“ਬੰਦਾ ਸਿੰਘ ਬਹਾਦਰ”

ਹਰਕਮਲ ਧਾਲੀਵਾਲ

(ਸਮਾਜ ਵੀਕਲੀ)

” ਯੋਧਿਆਂ ਦੀ ਗੁੜ੍ਹਤੀ ਜਨਮਿਆ ਯੋਧਾ ਪਹਾੜਾਂ ‘ਤੇ,
ਨੱਚਦਾ ਜੋ ਰਿਹਾ ਹੁਣ ਤਾਈਂ ਤੀਰਾਂ ਤਲਵਾਰਾਂ ‘ਤੇ;
ਹਿਰਦੇ ਨੂੰ ਸੱਟ ਪਹੁੰਚਗੀ ,ਤੀਰਾਂ ਦੀਆਂ ਮਾਰਾਂ ਨਾਲ,
ਬੰਦੇ ਨੇ ਇੱਟ ਖੜਕਾਤੀ ਸਰਹਿੰਦ ਦੀਆਂ ਦੀਵਾਰਾਂ ਨਾਲ;
ਦੱਖਣ ਤੋਂ ਤੁਰਿਆ ਸੂਰਮਾ,ਸਿੰਘ ਸਰਦਾਰਾਂ ਨਾਲ,
ਬੰਦੇ ਨੇ ਇੱਟ ਖੜਕਾਤੀ ਸਰਹਿੰਦ ਦੀਆਂ ਦੀਵਾਰਾਂ ਨਾਲ…;

ਨਦੀਆਂ ਦੀ ਸਾਵੇਂ ਬੈਠਾ ਭਗਤੀ ਜੋ ਕਰਦਾ ਸੀ,
ਇਲਮਾਂ ਦਾ ਮੋਹਰੀ ਹੋਇਆ,ਤਖਤੇ ਪਲਟ ਸਕਦਾ ਸੀ;
ਗੁਰੂਆਂ ਦੀ ਨਜ਼ਰ ਸਵੱਲੀ,ਸੁੱਚੇ ਕਿਰਦਾਰਾਂ ਨਾਲ,
ਬੰਦੇ ਨੇ ਇੱਟ ਖੜਕਾਤੀ ਸਰਹਿੰਦ ਦੀਆਂ ਦੀਵਾਰਾਂ ਨਾਲ…;

ਨਾਂ ਸੁਣਕੇ ਉਹਦਾ ਵੈਰੀ ਥਰ ਥਰ ਕੇ ਕੰਬਦੇ ਸੀ,
ਅੱਖਾਂ ਦੇ ਡੋਰੇ ਉਹਦੇ ਵਰਗੇ ਜਿਉਂ ਬੰਬ ਦੇ ਸੀ;
ਕੰਧਾਂ ਸੀ ਕੰਬਣ ਲੱਗੀਆਂ,ਉਹਦੀਆਂ ਮਾਰਾਂ ਨਾਲ,
ਬੰਦੇ ਨੇ ਇੱਟ ਖੜਕਾਤੀ ਸਰਹਿੰਦ ਦੀਆਂ ਦੀਵਾਰਾਂ ਨਾਲ…;

ਮੈਦਾਨੇ ਜੰਗ ‘ਚ ਸੂਰੇ,ਕਰਕੇ ਵਿਖਾਈ ਸੀ,
ਮੋੜੀ ਸੀ ਭਾਜੀ ਜਿਹੜੀ,ਵਜ਼ੀਰੇ ਨੇ ਪਾਈ ਸੀ;
ਕੰਬ ਗਈ ਸੀ ਮੌਤ ਵੀ ਮੱਥਾ ਲਾਕੇ ਸਰਦਾਰਾਂ ਨਾਲ,
ਬੰਦੇ ਨੇ ਇੱਟ ਖੜਕਾਤੀ ਸਰਹਿੰਦ ਦੀਆਂ ਦੀਵਾਰਾਂ ਨਾਲ…;

ਦਿੱਲ੍ਹੀ ਦੇ ਤਾਈਂ ਬੋਲ ਗਈ ਤੂਤੀ ਜਰਨੈਲਾਂ ਦੀ,
ਬੁੱਕਦੀ ਮੈਦਾਨੇ ਫਿਰਦੀ ਰਾਈਫਲ ਜਰਨੈਲਾਂ ਦੀ;
ਦਿੱਲ੍ਹੀ ਦੀ ਰੌਣਕ ਉੱਡਗੀ, ਬਾਜ਼ਾਂ ਦੀਆਂ ਡਾਰਾਂ ਨਾਲ,
ਬੰਦੇ ਨੇ ਇੱਟ ਖੜਕਾਤੀ ਸਰਹਿੰਦ ਦੀਆਂ ਦੀਵਾਰਾਂ ਨਾਲ…;

ਮਾਧੋ ਤੋਂ ਬਣਿਆ ਬੰਦਾ, ਜੋ ਮੁੱਢ ਤੋਂ ਵੈਰਾਗੀ ਸੀ,
ਗੋਬਿੰਦ ਨੇ ਤੀਰ ਬਖ਼ਸ਼ਕੇ, ਕੀਤਾ ਜੰਗਾਂ ਦਾ ਆਦੀ ਸੀ;
ਵੱਡੇ ਤੂਫ਼ਾਨ ਵੀ ਥੰਮਗੇ ,ਉਹਦੀਆਂ ਰਫ਼ਤਾਰਾਂ ਨਾਲ;
ਬੰਦੇ ਨੇ ਇੱਟ ਖੜਕਾਤੀ ਸਰਹਿੰਦ ਦੀਆਂ ਦੀਵਾਰਾਂ ਨਾਲ….;

ਬੰਦੇ ਤੋਂ ਬਣਿਆ ਬਹਾਦਰ,ਬਹਾਦਰ ਸੀ ਜਨਮੋ ਜੋ,
ਕਿਰਪਾ ਲਈ ਤਲਵਾਰ ਉਠਾਈ,ਸਾਧੂ ਸੀ ਕਰਮੋਂ ਜੋ;
ਜ਼ੁਲਮਾਂ ਦਾ ਅੰਤ ਹੈ ਕੀਤਾ, ਕਿਰਪਾ ਕਟਾਰਾਂ ਨਾਲ,
ਬੰਦੇ ਨੇ ਇੱਟ ਖੜਕਾਤੀ ਸਰਹਿੰਦ ਦੀਆਂ ਦੀਵਾਰਾਂ ਨਾਲ;
ਦੱਖਣ ਤੋਂ ਤੁਰਿਆ ਸੂਰਮਾ,ਸਿੰਘ ਸਰਦਾਰਾਂ ਨਾਲ;
ਬੰਦੇ ਨੇ ਇੱਟ ਖੜਕਾਤੀ ਸਰਹਿੰਦ ਦੀਆਂ ਦੀਵਾਰਾਂ ਨਾਲ….!!”

ਹਰਕਮਲ ਧਾਲੀਵਾਲ
ਸੰਪਰਕ:-8437403720

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁੜੀਆਂ ਵਾਲੀ ਸਰਦਾਰਨੀ
Next articleਮੈਂ ਤਾਂ ਬਾਹਰ ਹੀ ਜਾਣੈ..!