ਬਰਨਾਲਾ, (ਸਮਾਜ ਵੀਕਲੀ) : ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਉੱਪਰ 200 ਰੁਪਏ ਮਹੀਨਾ ਲਗਾਏ ਵਿਕਾਸ ਟੈਕਸ ਖ਼ਿਲਾਫ਼ ਅੱਜ ਮੀਂਹ ‘ਚ ਧਨੌਲਾ ਰੋਡ ਸਥਿਤ ਪਾਵਰਕੌਮ ਦੇ ਮੁੱਖ ਦਫ਼ਤਰ ਵਿਖੇ ਸ੍ਰੀ ਜੱਗਾ ਸਿੰਘ ਦੀ ਅਗਵਾਈ ਹੇਠ ਮੁਜ਼ਾਹਰੇ ਉਪਰੰਤ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦੀ ਅਰਥੀ ਸਾੜੀ ਗਈ। ਆਗੂਆਂ ਸ਼ਿੰਦਰ ਧੌਲਾ, ਗੁਰਚਰਨ ਸਿੰਘ, ਹਰਨੇਕ ਸਿੰਘ ਸੰਘੇੜਾ, ਗੌਰੀ ਸ਼ੰਕਰ ਅਤੇ ਬਹਾਦਰ ਸਿੰਘ ਸੰਘੇੜਾ ਨੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਨੀਤੀ ਪੱਖੋਂ ਕੇਂਦਰ ਦੀ ਮੋਦੀ ਹਕੂਮਤ ਵਾਂਗ ਲੋਕ ਵਿਰੋਧੀ ਲੀਹਾਂ ‘ਤੇ ਚੱਲ ਰਹੀ ਹੈ। ਟੈਕਸਾਂ ਦਾ ਬੋਝ ਲੋਕਾਂ ‘ਤੇ ਥੋਪਿਆ ਜਾ ਰਿਹਾ ਹੈ। ਹੁਣ ਪੰਜਾਬ ਦੇ ਪੈਨਸ਼ਨਰਾਂ ਉੱਪਰ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਮੜ੍ਹ ਦਿੱਤਾ ਹੈ। ਇਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਕਿਹਾ ਕਿ ਇਸ ਹਕੂਮਤੀ ਧੱਕੇਸ਼ਾਹੀ ਖ਼ਿਲਾਫ਼ ਸੰਘਰਸ਼ ਹੋਰ ਤੇਜ਼ ਕਰਕੇ ਪੰਜਾਬ ਸਰਕਾਰ ਨੂੰ ਆਪਣਾ ਪੈਨਸ਼ਨਰਜ਼ ਵਿਰੋਧੀ ਫੈਸਲਾ ਵਾਪਸ ਲੈਣ ਲਈ ਮਜਬੂਰ ਕੀਤਾ ਜਾਵੇਗਾ। ਰੈਲੀ ਨੂੰ ਨਰਾਇਣ ਦੱਤ, ਭਾਗ ਸਿੰਘ,ਰਾਮ ਸਿੰਘ, ਜਗਰਾਜ ਸਿੰਘ, ਬੂਟਾ ਸਿੰਘ, ਜੋਗਿੰਦਰ ਪਾਲ, ਜਗਮੀਤ ਸਿੰਘ, ਸ਼ਿੰਗਾਰਾ ਸਿੰਘ,ਦੇਸ ਰਾਜ, ਹਰਜੀਤ ਸਿੰਘ, ਗੁਰਜੰਟ ਸਿੰਘ ਤੇ ਸਿਕੰਦਰ ਸਿੰਘ ਸੰਬੋਧਨ ਕੀਤਾ। ਇਸ ਤੋਂ ਬਾਅਦ ਮੀਂਹ ਵਿੱਚ ਅਕਾਸ਼ ਗੁੰਜਾਊ ਨਾਅਰਿਆਂ ਨਾਲ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਖ਼ਿਲਾਫ਼ ਮੁਜ਼ਾਹਰਾ ਕਰਕੇ ਅਰਥੀ ਸਾੜੀ ਗਈ। ਆਗੂਆਂ ਨੇ 12 ਅਗਸਤ ਨੂੰ ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ਵਿੱਚ ਸ਼ਮੂਲੀਅਤ ਅਤੇ ਸਹਿਯੋਗ ਜਾਰੀ ਰੱਖਣ ਦੀ ਅਪੀਲ ਕੀਤੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly