ਮੌਸਮ ਪੰਜਾਬ ਦਾ’ ਦੱਸਣ ਵਾਲਾ ਮੁੰਡਾ ਬਲਜਿੰਦਰ ਮਾਨ ਬੱਲ੍ਹੋ

(ਸਮਾਜ ਵੀਕਲੀ)

ਪੁਰਾਣੇ ਸਮੇਂ ਵਿੱਚ ਲੋਕ ਮੌਸਮ ਦਾ ਅਨੁਮਾਨ ਤਾਰਿਆਂ ਦੀ ਦਿਸ਼ਾ, ਹਵਾ ਦੇ ਰੁਖ ਤੇ ਪਸ਼ੂ ਪੰਛੀਆਂ ਦੇ ਬੋਲਣ ਤੋਂ ਲਗਾਉਂਦੇ ਸਨ।ਪਰ ਅੱਜ ਇੰਟਰਨੈੱਟ ਦੇ ਯੁੱਗ ਵਿੱਚ ਮੌਸਮ ਦੀ ਭਵਿੱਖਬਾਣੀ ਸੰਬੰਧੀ ਟੀ ਵੀ ਚੈਨਲਾਂ ਦੇ ਨਾਲ ਬਹੁਤ ਸਾਰੀਆਂ ਮੋਬਾਈਲ ਐਪਸ ਵੀ ਆ ਗਈਆਂ ਹਨ ਜੋ ਮੌਸਮ ਦਾ ਹਾਲ ਦੱਸਦੀਆਂ ਹਨ।ਇਸ ਤੋਂ ਇਲਾਵਾ ਸੋਸ਼ਲ ਮੀਡੀਏ ਤੇ ਵੀ ਮੌਸਮ ਦੀ ਜਾਣਕਾਰੀ ਨਾਲ ਸੰਬੰਧਤ ਬਹੁਤ ਸਾਰੇ ਪੇਜ਼ ਬਣੇ ਹੋਏ ਹਨ।ਪਰ ਇਹਨਾਂ ਸਾਰੇ ਜਗ੍ਹਾ ਮੌਸਮ ਦਾ ਹਾਲ ਦੱਸਣ ਲਈ ਆਮ ਲੋਕਾਂ ਦੀ ਭਾਸ਼ਾ ਨਹੀਂ ਵਰਤੀ ਜਾਂਦੀ ਬਲਕਿ ਔਖੇ ਤੇ ਭਾਰੇ ਸ਼ਬਦ ਵਰਤੇ ਜਾਂਦੇ ਹਨ। ਜਿਸ ਕਰਕੇ ਕਈ ਵਾਰ ਆਮ ਪੇਂਡੂ ਬੰਦਿਆਂ ਨੂੰ ਉਸਦੀ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੀ ਹੈ।

ਪਰ ਮੌਸਮ ਦਾ ਹਾਲ ਸਰਲ ਤੇ ਠੇਠ ਭਾਸ਼ਾ ਵਿੱਚ ਦੱਸਣ ਲਈ ਜਾਣਿਆ ਜਾਂਦਾ ਬਲਜਿੰਦਰ ਬੱਲ੍ਹੋ।ਉਹ ਕੋਈ ਮੌਸਮ ਵਿਗਿਆਨੀ ਨਹੀਂ ਹੈ ਉਹ ਤਾਂ ਪਿੰਡ ਬੱਲ੍ਹੋ ਨੇੜੇ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਦੇ ਆਮ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਇੱਕ ਸੰਗਾਊ ਜਿਹਾ ਮੁੰਡਾ ਹੈ।ਪਰ ਮੌਸਮ ਬਾਰੇ ਉਸਦੀ ਸਰਲ ਤੇ ਸਟੀਕ ਜਾਣਕਾਰੀ ਉਸਦਾ ਕਿਸੇ ਮੌਸਮ ਵਿਗਿਆਨੀ ਹੋਣ ਦਾ ਭੁਲੇਖਾ ਜ਼ਰੂਰ ਪਾਉਂਦੀ ਹੈ। ਉਸਨੇ ਮੌਸਮ ਦੀ ਜਾਣਕਾਰੀ ਨਾਲ ਸੰਬੰਧਤ ਕੋਈ ਵਿਸ਼ੇਸ਼ ਪੜ੍ਹਾਈ ਵੀ ਨਹੀਂ ਕੀਤੀ ਹੈ।ਪਰ ਉਸ ਦੁਆਰਾ ਮੌਸਮ ਸੰਬੰਧੀ ਲਗਾਏ ਅਨੁਮਾਨ ਜ਼ਿਆਦਤਰ ਸਹੀ ਹੁੰਦੇ ਹਨ।

ਮੌਸਮ ਬਾਰੇ ਜਾਨਣ ਦਾ ਸ਼ੌਕ ਉਸਨੂੰ ਬਚਪਨ ਤੋਂ ਹੀ ਸੀ ਪਰ ਜਦੋਂ ਉਹ +2 ਕਰਨ ਤੋਂ ਬਾਅਦ ਡੀ ਏ ਵੀ ਕਾਲਜ ਬਠਿੰਡਾ ਵਿਖੇ B.Sc(non medical) ਕਰਨ ਲੱਗਾ ਤਾਂ ਉਸਦਾ ਇਹ ਸ਼ੌਕ ਹੋਰ ਗੂੜ੍ਹਾ ਹੁੰਦਾ ਗਿਆ।ਉਸਦਾ ਸੁਪਨਾ ਤਾਂ M.Sc ( Metrology) ਕਰਕੇ ਮੌਸਮ ਵਿਗਿਆਨੀ ਬਨਣ ਦਾ ਸੀ ਪਰ ਘਰ ਦੀਆਂ ਮਜ਼ਬੂਰੀਆਂ ਨੇ ਉਸਦਾ ਸੁਪਨਾ ਪੂਰਾ ਨਹੀਂ ਹੋਣ ਦਿੱਤਾ। ਫਿਰ ਉਸਨੇ ਆਪਣੇ ਇਸ ਸ਼ੌਕ ਦੀ ਪੂਰਤੀ ਲਈ ਫੇਸਬੁੱਕ ਤੇ ‘ਮੌਸਮ ਪੰਜਾਬ ਦਾ’ ਨਾਂ ਦਾ ਇੱਕ ਪੇਜ਼ ਬਣਾਇਆ ਜਿੱਥੇ ਉਹ ਮੌਸਮ ਦਾ ਹਾਲ ਲੋਕਾਂ ਦੀ ਸਰਲ ਤੇ ਠੇਠ ਭਾਸ਼ਾ ਵਿੱਚ ਦੱਸਣ ਲੱਗਾ। ਉਸਦੀ ਭਰੋਸੇਯੋਗਤਾ ਤਾਂ ਇੱਥੋਂ ਹੀ ਪਤਾ ਲੱਗਦਾ ਹੈ ਕਿ ਉਸਦੇ ਪੇਜ਼ ਨਾਲ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜੁੜ ਗਏ।

ਜੇਕਰ ਅੱਜ ਦੇ ਸਮੇਂ ਵਿੱਚ ਵੇਖਿਆ ਜਾਵੇ ਤਾਂ ਉਸਦੇ ਪੇਜ਼ ਦੇ ਅੱਸੀ ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ।ਉਸ ਦੁਆਰਾ ਦਿੱਤੀ ਜਾਣਕਾਰੀ ਇੰਨੀ ਸਟੀਕ ਤੇ ਭਰੋਸੇਯੋਗ ਹੁੰਦੀ ਹੈ ਕਿ ਕਿਸਾਨ ਆਪਣੇ ਕੰਮ ਧੰਦੇ ਵਹਾਈ, ਬਿਜਾਈ ਤੇ ਕਟਾਈ ਤੋਂ ਪਹਿਲਾਂ ਉਸਦੇ ਪੇਜ਼ ਤੋਂ ਮੌਸਮ ਦਾ ਹਾਲ ਵੇਖਦੇ ਹਨ। ਉਸ ਦੇ ਦੱਸਣ ਮੁਤਾਬਿਕ ਉਹ ਮੌਸਮ ਦੀ ਜਾਣਕਾਰੀ ਦੇਣ ਲਈ ecmwf ਤੇ GFS ਮੌਸਮ ਮਾਡਲ ਦੀ ਵਰਤੋਂ ਕਰਦਾ ਹੈ।ਇਸ ਤੋਂ ਇਲਾਵਾ ਉਹ ਭਾਰਤੀ ਮੌਸਮ ਵਿਭਾਗ ਦੇ ਜਿਲ੍ਹੇਵਾਰ ਮੌਸਮ ਸਟੇਸ਼ਨਾਂ ਦੀ ਵੈਬਸਾਈਟ ਤੋਂ ਵੀ ਜਾਣਕਾਰੀ ਇਕੱਤਰ ਕਰਦਾ ਹੈ।ਪਰ ਉਸਨੇ ਦੱਸਿਆ ਕਿ ਮਾਨਸਾ, ਮੁਕਤਸਰ, ਸੰਗਰੂਰ ਸਮੇਤ ਕੁਝ ਜ਼ਿਲ੍ਹਿਆਂ ਦੇ AWS ਪਿਛਲੇ ਕੁਝ ਸਾਲਾਂ ਤੋਂ ਮੌਸਮ ਸੰਬੰਧੀ ਸਹੀ ਡਾਟਾ ਨਹੀਂ ਦੇ ਰਹੇ ਹਨ ਇਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ।ਇਸ ਦੇ ਨਾਲ ਹੀ ਫਾਜ਼ਿਲਕਾ ਖੇਤਰ ਵਿੱਚ ਇੱਕ ਨਵਾਂ ਮੌਸਮ ਸਟੇਸ਼ਨ ਸਥਾਪਤ ਕਰਨ ਦੀ ਲੋੜ ਹੈ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਸਨੂੰ ਆਪਣੇ ਪੇਜ਼ ਤੋਂ ਅਜੇ ਤੱਕ ਕੋਈ ਕਮਾਈ ਨਹੀਂ ਹੋ ਰਹੀ ਹੈ ਪਰ ਉਸਦਾ ਕਹਿਣਾ ਹੈ ਕਿ ਭਵਿੱਖ ਵਿੱਚ ਜੇਕਰ ਕਦੇ ਪੇਜ਼ ਤੋਂ ਕਮਾਈ ਹੋਈ ਤਾਂ ਉਹ ਉਸ ਪੈਸੇ ਨਾਲ ਜਿਹੜੇ ਖ਼ੇਤਰਾਂ ਵਿੱਚ ਮੀਂਹ ਸੰਬੰਧੀ ਡਾਟਾ ਪ੍ਰਾਪਤ ਨਹੀਂ ਹੋ ਰਿਹਾ ਹੈ ਉੱਥੇ (Rain gauge) ਮੀਂਹ ਵਾਲੇ ਯੰਤਰ ਸਥਾਪਿਤ ਕਰਨ ਤੇ ਖ਼ਰਚ ਕਰੇਗਾ।ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਉਹ ਆਪਣੇ ਸ਼ੌਕ ਤੇ ਸਿਰੜ ਸਦਕੇ ਇਕੱਲਾ ਹੀ ਮੌਸਮ ਵਿਭਾਗ ਦੀ ਪੂਰੀ ਟੀਮ ਜਿੰਨਾ ਕੰਮ ਕਰ ਰਿਹਾ ਹੈ।ਇਸ ਸਮੇਂ ਉਸਦੇ ਪੇਜ਼ ਨਾਲ ਪੰਜਾਬ ਹਰਿਆਣਾ ਸਮੇਤ ਦੂਜੇ ਰਾਜਾਂ ਦੇ ਬਹੁਤ ਸਾਰੇ ਕਿਸਾਨ ਜੁੜੇ ਹੋਏ ਹਨ ਜੋ ਸਮੇਂ ਸਮੇਂ ਤੇ ਉਸ ਦੁਆਰਾ ਦਿੱਤੀ ਮੌਸਮ ਦੀ ਜਾਣਕਾਰੀ ਤੋਂ ਲਾਭ ਉਠਾ ਰਹੇ ਹਨ ਤੇ ਆਸ ਕਰਦੇ ਹਾਂ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਸੰਬੰਧੀ ਸਟੀਕ ਤੇ ਭਰੋਸੇਯੋਗ ਜਾਣਕਾਰੀ ਦਿੰਦਾ ਰਹੇਗਾ।

ਮਨਜੀਤ ਮਾਨ
ਪਿੰਡ ਸਾਹਨੇਵਾਲੀ (ਮਾਨਸਾ)
ਮੋਬਾਈਲ 7009898044

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਜ਼ਮ
Next articleਖਾਲੀ ਬੋਤਲਾਂ