ਬਾਦਲਾਂ ਦਾ ਅਕਾਲੀ ਦਲ ਸਿੱਖ ਮਸਲੇ ਹੱਲ ਕਰਨ ਦੇ ਸਮਰੱਥ ਨਹੀਂ ਰਿਹਾ: ਸਿਰਸਾ

Former Delhi MLA Manjinder Singh Sirsa

ਚੰਡੀਗੜ੍ਹ (ਸਮਾਜ ਵੀਕਲੀ): ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅਕਾਲੀ ਦਲ ’ਤੇ ਗੁੰਮਰਾਹਕੁਨ ਅਤੇ ਬੇਬੁਨਿਆਦ ਪ੍ਰਚਾਰ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਅਕਾਲੀ ਦਲ ਸਿੱਖ ਮਸਲੇ ਹੱਲ ਕਰਾਉਣ ਦੇ ਸਮਰੱਥ ਨਹੀਂ ਰਿਹਾ। ਭਾਜਪਾ ਵਿੱਚ ਸ਼ਮੂਲੀਅਤ ਨੂੰ ਜਾਇਜ਼ ਠਹਿਰਾਉਂਦਿਆਂ ਸਿਰਸਾ ਨੇ ਕਿਹਾ ਕਿ ਦਲਬਦਲੀ ਦਾ ਮਕਸਦ ਸਿੱਖ ਕੌਮ ਦੀ ਸੇਵਾ ਕਰਨਾ ਹੈ ਅਤੇ ਹੁਣ ਅਜਿਹਾ ਪਲੈਟਫਾਰਮ ਮਿਲ ਗਿਆ ਹੈ ਜਿਸ ਨਾਲ ਲੰਮੇ ਸਮੇਂ ਤੋਂ ਲਟਕ ਰਹੇ ਸਿੱਖ ਮਸਲੇ ਹੱਲ ਕਰਵਾਉਣ ਵਿਚ ਸਹਾਇਤਾ ਮਿਲੇਗੀ। ਅਕਾਲੀ ਦਲ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ,‘‘ਜੇਕਰ ਭਾਜਪਾ ਨੇ ਧੱਕਾ ਹੀ ਕਰਨਾ ਹੁੰਦਾ ਤਾਂ ਫਿਰ ਮੈਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵਜੋਂ ਹੀ ਪਾਰਟੀ ਵਿਚ ਸ਼ਾਮਲ ਹੋਣ ਵਾਸਤੇ ਆਖਦੀ ਨਾ ਕਿ ਵਿਅਕਤੀ ਤੌਰ ’ਤੇ ਸ਼ਾਮਲ ਕਰਵਾਉਂਦੀ।’’

ਉਨ੍ਹਾਂ ਕਿਹਾ ਕਿ ਉਹ ਆਪਣੀ ਇੱਛਾ ਨਾਲ ਭਾਜਪਾ ਵਿਚ ਸ਼ਾਮਲ ਹੋਏ ਹਨ ਕਿਉਂਕਿ ਇਸ ਪਾਰਟੀ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਅਕਾਲੀ ਦਲ ਸਿੱਖ ਮਸਲੇ ਹੱਲ ਕਰਵਾਉਣ ਲਈ ਕੰਮ ਕਰਨ ਦੀ ਸਮਰੱਥਾ ਵਿਚ ਨਹੀਂ ਰਿਹਾ ਕਿਉਂਕਿ ਉਸ ਦੀ ਕੋਈ ਬਾਂਹ ਫੜਨ ਵਾਲਾ ਨਹੀਂ ਹੈ। ‘ਮੇਰਾ ਮਕਸਦ ਕੌਮ ਦੀ ਸੇਵਾ ਕਰਨਾ ਹੈ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਕਿਸੇ ਕੌਮੀ ਪਾਰਟੀ ਦਾ ਮੈਂਬਰ ਹੋਵਾਂ। ਮੈਂ ਦ੍ਰਿੜ੍ਹ ਸੰਕਲਪ ਲਿਆ ਹੋਇਆ ਹੈ ਕਿ ਸਿਰਫ ਸਿੱਖ ਕੌਮ ਦੇ ਮਸਲੇ ਹੱਲ ਕਰਨ ਅਤੇ ਕੌਮ ਦੀਆਂ ਮੰਗਾਂ ਪੂਰੀ ਕਰਵਾਉਣ ’ਤੇ ਧਿਆਨ ਕੇਂਦਰਿਤ ਕਰਾਂਗਾ ਅਤੇ ਕਿਸੇ ਵੱਲੋਂ ਵੀ ਲਗਾਏ ਜਾਣ ਵਾਲੇ ਫਜ਼ੂਲ ਦੇ ਦੋਸ਼ਾਂ ਨਾਲ ਮੇਰਾ ਧਿਆਨ ਭਟਕਣ ਵਾਲਾ ਨਹੀਂ ਹੈ।’

ਉਨ੍ਹਾਂ ਕਿਹਾ ਕਿ ਅਕਾਲੀ ਦਲ ਅੱਜ ਇਕ ਖੇਤਰੀ ਪਾਰਟੀ ਵਜੋਂ ਸਿਮਟ ਕੇ ਰਹਿ ਗਿਆ ਹੈ। ਸਿਰਸਾ ਨੇ ਕਿਹਾ ਕਿ ਪੰਜਾਬ ਹੀ ਨਹੀਂ ਬਾਹਰ ਵਸਦੇ ਸਿੱਖ ਵੀ ਆਪਣੇ ਮਸਲਿਆਂ ਲਈ ਉਨ੍ਹਾਂ ਵੱਲ ਵੇਖ ਰਹੇ ਹਨ। ‘ਮੇਘਾਲਿਆ, ਮੱਧ ਪ੍ਰਦੇਸ਼ ਅਤੇ ਯੂਪੀ ’ਚ ਕਈ ਮਸਲਿਆਂ ਨੇ ਸਿੱਖਾਂ ਨੂੰ ਘੇਰਿਆ ਹੋਇਆ ਹੈ ਅਤੇ ਉਹ ਸੰਕਟ ਦਾ ਹੱਲ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਮਸਲੇ ਭਾਜਪਾ ਵਰਗੇ ਪਲੈਟਫਾਰਮ ’ਤੇ ਕੌਮੀ ਪੱਧਰ ’ਤੇ ਆਵਾਜ਼ ਬੁਲੰਦ ਕਰਕੇ ਹੀ ਹੱਲ ਹੋ ਸਕਦੇ ਹਨ ਅਤੇ ਕੌਮਾਂਤਰੀ ਪੱਧਰ ’ਤੇ ਮਸਲੇ ਹੱਲ ਕਰਨ ਵਿਚ ਵੀ ਸਹਾਇਤਾ ਮਿਲ ਸਕਦੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੂਜਾ ਟੈਸਟ ਮੈਚ: ਨਿਊਜੀਲੈਂਡ ਦੇ ਐਜਾਜ਼ ਨੇ ਸਾਰੀਆਂ ਦਸ ਵਿਕਟਾਂ ਲੈ ਕੇ ਇਤਿਹਾਸ ਸਿਰਜਿਆ
Next articleਪੰਜਾਬ ’ਚ ਗੱਠਜੋੜ ਲਈ ਕੈਪਟਨ ਤੇ ਢੀਂਡਸਾ ਨਾਲ ਸੰਵਾਦ ਜਾਰੀ: ਸ਼ਾਹ