HOME ਲੈਸਟਰ ‘ਚ ਵਿਸਾਖੀ ਮੌਕੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਵਿਖੇ ਵਿਸ਼ਾਲ ਜੋੜ ਮੇਲ, ਹਜ਼ਾਰਾਂ...

ਲੈਸਟਰ ‘ਚ ਵਿਸਾਖੀ ਮੌਕੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਵਿਖੇ ਵਿਸ਼ਾਲ ਜੋੜ ਮੇਲ, ਹਜ਼ਾਰਾਂ ਸੰਗਤਾਂ ਦੀ ਹਾਜ਼ਰੀ ਨਾਲ ਖਾਲਸਾਹੀ ਰੰਗ ਚ ਰੰਗਿਆ ਗਿਆ ਇਲਾਕਾ

1
ਕੈਪਸਨ:- ਲੈਸਟਰ ਦੇ ਗੁਰਦੁਆਰਾ ਰਾਮਗੜੀਆ ਸਾਹਿਬ ਰਾਮਦਾਸ ਵੇਅ ਵਿਖੇ ਮਨਾਏ ਗਏ ਧਾਰਮਿਕ ਜੋੜ ਮੇਲ ਵਿਸਾਖੀ ਦੀਆਂ ਵੱਖ ਵੱਖ ਤਸਵੀਰਾਂ! ਤਸਵੀਰਾਂ :- ਸੁਖਜਿੰਦਰ ਸਿੰਘ ਢੱਡੇ
ਲੈਸਟਰ (ਇੰਗਲੈਂਡ),  (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)- ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਮੌਕੇ ‘ਤੇ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਰਾਮਦਾਸ ਵੇਅ ਵਿਖੇ ਵਿਸ਼ਾਲ ਜੋੜ ਮੇਲ ਬੜੇ ਹੀ ਉਤਸ਼ਾਹ, ਧੂਮਧਾਮ ਅਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ। ਇਸ ਵਿਸ਼ਾਲ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਭਰਕੇ ਮਾਹੌਲ ਨੂੰ ਪੂਰੀ ਤਰ੍ਹਾਂ ਪੰਜਾਬੀ ਅਤੇ ਖਾਲਸਾਈ ਰੰਗਾਂ ਨਾਲ ਰੰਗ ਦਿੱਤਾ, ਜਿੱਥੇ ਹਰ ਪਾਸੇ ਖੁਸ਼ੀ ਅਤੇ ਰੌਣਕ ਦਾ ਮਾਹੌਲ ਦੇਖਣ ਨੂੰ ਮਿਲਿਆ। ਸਮਾਗਮ ਦੀ ਖਾਸ ਵਿਸ਼ੇਸ਼ਤਾ ਇਹ ਰਹੀ ਕਿ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਖੁੱਲ੍ਹੀ ਜਗ੍ਹਾ ਵਿੱਚ ਵੱਖ-ਵੱਖ ਚਟਾਲਾਂ ਲਗਾ ਕੇ ਅਨੇਕਾਂ ਕਿਸਮਾਂ ਦੇ ਰਵਾਇਤੀ ਪੰਜਾਬੀ ਪਕਵਾਨਾਂ ਦੇ ਲੰਗਰ ਲਗਾਏ ਗਏ। ਸੰਗਤਾਂ ਨੇ ਬੜੇ ਹੀ ਚਾਵ ਅਤੇ ਸ਼ਰਧਾ ਨਾਲ ਲੰਗਰ ਛਕਿਆ ਅਤੇ ਸੇਵਾਦਾਰਾਂ ਨੇ ਵੀ ਪੂਰੇ ਉਤਸ਼ਾਹ ਨਾਲ ਸੇਵਾ ਨਿਭਾਈ। ਇਸ ਦੇ ਨਾਲ ਹੀ ਵੱਖ-ਵੱਖ ਕਿਸਮ ਦੀਆਂ ਦੁਕਾਨਾਂ ਵੀ ਲਗਾਈਆਂ ਗਈਆਂ, ਜਿੱਥੇ ਲੋਕਾਂ ਨੇ ਖਰੀਦਦਾਰੀ ਕਰਦੇ ਹੋਏ ਇਸ ਧਾਰਮਿਕ ਸਮਾਗਮ ਦੀ ਰੌਣਕ ਨੂੰ ਹੋਰ ਵਧਾਇਆ। ਇਹ ਸਾਰਾ ਦ੍ਰਿਸ਼ ਪੰਜਾਬ ਦੇ ਕਿਸੇ ਪੇਂਡੂ ਵਿਸਾਖੀ ਜੋੜ ਮੇਲ ਦੀ ਜੀਵੰਤ ਝਲਕ ਪੇਸ਼ ਕਰਦਾ ਨਜ਼ਰ ਆਇਆ, ਜਿੱਥੇ ਪਰਿਵਾਰਾਂ ਸਮੇਤ ਪਹੁੰਚੇ ਲੋਕਾਂ ਨੇ ਦਿਲ ਖੋਲ੍ਹ ਕੇ ਇਸ ਧਾਰਮਿਕ ਜੋੜ ਮੇਲ ਦਾ ਆਨੰਦ ਮਾਣਿਆ। ਸਮਾਗਮ ਦੌਰਾਨ ਸਥਾਨਕ ਪੁਲਿਸ ਵੱਲੋਂ ਵੀ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦਿਆਂ ਖਾਸ ਭਾਗੀਦਾਰੀ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੂੰ ਐਮਰਜੰਸੀ ਸੇਵਾਵਾਂ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਬੱਚਿਆਂ ਨੂੰ ਪੁਲਿਸ ਦੇ ਸਾਜੋ-ਸਮਾਨ ਅਤੇ ਵਾਹਨਾਂ ਨਾਲ ਜਾਣੂ ਕਰਵਾਇਆ ਗਿਆ, ਜਿਸ ਨਾਲ ਉਹਨਾਂ ਵਿੱਚ ਸੁਰੱਖਿਆ ਪ੍ਰਤੀ ਜਾਗਰੂਕਤਾ ਵਧੀ ਅਤੇ ਉਹਨਾਂ ਨੇ ਇਸ ਜਾਣਕਾਰੀ ਨੂੰ ਬੜੇ ਉਤਸ਼ਾਹ ਨਾਲ ਸਵੀਕਾਰਿਆ। ਇਸ ਦੇ ਨਾਲ ਹੀ ਨੌਜਵਾਨਾਂ ਅਤੇ ਬੱਚਿਆਂ ਲਈ ਬਾਕਸਿੰਗ, ਕਰਾਟੇ ਅਤੇ ਹੋਰ ਵੱਖ-ਵੱਖ ਖੇਡਾਂ ਦੇ ਪ੍ਰਦਰਸ਼ਨ ਅਤੇ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਨੌਜਵਾਨ ਪੀੜ੍ਹੀ ਵੱਲੋਂ ਵਧ-ਚੜ੍ਹ ਕੇ ਹਿੱਸਾ ਲੈਣਾ ਸਮਾਗਮ ਦੀ ਇੱਕ ਵੱਡੀ ਵਿਸ਼ੇਸ਼ਤਾ ਰਿਹਾ, ਜਿਸ ਨਾਲ ਇਹ ਸਾਬਤ ਹੋਇਆ ਕਿ ਨਵੀਂ ਪੀੜ੍ਹੀ ਆਪਣੇ ਇਤਿਹਾਸ, ਸੱਭਿਆਚਾਰ ਅਤੇ ਰਵਾਇਤਾਂ ਨਾਲ ਜੁੜਨ ਲਈ ਉਤਸੁਕ ਹੈ। ਬੱਚਿਆਂ ਲਈ ਖਾਸ ਤੌਰ ‘ਤੇ ਝੂਲਿਆਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ, ਜੋ ਕਿ ਛੋਟੇ ਬੱਚਿਆਂ ਲਈ ਖਿੱਚ ਦਾ ਕੇਂਦਰ ਬਣੇ ਰਹੇ ਅਤੇ ਉਹਨਾਂ ਨੇ ਖੂਬ ਮਨੋਰੰਜਨ ਕੀਤਾ। ਇਸ ਮੌਕੇ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਵੱਲੋਂ ਰਵਾਇਤੀ ਹਥਿਆਰਾਂ ਨਾਲ ਗਤਕੇ ਦੇ ਦਿਲਚਸਪ ਅਤੇ ਰੋਮਾਂਚਕ ਜੋਹਰ ਵਿਖਾਏ ਗਏ। ਨਿਹੰਗ ਸਿੰਘਾਂ ਦੀ ਇਸ ਪੇਸ਼ਕਸ਼ ਨੇ ਸੰਗਤਾਂ ਨੂੰ ਮੋਹਿਤ ਕਰ ਦਿੱਤਾ ਅਤੇ ਪੂਰੇ ਮਾਹੌਲ ਨੂੰ ਖਾਲਸਾਈ ਰੰਗ ਵਿੱਚ ਰੰਗ ਦਿੱਤਾ। ਗਤਕੇ ਦੇ ਜੌਹਰਾਂ ਰਾਹੀਂ ਸਿੱਖੀ ਦੀ ਸ਼ਾਨ ਅਤੇ ਬਹਾਦਰੀ ਦੀ ਜੀਵੰਤ ਝਲਕ ਵੇਖਣ ਨੂੰ ਮਿਲੀ, ਜਿਸ ਦੀ ਸੰਗਤਾ ਵੱਲੋਂ ਖੂਬ ਪ੍ਰਸ਼ੰਸਾ ਕੀਤੀ ਗਈ। ਸਮਾਗਮ ਦਾ ਮੁੱਖ ਮੰਤਵ ਸਿੱਖ ਇਤਿਹਾਸ,ਪੰਜਾਬੀ ਸੱਭਿਆਚਾਰ ਅਤੇ ਰਵਾਇਤਾਂ ਨੂੰ ਵਿਦੇਸ਼ਾਂ ਵਿੱਚ ਵੀ ਜੀਵੰਤ ਰੱਖਣਾ, ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨਾ ਅਤੇ ਉਹਨਾਂ ਨੂੰ ਆਪਣੇ ਸ਼ਾਨਾਮੱਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣਾ ਸੀ। ਇਸ ਉਦੇਸ਼ ਵਿੱਚ ਪ੍ਰਬੰਧਕ ਕਾਫੀ ਹੱਦ ਤੱਕ ਕਾਮਯਾਬ ਰਹੇ ਅਤੇ ਸਮਾਗਮ ਨੇ ਹਰ ਵਰਗ ਦੇ ਲੋਕਾਂ ‘ਤੇ ਡੂੰਘਾ ਪ੍ਰਭਾਵ ਛੱਡਿਆ। ਅੰਤ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ, ਸੇਵਾਦਾਰਾਂ ਅਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਉਮੀਦ ਜਤਾਈ ਗਈ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਹੋਰ ਵੱਡੇ ਪੱਧਰ ‘ਤੇ ਕਰਵਾਏ ਜਾਣਗੇ, ਤਾਂ ਜੋ ਵਿਦੇਸ਼ਾਂ ਵਿੱਚ ਵੀ ਸਿੱਖ ਇਤਿਹਾਸ,ਪੰਜਾਬੀ ਪਛਾਣ ਅਤੇ ਵਿਰਾਸਤ ਨੂੰ ਮਜ਼ਬੂਤੀ ਮਿਲਦੀ ਰਹੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSh. Nirmal Singh Rayat Conferred with The Tribune Punjab Achievers Award 2026
Next articleਨਾਮਵਰ ਵਕੀਲ ਪ੍ਰਵੇਸ਼ ਖੋਸਲਾ ਨੇ ਅਕਾਲੀ ਦਲ (ਵਾਰਿਸ ਪੰਜਾਬ) ਵਿੱਚ ਸ਼ਾਮਲ