ, ਜੋ ਹੱਥੀਂ ਸਿਰਜਿਆ ਸੀ।
ਉਸ ਤਖਤ ਮੁਬਾਰਕ ਨੂੰ
ਟੈਂਕਾਂ ਤੇ ਬੰਬਾਂ ਨਾ, ਢਹਿਢੇਰੀ ਕਰ ਦਿੱਤਾ।
ਸਤਿਗੁਰ ਦੀ ਸੰਗਤ ਉਹ
ਚੱਲਕੇ ਜੋ ਆਏ ਸੀ, ਲੋਥਾਂ ਬਣ ਰਹਿ ਗਏ ਸੀ।
ਉੱਚੇ ਮੀਨਾਰਾਂ ਜਹੇ
ਸਰਦਾਰੀ ਬੁੰਗੇ ਜੋ, ਬੰਬਾਂ ਨਾ ਢਹਿ ਗਏ ਸੀ।
ਦੁਨੀਆਂ ਸਰਬੱਤ ਦਾ,
ਭਲਾ ਜੋ ਮੰਗਦੇ ਸੀ, ਅਰਦਾਸਾਂ ਕਰ ਕਰ ਕੇ।
ਲੱਖਾਂ ਹੀ ਆਉਂਦੇ ਸੀ,
ਲੈ ਜਾਂਦੇ ਸੀ ਏਥੋਂ, ਝੋਲੀਆਂ ਭਰ ਭਰ ਕੇ।
ਵਰਿਆਂ ਦੇ ਪਿੱਛੋ ਅੱਜ ਵੀ
ਜੁੜਦੀ ਹੈ ਸੰਗਤ , ਪਹਿਲਾਂ ਜਿਵੇਂ ਜੁੜਦੀ ਸੀ।
ਅੰਮ੍ਰਿਤ ਬਣ ਵਰ੍ਹਦੀ ਅੱਜ ਵੀ,
 ਦਿਲਾਂ ਵਿੱਚ ਹੈ ਵਸਦੀ, ਬਾਣੀ ਜੋ ਧੁਰ ਦੀ ਸੀ।
ਤੁਰ ਗਏ ਮੂੰਹ ਕਾਲਾ ਕਰਕੇ,
ਦੁਨੀਆਂ ਤੋਂ ਖੱਟ ਲਾਹਨਤਾਂ, ਜਾਲਿਮ ਹੰਕਾਰੀ ਜੋ।
ਵਸਦੀ ਹੈ ਅੰਮ੍ਰਿਤ ਨਗਰੀ,
ਪਹਿਲਾਂ ਤੋਂ ਦੂਣੀ ਚੌਣੀ, ਗੁਰੂਆਂ ਦੀ ਪਿਆਰੀ ਜੋ।
          ਗੁਰਦੀਪ ਕੌਰੇਆਣਾ ।
           9915013953
Previous articleਗ਼ਜ਼ਲ
Next articleਮਾਰਿਆ ਮਾਰਕਾ