“ਪੰਜਾਬੀ ਰੰਗਮੰਚ ਦੇ ਬਾਦਸ਼ਾਹ ਬਲਵੰਤ ਗਾਰਗੀ “

ਕੁਲਦੀਪ ਸਿੰਘ ਸਾਹਿਲ
         (ਸਮਾਜ ਵੀਕਲੀ)
ਬਲਵੰਤ ਗਾਰਗੀ ਨੂੰ ਪੰਜਾਬੀ ਰੰਗਮੰਚ ਦਾ ਬਾਦਸ਼ਾਹ ਕਹਿਣਾ ਕੋਈ ਗਲਤ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਦੀ ਕਲਮ ਨੇ ਸਾਹਿਤ ਦੇ ਹਰ ਰੰਗ ਅਤੇ ਕੋਨੇ ਨੂੰ ਛੋਹਿਆ ਅਤੇ ਉਸ ਵਿਚੋਂ ਨਿਕਲੇ ਗਿਆਨ ਦੇ ਚਾਨਣ ਨੂੰ ਲੋਕਾਂ ਤੱਕ ਪਹੁੰਚਾਇਆ। ਭਾਵੇਂ ਕਹਾਣੀ, ਕਵਿਤਾ, ਲੇਖ,ਇਕਾਂਗੀ ਜਾਂ ਫਿਰ ਨਾਟਕ ਹੋਵੇ ਹਮੇਸ਼ਾ ਉਨ੍ਹਾਂ ਦੀ ਕਲਮ ਦੀ ਤਾਕਤ ਸੁਤੰਤਰ ਅਤੇ ਮਜ਼ਬੂਤ ਰਹੀ। ਇਹੀ ਕਾਰਨ ਸੀ ਕਿ ਉਨ੍ਹਾਂ ਵੱਲੋਂ 1944 ਵਿੱਚ ਲਿਖਿਆ ਗਿਆ ਪਹਿਲਾ ਨਾਟਕ ਲੋਹਾ ਕੁੱਟ ਪੰਜਾਬ ਦੇ ਪੇਂਡੂ ਖੇਤਰਾਂ ਦੀ ਸਪਸ਼ਟ ਤਸਵੀਰ ਲਈ ਵਿਵਾਦਗ੍ਰਸਤ ਹੋ ਗਿਆ। ਉਸ ਸਮੇਂ, ਉਸਨੇ ਇਸ ਨਾਟਕ ਰਾਹੀਂ ਗਰੀਬੀ, ਅਨਪੜ੍ਹਤਾ, ਅਗਿਆਨਤਾ, ਅਤੇ ਅੰਧਵਿਸ਼ਵਾਸ ‘ਤੇ ਧਿਆਨ ਕੇਂਦਰਿਤ ਕੀਤਾ, ਜੋ ਕਿ ਪੇਂਡੂ ਜੀਵਨ ਦੀ ਸਚਾਈ ਨੂੰ ਦਰਸਾਉਂਦਾ ਸੀ, ਜੋ 1949 ਵਿੱਚ ਸੈਲ ਪੱਥਰ, 1950 ਵਿੱਚ ਨਵਾਂ ਮੋੜ ਅਤੇ ਘੁੱਗੀ ਦੇ ਨਾਂ ਨਾਲ ਵੀ ਜਾਰੀ ਰਿਹਾ। ਪੰਜਾਬੀ ਸਾਹਿਤ ਦੀ ਗੱਲ ਕਰਦਿਆਂ ਜਦ ਵੀ ਨਾਟਕ ਤੇ ਰੰਗਮੰਚ ਦਾ ਜ਼ਿਕਰ ਹੋਵੇ ਅਤੇ ਬਲਵੰਤ ਗਾਰਗੀ ਦੀ ਗੱਲ ਨਾ ਹੋਵੇ ਇਹ ਕਦੇ ਹੋ ਹੀ ਨਹੀਂ ਸਕਦਾ। ਪੰਜਾਬੀ ਨਾਟਕ ਤੇ ਰੰਗਮੰਚ ਨਾਲ ਰੂਹ ਤੋਂ ਜੁੜਿਆ ਇਨਸਾਨ ਰੇਤਲੇ ਟਿੱਬਿਆਂ ਤੋਂ ਸੱਤ ਸਮੁੰਦਰੋਂ ਪਾਰ ਤੱਕ ਪੰਜਾਬੀ ਨਾਟਕ ਤੇ ਰੰਗਮੰਚ ਦੀ ਪਹਿਚਾਣ ਲੈ ਕੇ ਜਾਣ ਵਾਲਾ ਬਲਵੰਤ ਗਾਰਗੀ ਹੀ ਸੀ। ਬਲਵੰਤ ਗਾਰਗੀ ਦਾ ਜਨਮ 4 ਦਸੰਬਰ 1916 ਨੂੰ ਸਹਿਣਾ (ਜ਼ਿਲ੍ਹਾ ਬਠਿੰਡਾ) ਵਿਖੇ ਲਾਲਾ ਸ਼ਿਵ ਚੰਦ ਅਤੇ ਪੁੰਨੀ ਦੇ ਘਰ ਹੋਇਆ। ਬਲਵੰਤ ਗਾਰਗੀ ਆਪਣੇ ਬਚਪਨ ਦੀਆਂ ਗੱਲਾਂ ਕਰਦਿਆਂ ਲਿਖਦਾ ਹੈ ਕਿ ਮਾਂ ਨੇ ਦੋਹਾਂ ਭਰਾਵਾਂ ਵਿਚੋਂ ਮੈਨੂੰ ਚੁਣ ਪਿੰਡ ਦੇ ਗੁਰਦੁਆਰਾ ਸਾਹਿਬ ਪੜ੍ਹਨ ਭੇਜ ਦਿੱਤਾ। ਅਸੀਂ ਦੋ ਦਿਨ ਖੇਡਦੇ ਰਹੇ। ਕੋਈ ਮਾਸਟਰ ਨਹੀਂ ਆਇਆ। ਇੱਕ ਦਿਨ ਰੌਲਾ ਪੈ ਗਿਆ, ਬਾਬਾ ਜੀ ਆ ਗਏ। ਨੀਲਾ ਬਾਣਾ ਪਾਈ ਘੋੜੇ ’ਤੇ ਚੜ੍ਹੇ ਬਾਬਾ ਜੀ ਨੇ ਮੈਨੂੰ ਪੁੱਛਿਆ, ਇੱਥੇ ਖੇਡਣ ਆਇਆਂ? ਆਖਿਆ, ਨਹੀਂ ਜੀ! ਇੱਥੇ ਪੜ੍ਹਦਾ ਹਾਂ। ਆਖਣ ਲੱਗੇ, ਜੇ ਪੜ੍ਹਦਾ ਏਂ ਤਾਂ ਫੇਰ ਸਬਕ ਸੁਣਾ। ਅੱਗੋਂ ਆਖਿਆ, ਸਬਕ ਤਾਂ ਤੁਸੀਂ ਅਜੇ ਪੜ੍ਹਾਇਆ ਹੀ ਨਹੀਂ। ਘੋੜੇ ’ਤੇ ਚੜੇ ਚੜਾਇਆ ਹੱਥ ਫੜੇ ਨੇਜ਼ੇ ਨਾਲ ਭੋਇੰ ’ਤੇ ਪਹਿਲੋਂ ਏਕਾ ਵਾਹਿਆ ਫੇਰ ਉੱਚੀ ਛਤਰੀ ਵਾਲਾ ਊੜਾ ਤੇ ਆਖਣ ਲੱਗੇ, ਆਖ “ਇੱਕ ਓ ਅੰਕਾਰ “ਇਹ ਤੇਰਾ ਪਹਿਲਾ ਸਬਕ ਏ। ਗਾਰਗੀ ਦੱਸਦਾ ਹੈ ਕਿ ਇਹ ਸਬਕ ਮੇਰੀ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਸਬਕ ਹੋ ਨਿੱਬੜਿਆ। ਬਾਕੀ ਦਾ ਸਾਰਾ ਕੁਝ ਮੈਂ ਇਨ੍ਹਾਂ ਦੋ ਸ਼ਬਦਾਂ ਦੇ ਵਿੱਚ ਰਹਿ ਕੇ ਹੀ ਕੀਤਾ। ਗਾਰਗੀ ਨੇ ਮੁੱਢਲੀ ਵਿੱਦਿਆ ਪਿੰਡੋਂ ਹਾਸਲ ਕਰਕੇ ਦਸਵੀਂ ਤੱਕ ਦੀ ਪੜ੍ਹਾਈ ਬਠਿੰਡੇ ਦੇ ਹਾਈ ਸਕੂਲ ਤੋਂ ਕੀਤੀ। ਬੀ. ਏ. ਦਾ ਇਮਤਿਹਾਨ 1936 ਵਿੱਚ ਲਾਹੌਰ ਤੋਂ ਪਾਸ ਕੀਤਾ। ਫੋਰਮੈਨ ਕ੍ਰਿਸ਼ਚੀਅਨ ਕਾਲਜ ਲਾਹੌਰ ਤੋਂ 1938 ਵਿੱਚ ਪੋਲੀਟੀਕਲ ਸਾਇੰਸ ਦੀ ਐੱਮ. ਏ. ਅਤੇ ਡੀ. ਏ. ਵੀ. ਕਾਲਜ ਤੋਂ 1941 ਵਿੱਚ ਅੰਗਰੇਜ਼ੀ ਦੀ ਐੱਮ.ਏ. ਪਾਸ ਕੀਤੀ। ਗਾਰਗੀ ਨੇ ਪਹਿਲਾਂ ਪਹਿਲ ਲਾਹੌਰ ਦੇ ਰੇਲਵੇ ਸਟੇਸ਼ਨ ਤੇ ਨੌਕਰੀ ਕੀਤੀ। ਸਿਆਟਲ (ਅਮਰੀਕਾ) ਦੀ ਯੂਨੀਵਰਸਿਟੀ ਆਫ ਵਾਸ਼ਿੰਗਟਨ ਵਿਖੇ 2 ਕੁ ਸਾਲ ਗਾਰਗੀ ਨੇ ਪ੍ਰੋਫ਼ੈਸਰ ਆਫ਼ ਡਰਾਮਾ ਵਜੋਂ ਕੰਮ ਕੀਤਾ, ਉੱਥੇ ਭਾਰਤੀ ਨਾਟਕ ਪੜ੍ਹਾਏ ਤੇ ਉਨ੍ਹਾਂ ਦਾ ਵੀ ਨਿਰਦੇਸ਼ਨ ਕੀਤਾ। ਕੁੱਝ ਸਮਾਂ ਦੂਰਦਰਸ਼ਨ ਤੇ ਆਕਾਸ਼ਵਾਣੀ ’ਤੇ ਪ੍ਰੋਫ਼ੈਸਰ ਅਮੈਰਿਟਸ ਤੇਵਜੋਂ ਵੀ ਯੋਗਦਾਨ ਦਿੱਤਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਡੀਅਨ ਥੀਏਟਰ ਵਿਭਾਗ ਦੇ ਸੰਸਥਾਪਕ ਦਾ ਕਾਰਜ ਵੀ ਨਿਭਾਇਆ।ਸਾਹਿਤਕ ਸਫਰ ਦੀ ਗੱਲ ਕਰਦਿਆਂ ਬਲਵੰਤ ਗਾਰਗੀ ਦਾ ਇਹ ਪੱਖ ਵੀ ਆਉਂਦਾ ਹੈ ਕਿ ਉਨ੍ਹਾਂ ਨੇ ਸ਼ੁਰੂ ਸ਼ੁਰੂ ਵਿੱਚ ਕਵਿਤਾ ’ਤੇ ਵੀ ਕਲਮ ਚਲਾਈ ਸੀ ਪਰ ਉਹ ਰਚਨਾਵਾਂ ਪੰਜਾਬੀ ਵਿੱਚ ਨਹੀਂ ਸਨ। ਇੱਕ ਵਾਰ ਗਾਰਗੀ ਆਪਣੀਆਂ ਕਵਿਤਾਵਾਂ ਲੈ ਕੇ ਰਬਿੰਦਰ ਨਾਥ ਟੈਗੋਰ ਕੋਲ ਚਲਾ ਗਿਆ। ਮਿਲਣੀ ਦੌਰਾਨ ਟੈਗੋਰ ਨੇ ਗਾਰਗੀ ਨੂੰ ਦੋ ਗੱਲਾਂ ਕਹੀਆਂ ਇੱਕ ਤਾਂ ਇਹ ਕਿ ਕਵਿਤਾ ਦੀ ਥਾਂ ਗਲਪ ਲਿਖੋ, ਦੂਜਾ ਆਪਣੀ ਮਾਂ-ਬੋਲੀ ਵਿੱਚ ਹੀ ਲਿਖੋ। ਟੈਗੋਰ ਨੇ ਕਿਹਾ ਕਿ ਲੇਖਕ ਦੇ ਅੰਦਰ ਸੁਹਿਰਦਤਾ ਉਦੋਂ ਹੀ ਰਹਿੰਦੀ ਹੈ ਅਤੇ ਪ੍ਰਫੁਲਤ ਹੁੰਦੀ ਹੈ ਜਦੋਂ ਉਹ ਆਪਣੇ ਬਚਪਨ ਦੀ ਬੋਲੀ ਵਿੱਚ ਲਿਖਦਾ ਤੇ ਸੋਚਦਾ ਹੈ। ਟੈਗੋਰ ਨਾਲ ਇਸ ਮਿਲਣੀ ਤੋਂ ਬਾਅਦ ਗਾਰਗੀ ਪੂਰੀ ਤਰ੍ਹਾਂ ਆਪਣੀ ਮਾਂ-ਬੋਲੀ ਨੂੰ ਸਮਰਪਿਤ ਹੋ ਗਿਆ। ਗਾਰਗੀ ਨੇ ਆਪਣਾ ਸਾਹਿਤਕ ਸਫਰ ਇੱਕ ਸੁਤੰਤਰ ਲੇਖਕ, ਨਾਟਕਕਾਰ, ਨਿਰਦੇਸ਼ਕ ਅਤੇ ਪੱਤਰਕਾਰ ਦੇ ਤੌਰ ’ਤੇ ਅਰੰਭ ਕਰਦਿਆਂ ਅਖੀਰ ਤੱਕ ਰੰਗਮੰਚ ਨਾਲ ਵਿਚਰਦਿਆਂ ਬਾਖੂਬ ਨਿਭਾਇਆ। ਮੁੱਢਲੇ ਦੌਰ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਕੋਲ ਪ੍ਰੀਤ ਨਗਰ ਰਹਿੰਦਿਆਂ (ਜਿਸ ਨੂੰ ਗਾਰਗੀ ਦੇ ਨਾਟਕਾਂ ਦੀ ਜਨਮਦਾਤੀ ਧਰਤੀ ਮੰਨਿਆ ਗਿਆ) ਬਲਵੰਤ ਗਾਰਗੀ ਦੀ ਨਾਟਕੀ ਪ੍ਰਤਿਭਾ ਪ੍ਰਫੁੱਲਤ ਹੋਣੀ ਸ਼ੁਰੂ ਹੋਈ। ਉਸ ਨੇ ਰੇਡੀਉ ਅਤੇ ਰੰਗਮੰਚ ਲਈ ਨਾਟਕ ਲਿਖੇ। ਬਾਅਦ ਵਿਚ ਅਮਰੀਕਾ ਜਾ ਕੇ ਸੀ ਐਟਲ ਵਿਚ ਥੀਏਟਰ ਦੇ ਅਧਿਆਪਕ ਰਹੇ। ਉੱਥੇ ਹੀ ਉਨ੍ਹਾਂ ਨੇ ਅਮਰੀਕਨ ਕੁੜੀ ਜੀਨੀ ਨਾਲ ਵਿਆਹ ਕਰਵਾ ਲਿਆ ਜੋ ਜ਼ਿਆਦਾ ਦੇਰ ਤੱਕ ਨਹੀਂ ਨਿਭ ਸਕਿਆ। ਲੋਹਾ ਕੁੱਟ, ਸੈਲ ਪੱਥਰ, ਕੇਸਰੋ, ਨਵਾਂ ਮੁੱਢ, ਕਣਕ ਦੀ ਬੱਲੀ, ਘੁੱਗੀ, ਧੂਣੀ ਦੀ ਅੱਗ, ਸੌਂਕਣ, ਬਲਦੇ ਟਿਬੇ, ਸੋਹਣੀ ਮਹੀਂਵਾਲ ਆਦਿ ਗਾਰਗੀ ਦੇ ਪ੍ਰਮੁੱਖ ਨਾਟਕ  ਹਨ। ਬੇਬੇ, ਪੱਤਣ ਦੀ ਬੇੜੀ, ਦੁੱਧ ਦੀਆਂ ਧਾਰਾਂ, ਚਾਕੂ, ਕੌਡੀਆਂ ਵਾਲਾ ਸੱਪ ਅਦਿ ਇਕਾਂਗੀ ਸੰਗ੍ਰਹਿ ਹਨ। ਇਨ੍ਹਾਂ ਤੋਂ ਇਲਾਵਾ ਗਾਰਗੀ ਨੇ ਕੱਕਾ ਰੇਤਾ (ਨਾਵਲ), ਡੁਲ੍ਹੇ ਬੇਰ (ਕਹਾਣੀ) ਅਤੇ ਵਾਰਤਕ ਦੇ ਖੇਤਰ ਵਿਚ ਰੰਗ-ਮੰਚ, ਨਿੰਮ ਦੇ ਪੱਤੇ, ਸੁਰਮੇ ਵਾਲੀ ਅੱਖ, ਕਾਸ਼ਨੀ ਵਿਹੜਾ ਵਰਗੇ ਸੰਗ੍ਰਹਿ ਸਾਹਿਤ ਦੀ ਝੋਲੀ ਵਿਚ ਪਾਏ। ਪੰਜਾਬੀ ਵਾਰਤਕ ਵਿੱਚ ਰੇਖਾ-ਚਿੱਤਰਾਂ ਦਾ ਮੁੱਢ ਬੰਨ੍ਹਣ ਦਾ ਸਿਹਰਾ ਵੀ ਗਾਰਗੀ ਦੀ ਕਲਮ ਹਿੱਸੇ ਹੀ ਆਇਆ। ‘ਨਿੰਮ ਦੇ ਪੱਤੇ’ ਰੇਖਾ-ਚਿੱਤਰ ਨਾਲ ਗਾਰਗੀ ਨੇ ਆਪਣੇ ਵਾਰਤਕ ਜੀਵਨ ਦੀ ਸ਼ੁਰੂਆਤ ਕੀਤੀ। ਜਿੱਥੇ ਉਸ ਨੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਅਤੇ ਬਾਹਰਲੀਆਂ ਯੂਨੀਵਰਸਿਟੀਆਂ ’ਚ ਰੰਗ-ਮੰਚ ਦਾ ਅਧਿਆਪਨ ਕੀਤਾ, ਉੱਥੇ ਉਸ ਨੇ ਬਾਹਰਲੇ ਦੇਸ਼ਾਂ ਪੋਲੈਂਡ, ਫਰਾਂਸ, ਅਮਰੀਕਾ ਅਤੇ ਇੰਗਲੈਂਡ ਆਦਿ ਵਿੱਚ ਜਾ ਕੇ ਉੱਥੋਂ ਦੀਆਂ ਨਾਟਕ ਸੈਲੀਆ ਅਤੇ ਰੰਗ-ਮੰਚ ਕਲਾ ਦਾ ਵਿਸ਼ੇਸ਼ ਅਧਿਐਨ ਵੀ ਕੀਤਾ। ਬਲਵੰਤ ਗਾਰਗੀ ਦਾ ਪਿਛੋਕੜ ਪੇਂਡੂ ਹੋਣ ਕਰ ਕੇ ਉਹ ਪੇਂਡੂ ਜੀਵਨ ਦੀਆਂ ਸਮੱਸਿਆਵਾਂ ਦਾ ਚੰਗਾ ਜਾਣਕਾਰ ਸੀ। ਉਸ ਨੇ ਪੇਂਡੂ ਜਨ-ਜੀਵਨ ਅਤੇ ਇਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਪਣੇ ਨਾਟਕਾਂ ਦਾ ਵਿਸ਼ਾ ਬਣਾਇਆ। ਬਲਵੰਤ ਗਾਰਗੀ ਨੇ ਪ੍ਰਗਤੀਵਾਦੀ, ਸੁਧਾਰਵਾਦੀ, ਰੋਮਾਂਟਿਕ, ਯਥਾਰਥਕ, ਦੁਖਾਂਤਕ, ਮਨੋਵਿਗਿਆਨਕ, ਇਤਿਹਾਸਕ, ਸਮਾਜਿਕ ਆਦਿ ਹਰ ਤਰ੍ਹਾਂ ਦੇ ਨਾਟਕਾਂ ਦੀ ਸਿਰਜਣਾ ਕਰ ਕੇ ਪੰਜਾਬੀ ਨਾਟਕ ਅਤੇ ਰੰਗਮੰਚ ਨੂੰ ਅਮੀਰ ਕੀਤਾ।ਰੰਗਮੰਚ ਉੱਤੇ ਸਫਲਤਾ ਨਾਲ ਨਾਟਕ ਨੂੰ ਨਿਭਾਉਣ ਦੀ ਕਲਾ ਗਾਰਗੀ ਦੇ ਹਿੱਸੇ ਹੀ ਆਈ।ਆਲ ਇੰਡੀਆ ਰੇਡੀਓ ਦੇ ਨਾਟ-ਮੁਕਾਬਲੇ ਵਿੱਚ ਗਾਰਗੀ ਦੇ ਇਕਾਂਗੀ ‘ਪੱਤਣ ਦੀ ਬੇੜੀ’ ਨੂੰ ਪਹਿਲਾ ਇਨਾਮ ਪ੍ਰਾਪਤ ਕਰਨ ਦਾ ਮਾਣ ਵੀ ਮਿਲਿਆ।ਨਾਟਕ ਦੇ ਖੇਤਰ ਵਿਚ ਉਸ ਦੀਆਂ ਪ੍ਰਾਪਤੀਆਂ ਸਦਕਾ ਭਾਸ਼ਾ ਵਿਭਾਗ, ਪੰਜਾਬ ਵੱਲੋਂ ਬਲਵੰਤ ਗਾਰਗੀ ਨੂੰ ਸਨਮਾਨਿਤ ਕੀਤਾ ਗਿਆ ਅਤੇ 1962 ਵਿੱਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਬਲਵੰਤ ਗਾਰਗੀ ਨੂੰ ਰੰਗਮੰਚ ਪੁਸਤਕ ਲਿਖਣ ’ਤੇ ਪੁਰਸਕਾਰ ਪ੍ਰਦਾਨ ਕੀਤਾ ਗਿਆ। 22 ਅਪਰੈਲ 2003 ਨੂੰ ਬਲਵੰਤ ਗਾਰਗੀ ਹਮੇਸ਼ਾ ਲਈ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਪੰਜਾਬੀ ਸਾਹਿਤ ਦੇ ਪ੍ਰੇਮੀਆਂ ਵੱਲੋਂ ਅੱਜ 22 ਅਪ੍ਰੈਲ ਨੂੰ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ।
ਕੁਲਦੀਪ ਸਿੰਘ ਸਾਹਿਲ
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਵਹਿੱਤਕਾਰੀ ਵਿੱਦਿਆ ਮੰਦਿਰ ਛੋਕਰਾਂ ਵਿਖੇ ਨਵੀਂ ਇਮਾਰਤ ਦੀ ਉਸਾਰੀ ਦਾ ਕੀਤਾ ਗਿਆ ਭੂਮੀ ਪੂਜਨ
Next articleIs the future of AI destined for success or disaster?